Saturday, December 26, 2009

ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ -ਮਿੰਟੂ ਖੁਰਮੀ ਹਿੰਮਤਪੁਰਾ

ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ   -ਮਿੰਟੂ ਖੁਰਮੀ ਹਿੰਮਤਪੁਰਾ


- ਇੱਥੋਂ ਲਾਗਲੇ ਪਿੰਡ ਹਿੰਮਤਪੁਰਾ ਵਿਖੇ ਸ਼ਹੀਦ ਊਧਮ ਸਿੰਘ ਸ਼ੋਸ਼ਲ ਵੈੱਲਫੇਅਰ ਕਲੱਬ ਹਿੰਮਤਪੁਰਾ ਵੱਲੋਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨਾਲ ਰੂਬਰੂ ਸਮਾਗਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ। ਸਮਾਗਮ ਦੇ ਸ਼ੁਰੂਆਤੀ ਪਲਾਂ ਦੌਰਾਨ ਕਲੱਬ ਆਗੂ ਡਾ: ਜਗਸੀਰ ਸਿੰਘ ਪੋਜੂਕਾ ਨੇ ਜੱਗੀ ਕੁੱਸਾ ਦੇ ਜੀਵਨ ਅਤੇ ਸਾਹਿਤਿਕ ਸਫ਼ਰ ਬਾਰੇ ਸੰਖੇਪ 'ਚ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਜਾਣੂੰ ਕਰਵਾਇਆ। ਇਸ ਉਪਰੰਤ ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਜੀਵਨ ਦੇ ਤਲਖ ਤਜ਼ਰਬੇ ਹਾਜਰੀਨ ਨਾਲ ਸਾਂਝੇ ਕਰਦਿਆਂ ਕਿਹਾ ਕਿ ਕੋਈ ਵੀ ਮਨੁੱਖ ਮਾਂ ਦੇ ਪੇਟ 'ਚੋਂ ਗਿਆਨਵਾਨ ਨਹੀਂ ਪੈਦਾ ਹੁੰਦਾ। ਅਧਿਐਨ ਕਰਦੇ ਰਹਿਣਾ ਜਾਂ ਹਰ ਪਲ ਨਵਾਂ ਸਿੱਖਦੇ ਰਹਿਣ ਦੀ ਚਾਹਤ ਮਨੁੱਖ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਤਾ ਨਹੀਂ ਕਿ ਤੁਹਾਡੇ ਵਿੱਚੋਂ ਹੀ ਕੌਣ ਅੱਗੇ ਜਾ ਕੇ ਕਹਾਣੀਕਾਰ, ਨਾਵਲਕਾਰ, ਕਲਾਕਾਰ ਜਾਂ ਕੋਈ ਨੇਤਾ ਬਣੇਗਾ ਪਰ ਜਰੂਰੀ ਹੈ ਕਿ ਅੱਜ ਪਲ ਪਲ ਬੀਤਦੇ ਜਾ ਰਹੇ ਸਮੇਂ ਨੂੰ ਸਾਰਥਕ ਢੰਗ ਨਾਲ ਸੰਭਾਲਣਾ। ਉਹਨਾਂ ਕਿਹਾ ਕਿ ਸਖਤ ਮਿਹਨਤ ਹੀ ਸਫਲਤਾ ਦੇ ਖਜ਼ਾਨੇ ਦੀ ਚਾਬੀ ਹੁੰਦੀ ਹੈ। ਸਖਤ ਮਿਹਨਤ ਕੀਤਿਆਂ ਜ਼ਿੰਦਗੀ ਦਾ ਹਰ ਮਕਸਦ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਉਹ ਅੱਜ ਤੋਂ ਹੀ ਪ੍ਰਣ ਕਰਨ ਕਿ ਉਹ ਸਖਤ ਮਿਹਨਤ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਇੱਕ ਜ਼ਰੂਰੀ ਅੰਗ ਬਣਾਉਣਗੇ। ਇਸ ਉਪਰੰਤ ਪ੍ਰਵਾਸੀ ਭਾਰਤੀ ਬੂਟਾ ਸਿੰਘ ਡੈਨਮਾਰਕ ਅਤੇ ਪ੍ਰਿੰਸੀਪਲ ਬਲਬੀਰ ਸਿੰਘ ਹਿੰਮਤਪੁਰਾ ਵੱਲੋਂ ਆਪਣੇ ਮਰਹੂਮ ਪਰਿਵਾਰਕ ਮੈਂਬਰਾਂ ਦੀ ਯਾਦ Ḕਚ ਹਰ ਸਾਲ ਦੀ ਤਰ੍ਹਾਂ ਦਿੱਤੇ ਜਾਂਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨ ਤਕਸੀਮ ਕਰਨ ਦੀ ਰਸਮ ਵੀ ਸ਼ਿਵਚਰਨ ਜੱਗੀ ਕੁੱਸਾ, ਸੁਖਦੇਵ ਸਿੰਘ ਦੀਵਾਨਾ, ਨਾਵਲਕਾਰ ਰਣਜੀਤ ਸਿੰਘ ਚੱਕ ਤਾਰੇਵਾਲਾ ਆਦਿ ਨੇ ਕੀਤੀ। ਇਸ ਸਮੇਂ ਕਲੱਬ ਆਗੂਆਂ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਸਮਾਗਮ ਦੇ ਅੰਤਲੇ ਪਲਾਂ ਦੌਰਾਨ ਕਲੱਬ ਆਗੂ ਡਾ: ਜਗਸੀਰ ਸਿੰਘ, ਪ੍ਰਿੰਸੀਪਲ ਬਲਬੀਰ ਸਿੰਘ ਅਤੇ ਮਾ: ਅਮਨਦੀਪ ਸਿੰਘ ਮਾਛੀਕੇ ਨੇ ਹਾਜਰੀਨ ਦਾ ਧੰਨਵਾਦ ਕੀਤਾ।
...............

