Friday, May 14, 2010

ਆਓ! ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈਏ! -ਜਨਮੇਜਾ ਜੌਹਲ

ਪੰਜਾਬ ਵਿਚ ਮਰਦਮ ਸ਼ੁਮਾਰੀ ਦਾ ਕੰਮ ਸ਼ੁਰੂ
ਆਓ! ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈਏ!
ਜਨਮੇਜਾ ਜੌਹਲ
ਪੰਜਾਬ ਵਿਚ ਮਰਦਮ ਸ਼ੁਮਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਹਰ ਤਰ੍ਹਾਂ ਦੇ ਸਰਕਾਰੀ ਮੁਲਾਜ਼ਮ ਇਸ ਕੰਮ ਨੂੰ ਸਿਰ ਚਾੜ੍ਹਨ ਲਈ ਡਿਊਟੀ ਦੇ ਰਹੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ• ਸੁਖਦੇਵ ਸਿੰਘ ਨੇ ਦੇਸ਼ ਦੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਾਤ ਭਾਸ਼ਾ ਪੰਜਾਬੀ  ਲਿਖਵਾਓਣ।

Monday, May 10, 2010

ਮਨਦੀਪ ਖੁਰਮੀ ਹਿੰਮਤਪੁਰਾ ਨੇ ਸਿਖਾਏ ਬਰਤਾਨਵੀ ਗੋਰੀਆਂ ਨੂੰ ਭੰਗੜੇ ਦੇ ਦਾਅ-ਪੇਚ। -ਜਗਸੀਰ ਧਾਲੀਵਾਲ ਨੰਗਲ

