Tuesday, February 23, 2010

ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ -ਭੂਪਿੰਦਰ ਧਾਲੀਵਾਲ

ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ  -ਭੂਪਿੰਦਰ ਧਾਲੀਵਾਲ


ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ ੬ ਮਾਰਚ, ੨੦੧੦ ਨੂਂ ਬਾਅਦ ਦੁਪਹਿਰ ੧੨.੩੦ ਵਜੇ ਪ੍ਰੌਗਰੈਸਿਵ ਕਲਚਰ ਸੈਨਟਰ, ਯੂਨਿਟ ਨੰਬਰ ੧੨੬, ੧੩੦ ਸਟਰੀਟ, ਸਰੀ ਵਿਖੇ ਆਯੋਜਤ ਕੀਤਾ ਗਿਆ ਹੈ!
ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ! ਗਿੱਲ ਮੋਰਾਂਵਾਲੀ ਬੀ.ਸੀ. ਦਾ ਪ੍ਰਸਿੱਧ ਸੀਨੀਅਰ ਤੇ ਪ੍ਰੌਢ ਕਵੀ ਹੈ ਅਤੇ ਮਨਜੀਤ ਮੀਤ ਨੇ ਕਾਵਿ-ਨਾਟਕ, ਆਧੁਨਿਕ ਕਵਿਤਾ ਤੇ ਸੰਪਾਦਨ ਦੇ ਖੇਤਰ ਵਿਚ ਜ਼ਿਕਰ ਗੋਚਰਾ ਕੰਮ ਕੀਤਾ ਹੈ!
ਇਸੇ ਸਮਾਗਮ ਵਿਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ(ਇਆਪਾ - ਕੈਨੇਡਾ) ਵਲੋਂ ਮਨਜੀਤ ਮੀਤ ਨੂੰ ਅੰਤਰ-ਰਾਸ਼ਟਰੀ ਸ਼੍ਰੋਮਣੀ ਕਾਵਿ-ਨਾਟਕਾਰ ਤੇ ਕਵੀ ਪੁਰਸਕਾਰ ਨਾਲ ਅਭਿਨੰਦਤ ਕੀਤਾ ਜਾਵੇਗਾ! ਇਹ ਪੁਰਸਕਾਰ ਮਨਜੀਤ ਮੀਤ ਨੂੰ ਉਸਦੇ ਕਾਵਿ-ਨਾਟਕ: "ਅਧੂਰੇ ਪੈਗੰਬਰ" ਤੇ ਉਸਦੀ ਸਮੁੱਚੀ ਕਾਵਿ-ਪ੍ਰਾਪਤੀ ਲਈ ਦਿੱਤਾ ਜਾ ਰਿਹਾ ਹੈ! "ਅਧੂਰੇ ਪੈਗੰਬਰ" ਨੂੰ ਇਸ ਸੰਸਥਾ ਵਲੋਂੰ ਇਸ ਦਹਾਕੇ ਦੀ ਸਰਬੋਤਮ ਪੁਸਤਕ ਘੋਸ਼ਤ ਕੀਤਾ ਗਿਆ ਹੈ!
ਯਾਦ ਰਹੇ ਕਿ ਇਆਪਾ ਦਾ ਇਹ ਪੁਰਸਕਾਰ ਲੈਣ ਵਾਲਿਆਂ ਵਿਚ ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ, ਡਾ. ਹਰਿਭਜਨ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਫਖਰ ਜ਼ਮਾਨ ਤੇ ਅਫਜ਼ਲ ਅਹਿਸਨ ਰੰਧਾਵਾ ਆਦਿ ਤੋਂ ਬਿਨਾਂ ਦੋ ਸਿਰਮੌਰ ਪਰਵਾਸੀ ਪੱਤਰਕਾਰ ਸਵਰਗੀ ਤਾਰਾ ਸਿੰਘ ਹੇਅਰ ਅਤੇ ਤਰਸੇਮ ਸ਼ਿੰਘ ਪੁਰੇਵਾਲ ਦੇ ਨਾਮ ਵੀ ਸ਼ਾਮਿਲ ਹਨ!
ਇਸ ਸਮਾਗਮ ਵਿਚ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ ਸੰਗੀਤ ਦੇ ਨਾਲ ਹੀ ਕਵੀ ਦਰਬਾਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
...........................

ਸ਼ਿਵਚਰਨ ਜੱਗੀ ਕੁੱਸਾ ਐਵਾਰਡ ਲਈ ਨਾਮਜਦ -ਮਨਦੀਪ ਖੁਰਮੀ ਹਿੰਮਤਪੁਰਾ

ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ 'ਪੰਜਾਬੀਜ ਇਨ ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਐਵਾਰਡ ਲਈ ਨਾਮਜਦ   -ਮਨਦੀਪ ਖੁਰਮੀ ਹਿੰਮਤਪੁਰਾ
ਪੰਜਾਬੀ ਦੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ 'ਪੰਜਾਬੀਜ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜਣ ਦਾ ਫੈਸਲਾ ਕੀਤਾ ਹੈ।
ਹੇਜ਼ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਜਾਰੀ ਹੋਏ ਪੱਤਰ ਰਾਹੀਂ 24 ਮਾਰਚ 2010 ਨੂੰ ਪੰਜਾਬੀ ਸੱਭਿਆਚਾਰ ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ, 1 ਵਿਅੰਗ ਸੰਗ੍ਰਹਿ ਅਤੇ ਅਨੇਕਾਂ ਹੀ ਲੇਖ ਪਾਉਣ ਵਾਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਲੰਡਨ ਪਾਰਲੀਮੈਂਟ ਹਾਊਸ ਦੇ ਜੁਬਲੀ ਹਾਲ ਵਿੱਚ ਸਨਮਾਨਤ ਕੀਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਦੌਰਾਨ ਸ੍ਰੀ ਜੱਗੀ ਕੁੱਸਾ ਨੇ ਇਸ ਦਾ ਸਿਹਰਾ ਪਾਠਕਾਂ ਨੂੰ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਮਾਂ ਬੋਲੀ ਦੇ ਸੁਹਿਰਦ ਪਾਠਕਾਂ ਦੀ ਹੀ ਮਿਹਰਬਾਨੀ ਹੈ ਕਿਉਂਕਿ ਜੇ ਪਾਠਕਾਂ ਨੇ ਉਹਨਾਂ ਨੂੰ ਮਣਾਂਮੂੰਹੀਂ ਪਿਆਰ ਨਾਲ ਨਿਵਾਜਿਆ ਹੈ ਤਾਂ ਹੀ ਉਕਤ ਐਵਾਰਡ ਲਈ ਉਹਨਾਂ ਦੀ ਨਾਮਜਦਗੀ ਸੰਭਵ ਹੋਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬੀ ਨਾਵਲਕਾਰੀ ਦੇ ਨਾਲ ਨਾਲ ਜੱਗੀ ਕੁੱਸਾ ਦੇ ਅਤਿ ਮਕਬੂਲ ਹੋਏ ਨਾਵਲ 'ਪੁਰਜਾ ਪੁਰਜਾ ਕਟਿ ਮਰੈ' ਦਾ ਅੰਗਰੇਜੀ ਅਨੁਵਾਦ 'Struggle for Dignity' (ਸਟਰਗਲ ਫਾਰ ਡਿਗਨਟੀ) ਵੀ ਅੰਗਰੇਜੀ ਪਾਠਕਾਂ ਦੇ ਹੱਥਾਂ ਤੱਕ ਪੁੱਜਣ ਕਿਨਾਰੇ ਹੈ ਕਿਉਂਕਿ ਇਸ ਨਾਵਲ ਦਾ ਅੰਗਰੇਜੀ ਅਨੁਵਾਦ ਪ੍ਰਕਾਸ਼ਿਤ ਕਰਨ ਲਈ ਇੰਗਲੈਂਡ ਦੀ ਇੱਕ ਨਾਮਵਾਰ ਪ੍ਰਕਾਸ਼ਨ ਸੰਸਥਾ ਨੇ ਜਿੰਮਾ ਲਿਆ ਹੈ।
..................

