Wednesday, September 23, 2009

ਸਾਡੇ ਧਰਮ ਪ੍ਰਚਾਰਕ ਜਾਂ ਕੈਸ਼ੀਅਰ -ਰਣਜੀਤ ਸਿੰਘ ਦੂਲੇ


ਸਾਡੇ ਧਰਮ ਪ੍ਰਚਾਰਕ ਜਾਂ ਕੈਸ਼ੀਅਰ  -ਰਣਜੀਤ ਸਿੰਘ ਦੂਲੇ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਹਮੇਸ਼ਾ ਸਾਡੇ ਭਾਰਤ ਤੋਂ ਆਮ ਸਾਧ ਸੰਤ ਬਾਬੇ ਤੇ ਕੀਰਤਨੀਏਂ ਤੇ ਕਵੀਸ਼ਰੀ ਜੱਥੇ ਬਾਹਰ ਆਉਂਦੇ ਰਹਿੰਦੇ ਨੇ ! ਇੱਹ ਆਮ ਕਰਕੇ ਗਰਮੀਆਂ ਨੂੰ ਜਿਆਦਾ ਬਾਹਰ ਨਿਕਲਦੇ ਨੇ ਕਿਉਂਕਿ ਭਾਰਤ ਵਿੱਚ ਗਰਮੀਂ ਜਿਆਦਾ ਵੱਧ ਜਾਂਦੀ ਹੈ ਤੇ ਇਹਨਾਂ ਵਿਚਾਰਿਆ ਦੇ ਸਰੀਰ ਨਹੀਂ ਝੱਲ ਸਕਦੇ ਕਿਉਂਕਿ ਇਹਨਾਂ ਕਿਹੜਾ ਝੋਨੇਂ ਚੋ ਕੱਖ ਕਢਿਆ ਹੁੰਦਾ ਵੀ ਗਰਮੀ ਸਹਾਰ ਲੈਣਗੇ ! ਨਾਲੇ ਇੰਨਾਂ ਕੜਾਹ ਖਾ ਕੇ ਗਰਮੀ ਝੱਲਣੀ ਕੋਈ ਸੌਖੀ ਗੱਲ ਨੀ! ਫਿਰ ਇੱਹ ਟੇਡੀ ਝਾ੍ਹਕ ਜਹੀ ਬਾਹਰ ਨੂੰ ਮਾਰਦੇ ਨੇ ਜੇ ਤਾਂ ਕਿਸੇ ਨੂੰ ਕਿਸੇ ਗੁਰੂਘਰ ਦਾ ਪ੍ਰਧਾਂਨ ਜਾਣਦਾ ਪਛਾਣਦਾ ਹੈ ਫਿਰ ਤੇ ਸੋਨੇ ਤੇ ਸੁਹਾਗਾ ਨਹੀਂ ਤਾਂ ਫਿਰ ਇਧਰ ਉਧਰ ਦੀ ਹੋਕਿ ਕੋਈ ਨਾਂ ਕੋਈ ਅੰਗਲੀ ਸ਼ੰਗਲੀ ਮਾਰ ਕੇ ਇੱਥੇ ਪਹੁੰਚ ਜਾਂਦੇ ਨੇ ! ਫਿਰ ਨਾਲੇ ਤਾਂ ਗਰਮੀਂ ਤੋਂ ਬੱਚ ਜਾਂਦੇ ਨੇ ਨਾਲੇ ਸੈਰ ਸਪਾਟਾ ਵੀ ਹੋ ਜਾਂਦੈ ਤੇ ਨਾਲ ਹੀ ਕਰਾਰੇ ਕਰਾਰੇ ਐਰੋ ਵੀ ਬਣਾਂ ਲੈਂਦੇ ਨੇ ! ਜਾਣੀ ਕਿ ਨਾਲੇ ਵਿਸਾਖੀ ਦੇ ਮੇਲਾ ਤੇ ਨਾਲੇ ਬਗੜ ਦਾ ਸੌਦਾ!
ਫਿਰ ਇਹ ਧਰਮ ਨੂੰ ਕਿਨ੍ਹੀ ਕਿ ਐਹਮੀਅਤ ਦਿੰਦੇ ਨੇ ਇੱਸ ਦੀ ਇੱਕ ਮਿਸਾਲ ਮੈਂ ਆਪ ਜੀ ਅੱਗੇ ਪੇਸ਼ ਕਰਨ ਜਾ ਰਿਹਾ ਹਾਂ!
