Saturday, November 28, 2009

ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਹਰਭਜਨ ਪਵਾਰ ਨਾਲ ਇੱਕ ਮੁਲਾਕਾਤ -ਸੁਖਿੰਦਰ


ਲੇਖਕ, ਨਿਰਮਾਤਾ  ਅਤੇ ਨਿਰਦੇਸ਼ਕ   ਹਰਭਜਨ ਪਵਾਰ ਨਾਲ ਇੱਕ ਮੁਲਾਕਾਤ   -ਸੁਖਿੰਦਰ


? ਹਰਭਜਨ ਪਵਾਰ, ਤੁਸੀਂ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਚਰਚਾ ਵਿੱਚ ਰਹੇ ਹੋ। ਕੀ ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਲਿਖਣ ਦੇ ਖੇਤਰ ਵਿੱਚ ਕਦੋਂ ਕੁ ਪ੍ਰਵੇਸ਼ ਕੀਤਾ?
- ਸੁਖਿੰਦਰ ਜੀ, ਜਿੱਥੋਂ ਤੱਕ ਤਾਂ ਮੇਰੇ ਲਿਖਣ ਦੀ ਸ਼ੁਰੁਆਤ ਦੀ ਗੱਲ ਹੈ ਉਹ ਤਾਂ ਜਦੋਂ ਮੈਂ ਇੰਡੀਆ ਵਿੱਚ ਅਜੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਉਦੋਂ ਹੀ ਹੋ ਗਈ ਸੀ। ਇਹ ਸਮਾਂ ਤੁਸੀਂ 1968-69 ਦੇ ਆਸ ਪਾਸ ਹੀ ਸਮਝ ਸਕਦੇ ਹੋ। ਉਦੋਂ ਮੇਰੇ ਮਨ ਵਿੱਚ ਅਜੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਮੈਂ ਕੋਈ ਬਹੁਤ ਵੱਡਾ ਜਾਂ ਵਧੀਆ ਲੇਖਕ ਬਨਣਾ ਹੈ...ਭਾਵੇਂ ਕਿ ਇਸ ਗੱਲ ਦਾ ਫੈਸਲਾ ਤਾਂ ਪਾਠਕਾਂ ਨੇ ਹੀ ਕਰਨਾ ਹੁੰਦਾ ਹੈ ਕਿ ਕੋਈ ਲੇਖਕ ਕਿੰਨਾ ਕੁ ਵੱਡਾ ਹੈ ਜਾਂ ਵਧੀਆ ਲਿਖ ਰਿਹਾ ਹੈ.... ਫਿਰ ਹੋਰਨਾਂ ਵਾਂਗ ਹੀ ਬਦੇਸ਼ ਜਾਣ ਦੇ ਸੁਪਣੇ ਲੈਂਦਾ ਲੈਂਦਾ ਇੱਕ ਦਿਨ ਮੈਂ ਵੀ ਜਰਮਨ ਚਲਾ ਗਿਆ। ਉੱਥੇ ਵੀ ਮੈਂ ਆਪਣਾ ਲਿਖਣ ਦਾ ਸ਼ੌਕ ਜਾਰੀ ਰੱਖਿਆ। ਕੁਝ ਦੇਰ ਜਰਮਨ ਰਹਿਕੇ ਮੈਂ ਕੈਨੇਡਾ ਆ ਗਿਆ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ ਕੁਝ ਪੰਜਾਬੀ ਸਾਹਿਤ ਸਭਾਵਾਂ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਵਿੱਚ ਲੇਖਕ ਇੱਕ ਦੂਜੇ ਨਾਲ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਹਨ.. ਇੱਥੇ ਟੋਰਾਂਟੋ ਤੋਂ ਇੱਕ ਅਖਬਾਰ ਛਪਦਾ ਸੀ 'ਪ੍ਰਦੇਸੀ ਪੰਜਾਬ'। ਜਿਸਦਾ ਸੰਪਾਦਕ ਗੁਰਦੀਪ ਚੌਹਾਨ ਹੁੰਦਾ ਸੀ। ਉਸ ਅਖਬਾਰ ਵੱਲੋਂ ਇੱਕ ਸਾਹਿਤ ਸਭਾ ਵੀ ਚਲਾਈ ਜਾ ਰਹੀ ਸੀ - 'ਪ੍ਰਦੇਸੀ ਪੰਜਾਬ ਸਾਹਿਤ ਸਭਾ'। ਉਸ ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਜਾਣਾ ਸ਼ੁਰੂ ਕਰ ਦਿੱਤਾ। ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਵੀ ਕਹਾਣੀਆਂ ਪੜ੍ਹਦਾ ਹੁੰਦਾ ਸੀ। ਇਸ ਤਰ੍ਹਾਂ ਬਸ ਸਮਝੋ ਮੈਂ ਲਿਖਣ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ।

? ਕੀ ਲੇਖਕ ਬਨਣ ਲਈ ਤੁਹਾਨੂੰ ਕਿਸੀ ਖਾਸ ਗੱਲ ਜਾਂ ਘਟਨਾ ਨੇ ਪ੍ਰੇਰਤ ਕੀਤਾ ਜਾਂ ਕਿ ਇਹ ਸਭ ਕੁਝ ਸਹਿਜ ਸੁਭਾਅ ਹੀ ਵਾਪਰ ਗਿਆ?
- ਦੇਖੋ, ਕਾਲਿਜ ਵਿੱਚ ਪੜ੍ਹਨ ਦੇ ਦਿਨਾਂ ਤੋਂ ਹੀ ਇਹ ਮੇਰੇ ਮਨ ਵਿੱਚ ਸੀ ਕਿ ਮੈਂ ਇੱਕ ਲੇਖਕ ਬਣਾਂ। ਇਸ ਤਰ੍ਹਾਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਪਰ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਵਾਪਰੀਆਂ ਤਿੰਨ ਗੱਲਾਂ ਨੇ ਮੇਰੇ ਲਿਖਣ ਦੇ ਸ਼ੌਕ ਨੂੰ ਜ਼ਰੂਰ ਵਧਾਇਆ...ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਵਿੱਚ ਰਹਿੰਦਿਆਂ ਆਪਣੀ ਕਾਲਿਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਹਦ ਮੈਂ ਚੰਡੀਗੜ੍ਹ ਪੁਲਿਸ ਵਿੱਚ ਅਸਿਸਟੈਂਟ ਸਬ ਇਨਸਪੈਕਟਰ ਦੇ ਤੌਰ ਉੱਤੇ ਭਾਰਤੀ ਹੋ ਗਿਆ। ਮੈਂ ਉਦੋਂ ਵੀ ਕਹਾਣੀਆਂ ਲਿਖਦਾ ਹੁੰਦਾ ਸੀ। ਮੈਂ ਇੱਕ ਕਹਾਣੀ ਲਿਖੀ। ਸਾਡਾ ਜਿਹੜਾ ਪੁਲਿਸ ਇਨਚਾਰਜ ਹੁੰਦਾ ਸੀ ਉਸਨੇ ਮੇਰੀ ਕਹਾਣੀ ਪੜ੍ਹੀ ਤਾਂ ਉਹ ਕਹਿਣ ਲੱਗਾ ਕਿ ਹਰਭਜਨ ਸਿੰਘ ਤੂੰ ਇੱਕ ਦਿਨ ਬਹੁਤ ਵਧੀਆ ਲੇਖਕ ਬਣੇਂਗਾ....ਦੂਜੀ ਗੱਲ ਹੈ ਉਨ੍ਹਾਂ ਹੀ ਦਿਨਾਂ ਵਿੱਚ ਜਦੋਂ ਅਜੇ ਮੈਂ ਪੁਲਿਸ ਵਿਭਾਗ ਵਿੱਚ ਹੀ ਚੰਡੀਗੜ੍ਹ ਕੰਮ ਕਰ ਰਿਹਾ ਸਾਂ ਤਾਂ ਇੱਕ ਦਿਨ ਮੇਰੇ ਮਾਮੇ ਦੀ ਕੁੜੀ ਸਤਿਨਾਮ ਕੌਰ ਨਾਲ ਉਸ ਦੀ ਇੱਕ ਸਹੇਲੀ ਮੈਨੂੰ ਮਿਲਣ ਆਈ। ਉਹ ਇੱਕ ਰਾਤ ਸਾਡੇ ਕੋਲ ਠਹਿਰੇ। ਉਨ੍ਹਾਂ ਨੂੰ ਮੈਂ ਚੰਡੀਗੜ੍ਹ ਘੁੰਮਣ-ਫਿਰਨ ਵੀ ਲੈ ਕੇ ਗਿਆ। ਉਸ ਕੁੜੀ ਦਾ ਨਾਮ ਸੀ ਚਿਤਰਲੇਖਾ। ਫਿਰ ਉਸ ਕੁੜੀ ਦਾ ਵਿਆਹ ਹੋ ਗਿਆ। ਵਿਆਹ ਉੱਤੇ ਵੀ ਚਿਤਰਲੇਖਾ ਨੇ ਮੈਨੂੰ ਬੁਲਾਇਆ। ਉੱਥੇ ਮੇਰੇ ਜਾਣ ਉੱਤੇ ਮੈਨੂੰ ਬੜਾ ਇੱਜ਼ਤ-ਮਾਨ ਦਿੱਤਾ ਗਿਆ। ਉਹ ਮੈਨੂੰ ਆਪਣਾ ਭਰਾ ਸਮਝਦੀ ਸੀ। ਫਿਰ ਚਿਤਰਲੇਖਾ ਆਪਣੇ ਪਤੀ ਨਾਲ ਨੈਰੋਬੀ ਚਲੀ ਗਈ.....ਇਸ ਸਮੇਂ ਦੌਰਾਨ ਹੀ ਮੈਂ ਵੀ ਜਰਮਨ ਚਲਾ ਗਿਆ। ਚਿਤਰਲੇਖਾ ਮੈਨੂੰ ਜਰਮਨ ਵੀ ਚਿੱਠੀਆਂ ਲਿਖਦੀ ਰਹੀ। ਉਸ ਨੇ ਮੈਨੂੰ ਬੜੀਆਂ ਚਿੱਠੀਆਂ ਲਿਖੀਆਂ। ਮੈਂ ਵੀ ਉਸਦੀਆਂ ਚਿੱਠੀਆਂ ਦੇ ਜਵਾਬ ਦਿੰਦਾ ਰਿਹਾ। ਮੈਂ ਉਸ ਕੁੜੀ ਚਿਤਰਲੇਖਾ ਬਾਰੇ ਵੀ ਇੱਕ ਕਹਾਣੀ ਲਿਖੀ ਸੀ। ਜੋ ਮੇਰੇ ਕਹਾਣੀ ਸੰਗ੍ਰਹਿ 'ਪਿਆਸਾ ਦਰਿਆ' ਵਿੱਚ ਸ਼ਾਮਿਲ ਹੈ...ਤੀਸਰੀ ਗੱਲ, ਮਰੀਸਾ ਮਰੋਲਾ ਨਾਮ ਦੀ ਇੱਕ ਇਟਾਲੀਅਨ ਕੁੜੀ ਮੈਨੂੰ ਜਰਮਨ ਵਿੱਚ ਮਿਲੀ। ਉਸ ਕੁੜੀ ਨਾਲ ਵੀ ਮੈਨੂੰ ਮੁਹੱਬਤ ਹੋ ਗਈ। ਉਸ ਨਾਲ ਵੀ ਮੇਰਾ ਕਾਫੀ ਸਮਾਂ ਖ਼ਤਾਂ ਦਾ ਸਿਲਸਿਲਾ ਚਲਦਾ ਰਿਹਾ। ਬਸ ਮੇਰੇ ਇਸ ਚਿੱਠੀਆਂ ਦੇ ਸਿਲਸਿਲੇ ਨਾਲ ਹੀ ਮੇਰੇ ਅੰਦਰ ਇੱਕ ਐਸੀ ਚਿਣਗ ਪੈਦਾ ਹੋ ਗਈ ਕਿ ਮੈਂ ਇੱਕ ਕਹਾਣੀਕਾਰ ਬਣ ਗਿਆ ਅਤੇ ਤੇਜ਼ੀ ਨਾਲ ਕਹਾਣੀਆਂ ਲਿਖਣ ਲੱਗ ਪਿਆ।  ਫਿਰ ਮੈਂ ਜਦੋਂ 1984 ਵਿੱਚ ਇੰਡੀਆ ਦਾ ਚੱਕਰ ਲਗਾਣ ਗਿਆ ਤਾਂ ਮੇਰੀ ਪਹਿਲੀ ਕਹਾਣੀਆਂ ਦੀ ਕਿਤਾਬ ਛਪੀ 'ਪੱਛਮ ਦਾ ਜਾਲ'। ਇਸ ਪੁਸਤਕ ਤੋਂ ਬਾਹਦ ਮੈਂ 'ਪਿਆਸਾ ਦਰਿਆ' (ਕਹਾਣੀ ਸੰਗ੍ਰਹਿ), 'ਦੁੱਖ ਸਮੁੰਦਰੋਂ ਪਾਰ ਦੇ' (ਨਾਟਕ), ਅਤੇ 'ਦੂਰ ਨਹੀਂ ਮੰਜ਼ਿਲ' (ਨਾਵਲ) ਪ੍ਰਕਾਸ਼ਤ ਕੀਤਾ।