Sunday, February 21, 2010

ਜੱਗੀ ਕੁੱਸਾ ਵੱਲੋਂ ਅਫ਼ਸੋਸ -ਗੁਰਦੀਪ ਖੁਰਮੀ ਹਿੰਮਤਪੁਰਾ

ਸ੍ਰੀ ਅਣਖੀ ਅਤੇ ਪ੍ਰੋਫ਼ੈਸਰ ਮਹਿਬੂਬ ਦੇ ਤੁਰ ਜਾਣ 'ਤੇ ਜੱਗੀ ਕੁੱਸਾ ਵੱਲੋਂ ਅਫ਼ਸੋਸ  -ਗੁਰਦੀਪ ਖੁਰਮੀ ਹਿੰਮਤਪੁਰਾ
ਪੰਜਾਬੀ ਦੇ ਦੋ ਸਿਰਮੌਰ ਲੇਖਕ ਤੁਰ ਜਾਣ 'ਤੇ ਲੰਡਨ ਵਸਦੇ ਵਿਸ਼ਵ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਸ੍ਰੀ ਰਾਮ ਸਰੂਪ ਅਣਖੀ ਅਤੇ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਦੀ ਮੌਤ ਨਾਲ ਸਾਹਿਤ ਜਗਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਸਾਡੇ ਪੱਤਰਕਾਰ ਨਾਲ਼ ਭਾਵੁਕ ਮਨ ਨਾਲ ਗੱਲ ਕਰਦਿਆਂ ਜੱਗੀ ਕੁੱਸਾ ਨੇ ਆਖਿਆ ਕਿ ਇਹ ਫ਼ਰਵਰੀ ਮਹੀਨਾਂ ਪੰਜਾਬੀ ਸਾਹਿਤ ਜਗਤ ਲਈ 'ਕਾਲਾ'ਮਹੀਨਾਂ ਹੈ। ਪਹਿਲਾਂ ਡਾਕਟਰ ਟੀ.ਆਰ. ਵਿਨੋਦ, ਫ਼ਿਰ ਸ. ਸੰਤੋਖ ਸਿੰਘ ਧੀਰ ਅਤੇ ਹੁਣ ਸ਼੍ਰੀ ਰਾਮ ਸਰੂਪ ਅਣਖੀ ਅਤੇ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਵੀ ਸਾਨੂੰ ਅਣਡਿੱਠੇ ਕਰ ਤੁਰ ਗਏ, ਇਹ ਘਾਟਾ ਅਸੀਂ ਕਿਹੜੇ ਯੁੱਗ ਪੂਰਾਂਗੇ? ਇਕ ਮਹੀਨੇ ਦੇ ਵਿਚ ਵਿਚ ਚਾਰ ਬਾਬੇ ਬੋਹੜਾਂ ਦਾ ਤੁਰ ਜਾਣਾ ਸਾਹਿਤਕ ਹਲਕਿਆਂ ਲਈ ਇਕ ਸਦਮੇਂ ਵਾਲੀ ਗੱਲ ਹੈ। ਇਕ ਹੋਰ ਸੁਆਲ ਦੇ ਉੱਤਰ ਵਿਚ ਜੱਗੀ ਕੁੱਸਾ ਜੀ ਨੇ ਦੱਸਿਆ ਕਿ ਚਾਹੇ ਸ਼੍ਰੀ ਰਾਮ ਸਰੂਪ ਅਣਖੀ ਮੇਰੇ ਬਾਪ ਦੀ ਉਮਰ ਦੇ ਸਨ, ਪਰ ਉਹਨਾਂ ਨਾਲ ਮੇਰੀ ਬਹੁਤ ਮਿੱਤਰਤਾਈ ਰਹੀ ਹੈ ਅਤੇ ਉਹਨਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ। ਆਖਰ ਵਿਚ ਜੱਗੀ ਕੁੱਸਾ ਨੇ ਸਾਹਿਤ ਦੇ ਇਹਨਾਂ ਸਭ ਮਹਾਂਰਥੀਆਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਅਤੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਲਈ ਪ੍ਰਮਾਤਮਾਂ ਅੱਗੇ ਦੁਆ ਕੀਤੀ।
..........................

Saturday, February 13, 2010

"ਹਾਂ ਪੁੱਤ ਉਏ" ਕਹਿਣ ਵਾਲੇ ਬਾਪੂ ਜੀ -ਚਰਨਜੀਤ ਕੌਰ ਧਾਲੀਵਾਲ (ਸੈਦੋ ਕੇ)


"ਹਾਂ ਪੁੱਤ ਉਏ" ਕਹਿਣ ਵਾਲੇ ਬਾਪੂ ਜੀ   -ਚਰਨਜੀਤ ਕੌਰ ਧਾਲੀਵਾਲ (ਸੈਦੋ ਕੇ)
        (13 ਫ਼ਰਵਰੀ ਨੂੰ ਬਰਸੀ 'ਤੇ ਵਿਸ਼ੇਸ਼) ਜ਼ਿੰਦਗੀ ਵਿਚ ਅਚਨਚੇਤ ਕਈ ਮੁਲਾਕਾਤਾਂ ਅਜਿਹੀਆ ਹੋ ਜਾਂਦੀਆਂ ਹਨ, ਜੋ ਸਦਾ ਲਈ ਦਿਲ ਵਿਚ 'ਘਰ' ਕਰ ਲੈਦੀਆਂ ਹਨ ਅਤੇ ਜੀਵਨ ਦੀਆਂ ਅਭੁੱਲ ਯਾਦਾਂ ਹੋ ਨਿੱਬੜਦੀਆਂ ਹਨ! ਅਭੁੱਲ ਯਾਦ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਦਾ ਸਰਮਾਇਆ ਵੀ ਬਣ ਜਾਂਦੀਆਂ ਹਨ। ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਦੁੱਖ-ਸੁਖ, ਖੁਸ਼ੀ-ਗ਼ਮੀ ਵਿਚ ਲਬਰੇਜ਼ ਰਹਿੰਦੀਆਂ ਹਨ ਜਾਂ ਨਿੱਘੀ ਯਾਦ ਬਣ ਕੇ ਆਨੰਦ ਵੀ ਦਿੰਦੀਆਂ ਹਨ। ਏਸੇ ਤਰਾਂ੍ਹ ਹੀ ਮੇਰੀ ਮੁਲਾਕਾਤ ਹੋਈ 'ਬਾਪੂ' ਪੰਡਤ ਬਰਮਾ ਨੰਦ ਜੀ ਨਾਲ! ਜੋ ਸਾਡੇ ਹਰਮਨ ਪਿਆਰੇ, ਕਲਮ ਦੇ ਧਨੀ, ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਜੀ ਦੇ ਪਿਤਾ ਜੀ ਸਨ। 13 ਫ਼ਰਬਰੀ 2009 ਨੂੰ ਬਾਪੂ ਜੀ ਆਪਣੀਆ ਯਾਦਾਂ ਨੂੰ ਸਾਡੇ ਕੋਲ ਛੱਡ ਕੇ ਹਮੇਸ਼ਾ-ਹਮੇਸ਼ਾ ਲਈ ਇਸ ਸੰਸਾਰ ਨੂੰ ḔਅਲਵਿਦਾḔ ਆਖ ਗਏ।
ਮੈਨੂੰ ਅਕਤੂਬਰ 2008 ਵਿਚ ਬਾਪੂ ਜੀ ਨੂੰ ਮਿਲਣ ਦਾ ਸੁਨਿਹਰੀ ਮੌਕਾ ਮਿਲਿਆ, ਜਦ ਮੈਂ ਲੰਬੇ ਸਮੇਂ ਬਾਅਦ ਜਰਮਨ ਤੋਂ ਕੁਝ ਕੁ ਹਫ਼ਤਿਆਂ ਲਈ ਪੰਜਾਬ ਗਈ। ਸਾਡੇ ਜਾਂਦਿਆ ਨੂੰ ਬਾਪੂ ਜੀ ਖੁੱਲ੍ਹੇ-ਡੁੱਲ੍ਹੇ ਘਰ ਵਿਚ ਵਰਾਂਡੇ ਵਿਚ ਬੈਠੇ ਸਨ। ਸਤਿ ਸ੍ਰੀ ਅਕਾਲ ਮੰਨਣ ਤੋ ਬਾਦ ਬਾਪੂ ਜੀ ਨੇ ਕਿਹਾ, "ਪੁੱਤ ਮੈ ਪਛਾਣਿਆ ਨਹੀਂ...।"
ਜਦੋ ਮੈਂ ਆਪਣਾ ਨਾਮ ਦੱਸਿਆ ਤਾਂ ਉਹਨਾਂ ਨੇ ਝੱਟ ਪਛਾਣ ਲਿਆ, "ਹਾਂ ਪੁੱਤ ਪਛਾਣ ਲਿਆ। ਮੇਰੀ ਅੱਖ Ḕਚ ਲੈਨਜ਼ ਪੁਆਇਆ ਕਰਕੇ ਮੈਨੂੰ ਦੇਖਣ 'ਚ ਅਜੇ ਥੋੜੀ ਤਕਲੀਫ਼ ਹੈ।"
"ਬਹਿ ਜਾਓ ਪੁੱਤ!" ਬਾਪੂ ਜੀ ਨੇ ਕਿਹਾ।
ਮੈ ਕੋਲ ਹੀ ਉਹਨਾਂ ਦੇ ਗੋਡੇ ਨਾਲ ਲੱਗ ਬੈਠ ਗਈ। ਮੈਨੂੰ ਉਹਨਾਂ ਦਾ ਆਪਣੇ ਸਕੇ ਬਾਪ ਨਾਲੋਂ ਵੀ ਵੱਧ ਮੋਹ ਆਉਂਦਾ ਸੀ। ਉਹਨਾਂ ਨੇ ਮੇਰੇ ਨਾਲ ਜਰਮਨ ਭਾਸ਼ਾ ਵਿਚ ਗੱਲ ਕੀਤੀ। ਸ਼ਾਇਦ ਉਹ ਆਪਣਾ ਕੋਈ ਭੁਲੇਖਾ ਦੂਰ ਕਰਨਾ ਚਾਹੁੰਦੇ ਸੀ। ਇਕ ਮਸ਼ਹੂਰ ਨਾਵਲਕਾਰ ਅਤੇ ਨਾਲੋ ਨਾਲ ਪੁਲੀਸ ਅਫ਼ਸਰ ਦਾ ਬਾਪ ਦਿਮਾਗ ਪੱਖੋਂ ਪੂਰਨ ਤੌਰ 'ਤੇ ਸੁਚੇਤ ਸੀ। ਉਦੋਂ ਉਹਨਾਂ ਦੀ ਉਮਰ 77 ਸਾਲ ਦੀ ਸੀ। ਉਹ ਸ਼ ਸਿਮਰਨਜੀਤ ਸਿੰਘ ਮਾਨ ਅਤੇ ਸ਼ ਬਲਵੰਤ ਸਿੰਘ ਰਾਮੂਵਾਲੀਆ ਦੇ ਕੌਮੀ ਸਲਾਹਕਾਰ ਸਨ। ਪਿੰਡ ਦੇ ਪੁਰਾਣੇ-ਨਵੇਂ ਸਰਪੰਚ ਉਹਨਾਂ ਤੋਂ ਹਰ ਕੰਮ ਲਈ ਸਲਾਹ ਲੈਣ ਆਉਂਦੇ ਅਤੇ ਬਾਪੂ ਜੀ ਉਹਨਾਂ ਨੂੰ ਸਲਾਹ ਦੇ ਨਾਲ ਹਰ ਸਹਿਯੋਗ ਵੀ ਦਿੰਦੇ। ਕੁੱਸੇ ਪਿੰਡ ਦੇ ਸੁਧਾਰ ਵਿਚ ਉਹਨਾਂ ਦਾ ਅਥਾਹ ਯੋਗਦਾਨ ਰਿਹਾ ਹੈ ਅਤੇ ਲੋਕ ਉਹਨਾਂ ਦੇ ਅਗਾਂਹ-ਵਧੂ ਕਾਰਜਾਂ ਨੂੰ ਅੱਜ ਵੀ ਸਲਾਹੁੰਦੇ ਨਹੀਂ ਥੱਕਦੇ।
"ਪੁੱਤ ਚਾਹ ਪੀਣੀ ਐ ਤਾਂ ਆਪ ਹੀ ਬਣਾ ਲਉ! ਆਪਣੇ ਰੋਟੀ ਪਕਾਉਣ ਵਾਲੀ ਕੁੜੀ ਤਾਂ ਆਪਦੇ ਘਰੇ ਚਲੀ ਗਈ।" ਬਾਪੂ ਜੀ ਰਸੋਈ ਵੱਲ ਇਸ਼ਾਰਾ ਕਰਦੇ ਬੋਲੇ। ਛੇ ਫ਼ੁੱਟ ਤੋਂ ਵੀ ਉਪਰ ਬਾਪੂ ਜੀ ਦੀ ਅਵਾਜ਼ ਵਿਚ ਬੁੜ੍ਹਾਪੇ ਵਿਚ ਵੀ ਪੂਰਾ ਠਰੰਮਾਂ ਅਤੇ ਰੋਅਬ ਸੀ। ਸਰਕਾਰੇ ਦਰਬਾਰੇ ਵੀ ਉਹਨਾਂ ਦਾ ਸਤਿਕਾਰ ਬਰਕਰਾਰ ਸੀ।
"ਬਾਪੂ ਜੀ ਤੁਹਾਨੂੰ ਬਣਾ ਕੇ ਪਿਆ ਦਿੰਦੇ ਹਾ, ਅਸੀ ਤਾ ਹੁਣੇ ਹੀ ਰੋਟੀ ਖਾ ਕੇ ਆਏ ਹਾਂ।" ਮੇਰਾ ਜਵਾਬ ਸੀ।
