Tuesday, January 26, 2010

ਨਿਊਯਾਰਕ ਦੀ ਲੱਸੀ ਅਤੇ ਆਲੂਆਂ ਦੇ ਪਰਾਉਂਠੇ -ਬਰਿੰਦਰ ਸਿੰਘ ਢਿੱਲੋਂ



ਨਿਊਯਾਰਕ ਦੀ ਲੱਸੀ ਅਤੇ ਆਲੂਆਂ ਦੇ ਪਰਾਉਂਠੇ   -ਬਰਿੰਦਰ ਸਿੰਘ ਢਿੱਲੋਂ

                ਮੈ ਅਮਰਕਾ ਦੀ ਕਾਂਟੀਨੈਂਟਲ ਏਅਰਲਾਇਨਜ ਦੇ ਬੋਇੰਗ ਜਹਾਜ ਰਾਹੀਂ ਮਈ ਦੇ ਪਹਿਲੇ ਹਫਤੇ ਨਿਊਯਾਰਕ ਪਹੁੰਚਿਆ। ਹਵਾਈਜਹਾਜ ਸਵੇਰ ਦੇ ਚਾਰ ਵਜੇ ਜੌਹਨ ਐੱਫ ਕਨੇਡੀ ਹਵਾਈ ਅੱਡੇ ਤੇ ਪੁੱਜਾ ਤਾਂ ਅਜੇ ਹਨੇਰਾ ਸੀ। ਜਹਾਜ ਦੇ ਹੇਠਾਂ ਉੱਤਰਦੇ ਸਮੇਂ ਨਿਊਯਾਰਕ ਦਿਵਾਲੀ ਵਾਂਗ ਜਗਮਗ ਜਗਮਗ ਕਰ ਰਿਹਾ ਸੀ। ਜਦੋਂ ਮੈਂ ਦਿੱਲੀ ਤੋਂ ਚੱਲਿਆ ਸੀ ਤਾਂ ਤਾਪਮਾਂਨ 40 ਡਿਗਰੀ ਸੀ ਪਰ ਨਿਊਯਾਰਕ ਹਵਾਈ ਅੱਡੇ ਤੋਂ ਨਿੱਕਲਦਿਆਂ ਹੀ 20 ਦਰਜੇ ਤਾਪਮਾਂਨ ਤੇ ਠੰਢੀ ਹਵਾ ਨਾਲ ਲੂੰਅ ਕੰਡੇ ਖੜ੍ਹੇ ਹੋ ਗਏ। ਮੈਂ ਆਪਣੀ ਖੱਬੀ ਬਾਂਹ ਤੇ ਚੂੰਢੀ ਵੱਡਕੇ ਤਸੱਲੀ ਕੀਤੀ ਕਿ ਕਿਤੇ ਇਹ ਸੁਪਨਾਂ ਤਾਂ ਨਹੀਂ? ਮੈਂ ਸੱਚ ਮੁੱਚ ਦੀ ਸੁਪਣਿਆਂ ਦੀ ਧਰਤੀ ਅਮਰੀਕਾ ਦੇ ਅਸਮਾਂਨ ਛੂੰਹਦੀਆਂ ਇਮਾਰਤਾਂ ਦੇ ਸ਼ਹਿਰ ਨਿਊਯਾਰਕ ਵਿੱਚ ਸੀ। ਜਿੱਥੇ ਹਰ ਕੋਈ ਜਾਣਾ ਚਾਹੁੰਦਾ ਹੈ।ਇਹ ਮੇਰੀ ਪਹਿਲੀ ਅਮਰੀਕਾ ਫੇਰੀ ਸੀ। ਆਪਣੀ ਉਸ ਅਮਰੀਕਾ ਫੇਰੀ ਦੌਰਾਂਨ ਮੈਂ ਨਿਊਯਾਰਕ 'ਚ ਦੋ ਹਫਤੇ ਠਹਿਰਿਆ। ਪੱਚਾਸੀ ਲੱਖ ਦੀ ਅਬਾਦੀ ਵਾਲਾ ਨਿਊਯਾਰਕ ਅਮਰੀਕਾ ਦਾ ਸੱਭ ਤੋਂ ਸੰਘਣੀ ਵਸੋਂ ਵਾਲਾ ਸ਼ਹਿਰ ਹੈ।ਜਿੱਥੇ ਕੀੜੀਆਂ ਦੀ ਤਰਾਂ ਕਤਾਰਾਂ ਵਿੱਚ ਲੋਕ ਚੱਲਦੇ ਹਨ।ਇੱਥੇ ਮੈਨਹੱਟਣ ਦੇ ਇਲਾਕੇ ਵਿੱਚ ਇੱਕ ਵਰਗ ਕਿਲੋਮੀਟਰ ਵਿੱਚ ਪੱਚੀ ਹਜਾਰ ਲੋਕ ਰਹਿੰਦੇ ਹਨ। ਜਦੋਂ ਕਿ  ਅਮਰੀਕਾ ਦੇ ਬਹੁਤੇ ਸ਼ਹਿਰਾਂ ਵਿੱਚ ਇਹ ਗਿਣਤੀ ਮਹਿਜ 1000-1500 ਪ੍ਰਤੀ ਵਰਗ ਗਜ ਹੈ।
        ਨਿਊਯਾਰਕ ਵਿਸ਼ਵ ਭਰ ਦੇ ਵਪਾਰ,ਵਿੱਤ,ਸੱਭਿਆਚਾਰ,ਫੈਸ਼ਨ ਅਤੇ ਮਨੋਰੰਜਨ ਦੀਆਂ ਕਿਸਮਤਾਂ ਦਾ ਫੇਸਲਾ ਕਰਦਾ ਹੈ। ਇੱਥੇ ਯੂæਐੱਨæਓæ ਦਾ ਦਫਤਰ ਹੈ ਜਿਸ ਵਿੱਚ ਦੋ ਸੌ ਮੁਲਕਾਂ ਦੇ ਨੁਮਾਂਇੰਦੇ ਸਿਰ ਜੋੜਕੇ ਦੁਨੀਆਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ। ਇਸ ਕਰਕੇ ਇਹ ਕੌਮਾਂਤਰੀ ਮਸਲਿਆਂ ਲਈ ਅਹਿਮ ਸਥਾਂਨ ਹੈ। ਕਈ ਵਾਰ ਇਸ ਸ਼ਹਿਰ ਨੂੰ ਵਿਸ਼ਵ ਦੀ ਰਾਜਧਾਂਨੀ ਵੀ ਕਿਹਾ ਜਾਂਦਾ ਹੈ। ਇਹ ਅਮਰੀਕਾ ਦੇ ਅਟਲਾਂਟਿਕ ਕੰਢੇ ਕੁਦਰਤੀ ਬੰਦਰਗਾਹ ਤੇ ਵੱਸਿਆ ਹੋਇਆ ਇੱਕ ਖੁਬਸੂਰਤ ਸ਼ਹਿਰ ਹੈ। ਇੱਥੇ ਵਾਲ ਸਟਰੀਟ ਸਥਿੱਤ ਨਿਉਯਾਰਕ ਸਟਾਕ ਐਕਸਚੇਂਜ ਵਿਸ਼ਵ ਦੇ ਵਪਾਰ ਦੀ ਕਿਸਮਤ ਤਹਿ ਕਰਦੀ ਹੈ।ਤੇਲ ਇਰਾਕ,ਅਰਬ 'ਚੋਂ ਨਿੱਕਲਦਾ ਹੈ। ਕੀਮਤ ਇੱਥੇ ਲੱਗਦੀ ਹੈ। ਨਿਊਯਾਰਕ ਵਿੱਚ ਵਿਸ਼ਵ ਦੀਆਂ ਸੱਭ ਤੋਂ ਉੱਚੀਆਂ ਇਮਾਰਤਾਂ ਹਨ ਜਿਨ੍ਹਾਂ ਵਿੱਚ ਐਂਪਾਇਰ ਸਟੇਟ ਇਮਾਰਤ ਅਤੇ ਵਿਸ਼ਵ ਵਪਾਰ ਕੇਂਦਰ ਸ਼ਾਂਮਲ ਹਨ। ਮੈਂ ਐਂਪਾਇਰ ਸਟੇਟ ਇਮਾਰਤ ਦੀ 102 ਵੀਂ ਮੰਜਲ ਤੇ ਲੱਗੀ ਚੌਪਾਸੀਂ ਘੁੰਮਣ ਵਾਲੀ ਦੂਰਬੀਂਨ ਰਾਹੀਂ ਸ਼ਹਿਰ ਵੇਖਿਆ। ਇਸ ਵਿੱਚੋਂ ਦਿੱਸਦਾ ਸਟੈਚੂ ਆਫ ਲਿਬਰਟੀ ਕਮਾਲ ਦਾ ਨਜਾਰਾ ਸੀ। ਜਿੰਦਗੀ ਭਰ ਯਾਦ ਰੱਖਣ ਵਾਲਾ ਇਹ ਦ੍ਰਿਸ਼ ਇੱਕ ਯਾਦਗਾਰੀ ਹੋ ਨਿੱਬੜਿਆ।