? ਤੁਸੀਂ ਕਵਿਤਾ ਵੀ ਲਿਖਦੇ ਹੋ, ਨਾਵਲ ਵੀ ਪ੍ਰਕਾਸ਼ਤ ਕੀਤਾ ਹੈ, ਨਾਟਕ ਵੀ ਪ੍ਰਕਾਸ਼ਤ ਕੀਤਾ ਹੈ ਅਤੇ ਕਹਾਣੀਆਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਸਭ ਤੋਂ ਪਹਿਲਾਂ ਤੁਸੀਂ ਕਿਹੜੇ ਖੇਤਰ ਵਿੱਚ ਲਿਖਣਾ ਸ਼ੁਰੂ ਕੀਤਾ?
- ਸਭ ਤੋਂ ਪਹਿਲਾਂ ਤਾਂ ਮੈਂ ਕਹਾਣੀਆਂ ਹੀ ਲਿਖਣੀਆਂ ਸ਼ੁਰੂ ਕੀਤੀਆਂ ਸਨ।

? ਕੀ ਤੁਸੀਂ ਕਿਸੀ ਲੇਖਕ ਤੋਂ ਵੀ ਪ੍ਰਭਾਵਤ ਹੋ?
- ਮੈਂ ਜ਼ਿਆਦਾ ਕਰਕੇ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੂੰ ਹੀ ਪੜ੍ਹਿਆ ਹੈ। ਇਸ ਲਈ ਹੋ ਸਕਦੈ ਇਨ੍ਹਾਂ ਦੀਆਂ ਲਿਖਤਾਂ ਦਾ ਮੇਰੀਆਂ ਲਿਖਤਾਂ ਉੱਤੇ ਕੁਝ ਨ ਕੁਝ ਪ੍ਰਭਾਵ ਪਿਆ ਹੋਵੇ।

? ਹੁਣ ਤੱਕ ਦੱਸੇ ਗਏ ਲੇਖਕਾਂ ਦੇ ਨਾਵਾਂ ਤੋਂ ਬਿਨ੍ਹਾਂ ਤੁਹਾਡੀ ਪਸੰਦ ਦੇ ਹੋਰ ਕਿਹੜੇ ਲੇਖਕ ਹਨ ਜਿਨ੍ਹਾਂ ਦੀਆਂ ਲਿਖਤਾਂ ਤੁਸੀਂ ਪੜ੍ਹਨੀਆਂ ਪਸੰਦ ਕਰਦੇ ਹੋ?
- ਦੇਖੋ, ਮੈਂ ਕੋਈ ਬਹੁਤ ਜ਼ਿਆਦਾ ਨਹੀਂ ਪੜ੍ਹਦਾ। ਫਿਰ ਵੀ ਮੈਨੂੰ ਰਵਿੰਦਰ ਰਵੀ, ਬਚਿੰਤ ਕੌਰ, ਬਲਬੀਰ ਕੌਰ ਸੰਘੇੜਾ, ਸੁਖਿੰਦਰ, ਗੁਰਦਿਆਲ ਕੰਵਲ, ਮਿੱਤਰ ਰਾਸ਼ਾ, ਇਕਬਾਲ ਰਾਮੂਵਾਲੀਆ, ਬਲਬੀਰ ਮੋਮੀ ਅਤੇ ਤ੍ਰਿਲੋਚਨ ਸਿੰਘ ਗਿੱਲ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ।
? ਤੁਹਾਨੂੰ ਕਿਸ ਤਰ੍ਹਾਂ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ?
- ਜਿਹੜੀਆਂ ਲਿਖਤਾਂ ਯਥਾਰਥਵਾਦੀ ਹੋਣ। ਜਿਨ੍ਹਾਂ ਵਿੱਚ ਜ਼ਿੰਦਗੀ ਦਾ ਕੋਈ ਸੱਚ ਪੇਸ਼ ਕੀਤਾ ਗਿਆ ਹੋਵੇ। ਜਿਹੜੀਆਂ ਲਿਖਤਾਂ ਤੋਂ ਕੋਈ ਸਿੱਖਿਆ ਮਿਲਦੀ ਹੋਵੇ....ਮੈਨੂੰ ਇਹੋ ਜਿਹੀਆਂ ਲਿਖਤਾਂ ਚੰਗੀਆਂ ਨਹੀਂ ਲੱਗਦੀਆਂ ਜੋ ਸੈਕਸ ਬਾਰੇ ਹੀ ਗੱਲਾਂ ਕਰਦੀਆਂ ਹੋਣ। ਜਿਵੇਂ ਕਿ ਕਈ ਵਾਰ ਕੋਈ ਨਾਟਕ, ਨਾਵਲ ਜਾਂ ਕਹਾਣੀ ਸੈਕਸ ਨਾਲ ਸਬੰਧਤ ਘਟਨਾਵਾਂ ਦੇ ਹੀ ਬੇਲੋੜੇ ਵਿਸਥਾਰ ਨਾਲ ਭਰੇ ਹੁੰਦੇ ਹਨ। ਮੈਂ ਤਾਂ ਉਹੀ ਲਿਖਤਾਂ ਪੜ੍ਹਨੀਆਂ ਪਸੰਦ ਕਰਦਾ ਹਾਂ ਜਿਨ੍ਹਾਂ ਨੂੰ ਪੜ੍ਹਕੇ ਕੋਈ ਵਿਅਕਤੀ ਇੱਕ ਵਧੀਆ ਇਨਸਾਨ ਬਣ ਸਕੇ।

? ਤੁਸੀਂ ਆਪਣੀਆਂ ਲਿਖਤਾਂ ਵਿੱਚ ਕੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ? ਮੇਰਾ ਕਹਿਣ ਤੋਂ ਭਾਵ ਹੈ ਕਿ ਕੋਈ ਵੀ ਲਿਖਤ ਲਿਖਣ ਵੇਲੇ ਕੀ ਤੁਹਾਡਾ ਕੋਈ ਸਪੱਸ਼ਟ ਉਦੇਸ਼ ਹੁੰਦਾ ਹੈ?
- ਮੇਰਾ ਉਦੇਸ਼ ਇਹੀ ਹੁੰਦਾ ਹੈ ਕਿ ਮੇਰੀ ਕਹਾਣੀ ਪੜ੍ਹਕੇ ਪਾਠਕ ਨੂੰ ਕੋਈ ਸਿੱਖਿਆ ਮਿਲ ਸਕੇ; ਉਹ ਇਸ ਸਿੱਖਿਆ ਅਨੁਸਾਰ ਚੱਲਕੇ ਵਧੀਆ ਮਨੁੱਖ ਬਣ ਸਕੇ। ਦੇਖੋ, ਕੈਨੇਡਾ ਵਿੱਚ ਜਿਹੜੇ ਯਾਰ ਦੋਸਤ ਹੁੰਦੇ ਹਨ ਉਨ੍ਹਾਂ ਵਿੱਚੋਂ ਕੋਈ ਕੋਈ ਹੀ ਵਧੀਆ ਬੰਦਾ ਨਿਕਲਦਾ। ਬਹੁਤੇ ਯਾਰ ਦੋਸਤ ਵੀ ਬਸ ਮਤਲਬੀ ਹੀ ਹੁੰਦੇ ਹਨ ਅਤੇ ਸੋਚਦੇ ਰਹਿੰਦੇ ਹਨ ਕਿ ਤੁਹਾਨੂੰ ਕਿਵੇਂ ਖਾਹ ਸਕਦੇ ਹਨ। ਜਿੰਨਾ ਵੀ ਤੁਹਾਨੂੰ ਲੁੱਟ ਸਕਦੇ ਹਨ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਆਪਣੀਆਂ ਕਹਾਣੀਆਂ ਵੀ ਐਸੇ ਲੋਕਾਂ ਬਾਰੇ ਹੀ ਲਿਖਦਾ ਹਾਂ। ਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਮੇਰੇ ਦੋਸਤਾਂ-ਯਾਰਾਂ, ਵਾਕਫਕਾਰਾਂ ਬਾਰੇ ਹੀ ਹੁੰਦੇ ਹਨ। ਮੈਨੂੰ ਉਹ ਲੋਕ ਬਹੁਤ ਭੈੜੇ ਲੱਗਦੇ ਹਨ ਜੋ ਤੁਹਾਨੂੰ ਲੁੱਟਦੇ ਹਨ ਅਤੇ ਜੋ ਤੁਹਾਨੂੰ ਬਰਬਾਦ ਕਰਨ ਉੱਤੇ ਤੁਲੇ ਰਹਿੰਦੇ ਹਨ। ਅਜਿਹੇ ਕੁਰੱਪਟ ਲੋਕਾਂ ਬਾਰੇ ਹੀ ਮੈਂ ਕਹਾਣੀਆਂ ਲਿਖਦਾ ਹਾਂ। ਇੱਥੇ ਸੱਚੇ ਦੋਸਤ ਬਹੁਤ ਹੀ ਘੱਟ ਹਨ, ਦੁਸ਼ਮਣ ਜ਼ਿਆਦਾ ਹਨ। ਈਰਖਾਲੂ ਦੋਸਤ ਜ਼ਿਆਦਾ ਹਨ...ਇਸੇ ਤਰ੍ਹਾਂ ਹੀ ਮੇਰੀਆਂ ਕਹਾਣੀਆਂ ਕੁਝ ਇਸ ਕਿਸਮ ਦੀਆਂ ਮਤਲਬਪ੍ਰਸਤ ਲੇਡੀਜ਼ ਬਾਰੇ ਵੀ ਹਨ। ਬਹੁਤ ਸਾਰੀਆਂ ਲੇਡੀਜ਼ ਦੀ ਵੀ ਦੋਸਤੀ ਇਸ ਗੱਲ ਦੀ ਹੁੰਦੀ ਹੈ ਕਿ ਤੂੰ ਮੇਰੇ ਇਸ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਬੁਲਾਦੇ ਮੈਂ ਤੇਰੇ ਕਿਸੇ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਮੰਗਾ ਦਿੰਦੀ ਹਾਂ। ਸਭ ਇਮੀਗਰੇਸ਼ਨ ਦੀਆਂ ਠੱਗੀਆਂ ਮਾਰ ਰਹੀਆਂ ਹਨ। ਇਹ ਗੱਲਾਂ ਵੀ ਮੇਰੀਆਂ ਲਿਖਤਾਂ ਦੇ ਵਿਸ਼ੇ ਹੁੰਦੇ ਹਨ।

? ਸਾਹਿਤ ਦੇ ਕਿਹੜੇ ਰੂਪ ਵਿੱਚ ਲਿਖਣਾ ਤੁਹਾਨੂੰ ਵਧੇਰੇ ਚੰਗਾ ਲੱਗਦਾ ਹੈ?
- ਕਹਾਣੀ ਲਿਖਣੀ ਹੀ ਚੰਗੀ ਲੱਗਦੀ ਹੈ। ਹੁਣ ਮੈਂ ਕਹਾਣੀਕਾਰ ਹੀ ਬਣਾਂਗਾ।