"ਨਹੀ ਪੁੱਤ, ਮੈਨੂੰ ਲੋੜ ਨਹੀ, ਮੈ ਹੁਣੇ ਹੀ ਰੋਟੀ ਖਾਧੀ ਐ।" ਬਾਪੂ ਜੀ ਨੇ ਬੜੇ ਮੋਹ ਨਾਲ ਕਿਹਾ।
"ਆਹ ਆਪਣੇ ਘਰੇ ਕੰਮ ਵਾਲੀ ਕੁੜੀ ਵੀ ਹੁਣੇ ਹੀ ਭਾਂਡੇ ਧੋ ਕੇ ਗਈ ਐ ਤੇ ਸੱਤੇ ਹੋਰੀ ਬਾਹਰ ਗੇੜਾ ਮਾਰਨ ਤੁਰ ਗਏ।" ਸੱਤਾ ਅਤੇ ਪ੍ਰੀਤਮ ਬਾਪੂ ਜੀ ਦੇ ਸੇਵਾਦਾਰ ਲੜਕੇ ਰੱਖੇ ਹੋਏ ਸਨ।
"ਬੱਸ ਪੁੱਤ, ਜਦੋ ਸਾਰੇ ਖਿੱਲਰ ਜਾਂਦੇ ਐ, ਫੇਰ ਮੈ Ḕਕੱਲਾ ਰਹਿ ਜਾਨੈ। ਜੁਆਕ ਵੀ ਤਾਂ ਪੁੱਤ ਸੁੱਖ ਨਾਲ ਇੰਗਲੈਂਡ ਰਹਿੰਦੇ ਐ, ਜਿਹੜੀ ਰੌਣਕ ਐ, ਉਹ ਤਾ ਦੂਰ ਬੈਠੀ ਐ!" ਬਾਪੂ ਜੀ ਆਪਣੇ ਦਿਲ ਅਤੇ ਇਕੱਲਤਾ ਦਾ ਦਰਦ ਤੇ ਪਿਆਰ ਜ਼ਾਹਿਰ ਕਰਦੇ ਹੋਏ ਸਾਨੂੰ ਘਰ ਦੀ ਸਾਰੀ ਗੱਲ ਸਮਝਾ ਗਏ।
ਆਪਣੇ ਪ੍ਰੀਵਾਰ ਦੀ ਯਾਦ ਤੇ ਪਿਆਰ ਪ੍ਰਤੀ ਸੁਣ ਕੇ ਸਾਨੂੰ ਬਾਪੂ ਜੀ ਉਦਾਸ ਜਿਹੇ ਲੱਗੇ।
ਮੈ ਬਾਪੂ ਜੀ ਦੀ ਗੱਲ ਦਾ ਛੋਟਾ ਜਿਹਾ ਹੁੰਗਾਰਾ ਦੇ ਕੇ, ਆਪਣੀ ਨਜ਼ਰ ਵਿਹੜੇ ਵਿਚ ਘੁੰਮਾਈ। ਮੈਨੂੰ ਮਹਿਸੂਸ ਹੋਇਆ ਕਿ ਇਹ ਖੁੱਲ੍ਹਾ-ਡੁੱਲ੍ਹਾ ਵਿਹੜਾ, ਜਿਸ ਦੇ ਵਿਚ ਘਰ ਦੇ ਸਾਰੇ ਜੀਅ ਨਹੀ ਸੀ ਸਮਾਏ ਜਾਣੇ, ਤੇ ਨਿਆਣਿਆ ਨੇ ਬਾਪੂ ਜੀ ਦੀ ਸੋਟੀ ਖੋਹ-ਖੋਹ ਕੇ ਭੱਜਣਾ ਸੀ, ਕੀ ਰੌਣਕ ਹੋਣੀ ਸੀ ਇਸ ਵਿਹੜੇ ਵਿਚ, ਜਿਹੜੀ ਬਾਹਰਲੇ ਮੁਲਕਾਂ ਨੇ ਸਾਡੇ ਬਜੁਰਗਾਂ ਕੋਲੋਂ ਖੋਹ ਲਈ ਹੈ। ਮੇਰੀਆਂ ਸੋਚਾਂ ਦੀ ਲੜੀ ਬਾਪੂ ਜੀ ਦੀ ਅਵਾਜ਼ ਅਤੇ ਖੰਘੂਰੇ ਨੇ ਤੋੜ ਦਿਤੀ।
"ਪੁੱਤ ਉਠ ਉਏ, ਇਕ ਕੰਮ ਕਰ..!"
"ਦੱਸੋ ਬਾਪੂ ਜੀ ਕੀ ਕਰਨੈ?" ਮੈਂ ਖੜ੍ਹੀ ਹੁੰਦੀ ਨੇ ਪੁੱਛਿਆ।
"ਆਹ ਫ਼ਰਿੱਜ ਖੋਲ੍ਹ..! ਵਿਚ ਮਠਿਆਈ ਵਾਲਾ ਡੱਬਾ ਪਿਐ, ਲਿਆ ਉਰੇ।" ਉਨ੍ਹਾਂ ਨੇ ਕਿਹਾ।
ਮੈਂ ਫ਼ਰਿੱਜ ਵਿਚੋਂ ਮਠਿਆਈ ਦਾ ਡੱਬਾ ਕੱਢ ਲਿਆਈ ਅਤੇ ਡੱਬਾ ਅਸੀਂ ਖੋਲ੍ਹ ਕੇ ਮੰਜੇ 'ਤੇ ਹੀ ਰੱਖ ਲਿਆ।
"ਖਾਓ ਪੁੱਤ..!" ਤੇ ਇਹ ਕਹਿ ਕੇ ਬਾਪੂ ਜੀ ਵੀ ਸਾਡੇ ਨਾਲ ਖਾਣ ਲੱਗ ਪਏ। ਹਾਲਾਂ ਕਿ ਡਾਕਟਰ ਵੱਲੋਂ ਬਾਪੂ ਜੀ ਨੂੰ ਮਿੱਠਾ ਖਾਣ ਦੀ ਮਨਾਹੀ ਕੀਤੀ ਹੋਈ ਸੀ।
ਖਾਂਦਿਆਂ ਹੀ ਉਨਾਂ ਗੱਲ ਸ਼ੁਰੂ ਕੀਤੀ, "ਪੁੱਤ ਜਦੋ ਸਾਰੇ 'ਕੱਠੇ ਹੋ ਜਾਂਦੇ ਐ, ਮੱਲੋ-ਮੱਲੀ ਜੀਅ ਲੱਗ ਜਾਦੈ, ਬੱਸ 'ਕੱਲਾ ਬੈਠਾ ਮੈ ਥੱਕ ਜਾਨੈ ਪੁੱਤ।"
"ਬਾਪੂ ਜੀ, ਕਿਉ ਨਹੀ ਤੁਸੀਂ ਇੰਗਲੈਡ ਰਹਿਣ ਲੱਗ ਜਾਂਦੇ?" ਮੇਰੇ ਤੋਂ ਨਾ ਚਾਹੁੰਦੇ ਹੋਏ ਵੀ ਆਖਿਆ ਗਿਆ।
"ਫੇਰ ਤਾ ਮੈ ਬਾਹਲਾ 'ਕੱਲਾ ਹੋਜੂੰ ਪੁੱਤ..! ਤੇਰੇ ਬੀਜੀ ਦੇ ਬਿਮਾਰ ਹੋਣ ਤੋਂ ਪਹਿਲਾਂ ਅੱਗੇ ਮੈਂ ਹਰ ਸਾਲ ਆਸਟਰੀਆ ਜਾਂਦਾ ਹੀ ਰਿਹੈਂ? ਚਲੋ ਹੁਣ ਤਾਂ ਉਹ ਬਿਚਾਰੀ ਕਰਮਾਂ ਵਾਲੀ ਨਹੀਂ ਰਹੀ। ਉਹ ਤਾਂ ਸਾਰੇ ਕੰਮਾਂ ਧੰਦਿਆਂ ਵਿਚ ਰੁੱਝ ਜਾਂਦੇ ਹਨ ਤੇ ਜੁਆਕਾਂ ਨੇ ਸਕੂਲਾਂ ਨੂੰ ਭੱਜ ਜਾਣਾਂ ਹੁੰਦੈ, ਮੈਨੂੰ ਕੋਈ ਬੋਲਣ ਚੱਲਣ ਨੂੰ ਨਹੀ ਮਿਲਣਾ, ਉਥੇ ਤਾਂ ਪੁੱਤ ਸੱਥ ਵੀ ਨਹੀ ਮਿਲਣੀ ਬੈਠਣ ਨੂੰ, ਫੇਰ ਮੈ ਕੀ ਕਰੂੰ?"