           ਨਿਊਯਾਰਕ ਦੀ ਚਾਲੀ ਫੀ ਸਦੀ ਵੱਸੋਂ ਪ੍ਰਵਾਸੀਆਂ ਦੀ ਹੈ। ਅਸੀਂ ਪੰਜਾਬ ਵਿੱਚ ਤਿੰਨ ਬੋਲੀਆਂ ਦੇ ਕਾਟੋ ਕਲੇਸ 'ਚ ਉਲਝਕੇ ਰਹਿ ਗਏ ਹਾਂ ਤੇ ਇੱਥੇ 170 ਬੋਲੀਆਂ ਬੋਲੀਆਂ ਜਾਂਦੀਆਂ ਹਨ। ਕਿਸੇ ਵੀ ਅਖਬਾਰ ਵਿੱਚ 'ਹਾਏ ਸਾਡੀ ਬੋਲੀ ਨੂੰ ਫਲਾਂਨੀ ਬੋਲੀ ਤੋਂ ਖਤਰਾ ਹੈ' ਵਰਗੀਆਂ ਖਬਰਾਂ ਨਹੀਂ ਛਪਦੀਆਂ। ਗੋਰਿਆਂ ਵਿੱਚ ਪੰਜਾਬੀਆਂ ਨਾਲੋਂ ਸ਼ਹਿਨਸ਼ੀਲਤਾ ਜਿਆਦਾ ਹੈ। ਅੱਜ ਤੋਂ ਕਰੀਬ ਪੰਜ ਸੌ ਸਾਲ ਪਹਿਲਾਂ ਜਦੋਂ ਯੁਰਪੀਅਨਾਂ ਨੇ ਇੱਥੇ ਪੈਰ ਪਾਇਆ ਤਾਂ ਇੱਥੇ ਸਿਰਫ ਪੰਜ ਹਜਾਰ ਰੈੱਡ ਇੰਡੀਅਨ ਰਹਿੰਦੇ ਸਨ। ਇੰਡੀਆ ਲੱਭਣ ਨਿੱਕਲੇ ਕੌਲੰਬਸ ਨੇ ਇਨ੍ਹਾਂ ਮੂਲ ਅਮਰੀਕਨ ਵਾਸੀਆਂ ਨੂੰ ਇੰਡੀਅਨ ਸਮਝ ਲਿਆ ਸੀ। 1920 ਵਿਆਂ ਵਿੱਚ ਬਹੁਤੇ ਕਾਲੇ ਅਮਰੀਕਨ ਦੱਖਣੀ ਰਾਜਾਂ ਤੋਂ ਆਪਣੇ ਪ੍ਰਵਾਸ ਦੌਰਾਂਨ ਨਿਊਯਾਰਕ ਆ ਕੇ ਵਸੇ ਸਨ। ਉਸ ਸਮੇਂ ਨਿਊਯਾਰਕ ਕਾਲੇ ਅਮਰੀਕਨਾਂ ਦੇ ਪ੍ਰਵਾਸ ਦਾ ਮੁੱਖ ਟਿਕਾਣਾ ਸੀ। ਇੱਥੇ 11 ਸਤੰਬਰ 2001 ਨੂੰ ਹੋਏ ਦਹਿਸ਼ਤਗਰਦੀ ਹਮਲਿਆਂ ਦੌਰਾਂਨ ਵਿਸ਼ਵ ਵਪਾਰ ਕੇਂਦਰ ਢਹਿ ਗਿਆ ਸੀ। ਉਸ ਥਾਂ ਤੇ ਹੁਣ ਇੱਕ ਨਵਾਂ ਵਿਸ਼ਵ ਵਪਾਰ ਕੇਂਦਰ, ਪੁਰਾਣੀ ਯਾਦਗਾਰ ਦੀ ਨਿਸ਼ਾਂਨੀ ਨਾਲ ਉਸਾਰਿਆ ਜਾ ਰਿਹਾ ਹੈ। ਨਿਊਯਾਰਕ ਦਾ ਬਹੁਤਾ ਭਾਗ ਇਸਦੇ ਤਿੰਨ ਟਾਪੂਆਂ, ਮੈਨਹੱਟਣ, ਸਟੇਟਨ ਅਤੇ ਲਾਂਗ ਤੇ ਉੱਸਰਿਆ ਹੋਇਆ ਹੈ। ਜਗ੍ਹਾ ਦੀ ਘਾਟ ਹੋਣ ਕਰਕੇ ਇਮਾਰਤਾਂ ਅਸਮਾਂਨ ਵੱਲ ਵਧ ਗਈਆਂ ਹਨ। ਵੱਸੋਂ ਬਹੁਤ ਸੰਘਣੀ ਹੈ। ਇੱਥੇ ਇੱਕ ਮੀਟਰ ਜਗ੍ਹਾ ਦੀ  ਕੀਮਤ  15900 ਡਾਲਰ ਹੈ। ਨਿਊਯਾਰਕ ਦੀ ਤੀਜਾ ਹਿੱਸਾ ਵੱਸੋਂ ਕੋਲ ਹੀ ਆਪਣੇ ਘਰ ਹਨ । ਯਾਨੀ ਪੱਕਾ ਰਿਹਾਇਸ਼ੀ ਪਤਾ ਹੈ। ਬਾਕੀ ਸੱਭ ਲੋਕ ਕਿਰਾਏਦਾਰ ਹਨ। ਜੋ ਆਪਣਾ ਰਿਹਾਇਸ਼ੀ ਪਤਾ 'ਹਾਲ ਅਬਾਦ' ਲਿਖਦੇ ਹਨ।' ਹਮਸਾਇਆ ਮਾਂ ਪਿਉ ਜਾਇਆ' ਦੇ ਅਖਾਣ ਦਾ ਦੁਸਰਾ ਪੱਖ 'ਚੰਦਰਾ ਗਵਾਂਢ ਨਾਂ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ' ਵੀ ਹੈ। ਨਿਊਯਾਰਕੀਏ ਇਸ ਗੱਲੋਂ ਖੁਸ਼ਕਿਸਮਤ ਹਨ । ਮਾੜਾ ਗਵਾਂਢ ਛੱਡਕੇ ਅਗਾਂਹ ਰਹਿਣ ਲੱਗ ਜਾਂਦੇ ਹਨ । ਅਸੀਂ ਸਾਰੀ ਉਮਰ ਬੁਰੇ ਗਵਾਂਢੀਆਂ ਨੂੰ ਝੱਲਦੇ ਹਾਂ।ਇੱਥੇ ਸੁੰਦਰ ਹੱਡਸਣ ਦਰਿਆ ਹੱਡਸਣ ਘਾਟੀ ਵਿੱਚੋਂ ਵਹਿੰਦਾ ਹੋਇਆ ਨਿਊਯਾਰਕ ਖਾੜੀ ਵਿੱਚ ਡਿੱਗਦਾ ਹੈ। ਨਿਊਯਾਰਕ ਸ਼ਹਿਰ ਵਿੱਚ ਗਰਮੀਆਂ ਵਿੱਚ ਸਾਡੀ ਭਾਦੋਂ ਵਰਗੀ ਹੁੰਮਸ ਅਤੇ ਸਰਦੀਆਂ ਕੜਾਕੇ ਦੀਆਂ ਠੰਢੀਆਂ ਹੁੰਦੀਆਂ ਹਨ। ਇੱਥੇ ਸਾਲ ਵਿੱਚ 4 ਮਹੀਨੇ ਸੂਰਜ ਨਹੀਂ ਦਿੱਸਦਾ। ਉਂਜ ਗਰਮੀਆਂ ਦਾ ਤਾਪਮਾਂਨ 29 ਡਿਗਰੀ ਅਤੇ ਸਰਦੀਆਂ ਵਿੱਚ ਖਾਸ ਤੌਰ ਤੇ ਫਰਵਰੀ ਮਹੀਨੇ ਇਹ ਮੁਨੱਫੀ 12 ਡਿਗਰੀ ਤੱਕ ਚਲਾ ਜਾਂਦਾ ਹੈ। ਸਰਦੀਆਂ ਵਿੱਚ ਕਾਫੀ ਬਰਫ ਵੀ ਪੈਂਦੀ ਹੈ। ਸਾਰੇ ਅਮਰੀਕਾ ਦੇ ਮੁਕਾਬਲੇ ਨਿਊਯਾਰਕ ਤੀਜਾ ਹਿੱਸਾ ਗਰੀਨ ਹਾਊਸ ਗੈਸ ਛੱਡਦਾ ਹੈ। ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਨਿਊਯਾਰਕ ਵਾਸੀ ਅੱਧੀ ਬਿਜਲੀ ਬਾਲਦੇ ਹਨ। ਨਿਊਯਾਰਕ ਦੀ ਦੂਸਰੀ ਖੂਬੀ ਇਹ ਹੈ ਕਿ ਇੱਥੇ ਪੀਣ ਵਾਲਾ ਪਾਣੀ ਕੁਦਰਤੀ ਪਹਾੜਾਂ ਤੋਂ ਸਾਫ ਮਿਲਦਾ ਹੈ ਜਿਸ ਨੂੰ ਹੋਰਨਾਂ ਅਮਰੀਕਨ ਵੱਡੇ ਸ਼ਹਿਰਾਂ ਦੀ ਤਰਾਂ ਪਲਾਂਟਾਂ ਰਾਹੀਂ ਸਾਫ ਨਹੀਂ ਕਰਨਾ ਪੈਂਦਾ। ਕਦੀ ਪੰਜਾਬ ਦੇ ਪੰਜ ਦਰਿਅਵਾਂ ਦਾ ਪਾਣੀ ਵੀ ਮਿੱਠਾ ਸ਼ਰਬਤ ਵਰਗਾ ਹੁੰਦਾ ਸੀ। ਪੰਜਾਬ ਵਿੱਚ ਪੀਣ ਵਾਲਾ ਪਾਣੀ ਨਾਂ ਤਾਂ ਸਾਫ ਹੈ ਤੇ ਨਾਂ ਹੀ ਸਰਕਾਰ ਵੱਲੋਂ ਸਾਫ ਸਫਾਈ ਦਾ ਕੋਈ ਪ੍ਰਬੰਧ ਹੈ।ਅਸੀਂ ਨੀਲੇ ਪਾਣੀਆਂ ਵਾਲੀਆਂ ਨਦੀਆਂ ਅਤੇ ਦਰਿਆਵਾਂ ਨੂੰ ਗੰਦੇ ਨਾਲਿਆਂ ਵਿੱਚ ਬਦਲ ਦਿੱਤਾ ਹੈ। ਨਿਊਯਾਰਕ ਵਿੱਚ 28000 ਏਕੜ ਜਮੀਂਨ  ਤੇ ਅਨੇਕਾਂ ਮਿਉਂਸਿਪਲ ਪਾਰਕ  ਅਤੇ 23 ਕਿਲੋਮੀਟਰ ਲੰਬਾ ਸਮੁੰਦਰੀ ਬੀਚ ਹੈ ਜਿੱਥੇ ਧੁੱਪ ਵਾਲੇ ਦਿਨ ਗੋਰੇ ਗੋਰੀਆਂ ਕਰੀਂਮ ਮਲ ਕੇ ਘੰਟਿਆਂ ਬੱਧੀ ਲੇਟੇ ਪਏ ਰਹਿੰਦੇ ਹਨ। ਇੱਥੇ ਮੈਨਹੱਟਣ ਦਾ ਕੇਂਦਰੀ ਪਾਰਕ ਹੈ ਜਿੱਥੇ ਅਮਰੀਕਾ ਭਰ 'ਚ ਸੱਭ ਪਾਰਕਾਂ ਤੋਂ ਵੱਧ ਲੋਕੀ ਯਾਨੀ 3 ਕਰੋੜ ਸਲਾਨਾਂ ਯਾਤਰੀ ਆਉਂਦੇ ਹਨ। ਇਹ ਐਡਾ ਵੱਡਾ ਅਤੇ ਖੂਬਸੂਰਤ ਪਾਰਕ ਹੈ ਕਿ ਮੈਂ ਇੱਥੇ ਸਾਰਾ ਦਿਨ ਘੁੰਮਦਾ ਰਿਹਾ। ਇਸ ਵਿੱਚ ਅਨੇਕਾਂ ਝੀਲਾਂ, ਤਲਾਅ , ਸੈਰ ਲਈ ਲੰਮੀ ਪੱਟੜੀਆਂ,ਖੁੱਲ੍ਹੇ ਰਸਤੇ, ਚਿੜੀਆ ਘਰ ਫੱਲਾਂ ਦਾ ਬਾਗ, ਜਾਨਵਰਾਂ ਲਈ ਰੱਖ, ਜੰਗਲ,ਅਤੇ ਇੱਕ ਓਪਣ ਏਅਰ ਥਿਏਟਰ ਹਨ। ਜਿਸ ਵਿੱਚ 'ਪਾਰਕ ਵਿੱਚ ਸ਼ੈਕਸਪੀਅਰ' ਨਾਂ ਦੇ ਗਰਮੀਂ ਰੁੱਤ ਦੇ ਮੇਲੇ ਲੱਗਦੇ ਹਨ ।  ਇੱਥੇ 200 ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਜਾਂਦੇ ਰਹਿੰਦੇ ਹਨ। ਮੈਂ ਅਤੇ ਮੇਰੇ ਦੋਸਤ ਨੇ ਦੁਪਹਿਰੇ ਨੇੜੇ ਹੀ ਚੇਲਸਿਆ ਪਾਰਕ ਦੇ ਕੋਨੇਂ ਤੇ ਬਣੇ ਪੰਜਾਬੀ ਫੁਡ ਜੰਕਸ਼ਨ ਤੇ ਖਾਣਾ ਖਾਧਾ। ਸਵੇਰੇ ਦੂਸਰੇ ਪਾਸੇ ਬਣੇ ਪੰਜਾਬੀ ਢਾਬੇ ਤੇ ਆਲੂਆਂ ਵਾਲੇ ਪਰੌਂਠੇ ਖਾਧੇ ਤੇ ਲੱਸੀ ਪੀਤੀ ਸੀ। ਨਿਊਯਾਰਕ ਵਿੱਚ ਕਿਸੇ ਦਿੱਲੀ ਦੇ ਪੰਜਾਬੀ ਭਾਈ ਬੰਦ ਨੇ ਡੱਬਾ ਬੰਦ ਆਲੂਆਂ ਵਾਲੇ ਪਰੌਂਠੇ ਬਨਾਉਣ ਦਾ ਕਾਰੋਬਾਰ ਤੋਰਿਆ ਹੋਇਆ ਹੈ। ਪੈਕ ਕੀਤੇ ਇਹ ਪਰੌਂਠੇ ਹਫਤਾ ਭਰ ਖਰਾਬ ਨਹੀਂ ਹੁੰਦੇ ਤੇ ਧੁਰ ਅਮਰੀਕਾ ਦੀ ਟੈਕਸਾਸ ਸਟੇਟ ਤੱਕ ਜਾਂਦੇ ਹਨ।ਪੰਜਾਬੀ ਖਾਣਾ ਤੇ ਟੈਕਸੀ ਉੱਤਰੀ ਅਮਰੀਕਾ ਅਤੇ ਪੱਛਮੀਂ ਯੋਰਪ ਦੇ ਮੁੱਖ ਸ਼ਹਿਰਾਂ ਵਿੱਚ ਹਰ ਥਾਂ ਮਿਲ ਜਾਂਦੇ ਹਨ। ਅਮਰੀਕਾ ਜਾ ਕੇ ਵੀ ਇਹ ਪੰਜਾਬੀ ਖਾਣਾ, ਖਾਣਾ ਮੇਰੀ ਮਜਬੂਰੀ ਸੀ। ਉਂਜ ਅਮਰੀਕਨ ਫੁਟ ਦਾ ਜਵਾਬ ਨਹੀਂ ਸੀ। ਪਹਿਲੇ ਪੰਜ ਛੇ ਦਿਨ ਮੈਂ  ਅਮਰੀਕੀ ਬਰਗਰ ਤੇ ਪੀਜਾ ਖਾਂਦਾ ਰਿਹਾ ਸੀ। ਜੋ ਬੇਹੱਦ ਸਵਾਦ ਸੀ। ਪਰ ਮੈਂਨੂੰ ਹਫਤੇ ਬਾਅਦ ਪਤਾ ਲੱਗਾ ਕਿ ਮੈਂ ਗਊ,ਸੂਰ ਅਤੇ ਮੁਰਗੇ ਦਾ ਮੀਟ ਇਕੱਠਾ ਖਾਂਦਾ ਰਿਹਾ ਸੀ। ਬਰਗਰ ਵਿੱਚ ਮੇਰਾ ਅਮਰੀਕਨ ਦੋਸਤ ਕਹਿ ਕਿ ਤਿੰਨੇ ਪੁਆ ਲੈਂਦਾ ਸੀ। ਇੱਕ ਦਿਨ ਮੈਂ ਉਸ ਨੂੰ ਕਾਊਂਟਰ ਤੇ ਖੜ੍ਹ ਕੇ ਬਰਗਰ ਤਿਅਰ ਕਰਾਉਣ ਸਮੇਂ 'ਬੀਫ,ਹੈੱਮ,ਥੋੜਾਂ ਟਰਕੀ' ਕਹਿੰਦੇ ਨੂੰ ਸੁਣ ਲਿਆ ਤਾਂ ਪਤਾ ਲੱਗਾ। ਜੇ ਭਾਰਤ ਵਿੱਚ ਕੋਈ ਇੰਜ ਤਿੰਨੇ ਮੀਟ ਇਕੱਠੇ ਇੱਕੋ ਥਾਲੀ ਵਿੱਚ ਪ੍ਰੋਸ ਦੇਵੇ ਤਾਂ ਪਤਾ ਨਹੀਂ ਕਿੰਨੇ ਮਨੁੱਖ ਦੰਗੇ ਫਸਾਦ ਵਿੱਚ ਮਰ ਜਾਣ। ਅਜੀਬ ਦੇਸ਼ ਹੈ ਜਿੱਥੇ ਮਨੁੱਖ ਜਾਨਵਰਾਂ ਤੋਂ ਸਸਤੇ ਹਨ। ਵਿਕਸਤ ਦੇਸ਼ਾਂ ਵਿੱਚ ਮਨੁੱਖ ਦੀ ਕਦਰ ਹੈ। ਦੋਨੋ ਹੀ ਲੋੜ ਤੋਂ ਵੱਧ ਗਿਣਤੀ ਵਿੱਚ ਹੋਣ ਕਰਕੇ ਸਾਡੇ ਨਾ ਮਨੁੱਖਾਂ ਦੀ ਕਦਰ ਹੈ ਨਾ ਹੀ ਪਸ਼ੂਆਂ ਦੀ। 