? ਤੁਸੀਂ ਕੈਨੇਡਾ ਦੇ ਸਾਹਿਤਕ ਖੇਤਰ ਵਿੱਚ ਪਿਛਲੇ ਤਕਰੀਬਨ ਤਿੰਨ ਦਹਾਕੇ ਤੋਂ ਸਰਗਰਮ ਹੋ। ਕੈਨੇਡਾ ਦੀਆਂ ਸਾਹਿਤ ਸਭਾਵਾਂ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਕੀ ਇਨ੍ਹਾਂ ਦਾ ਲੇਖਕਾਂ ਨੂੰ ਕੋਈ ਲਾਭ ਵੀ ਹੁੰਦਾ ਹੈ ਜਾਂ ਕਿ ਇਹ ਸਭ ਕੁਰਸੀਆਂ ਦੀ ਹੀ ਦੌੜ ਹੈ?
- ਇਹ ਜਿਹੜੇ ਕਲਮਾਂ ਦੇ ਕਾਫ਼ਲੇ ਹਨ, ਇਨ੍ਹਾਂ ਦੀ ਬਸ ਇੰਨੀ ਗੱਲ ਹੈ ਕਿ ਉਹ ਬੰਦੇ ਇਕੱਠੇ ਕਰ ਲੈਂਦੇ ਹਨ। ਬਾਕੀ ਹਰ ਕਿਸੀ ਨੂੰ ਇਹੀ ਹੁੰਦਾ ਹੈ ਕਿ ਮੈਨੂੰ ਇਹ ਕੁਰਸੀ ਮਿਲ ਜਾਵੇ, ਉਹ ਕੁਰਸੀ ਮਿਲ ਜਾਵੇ। ਜਿਸ ਲੇਖਕ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਉਹ ਮੁੜ ਕੇ ਕਲਮਾਂ ਦੇ ਕਾਫ਼ਲੇ ਦੀਆਂ ਮੀਟਿੰਗਾਂ ਵਿੱਚ ਨਹੀਂ ਜਾਂਦਾ। ਸਾਹਿਤ ਸਭਾਵਾਂ ਵਿੱਚ ਅਹੁਦੇ ਤੋਂ ਬਿਨ੍ਹਾਂ ਕੋਈ ਵੀ ਬੰਦਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਬੱਸ ਕੁਰਸੀਆਂ ਦੀ ਹੀ ਦੌੜ ਹੈ, ਕੁਰਸੀਆਂ ਦੀ ਹੀ ਭੁੱਖ ਹੈ।

? ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਅਜੇ ਤੀਕ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਕੋਈ ਬਹੁਤ ਜ਼ਿਕਰਯੋਗ ਆਲੋਚਨਾ ਨਹੀਂ ਕੀਤੀ। ਕੀ ਤੁਸੀਂ ਵੀ ਅਜਿਹਾ ਅਨੁਭਵ ਕਰਦੇ ਹੋ?
- ਦੇਖੋ, ਆਲੋਚਨਾ ਤਾਂ ਹੀ ਬਣਦੀ ਹੈ ਜੇਕਰ ਕੋਈ ਠੋਸ ਗੱਲ ਕੀਤੀ ਗਈ ਹੋਵੇ। ਜਿਸ ਕਿਸੀ ਨੇ ਕੁਝ ਖੁਆ ਪਿਆ ਦਿੱਤਾ, ਜਲ ਪਾਣੀ ਨਾਲ ਕੁਝ ਸੇਵਾ ਕਰ ਦਿੱਤੀ, ਬਿਨ੍ਹਾਂ ਉਸਦੀ ਕੋਈ ਲਿਖਤ ਪੜ੍ਹੇ ਹੀ ਉਸ ਬਾਰੇ ਝੂਠੀ ਪ੍ਰਸੰਸਾ ਭਰੇ ਐਵੇਂ ਅਖਬਾਰਾਂ ਵਿੱਚ ਆਰਟੀਕਲ ਜਿਹੇ ਲਿਖ ਦਿੰਦੇ ਹਨ। ਜਿਨ੍ਹਾਂ ਵਿੱਚ ਆਲੋਚਨਾ ਵਾਲੀ ਕੋਈ ਖਾਸ ਗੱਲ ਨਹੀਂ ਹੁੰਦੀ।

? ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਮੈਂ ਸਮਝਦਾ ਹਾਂ ਕਿ ਕੈਨੇਡੀਅਨ ਪੰਜਾਬੀ ਆਲੋਚਕ ਹੀ ਸੰਤੁਲਿਤ ਵਿਚਾਰ ਦੇ ਸਕਦੇ ਹਨ। ਕਿਉਂਕਿ ਉਨ੍ਹਾਂ ਨੂੰ ਕੈਨੇਡੀਅਨ ਰਾਜਨੀਤਕ, ਸਭਿਆਚਾਰਕ, ਸਮਾਜਿਕ, ਧਾਰਮਿਕ, ਵਿੱਦਿਅਕ ਹਾਲਤਾਂ ਬਾਰੇ ਸਹੀ ਜਾਣਕਾਰੀ ਹੁੰਦੀ ਹੈ? ਇਸ ਵਿਸ਼ੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
- ਸੁਖਿੰਦਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਕੈਨੇਡਾ ਰਹਿੰਦੇ ਹਾਂ। ਜਿਹੜੇ ਕੈਨੇਡੀਅਨ ਪੰਜਾਬੀ ਆਲੋਚਕ ਹਨ ਉਨ੍ਹਾਂ ਨੂੰ ਕੈਨੇਡਾ ਬਾਰੇ ਪਤਾ ਹੈ। ਇੰਡੀਆ ਵਾਲੇ ਵੀ ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ ਤਾਂ ਕਰ ਸਕਦੇ ਹਨ; ਪਰ ਕੈਨੇਡੀਅਨ ਪੰਜਾਬੀ ਆਲੋਚਕ ਹੀ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਵਧੀਆ ਆਲੋਚਨਾ ਕਰ ਸਕਦੇ ਹਨ।

? ਤੁਹਾਡੀਆਂ ਲਿਖਤਾਂ ਬਾਰੇ ਹੁਣ ਤੱਕ ਜੋ ਆਲੋਚਨਾ ਹੋਈ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ?
- ਮੇਰੀਆਂ ਲਿਖਤਾਂ ਬਾਰੇ ਸਹੀ ਆਲੋਚਨਾ ਕੀਤੀ ਗਈ ਹੈ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।

? ਤੁਸੀਂ 'ਦੁੱਖ ਸਮੁੰਦਰੋਂ ਪਾਰ ਦੇ' ਅਤੇ 'ਪੱਛਮ ਦਾ ਜਾਲ' ਨਾਮ ਦੀਆਂ ਦੋ ਪੰਜਾਬੀ ਫਿਲਮਾਂ ਵੀ ਬਣਾਈਆਂ ਹਨ। ਕੀ ਤੁਸੀਂ ਦੱਸਣਾ ਚਾਹੋਗੇ ਕੀ ਤੁਹਾਨੂੰ ਇਹ ਫਿਲਮਾਂ ਬਣਾ ਕੇ ਸਿਰਫ ਮਾਨਸਿਕ ਤਸੱਲੀ ਹੀ ਮਿਲੀ ਜਾਂ ਕਿ ਆਰਥਿਕ ਤੌਰ ਉੱਤੇ ਵੀ ਤੁਸੀਂ ਇਨ੍ਹਾਂ ਫਿਲਮਾਂ ਤੋਂ ਕਮਾਈ ਕਰਨ ਵਿੱਚ ਸਫਲ ਹੋਏ ਹੋ?
- ਸਿਰਫ ਮਾਨਸਿਕ ਤਸੱਲੀ ਹੀ ਮਿਲੀ ਹੈ। ਫਿਲਮ 'ਦੁੱਖ ਸਮੁੰਦਰੋਂ ਪਾਰ ਦੇ' ਬਹੁਤ ਚੱਲੀ ਸੀ।  ਇਸ ਵਿੱਚੋਂ ਖਰਚੇ ਕੱਢ ਕੇ ਕੁਝ ਆਮਦਨ ਵੀ ਹੋ ਗਈ ਸੀ। ਪਰ ਦੂਜੀ ਫਿਲਮ ਵਿੱਚ ਮੈਨੂੰ ਕੋਈ ਬਚਤ ਨਹੀਂ ਹੋ ਸਕੀ। ਕੁਝ ਲੋਕਾਂ ਦੇ ਘਰਾਂ ਵਿੱਚ ਲੜਾਈ ਹੋ ਰਹੀ ਸੀ। ਕਿਸੀ ਨੇ ਮੇਰੀ ਫਿਲਮ 'ਦੁੱਖ ਸਮੁੰਦਰੋਂ ਪਾਰ ਦੇ' ਲਿਜਾ ਕੇ ਉਨ੍ਹਾਂ ਨੂੰ ਦਿਖਾਈ। ਉਨ੍ਹਾਂ ਲੋਕਾਂ ਨੇ ਫੌਰਨ ਲੜਨਾ ਬੰਦ ਕਰ ਦਿੱਤਾ। ਉਨ੍ਹਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਆ ਗਈ। ਮੈਂ ਇਹੋ ਜਿਹੀਆਂ ਗੱਲਾਂ ਨੂੰ ਹੀ ਆਪਣੀ ਅਸਲ ਪ੍ਰਾਪਤੀ ਸਮਝਦਾ ਹਾਂ।

? ਤੁਹਾਡੀਆਂ ਫਿਲਮਾਂ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਪੇਸ਼ ਕੀਤੇ ਗਏ ਹਨ?
- ਮੇਰੀਆਂ ਫਿਲਮਾਂ ਦੇ ਵਿਸ਼ੇ ਵੀ ਇਮੀਗਰੇਸ਼ਨ ਦੀਆਂ ਠੱਗੀਆਂ ਬਾਰੇ ਅਤੇ ਪ੍ਰਵਾਰਕ ਝਗੜਿਆਂ ਬਾਰੇ ਹੁੰਦੇ ਹਨ। ਜਿਵੇਂ ਕਿ ਕੋਈ ਕੈਨੇਡਾ ਆ ਕੇ ਕੁਝ ਸਾਲਾਂ ਬਾਹਦ ਆਪਣੀ ਹੀ ਪਤਨੀ ਨੂੰ ਝੂਠਾ ਸਿਰਫ ਕਾਗਜ਼ਾਂ ਵਿੱਚ ਤਲਾਕ ਦੇ ਕੇ ਉਸ ਕੋਲੋਂ ਆਪਣੇ ਹੀ ਕਿਸੇ ਚਾਚੇ, ਮਾਮੇ, ਤਾਏ ਦੇ ਪੁੱਤਰ ਨੂੰ ਸਪਾਂਸਰ ਕਰਵਾ ਦਿੰਦਾ ਹੈ। ਜਦੋਂ ਚਾਚੇ, ਮਾਮੇ, ਤਾਏ ਦਾ ਪੁੱਤਰ ਕੈਨੇਡਾ ਸੈਟਲ ਹੋ ਜਾਂਦਾ ਹੈ ਤਾਂ ਉਸ ਤੋਂ ਉਸਦੀ ਪਤਨੀ ਦਾ ਕਾਗਜ਼ੀ ਤਲਾਕ ਕਰਵਾਕੇ ਅਪਣੀ ਕਿਸੀ ਹੋਰ ਰਿਸ਼ਤੇਦਾਰ ਕੁੜੀ ਨੂੰ ਕੈਨੇਡਾ ਸਪਾਂਸਰ ਕਰਵਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਸਾਰੇ ਪ੍ਰਵਾਰ ਵਿੱਚ ਚਲਦਾ ਜਾਂਦਾ ਹੈ ਅਤੇ ਕੈਨੇਡਾ ਦੇ ਇਮੀਗਰੇਸ਼ਨ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਹਨ। ਬਸ ਇਸ ਤਰ੍ਹਾਂ ਦੀਆਂ ਪਰਵਾਸੀ ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਇਮੀਗਰੇਸ਼ਨ ਦੀਆਂ ਠੱਗੀਆਂ ਅਤੇ ਉਨ੍ਹਾਂ ਕਾਰਨ ਹੋ ਰਹੇ ਪ੍ਰਵਾਰਕ ਝਗੜਿਆਂ ਨੂੰ ਮੈਂ ਆਪਣੀਆਂ ਫਿਲਮਾਂ ਵਿੱਚ ਵਿਸ਼ੇ ਵਜੋਂ ਪੇਸ਼ ਕੀਤਾ ਹੈ।