"ਏਥੇ ਤਾਂ ਆਹ ਬੂਹੇ ਮੂਹਰੇ ਰੌਣਕ ਲੱਗੀ ਰਹਿੰਦੀ ਐ।" ਮੈਂ ਬਾਹਰ ਤਖ਼ਤਪੋਸ਼ 'ਤੇ ਬੈਠੇ ਬੰਦੇ ਦੇਖ ਕੇ ਕਿਹਾ।
"ਕੋਈ ਨਾ ਕੋਈ ਆਇਆ ਗਿਆ ਰਹਿੰਦੈ, ਕੁਛ ਮੇਰੇ ਕੁਛ ਜੱਗੇ ਦੇ ਦੋਸਤ ਮਿੱਤਰ। ਲੰਘਦੇ ਟੱਪਦੇ ਗਾਉਣ ਗੂਣ ਵਾਲੇ ਮੁੰਡੇ ਕੁੜੀਆਂ ਵੀ ਮਿਲ ਜਾਂਦੇ ਐ ਆਪਣੇ ਜੱਗੇ ਕਰਕੇ। ਜਦੋਂ ਮੈਂ ਬਿਮਾਰ ਸੀ, ਮਾਣਕ ਆਇਆ ਪਤਾ ਕਰਨ। ਕਹਿੰਦਾ ਚੱਲ ਬਾਪੂ ਤੈਨੂੰ ਲੁਧਿਆਣੇ ਲੈ ਕੇ ਚੱਲਦੈਂ। ਨਾਲੇ ਇਲਾਜ ਕਰਵਾਊਂ ਤੇ ਨਾਲੇ ਸੁਣਾਊਂ ਕਲੀਆਂ। ਮੈਂ ਕਿਹਾ ਨਹੀਂ ਪੁੱਤ, ਮੈਂ ਪਿੰਡ ਹੀ ਠੀਕ ਹਾਂ।"
ਬਾਪੂ ਜੀ ਦੀਆ ਸੱਚੀਆ ਗੱਲਾਂ ਦਾ ਮੈਂ ਹੁੰਗਾਰਾ ਭਰੀ ਜਾ ਰਹੀ ਸੀ।
ਹੱਸਦੇ ਖੇਡਦੇ ਬਹੁਤ ਸਾਰੀਆ ਗੱਲਾਂ ਕਰਦਿਆਂ ਕਈ ਘੰਟੇ ਕਦੋ ਬੀਤ ਗਏ, ਪਤਾ ਹੀ ਨਹੀ ਲੱਗਿਆ।
ਅਸੀ ਗੱਲਾਂ ਕਰਦੇ-ਕਰਦੇ ਵਿਹੜੇ ਦੀ ਬਾਹਰਲੀ ਬੈਠਕ ਵਿਚ ਚਲੇ ਗਏ। ਉਨ੍ਹਾਂ ਨੇ "ਜੱਗੀ ਕੁੱਸਾ" ਦੀਆ ਵੱਖ ਵੱਖ ਮਸ਼ਹੂਰ ਕਲਾਕਾਰਾਂ ਅਤੇ ਲੇਖਕਾਂ ਨਾਲ ਫੋਟੋਆਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਪੁੱਤ ਆਹ ਬੈਠੈ ਆਪਣਾ ਜੱਗਾ! ਹੁਣ ਤਾਂ ਜੱਗੀ ਕੁੱਸਾ ਬਣਿਆਂ ਫ਼ਿਰਦੈ, ਪਰ ਮੇਰਾ ਤਾਂ ਅਜੇ ਵੀ ਜੱਗਾ ਹੀ ਹੈ!" ਬਾਪੂ ਜੀ ਨੇ ਬਹੁਤ ਹੀ ਪਿਆਰ ਅਤੇ ਭਾਵਨਾਂ ਨਾਲ ਕਿਹਾ। ਬਾਪੂ ਜੀ ਦੇ ਚਿਹਰੇ ਤੋਂ ਪੁੱਤਰ-ਪ੍ਰੇਮ ਅਤੇ ਦੂਰ ਬੈਠੇ ਦੀ ਚੀਸ ਝਲਕਦੀ ਸੀ।
ਅਸੀ ਉਹਨਾ ਦਾ ਜਜ਼ਬਾਤੀ ਹੋਇਆ ਧਿਆਨ ਉਖੇੜਨ ਲਈ ਕਿਹਾ, "ਬਾਪੂ ਜੀ, ਅਸੀ ਜਾਈਏ ਹੁਣ? ਫੇਰ ਹਨ੍ਹੇਰਾ ਹੋ ਜਾਊ।"
"ਪੁੱਤ ਮੈ ਤਾ ਨਹੀ ਕਹਿੰਦਾ ਜਾਉ।" ਬਾਪੂ ਜੀ ਨੇ ਕਿਹਾ।
"ਪਰ ਬਾਪੂ ਜੀ ਤੁਸੀਂ ਰੱਖਦੇ ਵੀ ਨੀ।" ਅਸੀਂ ਬਾਪੂ ਜੀ ਨੂੰ ਮਜ਼ਾਕ ਨਾਲ ਆਖਿਆ।
"ਨਾ ਪੁੱਤ, ਮੈ ਕਦੋ ਕਿਹੈ, ਜਾਹੋ? ਆਹ ਕੁੜੀ ਆ ਜਾਂਦੀ ਐ, ਰੋਟੀ ਖਾਓ ਤੇ ਰਾਤ ਰਹੋ, ਤੁਹਾਡਾ ਆਪਣਾ ਹੀ ਘਰ ਹੈ, ਗੱਲਾਂ ਬਾਤਾਂ ਕਰਾਂਗੇ।"
"ਨਹੀ ਬਾਪੂ ਜੀ, ਜਾਣਾ ਤਾ ਪਵੇਗਾ ਹੀ, ਕੱਲ੍ਹ ਇਕ ਜਰੂਰੀ ਕੰਮ ਹੈ।"
"ਜੇ ਕੋਈ ਜ਼ਰੂਰੀ ਕੰਮ ਐ ਤਾਂ ਠੀਕ ਐ ਪੁੱਤ, ਤੇਰੀ ਮਰਜੀ ਐ, ਪਰ ਜਦੋ ਵੀ ਆਵੇਂ, ਮਿਲ ਕੇ ਜਾਇਆ ਕਰ।"
"ਇਹ ਕਹਿਣ ਵਾਲੀ ਗੱਲ ਹੈ ਬਾਪੂ ਜੀ...? ਕੁੜੀਆ ਪੇਕੀ ਦੱਸ ਕੇ ਨਹੀਂ ਆਉਦੀਆਂ। ਇਹ ਤਾਂ ਸਾਡਾ ਫ਼ਰਜ਼ ਤੇ ਤੁਹਾਡਾ ਪਿਆਰ ਹੈ ਬਾਪੂ ਜੀ ਕਿ ਅਸੀ ਆਪਣੀਆਂ ਬਜੁਰਗ ਰੂਹਾ ਦੀਆ ਅਸ਼ੀਰਵਾਦਾਂ ਲੈਣ ਲਈ ਆਈਏ।"
ਬਾਪੂ ਜੀ ਦਾ ਦਿਲ ਖੁਸ਼ ਹੋ ਗਿਆ। ਉਨ੍ਹਾਂ ਨੇ ਮੈਨੂੰ ਜੱਫੀ ਪਾ ਕੇ ਕਿਹਾ, "ਬੱਲੇ ਉਏ ਪੁੱਤ! ਆਹ ਹੋਈ ਨਾ ਗੱਲ਼..! ਦਿਲ ਠਾਰਤਾ..!"