'ਧਰਮ ਭਰਿਸ਼ਟ' ਹੋਣ ਪਿੱਛੋਂ ਮੈਂ ਅਮਰੀਕਨ ਫਾਸਟ ਫੂਡ ਖਾਣਾ ਛੱਡ ਦਿੱਤਾ। ਨਿਊਯਾਰਕ ਵਿੱਚ ਕਦੀ ਕਦੀ ਪੱਗ ਵਾਲਾ ਆਦਮੀਂ ਨਜਰੀਂ ਪੈਂਦਾ ਹੈ। ਮੈਂਨੂੰ ਕਈ ਵਾਰ ਦੋ ਤਿੰਨ ਪੱਗਾਂ ਵਾਲੇ ਪੰਜਾਬੀ ਇਕੱਠੇ ਜਾਂਦੇ ਮਿਲੇ।
            ਨਿਊਯਾਰਕ ਸ਼ਹਿਰ ਪੰਜ ਟਾਪੂਆਂ ਤੇ ਉੱਸਰਿਆ ਹੈ। ਇਹ ਹਨ ਮੈਨਹੱਟਣ, ਬਰੁੱਕਲਿਨ, ਕੁਇਨਜ਼,ਬਰੋਂਕਸ ਅਤੇ ਸਟੇਟਨ । ਮੈਨਹੱਟਣ ਸੱਭ ਤੋਂ ਸੰਘਣੀ ਵੱਸੋਂ ਵਾਲਾ ਹੈ। ਅਸਮਾਂਨ ਛੂੰਹਦੀਆਂ ਇਮਾਰਤਾਂ, ਕੇਂਂਦਰੀ ਪਾਰਕ, ਵਿਸ਼ਵ ਪ੍ਰਸਿੱਧ ਯੁਨੀਵਰਸਿਟੀਆਂ ਅਤੇ ਮਿਊਜ਼ਿਅਮ ਸੱਭ ਮੈੱਨਹੱਟਣ ਵਿੱਚ ਹੀ ਸਥਿੱਤ ਹਨ। ਬਰੁੱਕਲਿਨ ਲੰਬੇ ਸਮੁੰਦਰੀ ਕੰਢਿਆਂ ਅਤੇ ਕੋਨੀਂ ਟਾਪੂ ਲਈ ਮਸ਼ਹੂਰ ਹੈ ਜਿਸਨੂੰ ਪੁਰਤਗਾਲੀਆਂ ਨੇ ਵੱਸਾਇਆ ਸੀ। ਨਿਊਯਾਰਕ ਦੇ ਤਿੰਨ ਵੱਡੇ ਕੌਂਮਾਂਤਰੀ ਹਵਾਈ ਅੱਡਿਆਂ 'ਚੋਂ ਦੋ ਲਾ ਗਾਰਡੀਆ ਅਤੇ ਜੌਹਨ ਐੱਫ ਕਨੇਡੀ ਹਵਾਈ ਅੱਡਾ ਕੁਇਨਜ਼ ਵਿੱਚ ਹੀ ਹਨ। ਸਟੇਟਨ ਟਾਪੂ  1300 ਮੀਟਰ ਲੰਮੇ ਤੰਗ ਪੁਲ ਰਾਹੀਂ ਬਰੁੱਕਲਿਨ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਨਿਊਯਾਰਕ ਬੰਦਰਗਾਹ ਦਾ ਮੁੱਖ ਦਵਾਰ ਕਿਹਾ ਜਾਂਦਾ ਹੈ। ਪਰ ਸਟੇਟਨ ਟਾਪੂ ਮੈਨਹੱਟਣ ਨਾਲ 'ਸਟੇਟਨ ਟਾਪੂ ਫੇਅਰੀ' ਰਾਹੀਂ ਜੁੜਿਆ ਹੋਇਆ ਹੈ।  ਮੁਰਗਾਬੀ ਦੀ ਤਰਾਂ ਸਮੁੰਦਰ ਦੀ ਹਿੱਕ ਤੇ ਤੈਰਦੀ ਇਹ ਫੇਅਰੀ ਇੱਕ ਪਾਸੇ ਦਾ 8 ਕਿਲੋਮੀਟਰ ਸਫਰ 22 ਮਿਨਟਾਂ ਵਿੱਚ ਤਹਿ ਕਰਦੀ ਹੈ। ਇਸ ਉੱਤੇ ਸੱਤਰ ਹਜਾਰ ਲੋਕ ਰੋਜਾਨਾਂ ਅਤੇ ਲੱਗ ਭੱਗ ਦੋ ਕਰੋੜ ਲੋਕ ਸਾਲ ਵਿੱਚ ਮੁਫਤ ਸਫਰ ਕਰਦੇ ਹਨ ਜੋ ਸਾਰੇ ਅਮਰੀਕਾ ਵਿੱਚ ਕਿਸੇ ਵੀ ਫੇਅਰੀ ਤੋਂ ਵੱਧ ਹਨ। ਇਹ ਫੇਅਰੀ ਸਾਰੇ ਨਿਊਯਾਰਕ ਵਿੱਚ ਯਾਤਰੀਆਂ ਲਈ ਸੱਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦੀ ਹੈ ਕਿਉਂਕਿ ਇਹ ਸਟੈੱਚੂ ਆਫ ਲਿਬਰਟੀ ਨੂੰ ਕੋਲ ਜਾ ਕੇ ਵੇਖਾਉਂਦੀ ਹੈ। ਲਿਬਰਟੀ ਟਾਪੂ ਤੇ ਸਥਿੱਤ ਸੌ ਮੀਟਰ ਉੱਚਾ ਇਹ ਬੁੱਤ ਸੈਲਾਨੀਆਂ,ਪ੍ਰਵਾਸੀਆਂ ਅਤੇ ਸਮੁੰਦਰੀ ਯਾਤਰਾ ਤੋਂ ਵਾਪਸ ਆਏ ਅਮਰੀਕਨਾਂ ਦਾ ਸਵਾਗਤ ਕਰਦਾ ਹੈ। ਰੋਮਨ ਸਾਮਰਾਜ ਦੇ ਜਮਾਨੇ ਦਾ ਚੋਲਾ ਪਹਿਣੀਂ, ਸਿਰ ਤੇ ਨੋਕਾਂ ਵਾਲਾ ਤਾਜ,ਪੈਰੀਂ ਖੁੱਲ੍ਹੇ ਸੈਂਡਲ, ਪੈਰਾਂ ਥੱਲੇ ਟੁੱਟੀ ਪਈ ਜੰਜੀਰ, ਸੱਜੀ ਬਾਂਹ ਨਾਲ ਉੱਚੀ ਚੁੱਕੀ ਮਸ਼ਾਲ ਵਾਲੀ ਇਹ ਔਰਤ ਮਨੁੱਖ ਦੀ ਅਜਾਦੀ ਦੀ ਪ੍ਰਤੀਕ ਹੈ। ਇਹ ਵਿਸ਼ਵ ਦਾ ਸੱਭ ਤੋਂ ਉੱਚਾ ਬੁੱਤ ਹੈ। ਨਿਊਯਾਰਕ ਵਿੱਚ ਇਸ ਨੂੰ ਦੇਖਣ ਲਈ ਸਲਾਨਾਂ 4 ਕਰੋੜ ਅਮਰੀਕਨ ਤੇ ਵਿਦੇਸ਼ੀ ਯਾਤਰੀ ਆਉਂਦੇ ਹਨ। ਨਿਊਯਾਰਕ ਵਿੱਚ ਪ੍ਰਵਾਸੀ ਚੋਖੀ ਹਿਣਤੀ 'ਚ ਹੋਣ ਕਾਰਨ ਚੀਨੀ, ਦੱਖਣੀ ਭਾਰਤੀ, ਪੰਜਾਬੀ, ਇਟਲੀ, ਯੋਰਪੀਅਨ  ਹਰ ਪ੍ਰਕਾਰ ਦਾ ਖਾਣਾ ਮਿਲ ਜਾਂਦਾ ਹੈ।ਜਿਵੇਂ ਸਾਡੇ ਸ਼ਹਿਰਾਂ ਵਿੱਚ ਸਬਜੀ ਦੀਆਂ ਰੇਹੜੀਆਂ ਹਨ ਇਸੇ ਤਰਾਂ ਨਿਊਯਾਰਕ ਸ਼ਹਿਰ ਵਿੱਚ 400ੋ0 ਚੱਲਦੀਆਂ ਫਿਰਦੀਆਂ ਪਕਾਏ ਹੋਏ ਭੋਜਣ ਦੀਆਂ ਮੋਟਰ ਗੱਡੀਆਂ ਹਨ। ਜੋ ਸੜਕਾਂ ਕੰਢੇ ਰੁਕ ਕੇ ਹਰ ਤਰਾਂ ਦਾ ਗਰਮ ਭੋਜਣ ਵਰਤਾਉਂਦੀਆਂ ਹਨ। ਇੱਕ ਭਾਰਤੀ ਵੱਲੋਂ ਚਲਾਏ ਜਾਂਦੇ ਕੈਟਰ ਨੁਮਾਂ ਇੱਕ ਚੱਲਦੇ ਫਿਰਦੇ ਢਾਬੇ ਤੋਂ ਇੱਕ ਸਵੇਰ ਅਸੀਂ ਆਲੂਆਂ ਵਾਲੇ ਪਰੌਂਠੇ ਖਾਧੇ ਸਨ।