? ਆਮ ਤੌਰ ਉੱਤੇ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ?
- ਆਮ ਲੋਕਾਂ ਦਾ ਕਹਿਣਾ ਹੈ ਕਿ ਮੇਰੀ ਮੂਵੀ 'ਦੁੱਖ ਸਮੁੰਦਰੋਂ ਪਾਰ ਦੇ' ਏਨੀ ਚੱਲੀ ਹੈ ਕਿ ਦੋ ਵੀਕ ਤਾਂ ਉਨ੍ਹਾਂ ਨੂੰ ਵੀਡੀਓ ਸਟੋਰਾਂ ਤੋਂ ਮੂਵੀ ਮਿਲੀ ਹੀ ਨਹੀਂ। ਅਮਿਤਾਬ ਬਚਨ ਦੀਆਂ ਫਿਲਮਾਂ ਨਾਲੋਂ ਵੀ ਇਹ ਫਿਲਮ ਵੱਧ ਚੱਲੀ ਹੈ।

? ਹਰਭਜਨ ਪਵਾਰ, ਕੀ ਤੁਸੀਂ ਇੱਕ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੋਣ ਤੋਂ ਬਿਨ੍ਹਾਂ ਕੈਨੇਡਾ ਵਿੱਚ ਕਿਸੇ ਹੋਰ ਖੇਤਰ ਵਿੱਚ ਵੀ ਸਰਗਰਮ ਰਹੇ ਹੋ?
- ਸੁਖਿੰਦਰ ਜੀ, ਮੈਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਕਾਫੀ ਸਰਗਰਮ ਰਿਹਾ ਹਾਂ। ਮੈਂ 1980 ਤੋਂ 1985 ਤੱਕ ਹਫਤਾਵਾਰੀ ਪੰਜਾਬੀ ਪੱਤ੍ਰਿਕਾ ਅਖਬਾਰ ਦਾ ਸੰਪਾਦਕ ਰਿਹਾ ਹਾਂ। ਇਸ ਤੋਂ ਬਿਨ੍ਹਾਂ ਮੈਂ ਕੈਨੇਡਾ ਦੀ ਪ੍ਰਸਿੱਧ ਪੰਜਾਬੀ ਹਫਤਾਵਾਰੀ ਅਖਬਾਰ ਇੰਡੋ-ਕੈਨੇਡੀਅਨ ਟਾਈਮਜ਼, ਵੈਨਕੂਵਰ ਦਾ ਕਈ ਵਰ੍ਹੇ ਪੱਤਰ ਪ੍ਰੇਰਕ ਵੀ ਰਿਹਾ ਹਾਂ। ਉਨ੍ਹਾਂ ਸਮਿਆਂ ਵਿੱਚ ਟੋਰਾਂਟੋ ਵਿੱਚ ਇੱਕ ਪੰਜਾਬੀ ਮੀਡੀਆ ਐਸੋਸੀਏਸ਼ਨ ਵੀ ਬਣੀ ਸੀ। ਮੈਂ ਉਸਦਾ ਸਕੱਤਰ ਹੁੰਦਾ ਸਾਂ। ਇਸ ਐਸੋਸੀਏਸ਼ਨ ਵਿੱਚ ਪੰਜਾਬੀ ਅਖਬਾਰਾਂ, ਰੇਡੀਓ ਅਤੇ ਟੀਵੀ ਨਾਲ ਸਬੰਧਤ ਲੋਕ ਸ਼ਾਮਿਲ ਸਨ। ਇਸ ਮੀਡੀਆ ਐਸੋਸੀਏਸ਼ਨ ਵਿੱਚ ਪੰਜਾਬੀ ਮੀਡੀਏ ਦੇ ਜਿਹੜੇ ਹੋਰ ਚਰਚਿਤ ਲੋਕ ਸ਼ਾਮਿਲ ਸਨ ਉਨ੍ਹਾਂ ਦੇ ਨਾਮ ਹਨ : ਜੁਗਿੰਦਰ ਬਾਸੀ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ 'ਗਾਉਂਦਾ ਪੰਜਾਬ' ਰੇਡੀਓ), ਬੇਅੰਤ ਮਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ 'ਧੁਰ ਕੀ ਬਾਣੀ' ਟੀਵੀ), ਜਗਦੇਵ ਰੰਧਾਵਾ, ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਪੰਜਾਬੀ ਟੈਲੀਵੀਜ਼ਨ ਪ੍ਰੋਗਰਾਮ), ਕੁਲਦੀਪ ਦੀਪਕ, ਮੀਤ ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ 'ਪੰਜਾਬ ਦੀ ਗੂੰਜ' ਰੇਡੀਓ ਪ੍ਰੋਗਰਾਮ), ਸਤਿੰਦਰਪਾਲ ਸਿੰਘ ਸਿੱਧਵਾਂ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ 'ਪੰਜਾਬੀ ਲਹਿਰਾਂ' ਰੇਡੀਓ ਪ੍ਰੋਗਰਾਮ), ਰਵਿੰਦਰ ਪੰਨੂੰ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ 'ਸੁਰ ਸਾਗਰ' ਰੇਡੀਓ ਅਤੇ ਟੀਵੀ) ਅਤੇ ਬਲਤੇਜ ਪਨੂੰ (ਫਰੀਲਾਂਸ ਪੱਤਰਕਾਰ)। 1982 ਵਿੱਚ ਕੈਨੇਡਾ ਵਿੱਚ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਮੈਂ ਬਤੌਰ ਫਾਇਨੈਂਸ ਚੇਅਰਮੈਨ ਵਜੋਂ ਜਿੰਮੇਵਾਰੀ ਨਿਭਾਈ ਸੀ। 1990 ਵਿੱਚ ਜਦੋਂ ਟਰਾਂਟੋ ਵਿੱਚ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਤਾਂ ਮੈਂ ਬਤੌਰ ਜਨਰਲ ਸਕੱਤਰ ਵਜੋਂ ਜਿੰਮੇਵਾਰੀ ਨਿਭਾਈ ਸੀ।

? ਪਿਛਲੇ ਤਕਰੀਬਨ 10 ਵਰ੍ਹਿਆਂ ਤੋਂ ਤੁਸੀਂ ਸਾਹਿਤਕ ਖੇਤਰ ਤੋਂ ਅਤੇ ਫਿਲਮਾਂ ਬਨਾਉਣ ਦੇ ਖੇਤਰ 'ਚੋਂ ਬਾਹਰ ਹੋ। ਕੀ ਇਸਦਾ ਕੋਈ ਵਿਸ਼ੇਸ਼ ਕਾਰਨ ਸੀ?
- ਕਾਰਨ ਇਹ ਹੈ ਕਿ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਇਹ ਕੰਮ ਮੈਂ ਤਕਰੀਬਨ ਛੱਡੇ ਹੋਏ ਸਨ। ਪਰ ਹੁਣ ਫਿਰ ਮੇਰੇ ਮਨ ਵਿੱਚ ਆਇਆ ਹੈ ਕਿ ਮੈਂ ਜਿਹੜੀਆਂ ਚੀਜ਼ਾਂ ਅਧੂਰੀਆਂ ਛੱਡੀਆਂ ਹੋਈਆਂ ਹਨ ਉਨ੍ਹਾਂ ਨੂੰ ਮੁਕੰਮਲ ਕਰਾਂ। ਮੈਂ ਆਪਣੀਆਂ ਕਹਾਣੀਆਂ ਦੀ ਕਿਤਾਬ 'ਟੋਰਾਂਟੋ ਦੀਆਂ ਗਲੀਆਂ' ਜੋ ਅਜੇ ਅਧੂਰੀ ਪਈ ਸੀ, ਉਸ ਕਿਤਾਬ ਨੂੰ ਹੁਣ ਮੈਂ ਮੁਕੰਮਲ ਕਰ ਰਿਹਾ ਹਾਂ। ਉਮੀਦ ਹੈ ਕਿ ਅਗਲੇ ਤਿੰਨ ਚਾਰ ਮਹੀਨੇ ਵਿੱਚ ਮੈਂ 'ਟੋਰਾਂਟੋ ਦੀਆਂ ਗਲੀਆਂ' ਕਹਾਣੀ ਸੰਗ੍ਰਹਿ ਮੁਕੰਮਲ ਕਰਕੇ ਪ੍ਰਕਾਸ਼ਿਤ ਕਰ ਦਿਆਂਗਾ।

? ਭਵਿੱਖ ਵਿੱਚ ਤੁਹਾਡੀਆਂ ਕੀ ਯੋਜਨਾਵਾਂ ਹਨ?
-ਕਹਾਣੀਕਾਰ ਹੀ ਬਣਾਂਗਾ। ਹੁਣ ਮੈਂ ਕਹਾਣੀਆਂ ਹੀ ਲਿਖਾਂਗਾ - ਨਵੇਂ, ਨਵੇਂ ਵਿਸ਼ਿਆਂ ਉੱਤੇ।

? ਹਰਭਜਨ ਪਵਾਰ,'ਸੰਵਾਦ' ਲਈ ਮੁਲਾਕਾਤ ਦੇ ਅੰਤ ਉੱਤੇ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਜੋ ਤੁਸੀਂ ਅਜੇ ਤੱਕ ਮੁਲਾਕਾਤ ਦੌਰਾਨ ਨ ਕਹੀ ਹੋਵੇ?
- ਬੱਸ, ਠੀਕ ਹੈ। ਜੋ ਮੈਂ ਕਹਿਣਾ ਸੀ ਕਹਿ ਦਿੱਤਾ। 'ਸੰਵਾਦ' ਲਈ ਮੁਲਾਕਾਤ ਵਾਸਤੇ ਸਮਾਂ ਦੇਣ ਲਈ ਤੁਹਾਡਾ ਸ਼ੁਕਰੀਆ। ਮੈਂ ਆਪਣੀ ਪਤਨੀ ਮੋਹਨਜੀਤ ਦਾ ਸਭ ਤੋਂ ਵੱਧ ਧੰਨਵਾਦ ਕਰਨਾ ਚਾਹੁੰਦਾ ਹਾਂ। ਜਿਸਨੇ ਮੈਨੂੰ ਇੱਕ ਲੇਖਕ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਅਦਾਕਾਰ ਵਜੋਂ ਕੰਮ ਕਰਨ ਦਾ ਉਤਸ਼ਾਹ ਦਿੱਤਾ। ਜੇਕਰ ਮੈਨੂੰ ਮੇਰੀ ਪਤਨੀ ਦਾ ਇੰਨਾ ਜ਼ਿਆਦਾ ਸਾਥ ਨ ਮਿਲਦਾ ਤਾਂ ਸ਼ਾਇਦ ਮੈਂ ਨ ਤਾਂ ਲੇਖਕ ਹੀ ਬਣ ਸਕਦਾ, ਨ ਹੀ ਕੋਈ ਕਲਾਕਾਰ ਅਤੇ ਨ ਕੋਈ ਫਿਲਮਾਂ ਹੀ ਬਣਾ ਸਕਦਾ। ਫਿਲਮਾਂ ਬਨਾਉਣ ਵੇਲੇ ਮੈਨੂੰ ਕਦੀ ਕੋਈ ਆਰਥਿਕ ਔਕੜ ਆਈ ਤਾਂ ਮੇਰੀ ਪਤਨੀ ਨੇ ਕਿਹਾ ਇਹ ਲਓ ਪੈਸੇ ਤੁਹਾਡਾ ਕੰਮ ਨਹੀਂ ਰੁਕਣਾ ਚਾਹੀਦਾ। ਮੈਂ ਜਦੋਂ ਆਪਣੀਆਂ ਫਿਲਮਾਂ ਬਣਾ ਰਿਹਾ ਸੀ ਤਾਂ ਅਦਾਕਾਰਾਂ ਦੀ ਮੇਕਅਪ ਦੀ ਸਾਰੀ ਜਿੰਮੇਵਾਰੀ ਮੇਰੀ ਪਤਨੀ ਮੋਹਨਜੀਤ ਨੇ ਬੜੀ ਹੀ ਕਾਮਿਯਾਬੀ ਨਾਲ ਨਿਭਾਈ ਸੀ। ਮੋਹਨਜੀਤ ਦੇ ਪਿਤਾ ਐਮ.ਐਸ.ਕੈਲੇ (ਆਈ.ਏ.ਐਸ.) ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਵਿੱਚ ਡਿਪਟੀ ਕਮਿਸ਼ਨਰ ਰਹੇ ਸਨ।
....................