Thursday, December 17, 2009

ਨਾਵਲਕਾਰ ਜੱਗੀ ਕੁੱਸਾ ਦੇ ਬਾਪੂ ਜੀ ਦੀ ਪਹਿਲੀ ਬਰਸੀ 25 ਦਸੰਬਰ ਨੂੰ -ਮਨਦੀਪ ਖੁਰਮੀ ਹਿੰਮਤਪੁਰਾ


ਨਾਵਲਕਾਰ ਜੱਗੀ ਕੁੱਸਾ ਦੇ ਬਾਪੂ ਜੀ ਦੀ ਪਹਿਲੀ ਬਰਸੀ 25 ਦਸੰਬਰ ਨੂੰ   -ਮਨਦੀਪ ਖੁਰਮੀ ਹਿੰਮਤਪੁਰਾ
ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਪੰਡਤ ਬਰਮਾਂ ਨੰਦ ਜੀ ਦੀ ਪਹਿਲੀ ਬਰਸੀ ਸਬੰਧੀ ਸ੍ਰੀ ਆਖੰਡ ਪਾਠਾਂ ਦੇ ਭੋਗ 25 ਦਸੰਬਰ, ਦਿਨ ਸ਼ੁੱਕਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਵਿਖੇ ਪਾਏ ਜਾਣਗੇ। ਜ਼ਿਕਰਯੋਗ ਹੈ ਕਿ ਪੰਡਤ ਬਰਮਾਂ ਨੰਦ ਜੀ ਇਕ ਨੇਕ ਦਿਲ ਇਨਸਾਨ, ਸੱਚ ਦੀ ਮੂਰਤ ਹੋਣ ਦੇ ਨਾਲ ਨਾਲ ਰਾਜਨੀਤਕ ਅਤੇ ਸਮਾਜਿਕ ਹਲਕਿਆਂ ਵਿਚ ਵੀ ਇਕ ਸਤਿਕਾਰੀ ਜਾਣ ਵਾਲੀ ਹਸਤੀ ਸਨ। ਉਹਨਾਂ ਦੀਆਂ ਨਿੱਘੀਆਂ ਯਾਦਾਂ ਨੂੰ ਸੁਰਜੀਤ ਰੱਖਣ ਦੇ ਮਨਸ਼ੇ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਮਸਾਗਮ ਵਿਚ ਦੁਨੀਆਂ ਭਰ 'ਚੋਂ ਜੱਗੀ ਕੁੱਸਾ ਦੇ ਪ੍ਰਸ਼ੰਸਕ-ਮਿੱਤਰ ਬਾਪੂ ਜੀ ਨੂੰ ਸ਼ਰਧਾ-ਪੁਸ਼ਪ ਅਰਪਣ ਕਰਨ ਲਈ ਪਿੰਡ ਕੁੱਸਾ ਵਿਖੇ ਪੁੱਜ ਰਹੇ ਹਨ। ਸ਼ਿਵਚਰਨ ਜੱਗੀ ਕੁੱਸਾ 20 ਦਸੰਬਰ ਸ਼ਾਮ ਨੂੰ ਪੰਜਾਬ ਪਹੁੰਚ ਜਾਣਗੇ ਅਤੇ ਉਹਨਾਂ ਨਾਲ ਗੱਲਬਾਤ ਕਰਨ ਲਈ 97790 60390 ਜਾਂ 98 151 14114 'ਤੇ ਸੰਪਰਕ ਕੀਤਾ ਜਾ ਸਕਦਾ ਹੈ।
....................