             ਨਿAਯਾਰਕ ਉੱਤਰੀ ਅਮਰੀਕਾ ਦਾ ਸੱਭ ਤੋਂ ਵੱਡਾ ਮੀਡੀਆ ਕੇਂਦਰ ਹੈ। ਜਿੱਥੇ ਸੈਂਕੜੇ ਅਖਬਾਰਾਂ ਛਪਦੀਆਂ ਅਤੇ ਦਰਜਨਾਂ ਟੀæਵੀæ ਚੈੱਨਲ ਚੌਵੀ ਘੰਟੇ ਚੱਲਦੇ ਹਨ। ਰੇਲ ਹਾਦਸੇ ਭੁਚਾਲ ਵਾਪਰਣ ਸਾਰ ਹੀ ਖਬਰਾਂ ਨਿਊਯਾਰਕੀਆਂ ਸਾਹਮਣੇ ਪਹੁੰਚ ਜਾਂਦੀਆਂ ਹਨ। ਸਾਰੇ ਇਤਿਹਾਸ ਵਿੱਚ ਇਹ ਸ਼ਹਿਰ ਪ੍ਰਵਾਸੀਆਂ ਦੇ ਦਾਖਲੇ ਲਈ ਮੁੱਖ ਸਥਾਂਨ ਰਿਹਾ ਹੈ। ਨਿਊਯਾਰਕ ਮਹਾਂਨਗਰ ਵਿੱਚ ਅਮਰੀਕਾ ਵਿੱਚ ਸੱਭ ਤੋਂ ਵੱਧ ਯਹੂਦੀ ਅਤੇ ਕਾਲੇ ਅਮਰੀਕਨ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਚੋਣਾ ਲਈ ਸਿਆਸੀ ਪਾਰਟੀਆਂ ਨੂੰ ਸੱਭ ਤੋਂਵੱਧ ਫੰਡ ਇੱਥੇ ਹੀ ਇਕੱਠੇ ਹੁੰਦੇ ਹਨ। ਉਨੀਂਵੀਂ ਸਦੀ ਦੇ ਸ਼ੁਰੂ ਵਿੱਿਚ ਨਿਊਯਾਰਕ ਵਿੱਚ ਜੁਰਮ ਵਧਣ ਲੱਗੇ ਤੇ ਫਿਰ ਇਹ ਖਤਰਨਾਕ ਸ਼ਹਿਰ ਬਣ ਗਿਆ ਸੀ। ਕਦੀ ਰਾਤ ਨੂੰ ਪੈਦਲ ਚੱਲਣ ਸਮੇਂ ਲੋਕੀਂ ਆਪਣੇ ਪ੍ਰਛਾਵੇਂ ਤੋਂ ਹੀ ਤ੍ਰਹਿ ਜਾਂਦੇ ਸਨ। ਪਰ ਹੁਣ ਇਹ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਅਮਰੀਕਾ ਦੇ ਸੱਭ ਤੋਂ ਵੱਧ ਸੁਰੱਖਿਅਤ ਸ਼ਹਿਰਾਂ ਵਿੱਚ ਆਉਂਦਾ ਹੈ। ਸਿੱਖਿਆ ਵਿੱਚ ਇਹ ਸਰਕਾਰੀ ਸਕੂæਲਾਂ ਦਾ ਗੜ੍ਹ ਹੈ। ਇੱਥੋਂ ਦੇ ਬਾਰਾਂ ਹਜਾਰ ਸਕੂਲਾਂ ਵਿੱਚ ਲੱਖਾਂ ਬੱਚੇ ਪੜ੍ਹਦੇ ਹਨ। ਇੱਥੇ 6 ਲੱਖ ਯੁਨੀਵਰਸਿਟੀਆਂ ਦੇ ਵਿਦਿਆਰਥੀ ਪੜ੍ਹਦੇ ਹਨ। ਇਹ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ ਜਿੱਥੇ 60 ਫੀ ਸਦੀ ਵੱਸੋਂ ਗਰੈਜੂਏਟ ਹੈ ਅਤੇ ਇੱਥੇ 125 ਨੋਬਲ ਇਨਾਂਮ ਜੇਤੂ ਰਹਿੰਦੇ ਹਨ। ਅਸੀਂ ਪੰਜਾਬ ਵਿੱਚ ਸਿੱਖਿਆ ਤਬਾਹ ਕਰ ਦਿੱਤੀ ਹੈ।
         ਮੈਂ ਜਿਸ ਦਿਨ ਨਿਊਯਾਰਕ ਦੀ ਪਬਲਿਕ ਲਾਇਬਰੇਰੀ ਵੇਖਣ ਗਿਆ ਤਾਂ ਬੂੰਦਾ ਬਾਂਦੀ ਹੋ ਰਹੀ ਸੀ। ਲੋਕੀਂ ਛੱæਤਰੀਆਂ ਲਈ ਘੁੰਮ ਰਹੇ ਸਨ।ਇਸ ਲਾਇਬਰੇਰੀ ਦੀਆਂ 80 ਸ਼ਾਖਾਵਾਂ ਹਨ ਜਿੱਥੇ ਰੋਜਾਨਾ ਲੱਖਾਂ ਪਾਠਕ ਅਖਬਾਰ ਰਸਾਲੇ ਪੜ੍ਹਦੇ ਹਨ। ਅਮਰੀਕਨ ਕਿਤਾਬਾਂ ਪੜ੍ਹਦੇ ਹਨ। ਅਸੀਂ ਅਣਪੜ੍ਹ ਬਾਬਿਆਂ, ਪੁਜਾਰੀਆਂ ਦੇ 'ਪ੍ਰਵਚਣ' ਸੁਣਦੇ ਹਾਂ।ਇਸ ਲਾਇਬਰੇਰੀ ਦੇ ਮੁੱਖ ਦਵਾਰ ਤੇ ਦੋਹੀਂ ਪਾਸੀਂ ਦੋ ਸ਼ੇਰਾਂ ਦੇ ਬੁੱਤ ਬਣੇ ਹੋਏ ਹਨ। ਦੋ ਕਰੋੜ ਕਿਤਾਬਾਂ ਅਤੇ ਤਿੰਨ ਹਜਾਰ ਦੇ ਮੁਲਾਜਮਾਂ ਵਾਲੀ ਇਸ ਲਾਇਬਰੇਰੀ ਦਾ 5 ਕਰੋੜ ਦਾ ਸਲਾਂਨਾਂ ਬੱਜਟ ਹੈ। ਅਸੀਂ ਦੋਨਾਂ ਦੋਸਤਾਂ ਨੇ ਇੱਥੇ ਅੱਧਾ ਦਿਨ ਬਤਾਇਆ ਅਤੇ ਇਸਦੇ ਕੌਫੀ ਹਾਊਸ ਤੋਂ ਕੌਫੀ ਪੀਤੀ। ਮਹਾਂਨਗਰ ਟਰਾਂਸਪੋਰਟ ਅਥਾਰਿਟੀ ਨਿਊਯਾਰਕ ਵਿੱਚ ਜਨਤਕ ਟਰਾਂਸਪੋਰਟ ਚਲਾਉਂਦੀ ਹੈ। ਇਹ ਰੋਜਾਨਾ ਲੱਖਾਂ ਮੁਸਾਫਰ ਢੋਂਦੀ ਹੈ। ਇਸ ਦੀਆਂ 8 ਲੱਖ ਗੱਡੀਆਂ ਰੋਜਾਨਾਂ 9 ਪੁਲਾਂ ਅਤੇ ਸੁਰੰਗਾਂ ਵਿੱਚੋਂ ਬਾਰ ਬਾਰ ਲੰਘਦੀਆਂ ਹਨ।  