Saturday, November 14, 2009

ਹੰਸਲੋ ਵਿਖੇ ਇੰਦਰਜੀਤ ਹਸਨਪੁਰੀ ਦੀ ਯਾਦ 'ਚ ਸਾਹਿਤਕ ਸ਼ਾਮ ਦਾ ਆਯੋਜਨ -ਮਨਦੀਪ ਖੁਰਮੀ ਹਿੰਮਤਪੁਰਾ

ਹੰਸਲੋ ਵਿਖੇ ਇੰਦਰਜੀਤ ਹਸਨਪੁਰੀ ਦੀ ਯਾਦ 'ਚ ਸਾਹਿਤਕ ਸ਼ਾਮ 
-ਮਨਦੀਪ ਖੁਰਮੀ ਹਿੰਮਤਪੁਰਾ




                    ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਹੀ ਸ਼ਾਹਕਾਰ ਗੀਤ, ਕਵਿਤਾਵਾਂ, ਗ਼ਜ਼ਲਾਂ, ਫਿਲਮਾਂ ਪਾਉਣ ਵਾਲੇ ਗੀਤਕਾਰ, ਫਿਲਮਕਾਰ, ਚਿੱਤਰਕਾਰ ਅਤੇ ਅੰਤਾਂ ਦੇ ਨੇਕ ਇਨਸਾਨ ਇੰਦਰਜੀਤ ਹਸਨਪੁਰੀ ਦੀ ਯਾਦ ਵਿੱਚ ਹੰਸਲੋ ਦੇ ਕਿੰਗਜਵੇ ਰੈਸਟੋਰੈਂਟ ਵਿਖੇ ਇੱਕ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇੰਗਲੈਂਡ ਵਿੱਚ ਖਾਣਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਉਮਰਾਓ ਅਟਵਾਲ ਦੀ ਮੇਜ਼ਬਾਨੀ ਵਿੱਚ ਹੋਏ ਸਮਾਗਮ ਦੌਰਾਨ ਬਰਤਾਨੀਆ ਭਰ ਦੇ ਨਾਮਵਾਰ ਸ਼ਾਇਰਾਂ, ਸਾਹਿਤ- ਸੱਭਿਆਚਾਰ ਅਤੇ ਰਾਜਨੀਤੀ ਨਾਲ ਜੁੜੀਆਂ ਸਖਸ਼ੀਅਤਾਂ ਨੇ ਭਾਗ ਲਿਆ। ਲਗਭਗ ਚਾਰ ਘੰਟੇ ਚੱਲੇ ਇਸ ਸਮਾਗਮ ਦੀ ਪ੍ਰਧਾਨਗੀ ਡਾ: ਸਾਥੀ ਲੁਧਿਆਣਵੀ ਅਤੇ ਉੱਘੇ ਪੰਜਾਬੀ ਵਿਉਪਾਰੀ ਮਨਜੀਤ ਲਿੱਟ ਨੇ ਕੀਤੀ। ਸ਼ੁਰੂਆਤੀ ਭਾਸ਼ਣ ਦੌਰਾਨ ਬੋਲਦਿਆਂ ਉਸਤਾਦ ਸ਼ਾਇਰ ਚਮਨ ਲਾਲ ਚਮਨ ਨੇ ਹਸਨਪੁਰੀ ਦੀ ਜੀਵਨੀ 'ਤੇ ਸੰਖੇਪ ਚਾਨਣਾ ਪਾਉਂਦਿਆਂ ਕਿਹਾ ਕਿ ਜੇ ਹਸਨਪੁਰੀ ਨੂੰ ਪੰਜਾਬੀ ਮਾਂ ਬੋਲੀ ਦੇ ਸਿਰ ਸਜੇ ਤਾਜ ਵਿਚਲਾ ਕੋਹਿਨੂਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਆਪਣੀਆਂ ਸਤਰਾਂ
"ਕਿਤੇ ਚਾਂਦੀ ਦਾ ਗੜਵਾ ਹੈ,
ਕਿਤੇ ਕੁੜਤੀ ਹੈ ਮਲਮਲ ਦੀ,
ਤੇਰੇ ਗੀਤਾਂ ਨੇ ਪਿੰਡਾਂ 'ਚ ਪੁਆੜੇ ਪਾਏ ਲਗਦੇ ਨੇ।
ਕਿਸੇ ਨੇ ਡਾਹ ਕੇ ਤ੍ਰਿੰਝਣ 'ਚ ਚਰਖਾ ਰਾਂਗਲਾ,
ਤੇਰੇ ਗੀਤਾਂ ਦੇ ਤੰਦ ਪਾਏ ਲਗਦੇ ਨੇ।"
ਰਾਹੀਂ ਸ਼ਰਧਾ ਪੁਸ਼ਪ ਅਰਪਣ ਕੀਤੇ। ਇਸ ਸਮੇਂ ਉੱਘੇ ਲੋਕ ਗਾਇਕ ਦੀਦਾਰ ਸਿੰਘ ਪ੍ਰਦੇਸੀ ਦੇ ਸਪੁੱਤਰ ਰਾਜੂ ਵੱਲੋਂ ਹਸਨਪੁਰੀ ਨਾਲ ਬਿਤਾਏ ਪਲਾਂ ਦੀਆਂ ਝਲਕੀਆਂ ਵੀ ਹਾਜ਼ਰੀਨ ਦੀ ਨਜ਼ਰ ਕਰਵਾਈਆਂ ਗਈਆਂ। ਇਸ ਉਪਰੰਤ ਹੋਏ ਕਵੀ ਦਰਬਾਰ ਮੌਕੇ ਉੱਘੇ ਸ਼ਾਇਰ ਗੁਲਜ਼ਾਰ ਅੰਮ੍ਰਿਤ, ਗੁਰਨਾਮ ਸਿੰਘ ਢਿੱਲੋਂ, ਨਾਵਲਕਾਰ ਸ਼ਿਵਚਰਨ ਗਿੱਲ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਸ਼ਾਇਰ ਅਜ਼ੀਮ ਸ਼ੇਖਰ, ਪ੍ਰੋਗਰੈਸਿਵ ਰਾਈਟਰਜ ਐਸੋ. ਪਾਕਿਸਤਾਨ ਵੱਲੋਂ ਜਨਾਬ ਸਈਅਦ, ਮਨਜੀਤ ਲਿੱਟ, ਸ਼ਾਇਰ ਮੁਸ਼ਤਾਕ ਸਿੰਘ, ਡਾ: ਸਾਥੀ ਲੁਧਿਆਣਵੀ ਆਦਿ ਨੇ ਆਪੋ ਆਪਣੀਆਂ ਨਜ਼ਮਾਂ ਰਾਹੀਂ ਹਸਨਪੁਰੀ ਨੂੰ ਯਾਦ ਕੀਤਾ। ਇੰਦਰਜੀਤ ਹਸਨਪੁਰੀ ਦੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਉੱਪਰ ਹੋਈ ਵਿਚਾਰ ਚਰਚਾ ਦੌਰਾਨ ਜਨਾਬ ਸਈਅਦ ਨੇ ਕਿਹਾ ਕਿ ਉਹ ਹਸਨਪੁਰੀ ਨੂੰ ਦੇਸ਼ ਪਿਆਰ, ਹੱਕ ਲਈ ਲੜਨ ਜਾਂ ਹਿੰਦ- ਪਾਕਿ ਦੋਸਤੀ ਦੀਆਂ ਗੰਢਾਂ ਪੀਢੀਆਂ ਕਰਨ ਦਾ ਸੁਨੇਹਾ ਦੇਣ ਵਾਲੀਆਂ ਰਚਨਾਵਾਂ ਕਰਕੇ ਤਹਿ ਦਿਲੋਂ ਸੀਸ ਨਿਵਾਉਂਦੇ ਹਨ। ਹਸਨਪੁਰੀ ਦੀ ਲੰਬੀ ਕਾਵਿ ਪੁਸਤਕ 'ਕਿੱਥੇ ਗਏ ਓਹ ਦਿਨ ਓ ਅਸਲਮ' ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਅੱਜ ਉਹਨਾਂ ਦਾ ਬੇਲੀ ਅਸਲਮ ਨਹੀਂ ਹੈ ਪਰ ਅਸਲਮ ਦੀ ਜਗ੍ਹਾ ਸਈਅਦ ਜਰੂਰ ਆਇਆ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ। ਡੋਮੀਨੋਜ ਪੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਯੂ. ਕੇ. ਤੋਂ ਚੇਅਰਮੈਨ ਜਸਵੰਤ ਸਿੰਘ ਗਰੇਵਾਲ ਨੇ ਹਸਨਪੁਰੀ ਦੇ ਅੰਤਲੇ ਸਾਹਾਂ ਵੇਲੇ ਦੇ ਸਾਥ ਦਾ ਭਾਵਪੂਰਤ ਜ਼ਿਕਰ ਕਰਦਿਆਂ ਹਸਨਪੁਰੀ ਨਾਲ ਬਿਤਾਏ ਆਖਰੀ ਪਲਾਂ ਦਾ ਹੂਬਹੂ ਚਿਤਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਮੈਂ ਨਿਰਗੁਣਾ ਕਿੰਨਾ ਭਾਗਾਂ ਵਾਲਾ ਹਾਂ ਕਿ ਮਾਂ ਬੋਲੀ ਦੇ ਲਾਡਲੇ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਦਾ ਮੌਕਾ ਨਸੀਬ ਹੋਇਆ ਹੈ। ਸਮਾਗਮ ਦੇ ਅੰਤਲੇ ਪਲਾਂ ਦੌਰਾਨ ਅਲਾਪ ਗਰੁੱਪ ਦੇ ਚੰਨੀ ਸਿੰਘ ਵੱਲੋਂ ਹਸਨਪੁਰੀ ਦਾ ਗੀਤ 'ਖੰਡ ਤੋਂ ਗੁਆਂਢਣ ਮਿੱਠੀ' ਅਤੇ ਦੀਦਾਰ ਸਿੰਘ ਪ੍ਰਦੇਸੀ ਵੱਲੋਂ 'ਦਾਜ ਦਾ ਗੀਤ' ਗੀਤਾਂ ਰਾਹੀਂ ਸਮਾਗਮ ਨੂੰ ਸੰਪੂਰਨਤਾ ਵੱਲ ਲਿਆਂਦਾ। ਅੰਤ ਵਿੱਚ ਉਮਰਾਓ ਅਟਵਾਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ 'ਪ੍ਰਦੇਸ ਵੀਕਲੀ' ਦੇ ਸੰਪਾਦਕ ਜਸਕਰਨ ਸਿੰਘ, ਰੇਡੀਓ ਪ੍ਰੈਜੈਂਟਰ ਮਹਿੰਦਰ ਮਿੱਡਾ, ਬਹਾਰਾਂ ਪੰਜਾਬ ਦੀਆਂ ਫੇਮ ਸੁਖਬੀਰ ਸੋਢੀ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਰਾਮਦਾਸ ਚਾਹਲ (ਰਣਜੀਤ ਵੀਕਲੀ), ਮਨਪ੍ਰੀਤ ਬੱਧਨੀ (ਬੱਧਨੀ ਪੱਤਰਿਕਾ), ਉਪਿੰਦਰ ਸਿੰਘ, ਤਰਲੋਚਨ ਸਿੰਘ ਗਰੇਵਾਲ, ਕੌਂਸਲਰ ਅਜਮੇਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਸੰਘਾ, ਕੌਂਸਲਰ ਤੇਜਿੰਦਰ ਧਾਮੀ, ਹਰਬੰਸ ਸੰਧੂ, ਜਰਨੈਲ ਸਿੰਘ, ਪ੍ਰੀਤਮ ਸਿੰਘ ਮੱਲ੍ਹੀ, ਅਮਰਜੀਤ ਗਿੱਲ, ਜੌਨੀ ਚੌਹਾਨ, ਲਕਸ਼ਮੀ ਨਾਰਾਇਣ ਮੰਦਰ ਦੇ ਚੇਅਰਮੈਨ ਪ੍ਰੇਮ ਚੰਦ ਸੋਂਧੀ, ਕਿਸਨ ਭਾਟੀਆ, ਜਸਵੰਤ ਸਿੰਘ (ਦੀਪ ਫੈਸ਼ਨ) ਆਦਿ ਸਮੇਤ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
........................