"ਬਾਪੂ ਜੀ ਖੁੱਲ੍ਹ ਕੇ ਖ਼ੁਰਾਕ ਖਾ ਲਿਆ ਕਰੋ, ਅਜੇ ਤਾਂ ਆਪਾ ਕਬੀਰ ਦਾ ਵਿਆਹ ਕਰਨੈ..!" ਬਾਪੂ ਜੀ ਦੀ ਖੁਸ਼ੀ ਨੂੰ ਵੇਖ ਕੇ ਮੈ ਕਿਹਾ।
"ਪੁੱਤ ਜਿੰਨਾਂ ਮੈ ਖਾ ਜਾਨੈ, ਏਨਾਂ ਤਾ ਉਹ ਦੋਵੇ ਪਿਉ ਪੁੱਤ ਨੀ ਖਾਂਦੇ ਹੋਣੇ!" ਬਾਪੂ ਜੀ ਦਾ ਇਸ਼ਾਰਾ ਆਪਣੇ ਪੁੱਤ-ਪੋਤਰੇ ਵੱਲ ਸੀ।
"ਮੈ ਨਹੀ ਅਜੇ ਬੁੜ੍ਹਾ ਹੁੰਦਾ ਪੁੱਤ! ਦੇਖ ਲੈ ਡੰਡੇ ਵਰਗਾ ਫ਼ਿਰਦੈਂ ਕਿ ਨਹੀਂ?" ਉਹਨਾਂ ਨੇ ਫ਼ਿਰ ਆਪਣੇ ਸੁਭਾਅ ਵਾਲੀ ਬੜ੍ਹਕ ਮਾਰੀ।
"ਚਾਹੀਦਾ ਵੀ ਹੈ ਬਾਪੂ ਜੀ।"
"ਕਬੀਰ ਦੇ ਵਿਆਹ ਨੂੰ ਤੈਨੂੰ ਪਹਿਲਾ ਫੋਨ ਕਰੂੰ ਸ਼ੇਰਾ!" ਬਾਪੂ ਜੀ ਖ਼ੁਸ਼ੀ ਵਿਚ ਗੜੁੱਚ ਹੋਏ ਖੜ੍ਹੇ ਸਨ।
"ਬਾਪੂ ਜੀ, ਜੇ ਭਰਾ-ਭਰਜਾਈ (ਕਬੀਰ ਦੇ ਮੰਮੀ-ਡੈਡੀ) ਨੇ ਨਾ ਸੱਦਿਆ, ਫ਼ੇਰ?"
"ਫੇਰ ਮੈ ਕਾਹਦੇ ਵਾਸਤੇ ਬੈਠੈਂ? ਆਪੇ ਤੇਰੇ ਘਰੇ ਫੋਨ ਖੜਕਾਊਂ, ਨਾਲੇ ਉਹਨਾਂ ਨੂੰ ਖੂੰਡਾ ਦਿਖਾਊਂ, ਅਜੇ ਤੇਰਾ ਪਿਉ ਬੈਠੈ ਭਾਈ!"
"ਮੇਰਾ ਫੋਨ ਬਹੁਤ ਮਹਿੰਗੈ ਬਾਪੂ ਜੀ, ਤੁਹਾਡੇ ਬਹੁਤ ਪੈਸੇ ਲੱਗ ਜਾਣੇ ਐ!"
"ਜਦੋ ਫੋਨ ਕਰਨਾ ਈ ਐ, ਫੇਰ ਪੈਸਿਆ ਦਾ ਕੀ ਫ਼ਿਕਰ ਪੁੱਤ ਮੇਰਿਆ? ਥੋੜੇ ਕੀ ਬਾਹਲੇ ਕੀ? ਮੇਰੇ ਕੋਲੇ ਤਾਂ ਬਾਹਰਲੇ ਡਰਾਫਟ ਆ ਜਾਂਦੇ ਐ, ਮੇਰੇ 'ਕੱਲੇ ਤੋ ਖਾਧੇ ਨੀ ਮੁਕਦੇ ਧੀਏ!" ਬਾਪੂ ਜੀ ਕੋਲ ਚੰਗੀ ਜ਼ਮੀਨ ਜਾਇਦਾਦ ਤੋਂ ਇਲਾਵਾ ਆਸਟਰੀਆ ਤੋਂ ਹਰ ਮਹੀਨੇ ਪੈਨਸ਼ਨ ਵੀ ਆ ਜਾਂਦੀ ਸੀ।
"ਮਹੀਨਾ ਤਾਂ ਕੱਲ੍ਹ ਵਾਂਗੂੰ ਆ ਜਾਂਦੈ, ਨਾਲੇ ਪੁੱਤ ਕਿਹੜਾ ਕਿਸੇ ਨੇ ਪੈਸੇ ਨਾਲ ਲੈ ਕੇ ਜਾਣੇ ਐਂ? ਏਥੇ ਈ ਛੱਡ ਜਾਣੇ ਐ।" ਬਾਪੂ ਜੀ ਆਪਣੇ ਵਾਅਦੇ ਦੀ ਗਰੰਟੀ ਦੇ ਕੇ, ਹੁਣ ਹਾਸੇ ਵਜੋਂ ਮੇਰੇ 'ਤੇ ਸਵਾਲ ਕਰਨ ਲੱਗ ਪਏ।
"ਪੁੱਤ ਜੇ ਤੇਰੇ ਸਹੁਰਿਆ ਨੇ ਨਾ ਆਉਣ ਦਿੱਤਾ?" ਬਾਪੂ ਜੀ ਮਜ਼ਾਕ ਨਾਲ ਧੀ ਦਾ ਪਿਆਰ ਫ਼ਰੋਲਣ ਲੱਗ ਪਏ।
"ਸਹੁਰੇ ਆਪਣੇ ਥਾਂ, ਬਾਪੂ ਜੀ ਤੁਸੀ ਆਪਣੇ ਥਾਂ! ਮੇਰੇ ਸਹੁਰੇ ਮੈਨੂੰ ਕੁਛ ਨਹੀਂ ਆਖਦੇ।" ਮੈ ਕਿਹਾ।
"ਪੁੱਤ ਫੇਰ ਤੇਰੇ ਨਾਲ ਲੜਨਗੇ।" ਬਾਪੂ ਜੀ ਹੱਸੀ ਜਾ ਰਹੇ ਸਨ।
"ਤੁਹਾਡੇ ਹੁੰਦਿਆ ਮੇਰੇ ਨਾਲ ਕੌਣ ਲੜੂ ਬਾਪੂ ਜੀ? ਉਹ ਤੁਹਾਡੇ ਤੋ ਤਕੜੇ ਤਾਂ ਨਹੀ ਹੋ ਸਕਦੇ?"