ਸੂਰੇਵਾਲੀਆ ਦੀ ਪੁਸਤਕ 'ਪਾਪਾ ਆਪਾਂ ਬਰਾੜ ਹੁੰਨੇ ਆਂ' ਰਿਲੀਜ਼ -ਹਰਦਮ ਸਿੰਘ ਮਾਨ


ਸੂਰੇਵਾਲੀਆ ਦੀ ਪੁਸਤਕ  'ਪਾਪਾ ਆਪਾਂ ਬਰਾੜ ਹੁੰਨੇ ਆਂ' ਰਿਲੀਜ਼    -ਹਰਦਮ ਸਿੰਘ ਮਾਨ

ਜੈਤੋ-ਅੱਜ ਦੀ ਪੰਜਾਬੀ ਕਹਾਣੀ ਜ਼ਿੰਦਗੀ ਦੀਆਂ ਅਨੇਕਾਂ ਪਰਤਾਂ ਬਹੁਤ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰ ਰਹੀ ਹੈ ਅਤੇ ਕਿਸੇ ਵੀ ਪੱਖੋਂ ਇਹ ਦੂਜੀਆਂ ਭਾਰਤੀ ਭਾਸ਼ਾਵਾਂ ਤੋਂ ਪਿੱਛੇ ਨਹੀਂ। ਇਹ ਸ਼ਬਦ ਵਿਸ਼ਵ ਪ੍ਰਸਿੱਧ ਸਾਹਿਤਕਾਰ, ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਨੇ ਇਥੇ ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਦਾ ਨਵਾਂ ਕਹਾਣੀ ਸੰਗ੍ਰਹਿ 'ਪਾਪਾ ਆਪਾਂ ਬਰਾੜ ਹੁੰਨੇ ਆਂ' ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਕੁੱਝ ਕਹਾਣੀਕਾਰ ਬਹੁਤ ਵਧੀਆ ਕਹਾਣੀ ਲਿਖ ਰਹੇ ਹਨ ਅਤੇ ਹਰਜਿੰਦਰ ਸਿੰਘ ਸੂਰੇਵਾਲੀਆ ਉਨ੍ਹਾਂ ਕਹਾਣੀਕਾਰਾਂ ਵਿਚੋਂ ਇਕ ਹੈ। ਉਨ੍ਹਾਂ ਇਸ ਪੁਸਤਕ ਲਈ ਸ੍ਰੀ ਸੂਰੇਵਾਲੀਆ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਅਮਰਜੀਤ ਢਿੱਲੋਂ ਨੇ ਕਿਹਾ ਕਿ ਹਰਜਿੰਦਰ ਸਿੰਘ ਸੂਰੇਵਾਲੀਆ ਦੀਆਂ ਕਹਾਣੀਆਂ ਯਥਾਰਥ ਨਾਲ ਜੁੜੀਆਂ ਹਨ। ਇਹ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਅਤੇ ਇਨ੍ਹਾਂ ਵਿਚ ਸਮਾਜ ਅਤੇ ਮਨੁੱਖੀ ਸਰੋਕਾਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੈ। ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਹਰਜਿੰਦਰ ਸਿੰਘ ਸੂਰੇਵਾਲੀਆ ਬਹੁਤ ਘੱਟ ਲਿਖਦਾ ਹੈ ਪਰ ਉਸ ਨੇ ਕਹਾਣੀ ਦੇ ਮਿਆਰ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਉਸ ਦੀਆਂ ਕਹਾਣੀਆਂ ਨੂੰ ਨੀਲਮਣੀ ਐਵਾਰਡ ਅਤੇ ਹੋਰ ਸਨਮਾਨ ਮਿਲਣੇ ਵੀ ਉਸ ਦੀ ਕਹਾਣੀ ਦੇ ਚੰਗੇ ਹੋਣ ਦੀ ਗਵਾਹੀ ਭਰਦੇ ਹਨ। ਬਲਜੀਤ ਸਿੰਘ ਭੁੱਲਰ ਅਤੇ ਯਸ਼ਪਾਲ ਸ਼ਰਮਾ ਨੇ ਵੀ ਸ੍ਰੀ ਸੂਰੇਵਾਲੀਆ ਦੀਆਂ ਕਹਾਣੀਆਂ ਦੀ ਸ਼ੈਲੀ ਅਤੇ ਦ੍ਰਿਸ਼ ਵਰਨਣ ਪਾਠਕਾਂ ਨੂੰ ਕੀਲ ਲੈਂਦਾ ਹੈ। ਹਰਜਿੰਦਰ ਸਿੰਘ ਸੂਰੇਵਾਲੀਆ ਨੇ ਇਨ੍ਹਾਂ ਟਿੱਪਣੀਆਂ ਲਈ ਧੰਨਵਾਦ ਕੀਤਾ ਅਤੇ ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਪਾਪਾ ਆਪਾਂ ਬਰਾੜ ਹੁੰਨੇ ਆਂ' ਦੀ ਪਿੱਠਭੁਮੀ ਬਾਰੇ ਵਿਚਾਰ ਪ੍ਰਗਟ ਕੀਤੇ।
.............................