Saturday, November 7, 2009

ਵਿਸ਼ਵ-ਪ੍ਰਸਿੱਧ ਲੇਖਕਾ, ਸ਼ਾਇਰਾ, ਸਮਾਜ ਸੇਵਕਾ,ਕੁਲਵੰਤ ਕੋਰ ਚੰਨ ਜੰਮੂ ਨਾਲ ਇਕ ਮੁਲਾਕਾਤ -ਤੇਜਿੰਦਰ ਮਨਚੰਦਾ


ਵਿਸ਼ਵ-ਪ੍ਰਸਿੱਧ ਲੇਖਕਾ, ਸ਼ਾਇਰਾ, ਸਮਾਜ ਸੇਵਕਾ,ਕੁਲਵੰਤ ਕੋਰ ਚੰਨ ਜੰਮੂ ਨਾਲ ਇਕ ਮੁਲਾਕਾਤ  -ਤੇਜਿੰਦਰ ਮਨਚੰਦਾ
   ਇਥੇ ਕੋਈ ਸ਼ੱਕ ਰਹਿ ਹੀ ਨਹੀ ਜਾਂਦਾ ਜਦੋ ਉਹਨਾਂ ਨੂੰ ਤੁਸੀ ਖੁੱਦ ਮਿਲ ਕੇ ਗੱਲ-ਬਾਤ ਕਰਦੇ ਹੋ , ਉਹਨਾਂ ਦੀ ਬਹੁਤ ਹੀ ਮਿੱਠੀ ਕੰਨਾ ਵਿਚ ਰੱਸ ਘੋਲਣ ਵਾਲੀ ਅਵਾਜ਼ ਰਾਹੀ ਉਸ ਕੁੱਦਰਤ ਨੂੰ ਬਹੁਤ ਹੀ ਨਜ਼ਦੀਕੀ ਤੋ ਜਦੋਂ ਵੇਖ ਲੈਂਦੇ ਹੋ ।ਜਦੋਂ ਅੱਖਾਂ ਬੰਦ ਕਰ ਅਪਣੇ ਹੀ ਲਿੱਖੇ ਗੀਤ ਨੂੰ ਆਪੇ ਤਰਜ਼ ਕੱਢ ਗਾਉਂਦੇ ਮਸਤ ਮਗਨ ਦੁਨੀਆਂ ਤੋ ਬੇ-ਖੱਬਰ ਹੋਏ ਉਸ ਦੀ ਅਵਾਜ਼ ਉਸ ਦਾ ਹੀ ਗੀਤ ਹੈ, ਕਹਿੰਦੇ ਉਸ ਵਿਚ ਖੁੱਭ ਜਾਂਦੇ ਹਨ ਤਾਂ ਕਿਤੇ ਸਵਰਗਾਂ ਵਿਚ ਬੈਠੇ ਲੱਗਦਾ ਹੈ । ਕਿਸੇ ਦੇ ਦੁੱਖ ਨੂੰ ਸੁਣ ਹਰ ਤਰੀਕੇ ਨਾਲ ਕੋਸ਼ਿਸ਼ ਕਰਨੀ  ਇਹ ਕਿਵੇਂ ਦੂਰ ਹੋਵੇ ,ਪਲਾ ਵਿਚ ਸਭ ਨੂੰ ਅਪਣਾ ਬਣਾ ਲੈਣ ਵਾਲੀ ਇਸ ਸ਼ਖਸ਼ੀਅਤ ਨਾਲ ਉਹਨਾਂ ਦੇ ਘਰ ਵੀਲਪੰਥ ਪੈਰਿਸ ਫਰਾਂਸ ਵਿਚ ਮਿਲਣ ਦਾ ਮੋਕਾ ਮਿਲਿਆ ਤਾਂ ਮੈਂ ਵਕਤ ਹੱਥੋ ਨਾ ਗੁਵਾਉਂਦਾ ਹੋਇਆ ਸਭ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣ ਦਾ ਸੋਚਿਆ ।ਪਹਿਲੇ ਉਹਨਾਂ ਨੇ ਅਪਣੇ ਹੱਥੀ ਖਾਣਾ ਬਣਾ ਖੁਆਇਆ ਕਾਫੀ ਚਾਹ ਤੋ ਬਾਅਦ ਕੁਝ ਗੱਲਾਂ-ਬਾਤਾਂ ਹੋਈਆਂ ਜੋ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦਾ ਛੋਟਾ ਜਿਹਾ ਯਤਨ :----------
ਸਵਾਲ :- ਤੁਹਾਡਾ ਪਿਛੋਕੜ ਕੀ ਹੈ ?
ਜਵਾਬ :- ਮੈਂ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ ਪੰਜਾਬ ਤੋ ਹਾਂ ।ਮੇਰੇ ਪਿਤਾ ਸ੍ਰ ਗਿਰਧਾਰਾ ਸਿੰਘ ਜੀ ਅਤੇ ਮਾਤਾ ਪ੍ਰੀਤਮ ਕੋਰ ਜੀ ਹਨ । ਅਸੀ ਚਾਰ ਭੈਣ ਭਰ੍ਹਾ ਹਾਂ, ਭ੍ਹਰਾ ਸ੍ਰ ਕੇਵਲ ਸਿੰਘ ਤੇ ਸ੍ਰ ਗੁਰਬਚਨ ਸਿੰਘ ਜੀ ਹਨ ।ਮੇਰੇ ਤੋ ਛੋਟੀ ਮੇਰੀ ਇਕ ਭੈਣ ਜੋ ਬੰਬੇ ਰਹਿੰਦੀ ਹੈ,ਉਹਨਾਂ ਦਾ ਉਥੇ ਕਾਰੋਬਾਰ ਹੈ ।ਪੰਜਾਬ ਦੀ ਧੀ ਹਾਂ ਤੇ ਨੂੰਹ ਜੰਮੂ ਕਸ਼ਮੀਰ ਦੀ ਹਾਂ ।ਪੰਜਾਬ ਨਾਲ ਅਥਾਹ ਪਿਆਰ ਕਰਦੀ ਹਾਂ, ਕਿਉਂਕਿ ਪੰਜਾਬੀਆਂ ਜੈਸਾ ਭੋਲਾ , ਦਿਲਦਾਰ,ਮੇਹਨਤੀ ,ਮੱਦਤਗਾਰ ਇਨਸਾਨ ਤੁਹਾਨੂੰ ਹੋਰ ਕੋਈ ਨਹੀ ਮਿਲ ਸਕਦਾ ।
ਸਵਾਲ :-ਤੁਹਾਨੂੰ ਕਦੋ ਤੋ ਲਿੱਖਣ ਦਾ ਸ਼ੋਕ ਜਾਗਿਆ ?
ਜਵਾਬ :-'ਵਿਚ ਪ੍ਰਦੇਸਾ ਸੱਜਣਾ ਜਦੋ ਲਾਏ ਸੀ ਡੇਰੇ,ਚਾਰੇ ਪਾਸੇ ਗ੍ਹਮਾਂ ਨੇ ਸਾਨੂੰ ਪਾਏ ਸੀ ਘੇਰੇ'ਸ਼ੋਕ ਨਹੀ ਰੱਬ ਦੀ ਨਜ਼ਰ ਨੇ ਹੱਥ ਆਪੇ ਕਲਮ ਫੜ੍ਹਾ ਕੇ ਇਸ ਪਾਸੇ ਨੂੰ ਲਾ ਦਿਤਾ ।
ਸਵਾਲ :-ਜੰਮੂ ਵਿਚ ਤਾਂ ਹਿੰਦੀ, ਉਰਦੂ,ਇਗੰਲਿਸ਼ ਹੀ  ਚਲਦੀ ਹੈ ?
ਜਵਾਬ :-ਜੀ ਹਾਂ ਪਰ ਪੰਜਾਬੀ ਜਿਥੇ ਵੀ ਜਾਣ ਪੰਜਾਬੀ ਦੇ ਝੰਡੇ ਗਡ ਦਿੰਦੇ ਹਨ ।ਮੈਂ ਬਿਮਲ ਜੈਨ ਸਕੂਲ ਆਰ .ਐਸ.ਪੁਰਾ ਵਿਚ ੯ ਸਾਲ ਸੇਵਾ ਕੀਤੀ ।ਉਸ ਸਕੂਲ ਵਿਚ ਕਿਸੇ ਵੀ ਗੁਰਪੁਰਬ ਤੇ ਗੁਰੂਆਂ ਬਾਰੇ ,ਪੰਜਾਬੀ ਬਾਰੇ ਤੇ ਪੰਜਾਬ ਦੀ ਖੁਬਸੂਰਤੀ ਨੂੰ ਦੱਸਣ ਤੋ ਪਿੱਛੇ ਨਹੀ ਰਹਿੰਦੀ ਸੀ ।ਕਈ ਮਾਂ ਬਾਪ ਜੋ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਅਪਣੇ ਬੱਚੇ ਮੇਰੇ ਕੋਲ ਵਕਤ ਕੱਢ ਪੰਜਾਬੀ ਪ੍ਹੜਨ ਭੇਜਦੇ ਸਨ ,ਉਹੀ ਚਸਕਾ ਅੱਜ ਵੀ ਕੈਂਪਾਂ ਰਾਹੀ ਜਦੋਂ ਮੈਂ ਕਦੀ ਇੰਡਿਆ ਜਾਂਦੀ ਹਾਂ ਤਾਂ ਪੂਰਾ ਕਰ ਲੈਂਦੀ ਹਾਂ ।ਬਹੁਤ ਬਹੁਤ ਖੂਬ।
ਸਵਾਲ :-ਕਿਸ ਕੋਲੋ ਪ੍ਰਭਾਵਿਤ ਹੋ ਲਿੱਖਣਾ ਸ਼ੁਰੂ ਕੀਤਾ ?
ਜਵਾਬ :- ਥੋੜਾ ਜਿਹਾ ਹੱਸ ਕੇ ਬੜਾ ਪਿਆਰਾ ਜਿਹਾ ਸਵਾਲ ਕੀਤਾ ਤੁਸੀ,ਇਹ ਤਾਂ ਕੁੱਦਰਤ ਦਾ ਇਕ ਨੇਮ ਕਨੂੰਨ ਕਹਿ ਲਵੋ ਜਦੋ ਉਸ ਨੂੰ ਖੁੱਸ਼ੀ ਹੁੰਦੀ ਹੈ ਤਾਂ ਕਿਸੇ ਕੋਲੋ ਕੁੱਝ ਵੀ ਕਿਸੇ ਵਕਤ ਵੀ ਕਰਵਾ ਲੈਂਦੀ ਹੈ,ਇਸ ਨੂੰ ਮੈਂ ਉਸ ਦੀ ਰਜ਼ਾ, ਉਸ ਦਾ ਪਿਆਰ, ਉਸ ਦੀ ਕ੍ਰਿਪਾ ਕਹਿ ਲਵਾ ਤਾ ਠੀਕ ਹੋਵੇਗਾ, ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਸਾਹਿਬ ਸਾਨੂੰ ਇੱਕਲਿਆਂ ਚਾਰਾਂ ਮਾਂ ਪੁੱਤਰਾਂ ਨੂੰ ਜੰਮੂ ਕਸ਼ਮੀਰ ਛੱਡ(ਦੋ ਬੇਟੇ ਤੇ ਇਕ ਬੇਟੀ) ਤੇ ਆਪ ਸਾਡੇ ਵਾਸਤੇ ਚੋਗਾ ਇਕੱਠਾ ਕਰਨ ਫਰਾਂਸ ਆ ਗਏ ਉਹਨਾਂ ਦੀ ਦੂਰੀ ,ਪਿਆਰ ਤੇ ਵਿਛੋੜੇ ਦੇ ਪਲਾਂ ਨੇ ਮੋਕਾ ਪਾ ਮੈਨੂੰ ਇਕੱਲੀ ਜਾਣ ਹੋਕਿਆਂ,ਤਾਨਿਆਂ, ਤਨਹਾਈਆਂ,ਮੇਹਣਿਆਂ, ਹਾੜਿਆਂ ,ਸਿਸਕੀਆਂ ਨਾਲ ਮਿਲ ਝੁਰਮਟ ਪਾ ਲਿਆ ਜਦੋਂ ਪੇਸ਼ ਨਾ ਜਾਂਦੀ ਤਾਂ ਅੱਖੀਆਂ ਨੇ ਗਹਿਰੇ ਸਮੁੰਦਰ ਦੇ ਰੂਪ ਧਾਰਨ ਕਰ ਉਸ ਦਾਤੇ ਅੱਗੇ ਹੱਥ ਜੋੜ ਲਏ ਤੇ ਦਾਤੇ ਕ੍ਰਿਪਾ ਕੀਤੀ ਤਾਂ ਆਪੇ ਲਿੱਖ, ਆਪੇ ਅਵਾਜ਼ ਬਣ ਚੰਨ ਸਾਹਿਬ ਦੀਆਂ ਦੂਰੀਆਂ ਨੂੰ ਨਜ਼ਦੀਕੀਆਂ ਵਿਚ ਬਦਲ ਦਿਤਾ ।ਵੈਸੇ ਇਹ ਸਭ ਮੇਰੇ ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਹੋਰਾਂ ਦੀ ਦੂਰੀ ਦਾ ਹੀ ਸਦਕਾ ਹੈ ।