ਮਨਦੀਪ ਖੁਰਮੀ ਹਿੰਮਤਪੁਰਾ ਨੇ ਸਿਖਾਏ ਬਰਤਾਨਵੀ ਗੋਰੀਆਂ ਨੂੰ ਭੰਗੜੇ ਦੇ ਦਾਅ-ਪੇਚ।

ਜਗਸੀਰ ਧਾਲੀਵਾਲ ਨੰਗਲ
ਇੰਗਲੈਂਡ ਦੀਆਂ ਗੋਰੀਆਂ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਦਾਨ ਇਕੱਠਾ ਕਰਕੇ ਦੇਣ ਲਈ ਵਰਤਣ ਦੇ ਰੌਂਅ ਵਿੱਚ ਹਨ, ਤੇ ਇਹਨਾਂ ਗੋਰੀਆਂ ਨੂੰ ਭੰਗੜੇ ਦੇ ਦਾਅ ਪੇਚ ਸਿਖਾਉਣ ਦਾ ਜ਼ਿੰਮਾ ਜਿਲ੍ਹਾ ਮੋਗਾ ਦੇ ਪਿੰਡ ਹਿੰਮਤਪੁਰਾ ਦੇ ਜੰਮਪਲ ਮਨਦੀਪ ਖੁਰਮੀ ਹਿੰਮਤਪੁਰਾ ਨੇ ਲਿਆ ਹੈ। ਜਿਕਰਯੋਗ ਹੈ ਕਿ ਮਨਦੀਪ ਖੁਰਮੀ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅਤੇ ਭੰਗੜੇ ਦੀ 'ਨਯਾ ਦੌਰ' ਫਿਲਮ ਰਾਹੀਂ ਪਹਿਲੀ ਵਾਰ ਪੇਸ਼ਕਾਰੀ ਕਰਨ ਦਾ ਮਾਣ ਪ੍ਰਾਪਤ ਸ੍ਰੀ ਬਲਬੀਰ ਸਿੰਘ ਸੇਖੋਂ ਜੀ ਤੋਂ ਸਿੱਖਿਅਤ ਹਨ। ਗੋਰੀਆਂ ਨੂੰ ਭੰਗੜੇ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਣ ਦੀ ਪਹਿਲੀ ਲੜੀ ਤਹਿਤ ਇੰਗਲੈਂਡ ਦੇ ਨਾਰਥ ਵੈਸਟ ਖੇਤਰ ਦੇ ਕਸਬੇ ਹੈਜਲਿੰਗਟਨ ਦੇ ਸੇਂਟ ਮੈਥਿਊ ਚਰਚ ਹਾਲ ਵਿਖੇ ਇੱਕ ਰੋਜ਼ਾ ਭੰਗੜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇੰਗਲੈਂਡ ਦੇ ਨਾਮਵਾਰ ਡਾਂਸ ਗਰੁੱਪ Ḕਮਜੈਂਟਾ ਅਲ ਜ਼ਮੀਹਾḔ ਦੀਆਂ ਦੋ ਦਰਜ਼ਨ ਦੇ ਲਗਭਗ ਮੈਂਬਰ ਬਰਤਾਨਵੀ ਗੋਰੀਆਂ ਨੇ ਭਾਗ ਲਿਆ। ਭੰਗੜਾ ਵਰਕਸ਼ਾਪ ਉਪਰੰਤ Ḕਮਜੈਂਟਾ ਅਲ ਜ਼ਮੀਹਾḔ ਦੀ ਸੰਚਾਲਕ ਮਿਸ ਓਲੀਵੀਆ ਵਾਈਟ ਦੇ ਉੱਦਮ ਨਾਲ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਦੀਪ ਖੁਰਮੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਕਿ ਪੰਜਾਬ ਦੇ ਲੋਕ ਨਾਚ ਭੰਗੜੇ ਦੀਆਂ ਸਿਖਾਂਦਰੂ ਗੋਰੀਆਂ ਸਿੱਖਣ ਉਪਰੰਤ ਬੇਸਹਾਰਾ ਲੋਕਾਂ ਦੀ ਭਲਾਈ ਲਈ ਦਾਨ ਇਕੱਠਾ ਕਰਨ ਲਈ ਭੰਗੜੇ ਨੂੰ ਆਪਣੇ ਗਰੁੱਪ ਦੇ ਵਿਸ਼ੇਸ਼ ਆਕਰਸ਼ਣ ਵਜੋਂ ਪੇਸ਼ ਕਰਨਗੀਆਂ। ਉਹਨਾਂ ਕਿਹਾ ਕਿ ਨਿਰਸੰਦੇਹ ਉਕਤ ਭੰਗੜਾ ਵਰਕਸ਼ਾਪ ਸੱਭਿਆਚਾਰਾਂ ਦੇ ਵਟਾਂਦਰੇ ਦਾ ਨਿੱਗਰ ਉਪਰਾਲਾ ਹੈ। ਪਰ ਜਿੱਥੇ ਦੂਜਿਆਂ ਦੇ ਸੱਭਿਆਚਾਰ ਨੂੰ ਅਪਨਾਉਣਾ ਮਾੜੀ ਗੱਲ ਨਹੀਂ, ਉੱਥੇ ਦੂਜਿਆਂ ਦੀ ਅੰਨ੍ਹੇਵਾਹ ਨਕਲ ਕਰਨ ਦੀ ਹੋੜ੍ਹ 'ਚ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰ ਦੇਣਾ ਮਾੜੀ ਗੱਲ ਹੈ। ਪਰ ਇਸ ਗੱਲੋਂ ਬਰਤਾਨਵੀ ਲੋਕ ਵਧਾਈ ਦੇ ਪਾਤਰ ਹਨ ਕਿ ਉਹ ਲੋਕਾਈ ਦੀ ਭਲਾਈ ਨਾਲ ਜੁੜੇ ਹਰ ਮਸਲੇ ਦੇ ਹੱਲ ਲਈ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਰਗਰਮ ਭੁਮਿਕਾ ਨਿਭਾਉਂਦੇ ਹਨ। ਸੇਵਾਵਾਂ ਪ੍ਰਦਾਨ ਕਰਨ ਬਦਲੇ 'ਮਜੈਂਟਾ ਅਲ ਜ਼ਮੀਹਾ' ਗਰੁੱਪ ਵੱਲੋਂ ਮਨਦੀਪ ਖੁਰਮੀ ਨੂੰ ਯਾਦ ਨਿਸ਼ਾਨੀ ਨਾਲ ਸਨਮਾਨਿਤ ਵੀ ਕੀਤਾ ਗਿਆ।

Monday, May 3, 2010

ਨਾਵਲਕਾਰ ਜੱਗੀ ਕੁੱਸਾ ਨਾਲ ਮਿਲਣੀ -ਗਿਆਨ ਸਿੰਘ ਕੋਟਲੀ

ਨਾਵਲਕਾਰ ਜੱਗੀ ਕੁੱਸਾ ਨਾਲ ਮਿਲਣੀ 
ਗਿਆਨ ਸਿੰਘ ਕੋਟਲੀ

           ਬਡ਼ੀ ਜਾਨਦਾਰ ਤੇ ਸੁਹਜ ਭਰਪੂਰ ਬੋਲੀ ਵਿਚ ਸਮੇਂ ਦਾ ਸੱਚ ਨਿਧਡ਼ਕ ਹੋ ਕੇ ਚਿਤ੍ਰਨ ਵਾਲੇ ਅਠਾਰਾਂ ਵੀਹ ਨਾਵਲਾਂ ਦੇ ਰਚਨਹਾਰ ਸ਼ਿਵਚਰਨ ਜੱਗੀ ਕੁੱਸਾ ਪਿਛਲੇ ਦਿਨੀਂ ਇੰਗਲੈਂਡ ਤੋਂ ਵੈਨਕੂਵਰ ਪਧਾਰੇ । ਕੁੱਸਾ ਦੇ ਉਪਾਸ਼ਕਾਂ ਤੇ ਪਾਠਕਾਂ ਵਲੋਂ ਉਹਨਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਪਿਆਰ ਮਿਲਣੀ ਦਾ ਪ੍ਰਬੰਧ ਜਰਨੈਲ ਸਿੰਘ ਆਰਟਿਸਟ ਨੇ 12 ਅਪ੍ਰੈਲ ਨੂੰ ਜਰਨੈਲ ਆਰਟਸ ਸਟੁਡੀਓ ਅਤੇ ਗੁਰਦੀਪ ਆਰਟਸ ਅਕੈਡਮੀ ਸਰ੍ਹੀ ਵਿਖੇ ਕੀਤਾ । ਸੰਸਾਰ ਭਰ ਵਿਚ ਬਹੁਤ ਸਾਰੀਆਂ ਵੈਬਸਾਈਟਾਂ ਅਤੇ ਨਾਮਵਰ ਅਖਬਾਰਾਂ ਰਸਾਲਿਆਂ ਵਿਚ ਪਡ਼੍ਹੇ ਜਾਣ ਵਾਲੇ ਸ਼ਿਵਚਰਨ ਜੱਗੀ ਨਾਲ ਮਿਲ ਬੈਠਣ ਦਾ ਲਾਹਾ ਲੈਣ ਲਈ ਸਥਾਨਕ ਸ਼ਖਸੀਅਤਾਂ ਨੇ ਖਾਸ ਤੌਰ ਤੇ ਸਮਾਂ ਕੱਢਿਆ ਅਤੇ ਉਹਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਵਲੋਂ ਕੀਤੀ ਜਾ ਰਹੀ ਪੰਜਾਬੀ ਬੋਲੀ ਦੀ ਵਡਮੁੱਲੀ ਸੇਵਾ ਦੀ ਸ਼ਲਾਘਾ ਕੀਤੀ । ਸਿੱਖ ਮਹਾਨ ਕੋਸ਼ ਦੇ ਕਰਤਾ ਡਾ: ਰਘਬੀਰ ਸਿੰਘ ਬੈਂਸ, ਸ਼ਾਇਰ ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਡਾ: ਦਰਸ਼ਣ ਗਿੱਲ, ਪ੍ਰ: ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਚੀਮਾ, ਗੁਰਚਰਨ ਸਿੰਘ ਟੱਲੇਵਾਲੀਆ, ਦਰਸ਼ਣ ਸਿੰਘ ਮਾਨ, ਬੀਬੀ ਰਾਜਵੰਤ ਕੌਰ ਮਾਨ, ਗੁਰਦੀਪ ਸਿੰਘ ਭੁੱਲਰ, ਗੁਰਮੇਲ ਸਿੰਘ ਬਦੇਸ਼ਾ, ਹਰਦੇਵ ਸਿੰਘ ਗਰੇਵਾਲ ਤੇ ਹੋਰਨਾਂ ਨੇ ਹਾਜ਼ਰ ਹੋ ਕੇ ਉਹਨਾਂ ਦੇ ਬਹੁ ਪੱਖੀ ਵਿਚਾਰਾਂ ਦਾ ਅਨੰਦ ਮਾਣਿਆ । ਇਸ ਅਵਸਰ ਤੇ ਗਿਆਨ ਸਿੰਘ ਕੋਟਲੀ ਨੇ ਆਪਣੀਆਂ ਦੋ ਕਾਵਿ ਪੁਸਤਕਾਂ: "ਨਾਨਕ ਦੁਨੀਆਂ ਕੈਸੀ ਹੋਈ ਅਤੇ "ਨਾਨਕ ਸ਼ਾਇਰ ਇਵ ਕਹਿਆ" ਕੁੱਸਾ ਜੀ ਨੂੰ ਭੇਟ ਕੀਤੀਆਂ ।

*************