ਬਾਪੂ ਜੀ ਦਾ ਖੁਸੀ ਤੇ ਹੌਸਲੇ ਨਾਲ ਸੀਨਾ ਚੌੜਾ ਹੋ ਗਿਆ।
"ਜਿਉਦੀ ਵਸਦੀ ਰਹਿ ਪੁੱਤ! ਮੈਂ ਤਾਂ ਤੇਰੇ ਨਾਲ ਹਾਸਾ ਮਜ਼ਾਕ ਹੀ ਕਰਦੈਂ! ਏਸੇ ਤਰਾ੍ਹ ਹੱਸਦੇ ਖੇਡਦੇ ਆਇਆ ਕਰੋ ਤੇ ਹੱਦੇ ਖੇਡਦੇ ਹੀ ਜਾਇਆ ਕਰੋ! ਪੁੱਤ ਤੂੰ ਤਾ ਮੇਰਾ ਦਿਲ ਹਲਕਾ ਕਰ ਦਿੱਤਾ ਉਏ!" ਬਾਪੂ ਜੀ ਹੱਸ ਪਏ। ਜਿਵੇਂ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੋ ਗਿਆ ਸੀ।
ਗੱਲਾਂ ਬਾਤਾਂ ਕਰਦੇ, ਇਜਾਜ਼ਤ ਮੰਗ ਕੇ ਤੁਰਨ ਲੱਗੇ ਤਾਂ ਬਾਪੂ ਜੀ ਨੂੰ ਘੁੱਟ ਕੇ ਜੱਫੀ ਪਾ ਕੇ ਕਿਹਾ, "ਬਾਪੂ ਜੀ ਮੈਂ ਜਾ ਕੇ ਫ਼ੋਨ ਕਰੂੰਗੀ।"
ਬੜੇ ਮੋਹ ਅਤੇ ਸਨੇਹ ਨਾਲ ਬਾਪੂ ਜੀ ਨੇ ਸਿਰ ਪਲੋਸਿਆ। ਢੇਰ ਸਾਰੀਆ ਅਸੀਸਾਂ ਝੋਲੀ ਵਿਚ ਪੁਆ ਕੇ ਅਸੀਂ ਗੱਡੀ ਵਿਚ ਬੈਠ ਗਏ।
ਬਾਪੂ ਜੀ ਸੋਟੀ ਦੇ ਉਪਰ ਆਪਣਾ ਪੂਰਾ ਭਾਰ ਦੇ ਕੇ, ਸਾਨੂੰ ਹੱਥ ਹਿਲਾਉਦੇ ਰਹੇ। ਨਾਲ ਹੀ ਗੱਡੀ ਦੇ ਮੋੜ ਕੱਟ ਲੈਣ 'ਤੇ ਬਾਪੂ ਜੀ ਮੇਰੀਆ ਅੱਖਾਂ ਤੋ ਉਹਲੇ ਹੋ ਗਏ। ਕੀ ਪਤਾ ਸੀ ਕਿ ਬਾਪੂ ਜੀ ਨਾਲ ਸਾਡੀ ਇਹ 'ਆਖਰੀ' ਮਿਲਣੀ ਸੀ?
ਉਹਨਾਂ ਦੇ ਪਿਆਰ ਨੂੰ ਲੈ ਕੇ ਅਸੀ ਉਨਾਂ ਨੂੰ ਏਥੇ ਆ ਕੇ ਵੀ ਫੋਨ ਕਰਦੇ ਰਹੇ।
ਬਾਪੂ ਜੀ ਜਦੋ ਬੋਲਦੇ ਏਹੀ ਕਹਿੰਦੇ, "ਹਾ ਪੁੱਤ ਉਏ...! ਕੀ ਹਾਲ ਐ...?"
ਉਹਨਾਂ ਦੇ ਸੰਸਾਰ ਨੂੰ ਛੱਡ ਜਾਣ ਤੋ ਤਿੰਨ ਕੁ ਹਫਤੇ ਪਹਿਲਾ ਮੇਰੀ ਗੱਲ ਹੋਈ। ਮੈ ਕਿਹਾ, "ਬਾਪੂ ਜੀ ਆਪਣਾ ਖਿਆਲ ਰੱਖਿਆ ਕਰੋ!" ਉਹ ਪੂਰੀ ਚੜ੍ਹਦੀ ਕਲਾ ਵਿਚ ਬੋਲੇ, "ਪੁੱਤ ਹੁਣ ਤਾ ਠੰਢ ਲੰਘ ਗਈ, ਹੁਣ ਨਹੀ ਮੈਨੂੰ ਕੁਛ ਹੁੰਦਾ, ਤੂੰ ਮੇਰਾ ਬਹੁਤਾ ਨਾ ਫਿਕਰ ਕਰਿਆ ਕਰ!"
ਉਨ੍ਹਾਂ ਦੀਆ ਚੜ੍ਹਦੀ ਕਲਾ ਅਤੇ ਹੌਸਲੇ ਵਾਲੀਆ ਗੱਲਾ ਸੁਣ ਕੇ ਮੇਰਾ ਵੀ ਦਿਲ ਹੌਂਸਲੇ ਅਤੇ ਉਤਸ਼ਾਹ ਵਿਚ ਆ ਜਾਂਦਾ।
ਪਰ ਜਦ ਅਚਾਨਕ ਖ਼ਬਰ ਮਿਲੀ ਕਿ ਬਾਪੂ ਜੀ ਨਹੀ ਰਹੇ, ਤਾਂ ਦਿਲ ਨੂੰ ਧੱਕਾ ਜਿਹਾ ਲੱਗਿਆ। ਯਕੀਨ ਨਹੀ ਸੀ ਹੋ ਰਿਹਾ ਕਿਉਕਿ ਉਹ ਤਾਂ ਬਿਲਕੁਲ ਤੰਦਰੁਸਤ ਸਨ।
ਇਸੇ ਦੁੱਖ ਵਿਚ ਦਿਲ ਕਦੇ-ਕਦੇ ਆਪ ਮੁਹਾਰੇ ਹੀ ਬੋਲ ਪੈਦਾ ਹੈ ਕਿ ਬਾਪੂ ਜੀ ਤੁਸੀ ਆਪਣੀ ਧੀ ਨਾਲ 'ਫੇਰ ਮਿਲਣ' ਦਾ ਵਾਅਦਾ ਕਰ ਕੇ ਚਲੇ ਗਏ, ਕਿਉ ਕੀਤਾ ਤੁਸੀ ਮੇਰੇ ਨਾਲ ਇਹ ਝੂਠਾ ਵਾਅਦਾ? ਕਿਉਂ ਨਹੀਂ ਦੱਸਿਆ ਆਪਣੀ ਮੂੰਹ ਬੋਲੀ ਧੀ ਨੂੰ ਜਾਣ ਲੱਗਿਆਂ? ਮੇਰਾ ਇਹ ਗ਼ਿਲਾ ਬਾਪੂ ਜੀ ਨਾਲ ਹਮੇਸ਼ਾ ਰਹੇਗਾ!
ਬਾਪੂ ਜੀ ਨੂੰ ਇਸ ਸੰਸਾਰ ਨੂੰ 'ਅਲਵਿਦਾ' ਕਹੇ ਇਕ ਸਾਲ ਗੁਜਰ ਗਿਆ। ਪਰ ਉਨਾਂ ਦੀਆ ਮੁਲਾਕਾਤਾਂ, ਚੜ੍ਹਦੀ ਕਲਾਂ ਵਾਲੀਆ ਗੱਲਾਂ, ਬੁਲੰਦ ਹੌਸਲੇ ਹਮੇਸ਼ਾ ਹੀ ਸਾਡੇ ਆਸ ਪਾਸ ਉਨਾਂ ਦੀਆਂ ਯਾਦਾਂ ਬਣਕੇ ਰਹਿਣਗੇ। ਬਾਪੂ ਜੀ ਵਰਗੀਆ ਪਾਕ ਰੂਹਾਂ ਦਾ ਸਬੱਬ ਨਾਲ ਮੇਲ ਹੁੰਦਾ ਹੈ। ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਕਿ ਮੈ ਬਾਪੂ ਜੀ ਨਾਲ ਖੁੱਲ੍ਹਾ ਸਮਾਂ ਬਿਤਾਇਆ, ਜੋ ਮੇਰੀ ਜਿੰਦਗੀ ਦੀ ਇਕ ਅਭੁੱਲ ਯਾਦ ਅਤੇ ਮੇਰੇ ਲਈ ਕਈ ਪੱਖਾਂ ਤੋਂ ਪ੍ਰੇਰਨਾਂ ਸਰੋਤ ਹੈ। ਰੱਬ ਬਾਪੂ ਜੀ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ੇ!