ਸਵਾਲ :-ਤੁਸੀ ਲਿੱਖਦੇ ਤੇ ਗਾਉਂਦੇ ਵੀ ਬੜਾ ਸੋਹਣਾ ਹੋ ,ਕਿਤੋਂ ਸਿੱਖਿਆਂ ਲਈ ?
ਜਵਾਬ :-ਨਹੀ ਜੀ,ਇਹ ਰੱਬ ਦੀ ਨਜ਼ਰ ਹੈ ਜੋ ਤੁਸੀ ਪ੍ਹੜਦੇ ਤੇ ਸੁਣਦੇ ਹੋ।ਸਾਡੇ ਜਮਾਨੇ ਵਿਚ ਕਿਥੇ ਕੋਈ ਕੁੜੀਆਂ ਨੂੰ ਗਾਣ ਜਾ ਵਜਾਣ ਵਾਸਤੇ ਬਾਹਰ ਭੇਜਦਾ ਸੀ।ਮੈਨੂੰ ਯਾਦ ਹੈ ੧੯੭੨ ਵਿਚ ਜਲੰਧਰ ਰੇਡਿਓ ਤੋ ਯੂ ਮੰਚ ਪ੍ਰੋਗਰਾਮ ਦੇ ਪ੍ਰਜੈਂਟਰ ਅੇਸ ਅੇਸ ਮੀਸ਼ੀ ਸ਼ਰਮਾਂ ਜੀ ਅਪਣੇ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਕਪੂਰਥਲਾ ਤੋ ਜਲੰਧਰ ਜਾਣ ਲਈ ਬੱਸ ਤੇ ਬੈਠੇ ਸਨ ਤੇ ਮੈਂ ਵੀ ਉਸੇ ਬੱਸ ਵਿਚ ਜਲੰਧਰ ਜਾ ਰਹੀ ਸੀ ।ਤਾਂ ਇਕੋ ਹੀ ਸੀਟ ਮਿਲੀ ਗੱਲਾਂ ਵਿਚ ਹੀ ਮੇਰੀ ਅਵਾਜ਼ ਨੂੰ ਕਹਿੰਦੇ ਤੁਸੀ ਅਪਣੇ ਘਰੋ ਕਿਸੇ ਨੂੰ ਨਾਲ ਲੈ ਕੇ ਸਾਡੇ ਕੋਲ ਇਕ ਵੱਜੇ ਵੀਰਵਾਰ ਜਲੰਧਰ ਪਹੁੰਚ ਜਾਵੋ ਅਸੀ ਤੁਹਾਡੀ ਅਵਾਜ਼ ਟੈਸਟ ਕਰਾਂਗੇ ਤੁਸੀ ਬਹੁਤ ਚੰਗਾ ਗਾ ਸਕਦੇ ਹੋ ।ਘਰ ਦਿਆਂ ਨੂੰ ਪੁੱਛਿਆ ਤਾਂ… ਚੁੱਪ ਕਰ ਇਹ ਕੰਮ ਕੋਈ ਚੰਗੇ ਘਰਾਂ ਦੇ ਹੁੰਦੇ ਹਨ ।ਬਸ ਰੱਬ ਦਾ ਇਹ ਸਭ ਕੁਝ ਹੈ ।ਮੈਨੂੰ ਸ਼ੋਕ ਜਰੂਰ ਹੈ ਵਾਜੇ ਦਾ ਤੱਬਲੇ ਦਾ ਪਰ ਮੈਨੂੰ ਆਉਂਦਾ ਨਹੀ ।
ਸਵਾਲ :-ਹੁਣ ਤੱਕ ਤੁਸੀ ਕਿੰਨੇ ਗੀਤ, ਕਹਾਣੀਆਂ,ਗਜ਼ਲਾਂ,ਲੇਖ, ਕਵਿਤਾਵਾਂ ਲਿੱਖ ਚੁੱਕੇ ਹੋ ?
ਜਵਾਬ :-ਅਪਣੀ ਅਲਮਾਰੀ ਖੋਲ ਵਿਖਾਉਂਦੇ ਹੋਏ ਇਹ ਸਭ ਗੀਤ ,ਕਵਿਤਾਵਾਂ ਦੇ ਭੰਡਾਰ ਹਨ ਕਿੰਨੀਆਂ ਕੁ ਕਹਾਣੀਆਂ ਤੇ ਗੀਤ ਹਨ ਗਿਣੇ ਨਹੀ ਪਰ ਮੀਡੀਆ ਪੰਜਾਬ ਅਖਬਾਰ ਵਿਚ ਤੁਸੀ ਨਵੇ ਨਵੇ ਹੀ ਗੀਤ ਕਹਾਣੀਆਂ ਕਵਿਤਾਵਾਂ ਪ੍ਹੜਦੇ ਹੋ ।
ਸਵਾਲ :-ਹੁਣ ਤੱਕ ਕਿਹੜੇ ਕਿਹੜੇ ਅਖਬਾਰਾਂ ਵਿਚ ਛੱਪ ਚੁੱਕੇ ਹੋ ?
ਜਵਾਬ :-ਜੰਮੂ ਦੀਆਂ ਸਾਰੀਆਂ ਅਖਬਾਰਾਂ ਵਿਚ ਛੱਪਦੇ ਸਨ।ਨਿਮਾਂ ਮੋਹਰਾਂ ਡੋਗਰੀ ਅਖਬਾਰ,ਦੇਨਿਕ ਜਾਗਰਨ, ਜੰਮੂ ਕਸ਼ਮੀਰ , ਬਹੁਤ ਅਖਬਾਰਾਂ ਵਿਚ ਆਉਂਦੇ ਸਨ। ਜੰਮੂ ਕਸ਼ਮੀਰ ਰੇਡਿਓ,ਟੀਵੀਆਂ ਤੇ ਗਾਏ ਹਨ ਬਹੁਤ ਲੋਕੀ ਖੁੱਸ਼ ਹੂੰਦੇ ਸਨ ਬਾਰ ਬਾਰ ਸੁਨਣ ਵਾਸਤੇ ਕਹਿੰਦੇ ਵੀ ਸਨ ।ਹੁਣ ੧੯੯੮ ਤੋ ਬਾਹਰ ਦੀਆਂ ਅਖਬਾਰਾਂ ਸਭ ਤੋ ਪਹਿਲੇ ਜਰਮਨੀ ਤੋ ਸਮੇਂ ਦੀ ਅਵਾਜ ਮੈਗਜ਼ੀਨ ਵਿਚ ਛੱਪਣੇ ਸ਼ੁਰੂ ਹੋਏ ਸਨ ਮੇਰੇ ਗੀਤ, ਲੇਖ ,ਕਵਿਤਾਵਾਂ ।ਬਾਅਦ ਵਿਚ ਇੰਟਰਨੈਟ ਅਖਬਾਰ ਮੀਡੀਆ ਪੰਜਾਬ ਤੇ ਧੜਾ ਧੜ ਗੀਤ ,ਕਵਿਤਾਵਾਂ, ਗਜਲਾਂ, ਲੇਖ ਤੇ ਕਹਾਣੀਆਂ  ਛੱਪੀਆ ਛੱਪ ਰਹੀਆਂ ਹਨ ।ਪੰਜਾਬ ਟਾਇਮ ਇੰਗਲੈਂਡ, ਦੇਸ਼ ਪ੍ਰਦੇਸ਼ ਇਗਲੈਂਡ, ਸਿਰਜਣਾ ਅਖਬਾਰ ,ਮਾਲਵਾ ਅਖਬਾਰ ਇੰਡਿਆ, ਵਤਨ ਕਨੇਡਾ,ਪੰਜਾਬੀ ਰਾਇਟਰ ਅਮਰੀਕਾ,ਪੰਜਾਬ ਐਕਸਪ੍ਰੇਸ ਨਿਊਯਾਰਕ ਅਮਰੀਕਾ,ਆਦਿ ਹੋਰ ਵੀ ਅਖਬਾਰਾਂ ਜਿੰਨਾ ਨੇ ਮੇਲਾਂ ਤੇ ਸੰਪਰਕ ਕੀਤਾ ਤੇ ਲਿੱਖਤਾਂ ਭੇਜਣ ਲਈ ਕਿਹਾ ਗਿਆ ਭੇਜੀਆ ਵੀ ਹਨ ,ਪਰ ਮੀਡੀਆਂ ਪੰਜਾਬ ਵਿਚ ਸਭ ਤੋ ਪਹਿਲਾ ਭੇਜਦੀ ਹਾਂ ਫਿਰ ਉਸ ਤੋ ਬਾਅਦ ਹੋਰ ਕਿਸੇ ਅਖਬਾਰ ਨੂੰ ।
ਸਵਾਲ :-ਕੋਈ ਕਿਤਾਬ ਵੀ ਛੱਪ ਚੁੱਕੀ ਹੈ ?
ਜਵਾਬ :-ਜੀ 'ਬ੍ਰਿਹਾਂ ਦੇ ਸੱਲ' ਗੀਤ ਸੰਗ੍ਰਿਹ,ਛੱਪ ਚੁੱਕੀ ਹੈ ੨੦੦੩ ਵਿਚ ।ਦੂਜੀ ਕਿਤਾਬ 'ਸੋਚ ਮੇਰੀ ਵਾਜਾਂ ਮਾਰੇ'ਗੀਤ ਸੰਗ੍ਰਿਹ ਜਿਸ ਦਾ ਉਦਘਾਟਨ ਸ਼ਾਇਦ ਨਵੰਬਰ ਵਿਚ ਹੋਵੇ।ਅਤੇ ਇਸ ਤੋ ਬਾਅਦ ਕਹਾਣੀਆਂ ਤੇ ਲੇਖਾਂ ਦੀਆਂ ਦੋ ਕਿਤਾਬਾਂ ਛੱਪਣਗੀਆਂ ।ਚੋਥੀ ਉਹ ਜੋ ਮੇਰੇ ਉਪਰ ਲੇਖ ਲਿਖੇ ਗਏ ਹਨ ਉਹਨਾਂ ਨੂੰ ਸਦਾ ਜਿਉਂਦਾ ਰੱਖਣ ਲਈ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਸਭ ਦੇ ਹੱਥਾ ਤੱਕ ਪਹੁੰਚਦਾ ਕਰਾਂਗੀ ,ਕਿਉਂਕਿ ਕਦਰਦਾਨਾਂ ਦੀ ਤਹਿਦਿਲੋ ਕਦਰ ਕਰਦੀ ਹਾਂ ।ਹੋਰ ਵੀ ਬਹੁਤ ਗੀਤ ਹਨ ਕਵਿਤਾਵਾਂ, ਗਜ਼ਲਾਂ ਹਨ ਜਿੰਨਾ ਨੂੰ ਕਿਤਾਬਾਂ ਦਾ ਰੂਪ ਦੇ ਕੇ ਸੰਭਾਲਣਾ ਚਾਹੁੰਦੀ ਹਾਂ ।
ਸਵਾਲ :-ਤਹਾਡੇ ਮੰਨ ਪਸੰਦ ਪੰਜਾਬੀ ਸ਼ਾਇਰ,ਕਿੰਨਾਂ ਦੀ ਅਵਾਜ਼ ਪਿਆਰੀ ਲੱਗਦੀ ਹੈ ?