ਨਿਊਯਾਰਕ ਵਿੱਚ ਲੋਕੀਂ ਸਾਰੇ ਅਮਰੀਕਨ ਸ਼ਹਿਰਾਂ ਤੋਂ ਵੱਧ ਬੱਸਾਂ ਗੱਡੀਆਂ ਤੇ ਸਫਰ ਕਰਦੇ ਹਨ ਜੋ 24 ਘੰਟੇ ਚੱਲਦੀਆਂ ਹਨ। ਇੱਥੋਂ ਦੋ ਰੇਲਵੇ ਸਟੇਸ਼ਨਾਂ ਤੇ ਬਹੁਤ ਭੀੜ ਰਹਿੰਦੀ ਹੈ। ਨਿਊਯਾਰਕ ਦੀ ਅੱਧੋਂ ਵੱਧ ਵੱਸੋਂ ਬੱਸਾਂ ਰੇਲਾਂ ਰਾਹੀਂ ਕੰਮਾਂ ਤੇ ਜਾਂਦੀ ਹੈ ਜਦੋਂ ਕਿ ਬਾਕੀ ਸਾਰੇ ਅਮਰੀਕਾ ਵਿੱਚ 90% ਲੋਕ ਆਪਣੀਆਂ ਕਾਰਾਂ ਦੀ ਵਰਤੋਂ ਕਰਦੇ ਹਨ। ਜਿੱਥੇ ਅਮਰੀਕਾ ਦੇ ਪੱਛਮੀਂ ਕੰਢੇ ਵੱਸੇ ਲਾਸ ਐਂਜਲਸ,ਸਾਂਨਫਰਾਂਸਿਸਕੋ ਵਰਗੇ ਵੱਡੇ ਸ਼ਹਿਰ ਤੇਜ ਰਫਤਾਰ ਚੱਲਦੇ ਹਨ ਉੱਥੇ ਅਮਰੀਕਾ ਦੇ ਪੂਰਬੀ ਤੱਟ ਦਾ ਇਹ ਖੁਬਸੂਰਤ ਸ਼ਹਿਰ ਦੌੜਦਾ ਹੈ। ਨਿਊਯਾਰਕ ਵਿੱਚ ਪ੍ਰਦੂਸ਼ਣ ਨਹੀਂ ਹੈ ਕਿਉਂਕਿ ਇੱਥੇ ਸਾਰੀਆਂ ਗੱਡੀਆਂ ਸੀ.ਐੱਨ.ਜੀ. ਗੈਸ ਤੇ ਚੱਲਦੀਆਂ ਹਨ। ਮੈਨਹੱਟਣ ਵਿੱਚ 75% ਲੋਕਾਂ ਕੋਲ ਆਪਣੀ ਕਾਰ ਨਹੀਂ ਹੈ ਜਦੋਂ ਕਿ ਸਾਰੇ ਅਮਰੀਕਾ ਵਿੱਚ ਹਰ ਵਿਅਕਤੀ ਕੋਲ ਆਪਣੀ ਕਾਰ ਹੈ ।ਕਈਆਂ ਕੋਲ ਦੋ ਦੋ ਵੀ ਹਨ। ਦੁਨੀਆਂ ਦਾ ਸੱਭ ਤੋਂ ਵੱਡਾ ਬੱਸ ਅੱਡਾ ਨਿਊਯਾਰਕ ਵਿੱਚ ਹੀ ਹੈ ਜਿੱਥੇ ਰੋਜਾਨਾਂ ਦੋ ਲੱਖ ਮੁਸਾਫਰ ਬੱਸਾਂ ਚੜ੍ਹਦੇ ਹਨ। ਇੰਨੀ ਆਵਾਜਾਈ ਹੋਣ ਦੇ ਬਾਵਜੂਦ ਪਹਿਲਾਂ,ਅਪਾਹਜ, ਫਿਰ ਬੱਚੇ ਅਤੇ ਫਿਰ ਬਾਲਗ ਕਤਾਰ ਬਣਾ ਕੇ ਬੱਸ ਚੜ੍ਹਦੇ ਹਨ। ਸਾਡੇ ਵਾਂਗ ਧੱਕਾ ਮੁੱਕੀ ਹੋਣਾ ਉਹ ਜਾਣਦੇ ਹੀ ਨਹੀਂ ਹਨ। ਨਿਊਯਾਰਕ ਦੀ ਭੁਮੀਂਗਤ ਰੇਲਵੇ ਦੇ 468 ਸਟੇਸ਼ਨ ਹਨ। ਜੋ 24 ਘੰਟੇ ਚੱਲਦਾ ਹੈ।ਇਹ ਵਿਸ਼ਵ ਦੀ ਤੀਸਰੀ ਵੱਡੀ ਰੇਲਵੇ ਹੈ ਜਿਸ ਤੇ ਸਲਾਂਨਾ ਡੇਢ ਸੌ ਕਰੋੜ ਮੁਸਾਫਰ ਸਫਰ ਕਰਦੇ ਹਨ। ਇੰਜ ਨਿAਯਾਰਕ ਦਾ ਜਨਤਕ ਪਰਵਹਣ ਉੱਤਰੀ ਅਮਰੀਕਾ ਵਿੱਚ ਨੰਬਰ ਇੱਕ ਤੇ ਹੈ। ਇਸ ਤੋਂ ਇਲਾਵਾ ਨਿਊਯਾਰਕ ਹਵਾਈ ਯਾਤਰੀਆਂ ਲਈ ਵੀ ਅਮਰੀਕਾ ਦਾ ਮੁੱਖ ਦਵਾਰ ਹੈ। ਇਸ ਦੇ ਤਿੰਨ ਹਵਾਈ ਅੱਡਿਆਂ ਤੇ 10 ਕਰੋੜ ਲੋਕ ਸਫਰ ਕਰਦੇ ਹਨ।ਇੱਥੇ ਸਵਾ ਲੱਖ ਤੋਂ ਵੱਧ ਲੋਕ ਰੋਜਾਨਾਂ ਸਾਇਕਲ ਸਵਾਰੀ ਕਰਦੇ ਹਨ । ਹਰ ਪੰਜਵਾਂ ਆਦਮੀਂ ਇੱਥੇ ਪੈਦਲ ਚੱਲਣ ਵਾਲਾ ਅਤੇ ਸਾਇਕਲ ਚਾਲਕ ਹਨ। ਇਸੇ ਕਰਕੇ ਆਂਮ ਮੋਟੇ ਅਮਰੀਕਨਾਂ ਦੇ ਮੁਕਾਬਲੇ ਨਿਊਯਾਰਕ ਵਾਸੀ ਪਤਲੇ ਅਤੇ ਸਿਹਤ ਪੱਖੋਂ ਤੰਦਰੁਸਤ ਹਨ। ਇੱਥੇ ਮੋਟਰ ਕਾਰਾਂ ਦੇ ਘੰਟਿਆਂ ਬੱਧੀ ਜਾਂਮ ਲੱਗਦੇ ਹਨ ਜਿਸ ਕਾਰਨ ਲੋਕ ਜਨਤਕ ਸਵਾਰੀਆਂ ਨੂੰ ਹੀ ਤਰਜੀਹ ਦਿੰਦੇ ਹਨ। ਜਾਰਜ ਵਾਸ਼ਿੰਗਟਨ ਪੁਲ ਵਿਸ਼ਵ ਦਾ ਸੱਭ ਤੋਂ ਵੱਧ ਜਾਂਮ ਲੱਗਣ ਵਾਲਾ ਪੁਲ ਹੈ।  ਇੱਥੋਂ ਦੀ ਬੰਦਰਗਾਹ ਵੀ ਬਹੁਤ ਭੀੜ ਵਾਲੀ ਹੈ। ਅਸਮਾਨ ਛੂੰਹਦੀਆਂ ਇਮਾਰਤਾਂ ਵਾਲੇ ਇਸ ਸ਼ਹਿਰ ਦੀ ਵਿਸ਼ਵ ਵਿੱਚ ਵਿਲੱਖਣ ਥਾਂ ਹੈ।
.....................................

Wednesday, January 20, 2010

ਬਰਮਾ ਨੰਦ ਜੀ ਦੀ ਪਹਿਲੀ ਬਰਸੀ -ਅਮਨਦੀਪ ਸਿੰਘ ਕਾਲਕਟ


ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਪੰਡਤ ਬਰਮਾ ਨੰਦ ਜੀ ਦੀ ਪਹਿਲੀ ਬਰਸੀ ਮੌਕੇ ਪਿੰਡ ਕੁੱਸਾ ਵਿਖੇ ਬਾਬਾ ਬਲਬੀਰ ਸਿੰਘ ਸੀਚੇਵਾਲ਼ ਸਮੇਤ ਨਾਮਵਾਰ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜ਼ਲੀ   -ਅਮਨਦੀਪ ਸਿੰਘ ਕਾਲਕਟ