----------------

Tuesday, February 9, 2010

ਪੰਜਾਬੀ ਸਾਹਿਤ ਸਭਾ ਜੈਤੋ ਦਾ ਸਲਾਨਾ ਸਮਾਰੋਹ -ਹਰਦਮ ਸਿੰਘ ਮਾਨ

ਪੰਜਾਬੀ ਸਾਹਿਤ ਸਭਾ ਜੈਤੋ ਦਾ ਸਲਾਨਾ ਸਮਾਰੋਹ
ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਦਾ ਸਨਮਾਨ -ਹਰਦਮ ਸਿੰਘ ਮਾਨ
         ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਫਿਰ ਲੋਕ ਗਾਇਕ ਤਰਲੋਕ ਵਰਮਾ ਅਤੇ ਅਨਮੋਲਪ੍ਰੀਤ ਘਣੀਆਂ ਨੇ ਮਰਹੂਮ ਉਸਤਾਦ ਸ਼ਾਇਰ ਦੀਪਕ ਜੈਤੋਈ ਅਤੇ ਪ੍ਰੋ. ਰੁਪਿੰਦਰ ਮਾਨ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾ। ਹਰਮੇਲ ਪਰੀਤ ਨੇ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਬਾਰੇ ਮਹਾਨ ਦੇਣ ਬਾਰੇ ਚਰਚਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਸ ਦੇ ਸਾਹਿਤਕ ਕਾਰਜ ਬਾਰੇ ਚਾਨਣਾ ਪਾਇਆ। ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ ਨੇ ਜਸਵੰਤ ਜ਼ਫਰ ਦੇ ਕਾਵਿ ਖੇਤਰ ਦੀ ਗੱਲ ਕੀਤੀ ਅਤੇ ਡਾ. ਜੈਨਇੰਦਰ ਚੌਹਾਨ ਨੇ ਜਸਵਿੰਦਰ ਦੇ ਸਹਿਤਕ ਜੀਵਨ ਤੇ ਝਾਤ ਪੁਆਈ। ਸਭਾ ਵੱਲੋਂ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਅਤੇ ਜਸਵੰਤ ਜ਼ਫਰ ਨੂੰ ਪ੍ਰੋ. ਰੁਪਿੰਦਰ ਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਦੇਣ ਦੀ ਰਸਮ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰਾਂ ਨੇ ਅਦਾ ਕੀਤੀ। ਡਾ. ਸੁਰਜੀਤ ਪਾਤਰ ਨੇ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ ਲਈ ਕੀਤੀ ਘਾਲਣਾ ਅਤੇ ਉਨ੍ਹਾਂ ਦੀ ਨਿਮਰਤਾ ਦੀ ਗੱਲ ਕੀਤੀ। ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਨੂੰ ਤੜਪ ਦਾ ਸਮੁੰਦਰ ਦਸਦਿਆਂ ਕਿਹਾ ਕਿ ਉਹ ਪੰਜਾਬ ਦੀ ਧਰਤੀ ਨੂੰ ਬੇਚੈਨੀ ਚੋਂ ਉਭਾਰਨ ਲਈ ਸਾਂਝਾ ਸੁਪਨਾ ਦੇਣ ਲਈ ਯਤਨਸ਼ੀਲ ਸੀ। ਉਨ੍ਹਾਂ ਸਨਮਾਨਿਤ ਸ਼ਾਇਰ ਜਸਵਿੰਦਰ ਵੱਲੋਂ ਪੰਜਾਬੀ ਗ਼ਜ਼ਲ ਵਿਚ ਸੂਖਮਤਾ ਲਿਆਉਣ ਅਤੇ ਧਰਤੀ ਨਾਲ ਸਬੰਧਤ ਬਿੰਬ ਸਿਰਜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ਾਇਰਾਂ ਦੀ ਬਦੌਲਤ ਪੰਜਾਬੀ ਗ਼ਜ਼ਲ ਦਾ ਭਵਿੱਖ ਬਹੁਤ ਉਜਲ ਹੈ। ਸ੍ਰੀ ਪਾਤਰ ਨੇ ਕਿਹਾ ਕਿ ਜਸਵੰਤ ਜ਼ਫਰ ਨੇ ਵਿਵੇਕ, ਸੋਚ ਅਤੇ ਸ਼ਕਤੀ ਦੇ ਜ਼ੋਰ ਨਾਲ ਪੰਜਾਬੀ ਕਾਵਿ ਵਿਚ ਨਵੇਂ ਬਿੰਬ ਅਤੇ ਧਰਾਤਲ ਸਿਰਜੇ ਹਨ। ਵਿਸ਼ੇਸ਼ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਪਵਨ ਗੋਇਲ ਨੇ ਸਨਮਾਨਿਤ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ। ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਭਾ ਲਈ ਆਰਥਿਕ ਮਦਦ ਦਿੱਤੀ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਅਜੇ ਤੱਕ ਪੜ੍ਹਾਕੂ ਨਹੀਂ ਬਣ ਸਕੇ ਇਹ ਸਰੋਤੇ ਹੀ ਹਨ। ਉਨ੍ਹਾਂ ਕਿਹਾ ਸਮਾਜ ਤੋਂ ਟੁੱਟਿਆ ਹੋਇਆ ਕੋਈ ਵੀ ਸਾਹਿਤ ਕਹਾਉਣ ਦਾ ਹੱਕਦਾਰ ਨਹੀਂ। ਉਨ੍ਹਾਂ ਪੰਜਾਬੀ ਦੇ ਕੁੱਝ ਆਧੁਨਿਕ ਕਵੀਆਂ ਵੱਲੋਂ ਪੰਜਾਬੀ ਕਵਿਤਾ ਨੂੰ ਯੂਰਪੀ ਮਾਡਲ ਵਿਚ ਫਿੱਟ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਦੁੱਖ ਪਿਛਲੇ ਢਾਈ ਹਜਾਰ ਸਾਲਾਂ ਦੌਰਾਨ ਪੰਜਾਬੀਆਂ ਨੇ ਆਪਣੇ ਜਿਸਮਾਂ ਤੇ ਸਹੇ ਹਨ ਓਨੇ ਹੋਰ ਕਿਸੇ ਨੇ ਨਹੀਂ ਸਹੇ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਜੀਤ ਪਾਤਰ, ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਰਾਜਿੰਦਰਜੀਤ, ਸੁਨੀਲ ਚੰਦਿਆਣਵੀ, ਸਤਵਰਨ ਦੀਪਕ, ਮਨਜੀਤ ਕੋਟੜਾ, ਕੁਲਵਿੰੰਦਰ ਬੱਛੋਆਣਾ, ਡਾ. ਦਵਿੰਦਰ ਸ਼ਰਮਾ ਅਤੇ ਗੁਰਪੀ੍ਰਤ ਸਿੰਘ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਵਿਚ ਹਰਜਿੰਦਰ ਢਿੱਲੋਂ, ਮੰਗਤ ਰਾਮ ਸ਼ਰਮਾ, ਭੁਪਿੰਦਰ ਜੈਤੋ, ਗੁਰਮੀਤ ਸਿੰਘ ਧਾਲੀਵਾਲ, ਬਲਦੇਵ ਬੰਬੀਹਾ, ਨਰੇਸ਼ ਰੁਪਾਣਾ, ਸੁੰਦਰ ਪਾਲ ਪ੍ਰੇਮੀ, ਬਲਦੇਵ ਸਿੰਘ ਸੰਧੂ, ਖੁਸ਼ਵੰਤ ਬਰਗਾੜੀ, ਮਾਸਟਰ ਕਰਤਾ ਰਾਮ, ਬਲਵੀਰ ਸਿੰਘ ਜਿਗਰੀ, ਬਲਕਰਨ ਸੂਫੀ, ਤੇਜਾ ਸਿੰਘ ਜੇ. ਈ., ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਅਤੇ ਵੱਡੀ ਗਿਣਤੀ ਵਿਚ ਸਾਹਿਤ ਦੇ ਪਾਠਕ ਸ਼ਾਮਲ ਹੋਏ। ਸਟੇਜ ਦਾ ਸੰਚਾਲਣ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਗਮ ਦੇ ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਸਭਨਾਂ ਦਾ ਧੰਨਵਾਦ ਕੀਤਾ।
....................