ਜਵਾਬ :-ਬਈ ਮੇਰੇ ਤੋ ਤਾਂ ਸਾਰਿਆਂ ਦੀ ਹੀ ਅਵਾਜ਼ ਸੋਹਣੀ ਹੈ, ਕੁੱਦਰਤ ਦੀ ਦੇਣ ਹੈ,ਡਾ.ਸੁਰਜੀਤ ਪਾਤਰ ਜੀ ਦੀ ਲੇਖਣੀ, ਸਾਦਗੀ ਤੇ ਗੁਰਦਾਸ ਮਾਨ ਜੀ ਦੀ ਅਵਾਜ਼, ਸਚਾਈ ਮੰਨ ਨੂੰ ਜੱਚਦੀ ਹੈ ਗੀਤ ਗਾਉਣ ਤੇ ਲਿੱਖਣ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਮਾਣ, ਤੇ ਵਿਰਸੇ ਨਾਲ ਜੋੜਣ ਵਿਚ ਇਹ ਦੋਵੇਂ ਹੀ ਸ਼ਖਸ਼ੀਅਤਾਂ ਬੜਾ ਵੱਡਾ ਯੋਗਦਾਨ ਪਾ ਰਹੀਆਂ ਹਨ ਪੰਸਦ ਕਰਦੀ ਹਾਂ ।
ਸਵਾਲ :-ਤੁਹਾਡੇ ਪ੍ਰੀਵਾਰ ਵਿਚ ਕੌਣ ਕੌਣ ਤੁਹਾਡੀ ਸ਼ਾਇਰੀ ਨੂੰ ਮਾਣ ਸਤਿਕਾਰ ਦਿੰਦੇ ਹਨ।
ਜਵਾਬ :-ਜਰਾ ਹੋਕਾ ਜਿਹਾ ਲੈ ਕੇ ਤੇ ਗਾਉਂਦੇ ਹੋਏ ਦੋ ਲਾਇਨਾਂ 'ਬੜੇ ਦੁੱਖ ਅਸਾਂ ਝੱਲੇ,ਸੱਜਣ ਹੋਏ ਜਦੋਂ ਕੱਲੇ,ਦੁੱਖ ਲੈ ਗਏ ਸੀ ਨਾਲ ਰੋਣੇ ਆਏ ਸਾਡੇ ਪੱਲੇ'ਬੱਚੇ ਛੋਟੇ ਛੋਟੇ ਗੀਤ ਸੁਨਣ ਵਾਸਤੇ ਵੀ ਪੈਸੇ ਮੰਗਦੇ ਸੀ ,ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਮੰਮਾਂ ਗੀਤ ਲਿੱਖ ਰਹੀ ਹੈ ਤੇ ਸੁਨਾਉਣਾ ਵੀ ਸਾਨੂੰ ਹੈ ਉਹ ਪਹਿਲਾ ਤਿੰਨੇ ਭੈਣ ਭਰ੍ਹਾ ਸਲਾਹ ਕਰ ਲੈਂਦੇ ਕੀ ਪੈਸੇ ਠੱਗਾਂਗੇ,ਹੁਣ ਤਾਂ ਉਹ ਵੱਡੇ ਹੋ ਗਏ ਹਨ ਬੜਾ ਪਿਆਰ ਤੇ ਸਤਿਕਾਰ ਮੇਰੀਆਂ ਲਿੱਖਤਾਂ ਨੂੰ ਦਿੰਦੇ,ਸਮਝਦੇ ਹਰ ਗੀਤ ਦੀ ਪੀੜ ਨੂੰ ਕਿਉਂ,ਕਿਵੇਂ ਲਿਖੇ ਜਾਂਦੇ ਉਹਨਾਂ ਨੂੰ ਹੁਣ ਸਮਝ ਆ ਗਈ ਹੈ।ਅਪਣੇ ਰਿਦੰਮਜੀਤ ਤੇ ਡੀਵਾਈਨਜੀਤ ਛੋਟੇ ਛੋਟੇ ਪੋਤਰੇ ਅਪਣੇ ਨਾਲ ਲਗਾਉਂਦੇ ਹੋਏ ਇਹ ਵੇਖੋ ਕਿਵੇਂ ਮੈਨੂੰ ਸੁਣ ਤੇ ਵੇਖ ਰਹੇ ਹਨ ਬੜੇ ਦੀਵਾਨੇ ਹਨ ਮੇਰੀ ਅਵਾਜ਼ ਦੇ, ਤੇ ਸਭ ਤੋ ਪਹਿਲੇ ਰੱਬ ਤੇ ਰੱਬ ਦਾ ਹੀ ਰੂਪ ਮੇਰਾ ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਜੰਮੂ ਬਹੁਤ ਪਿਆਰ ਤੇ ਮਾਣ ਸਤਿਕਾਰ ਮੇਰੀਆਂ ਲਿੱਖਤਾਂ ਤੇ ਮੈਨੂੰ ਸਹਾਰਾ ਦਿੰਦੇ ਹਰ ਜਗ੍ਹਾ ਤੇ ਬਹੁਤ ਹੋਸਲਾ ਅਫਜਾਈ ਕਰਦੇ ਹਨ ,ਬਹੁਤ ਵੱਡੇ ਦੀਵਾਨੇ ਹਨ ਗੀਤਾਂ, ਮੇਰੀ ਅਵਾਜ਼ ਤੇ ਲਿੱਖਤਾਂ ਦੇ ।ਮੇਰਾ ਸਾਰਾ ਪੇਕਾ ,ਸੋਹਰਾ ਪ੍ਰੀਵਾਰ ਜਦੋ ਪਤਾ ਲੱਗ ਜਾਂਦਾ ਕੁਲਵੰਤ ਇੰਡਿਆ ਆ ਰਹੀ ਹੈ ਪਹਿਲੇ ਹੀ ਰੇਡਿਓ,ਟੀਵੀਆ ਤੇ ਅਤੇ ਕਈ ਪ੍ਰੋਗਰਾਮ ਬਣਾ ਲੈਂਦੇ ਹਨ ਕਵੀ ਦਰਬਾਰਾਂ ਦੇ ।
ਸਵਾਲ :-ਤੁਹਾਡੀ ਪੰਜਾਬ ਰੇਡਿਓ ਇੰਗਲੈਂਡ ਤੇ ਕਿਵੇਂ ਅਵਾਜ਼ ਪਹੁੰਚੀ ,ਸਭ ਨਰਿੰਦਰ ਬੀਬਾ ਆ ਗਏ ਹਨ ਕਹਿੰਦੇ ?
ਜਵਾਬ :-ਨਾ ਭਰਾਵਾ ਨਾ, ਕਿਥੇ ਉਹ ਮਹਾਨ ਸ਼ਖਸ਼ੀਅਤ ਤੇ ਕਿਥੇ ਕੁਲਵੰਤ ਤੁੱਛ ਜਿਹਾ ਜੀਵ ।ਹਾਂ ਮੀਡੀਆ ਪੰਜਾਬ ਅਖਬਾਰ ਤਿੰਨ ਸਾਲ ਪੂਰੇ ਕਰਨ ਦੀ ਖੁੱਸ਼ੀ ਵਿਚ ਕਵੀ ਦਰਬਾਰ ਬਲਦੇਵ ਸਿੰਘ ਬਾਜਵਾ ਜੀ ਤੇ ਭੈਣ ਗੁਰਦੀਸ਼ਪਾਲ ਕੋਰ ਬਾਜਵਾ ਹੋਰਾਂ ਵਲੋ ਜਰਮਨੀ ਕਰਾਇਆ ਗਿਆ ਤਾਂ ਉਥੇ ਸ੍ਰ ਮੋਤਾ ਸਿੰਘ ਜੀ ਇੰਗਲੈਂਡ ਸ੍ਰ ਨਿਰਮਲ ਸਿੰਘ ਕੰਧਾਲਵੀ ਜੀ ਇੰਗਲੈਂਡ ਤੇ ਵੀਰ ਸ਼ਮਸ਼ੇਰ ਸਿੰਘ ਰਾਏ ਜੀ  ਜੋ ਇਗਲੈਂਡ ਤੋ ਇਸ ਰੇਡਿਓ ਦੇ ਬੜੇ ਤੱਕੜੇ ਪ੍ਰਜੈਂਟਰ ਹਨ ਉਥੇ ਪਹੁੰਚੇ ਹੋਏ ਸਨ, ਬਸ ਉਥੇ ਹੀ ਅਪਣੀ ਮੁਲਾਕਾਤ ਹੋਈ ਤੇ ਅਸੀ ਗੀਤ ਗਾਏ ਜੋ ਉਹਨਾਂ ਨੂੰ ਚੰਗੇ ਲੱਗੇ ਤੇ ਕਹਿੰਦੇ ਭੈਣ ਜੀ ਰੇਡਿਓ ਤੇ ਜਰੂਰ ਆਵੋ ਤੇ ਅਸੀ ਉਹਨਾਂ ਦਾ ਕਹਿਣਾ ਸਿਰ ਮੱਥੇ ਮਨਦੇ ਹੋਏ ਗੀਤ ਗਾਇਆ ਸਭ ਨੂੰ ਚੰਗਾ ਲੱਗਾ ਕੋਈ ਸੁਰਿੰਦਰ ਤੇ ਕੋਈ ਨਰਿੰਦਰ ਕਹਿਣ ਲੱਗਾ ,ਪਰ ਮੈਂ ਕੁਲਵੰਤ ਹੀ ਹਾਂ ਸਿਰਫ ਕੁਲਵੰਤ ।ਨਹੀ ਜੀ ਤੁਹਾਡੀ ਅਵਾਜ਼ ਬਹੁਤ ਹੀ ਪਿਆਰੀ ਤੇ ਪੁਰਾਣੇ ਸਿੰਗਰਾਂ ਵਰਗੀ ਹੈ ਜੋ ਕੰਨਾਂ ਨੂੰ ਚੀਕ ਚਿਹਾੜਾ ਨਹੀ ਸਗੋ ਠੰਡ ਤੇ ਖੁੱਸ਼ੀ ਪ੍ਰਧਾਨ ਕਰਦੀ ਹੈ ?ਬਹੁਤ ਬਹੁਤ ਸ਼ੁਕਰਿਆ ਮਨਚੰਦਾ ਜੀ ।
ਸਵਾਲ :-ਅਪਣੇ ਪਾਠਕਾਂ ਤੇ ਪ੍ਰਸ਼ੰਸ਼ਕਾਂ ਨੂੰ ਕੋਈ ਸੰਦੇਸ਼ ?
ਜਵਾਬ :- ਮੇਰੇ ਸਾਰੇ ਪਾਠਕਾਂ ਨੂੰ ਪ੍ਰਸ਼ੰਸ਼ਕਾਂ ਨੂੰ ਦੋਨੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।ਦਾਤਾਂ ਲੰਬੀਆ ਉਮਰਾਂ ਤੇ ਖੁੱਸ਼ੀਆਂ ਖੇੜਿਆਂ ਨਾਲ ਸਭ ਨੂੰ ਖੁੱਸ਼ ਰੱਖੇ ।ਅਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਪੰਜਾਬੀ ਲਿੱਖੋ, ਪੜ੍ਹੋ, ਬੋਲੋ ਤੇ ਅਪਣੇ ਵਿਰਸੇ ਨੂੰ ਕਦੀ ਨਹੀ ਭੁੱਲਣਾ, ਅਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ ,ਚੰਗੇ ਗੀਤ ਲਿਖੋ, ਸੁਣੋ ਤੇ ਪੰਜਾਬੀ ਦਾ ਮਾਣ ਵਧਾਉਣ ਲਈ ਹਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਦਾ ਸਤਿਕਾਰ ਕਰੋ ਸਾਥ ਦੇਵੋ ਭਾਵੇਂ ਕਿਸੇ ਤਰੀਕੇ ਵੀ ਸੇਵਾ ਕਰ ਰਿਹਾ ਹੈ ।ਮਨਚੰਦਾ ਜੀ ਤੁਸੀ ਖੁੱਦ ਇਕ ਬਹੁਤ ਚੰਗੇ ਇਨਸਾਨ ਹੋ ਬਹੁਤ ਅੱਛੇ ਲੇਖਕ ਤੇ ਕਾਰਟੂਨਿਸਟ ਹੋ, ਜੋ ਹਰ ਅਖਬਾਰ ਦੀ ਸ਼ਾਨ ਬਣੇ ਹੋਏ ਹੋ, ਤੁਹਾਡਾ ਵੀ ਬਹੁਤ ਧੰਨਵਾਦ ਕਰਦੀ ਹਾਂ ।
............