Saturday, December 12, 2009

'ਦਸਤਕ' ਦੇ ਆਨਰੇਰੀ ਸੰਪਾਦਕ ਗੁਰਮੇਲ ਬੌਡੇ ਦੀ ਪੁਸਤਕ 'ਕਿਰਤ ਦੀ ਕਰਵਟ' ਰਿਲੀਜ਼ -ਮਨਦੀਪ ਖੁਰਮੀ ਹਿੰਮਤਪੁਰਾ

'ਦਸਤਕ' ਦੇ ਆਨਰੇਰੀ ਸੰਪਾਦਕ ਗੁਰਮੇਲ ਬੌਡੇ ਦੀ ਪੁਸਤਕ 'ਕਿਰਤ ਦੀ ਕਰਵਟ' ਰਿਲੀਜ਼  -ਮਨਦੀਪ ਖੁਰਮੀ ਹਿੰਮਤਪੁਰਾ



                           ਮਾਂ ਬੋਲੀ ਪੰਜਾਬੀ ਦੀ ਮਹਿਕ ਵਿਦੇਸ਼ਾਂ ਵਿੱਚ ਵੀ ਪਹੁੰਚਾਉਣ ਦੇ ਮਨਸ਼ੇ ਨਾਲ ਕੈਨੇਡਾ ਤੋਂ ਛਪਦੇ ਮਾਸਿਕ ਮੈਗਜ਼ੀਨ 'ਦਸਤਕ' ਦੇ ਆਨਰੇਰੀ ਸੰਪਾਦਕ ਮਾਸਟਰ ਗੁਰਮੇਲ ਸਿੰਘ ਬੌਡੇ ਦਾ ਨਿਬੰਧ-ਸੰਗ੍ਰਹਿ 'ਕਿਰਤ ਦੀ ਕਰਵਟ' ਸਾਊਥਾਲ ਵਿਖੇ ਲੋਕ ਅਰਪਣ ਕੀਤਾ ਗਿਆ। ਇੱਕ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਦੇ ਚੇਅਰਮੈਨ ਅਤੇ 'ਸਾਹਿਬ' ਦੇ ਸੰਪਾਦਕ ਡਾ. ਤਾਰਾ ਸਿੰਘ ਆਲਮ, ਉਸਤਾਦ ਸ਼ਾਇਰ ਮੋਹਨ ਜੁਟਲੇ, ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਬਿਲਾਸਪੁਰ, ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਅਤੇ ਡਾ. ਜਸਵੀਰ ਸਿੱਧੂ ਹਿੰਮਤਪੁਰਾ ਨੇ ਨਿਭਾਈ। ਇਸ ਸਮੇਂ ਬੋਲਦਿਆਂ ਸ੍ਰੀ ਕੁੱਸਾ ਨੇ ਕਿਹਾ ਕਿ ਗੁਰਮੇਲ ਬੌਡੇ ਦੀਆਂ ਲਿਖਤਾਂ ਵਿੱਚੋਂ ਸਮੇਂ ਦੀਆਂ ਤਲਖ਼ ਹਕੀਕਤਾਂ, ਕਿਰਤ ਦੀ ਦਿਨ ਦਿਹਾੜੇ ਹੋ ਰਹੀ ਲੁੱਟ ਦਾ ਦਰਦ ਅਤੇ ਆਪਣੇ ਹੱਕਾਂ ਲਈ ਡਟ ਖਲੋਣ ਦੇ ਸੁਨੇਹੇ ਦਾ ਝਲਕਾਰਾ ਪੈਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਦੁੱਖਾਂ ਦਰਦਾਂ 'ਚ ਸ਼ਰੀਕ ਹੋਣ ਦੇ ਪਾਕਿ ਵਿਚਾਰਾਂ ਨਾਲ ਗੁੰਦੀ ਇਸ ਪੁਸਤਕ ਨੂੰ ਸਾਹਿਤ ਜਗਤ ਵਿੱਚ ਸੱਚੇ ਦਿਲੋਂ ਖੁਸ਼-ਆਮਦੀਦ ਕਹਿਣਾ ਬਣਦਾ ਹੈ। ਜ਼ਿਕਰਯੋਗ ਹੈ ਕਿ ਨਿਬੰਧ ਸੰਗ੍ਰਹਿ 'ਕਿਰਤ ਦੀ ਕਰਵਟ' ਲੇਖਕ ਗੁਰਮੇਲ ਬੌਡੇ ਦੁਆਰਾ ਰਚਿਤ 'ਦਸਤਕ' ਦੀਆਂ ਸੰਪਾਦਕੀਆਂ ਦਾ ਸੰਗ੍ਰਹਿ ਹੈ।
........................................