                        ਪਿਛਲੇ ਦਿਨੀਂ ਸੁਪ੍ਰਸਿੱਧ ਨਾਵਲ ''ਪੁਰਜਾ ਪੁਰਜਾ ਕਟਿ ਮਰੈ'' ਦੇ ਲੇਖਕ ਸ਼ਿਵਚਰਨ ਜੱਗੀ ਕੁੱਸਾ ਜੀ ਦੇ ਪਿਤਾ ਪੰਡਤ ਬਰਮਾਂ ਨੰਦ ਜੀ ਜੋ ਕਿ ਪਿਛਲੇ ਸਾਲ ਸੰਖੇਪ ਜਿਹਾ ਬਿਮਾਰ ਹੋਣ ਪਿੱਛੋਂ ਅਕਾਲ ਚਲਾਣਾਂ ਕਰ ਗਏ ਸਨ, ਉਹਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਪਿੰਡ ਕੁੱਸਾ, ਜ਼ਿਲਾ ਮੋਗਾ ਵਿਖੇ ਰੱਖੇ ਸ਼੍ਰੀ ਆਖੰਡ ਪਾਠ ਦੇ ਭੋਗ ਸਮੇਂ ਬਹੁਤ ਹੀ ਨਾਮਵਾਰ ਸ਼ਖਸੀਅਤਾਂ ਨੇ ਹਾਜ਼ਰੀ ਲੁਆਈ। ਇਸ ਮੌਕੇ ਜਿਹਨਾਂ ਸਖਸ਼ੀਅਤਾਂ ਨੇ ਆਪਣੇ ਸੰਬੋਧਨ ਰਾਹੀਂ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਹਨਾਂ ਵਿੱਚ ਵਾਤਾਵਰਨ ਪ੍ਰੇਮੀਂ ਅਤੇ ਦੁਨੀਆਂ ਦੀ ਜਾਣੀਂ ਪਹਿਚਾਣੀਂ ਹਸਤੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਪੰਥਕ ਸ਼ਖਸੀਅਤ ਡਾ. ਸੁਖਪ੍ਰੀਤ ਸਿੰਘ ਉਦੋਕੇ, ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲ਼ਾ, ਸੂਫੀ ਗਾਇਕ ਹਾਕਮ ਸੂਫੀ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਕੈਨੇਡਾ ਵਸਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਗਿੱਲ ਹਰਦੀਪ, ਡਿਪਟੀ ਕਮਸ਼ਿਨਰ ਸੰਗਰੂਰ ਡਾ. ਹਰਕੇਸ਼ ਸਿੰਘ ਸਿੱਧੂ, ਡੀ. ਐਸ. ਪੀ. ਅਮਰਜੀਤ ਸਿੰਘ ਖਹਿਰਾ, ਪ੍ਰੋ. ਨਿਰਮਲ ਜੌੜਾ, ਨਾਵਲਕਾਰ ਰਣਜੀਤ ਚੱਕ ਤਾਰੇਵਾਲ਼, ਲੇਖਕ ਨਿੰਦਰ ਘੁਗਿਆਣਵੀ, ਅਜੀਤ ਸਿੰਘ ਸ਼ਾਂਤ ਐਮ. ਐਲ. ਏ, ਸਾਫ ਸੁਥਰੀ ਗਾਇਕੀ ਦੇ ਰਚੇਤਾ ਮੱਖਣ ਬਰਾੜ ਦੇ ਨਾਂ ਵਰਣਨਯੋਗ ਹਨ। ਸੰਤ ਬਲਵੀਰ ਸਿੰਘ ਸੀਚੇਵਾਲ਼ ਨੇ ਆਪਣੇ ਸੰਬੋਧਨ ਵਿੱਚ ਬਾਪੂ ਜੀ ਨੂੰ ਇੱਕ ਉੱਘੀ ਸਮਾਜ ਸੇਵੀ ਸ਼ਖਸੀਅਤ ਦੱਸਦਿਆਂ ਉਹਨਾਂ ਦੇ ਲੋਕ ਭਲਾਈ ਪ੍ਰਤੀ ਕੀਤੇ ਕੰਮਾਂ ਬਾਰੇ ਵਿਸਥਾਰ ਸਾਹਿਤ ਚਾਨਣਾਂ ਪਾਇਆ ਅਤੇ ਉਹਨਾਂ ਨੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਬਾਪੂ ਬਰਮਾ ਨੰਦ ਜੀ ਦੇ ਨਖਸ਼ੇ ਕਦਮਾਂ ਤੇ ਚੱਲਦਿਆਂ ਬਿਨਾਂ ਕਿਸੇ ਸੁਆਰਥ ਦੇ ਸਮਾਜ ਸੇਵਾ ਕਰਦਿਆਂ ਵਾਤਾਵਰਨ ਪ੍ਰਤੀ ਵੀ ਸੁਹਿਰਦ ਹੋਣ ਦੀ ਅਪੀਲ ਕੀਤੀ। ਬਾਪੂ ਜੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਸ਼ਾਮਿਲ ਹੋਰ ਸੱਜਣਾਂ ਵਿੱਚ ਗਾਇਕ ਹਾਕਮ ਬਖਤੜੀ ਵਾਲ਼ਾ, ਗਾਇਕ ਜਗਮੋਹਣ ਸੰਧੂ, ਸ੍ਰ. ਹਰਚਰਨ ਸਿੰਘ ਰਾਮੂਵਾਲ਼ੀਆ, ਗੀਤਕਾਰ ਗੋਲੂ ਕਾਲ਼ੇਕੇ, ਸ਼੍ਰੀ ਕੇ. ਐਲ. ਗਰਗ, ਬਲਦੇਵ ਸਿੰਘ ਸੜਕਨਾਮਾਂ, ਮਿੰਟੂ ਬਰਾੜ ਆਸਟ੍ਰੇਲੀਆ, ਹਰਦੇਵ ਗਰੇਵਾਲ 'ਸਿਰਜਣਾ', ਸ੍ਰ. ਸੁਖਨੈਬ ਸਿੰਘ ਸਿੱਧੂ, ਮਿੰਟੂ ਖੁਰਮੀਂ ਹਿੰਮਤਪੁਰਾ, ਜਥੇਦਾਰ ਹਰਪਾਲ ਸਿੰਘ ਕੁੱਸਾ, ਪੱਤਰਕਾਰ ਜਗਦੇਵ ਬਰਾੜ, ਪੱਤਰਕਾਰ ਮੇਜ਼ਰ ਜਖੇਪਲ਼ ਪੰਜਾਬੀ ਟ੍ਰਿਬਿਊਨ, ਪੱਤਰਕਾਰ ਮਨਜੀਤ ਬਾਵਾ ਜੱਗਬਾਣੀ, ਪੱਤਰਕਾਰ ਰਣਜੀਤ ਸਿੰਘ ਬਿਲਾਸਪੁਰ ਰੋਜ਼ਾਨਾ ਅਜੀਤ, ਪੱਤਰਕਾਰ ਬਹਾਦਰ ਡਾਲਵੀ, ਪੱਤਰਕਾਰ ਰਾਜਵਿੰਦਰ ਰੌਂਤਾ, ਪੱਤਰਕਾਰ ਭੁਪਿੰਦਰ ਸਿੰਘ ਪੰਨੀਵਾਲ਼ੀਆ, ਪੱਤਰਕਾਰ ਜਸਪਾਲ ਭੋਡੀਪੁਰਾ, ਪੱਤਰਕਾਰ ਸੁਖਜੀਵਨ ਸਿੰਘ ਕੁੱਸਾ ਸਪੋਕਸਮੈਨ, ਐਸ. ਐਨ. ਸੇਵਕ, ਜਥੇਦਾਰ ਅਮਰਜੀਤ ਸਿੰਘ ਲੋਪੋ, ਜਲੌਰ ਸਿੰਘ ਮਾਧੇਕੇ, ਰਾਜ ਜਰਮਨੀ, ਟੈਲੀ ਅਦਾਕਾਰ ਮਨਿੰਦਰ ਮੋਗਾ, ਗਾਇਕ ਗੁਰਦੀਪ ਧਾਲੀਵਾਲ਼, ਗਾਇਕ ਗੁਰਮੀਤ ਧਾਲੀਵਾਲ਼ ਜੀ ਸ਼ਾਮਿਲ ਸਨ। ਇਸ ਮੌਕੇ ਕੁੱਸਾ ਪਰਿਵਾਰ ਅਤੇ ਪਿੰਡ ਵਾਲ਼ਿਆਂ ਵੱਲੋਂ ਸ੍ਰ. ਜਗਰੂਪ ਸਿੰਘ ਕੁੱਸਾ ਸਰਪੰਚ ਅਤੇ ਸ੍ਰ ਪ੍ਰੀਤਮ ਸਿੰਘ ਕੁੱਸਾ ਸਾਬਕਾ ਸਰਪੰਚ ਨੇ ਦਸਤਾਰ ਅਤੇ ਸਨਮਾਨ ਪੱਤਰ ਨਾਲ਼ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ਼ ਨੂੰ ਮਨੁੱਖਤਾ ਦੇ ਭਲੇ ਪ੍ਰਤੀ ਆਰੰਭੇ ਗਏ ਕਾਰਜ਼ਾਂ ਦੇ ਮੱਦੇਨਜ਼ਰ ਸਨਮਾਨਿਤ ਵੀ ਕੀਤਾ ਗਿਆ।

..................................

Tuesday, January 5, 2010

ਸਾਹਿਤਕ ਸੂਚਨਾ - ਹਰਦਮ ਸਿੰਘ ਮਾਨ


ਸਾਹਿਤਕ ਸੂਚਨਾ  - ਹਰਦਮ ਸਿੰਘ ਮਾਨ 
ਦੀਪਕ ਜੈਤੋਈ ਐਵਾਰਡ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਅਤੇ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਉਘੇ ਕਵੀ ਜਸਵੰਤ ਜ਼ਫਰ ਨੂੰ ਦੇਣ ਦਾ ਫੈਸਲਾ
ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਉਸਤਾਦ ਗ਼ਜ਼ਲਗੋ ਮਰਹੂਮ ਦੀਪਕ ਜੈਤੋਈ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਦੀਪਕ ਜੈਤੋਈ ਐਵਾਰਡ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਅਤੇ ਇਸ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਉਘੇ ਕਵੀ ਜਸਵੰਤ ਜ਼ਫਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਦੱਸਿਆ ਹੈ ਕਿ ਇਹ ਫੈਸਲਾ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੀ ਅਗਵਾਈ ਹੇਠ ਇਥੇ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸੁਰਿੰਦਰਪ੍ਰੀਤ ਘਣੀਆਂ, ਦਰਸ਼ਨ ਬਲ੍ਹਾੜੀਆ, ਸੁਰਜੀਤ ਅਮਰ, ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਗੁਰਸਹਿਬ ਸਿੰਘ ਬਰਾੜ ਅਤੇ ਯਸ਼ਪਾਲ ਸ਼ਰਮਾ ਹਾਜਰ ਹੋਏ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਸਭਾ ਵੱਲੋਂ 17 ਜਨਵਰੀ 2010 ਨੂੰ ਸਾਹਿਤ ਸਦਨ ਜੈਤੋ ਵਿਖੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਸਾਹਿਤਕਾਰ ਪਦਮ ਪ੍ਰੋ. ਗੁਰਦਿਆਲ ਸਿੰਘ ਕਰਨਗੇ ਅਤੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਹੋਣਗੇ। ਸਮਾਗਮ ਵਿਚ ਪ੍ਰੋ. ਅਨੂਪ ਵਿਰਕ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਅਵਤਾਰ ਸਿੰਘ ਸਮਾਧ ਭਾਈ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਵਿਸ਼ੇਸ਼ ਮਹਿਮਾਨ ਮਹਿਮਾਨ ਹੋਣਗੇ। ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿਚ ਉਘੇ ਕਵੀ ਭਾਗ ਲੈਣਗੇ।
......................