ਪਿਛਲੇ ਦੋ ਕਿ ਮਹੀਨਿਆਂ ਤੋ ਇਕ ਕਵੀਸ਼ਰੀ ਜੱਥਾ ਇੱਥੇ ਪਧਾਰਿਆ ਹੋਇਆ ਹੈ ! ਮੈ ਇੱਥੇ ਨਾਂ ਨਹੀਂ ਲਿਖਾਂਗਾ ਕਿਉਂਕਿ ਬਾਈਰਨ ਦੇ ਤਾਂ ਤਕਰੀਬਨ ਹਰ ਗੁਰੂਘਰ „ਚ" ਹੀ ਇੰਨ੍ਹਾਂ ਨੇ ਹਾਜ਼ਰੀ ਭਰੀ ਹੈ ! ਸਾਰੇ ਸੰਮਝ ਹੀ ਜਾਣਗੇ ! ਸਾਡੇ ਗੁਰੂ ਘਰ ਵੀ ਇਹਨਾਂ ਦੋ ਤਿੰਨ ਵਾਰੀ ਆਪਣੇ ਧਰਮ ਪ੍ਰਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ! ਪਿਛਲੇ ਤੋਂ ਪਿਛਲੇ ਹਫਤੇ ਐਤਵਾਰ ਨੂੰ ਇਸ ਮਹਾਨ ਕਵੀਸ਼ਰੀ ਜੱਥੇ ਨੇ ਫਿਰ ਹਾਜ਼ਰੀ ਭਰੀ ਬੜਾ ਜੋਰ ਲਾ ਲਾ ਕਿ ਤੇ ਉੱਚੀ ਉੱਚੀ ਇਹਨਾਂ ਨੇ ਸਿੱਖ ਇਤਿਹਾਸ ਵਾਰੇ ਚਾਨਣਾਂ ਪਾਇਆ ਕੋਈ ਦੋ ਕਿ ਘੰਟੇ ਇਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਪਤੀ ਦੇ ਬਾਅਦ ਜੋ ਮਾਇਆ ਸੰਗਤਾਂ ਵਲੋਂ ਭੇਟ ਕੀਤੀ ਗਈ ਸੀ ਉੱਹ ਇਸ ਦਾਸ ਨੇ ਬੜੇ ਅੱਦਬ ਸਤਿਕਾਰ ਨਾਲ ਸੰਗਤ ਦੀ ਹਜੂਰੀ ਵਿੱਚ ਉਹਨਾਂ ਦੇ ਹਵਾਲੇ  ਕਰ ਦਿੱਤੀ ਤੇ ਸਾਰੀ ਸੰਗਤ ਲੰਗਰ ਪਾਣੀ ਛੱਕ ਕਿ ਆਪੋ ਆਪਣੇ ਘਰਾਂ ਨੂੰ ਚਲ਼ੀ ਗਈ ! ਇਸ ਤੋਂ ਬਾਅਦ ਦੋ ਚਾਰ ਸਿੱਖ ਉੱਥੇ ਰਿਹ ਗਏ ਹੋਣਗੇ ! ਜੋ ਸ਼ਾਇਦ ਉੱਹ ਆਮ ਹੀ ਲੇਟ ਤੱਕ ਰਹਿੰਦੇ ਹੋਣਗੇ ! ਖੈਰ ਬਾਅਦ „ਚ" ਇੱਸ ਕਵੀਸ਼ਰੀ ਜੱਥੇ ਨੇ ਇੱਕ ਸਿੱਖ ਨੂੰ ਕਿਹਾ ਕਿ ਸਰਦਾਰ ਜੀ ਜੋ ਪੈਸਾ ਸਟੇਜ ਤੇ ਅਕੱਤਰ ਹੋਇਆ ਸੀ ਉਹ ਸਾਰਾ ਸਾਡੇ ਕੋਲ ਨਹੀਂ ਪਹੁੰਚਿਆ ਤਾਂ ਸਿੱਖ ਨੇ ਪੁਛਿਆ ਇਹ ਕਿਸ ਤਰਾਂ ਹੋ ਸਕਦਾ ਹੈ ਪੈਸੇ ਤੇ ਤੁਹਾਨੂੰ ਉਪਰ ਹੀ ਦੇ ਦਿੱਤੇ ਗਏ ਸੀ ! ਤਾਂ ਇਹਨਾਂ ਨੇ ਕਿਹਾ ਕਿ ਅਸੀਂ ਸਟੇਜ਼ ਤੇ ਦੇਖਦੇ ਰਹੇ ਸੀ ਉਹਨਾਂ ਪੈਸਿਆਂ ਵਿੱਚ ਦੋ ਦਸਾਂ ਦੇ ਨੋਟ੍ਹ ਸੀ ਬਾਕੀ ਪੰਜ ਪੰਜ ਦੇ ਤੇ ਸਾਡੇ ਕੋਲ ਤੇ ਸਿਰਫ ਇੱਕ ਹੀ ਦਸਾਂ ਦਾ ਨੋਟ੍ਹ ਆਇਆ ਤੇ ਦੂਸਰਾ ਨੋਟ੍ਹ ਕਿਧਰ ਗਿਆ ! ਹੋ ਸਕਦਾ ਵਈ ਕੋਈ ਚੇਂਜ਼ ਲੈ ਗਿਆ ਹੋਵੇ ਜੋ ਕਿ ਆਪਣੇ ਆਮ ਹੀ ਚਲਦਾ ਰਹਿੰਦਾ ਹੈ ! ਜਿਸ ਵੱਲ਼ ਇੱਹ ਸ਼ਾਇਦ ਧਿਆਂਨ ਦੇਣਾਂ ਭੁੱਲ ਗਏ ਜਾਂ ਇਹਨਾਂ ਦੀ ਕਾਂ ਅੱਖ ਧੋਖਾ ਖਾ ਗਈ !
ਹੁਣ ਇੱਹ ਫੈਸਲਾ ਸੰਗਤ ਨੇ ਕਰਨਾਂ ਹੈ ਕਿ ਸਾਡੇ ਧਰਮ ਪ੍ਰਚਾਰਕਾਂ ਦਾ ਸਹੀ ਧਿਆਂਨ ਕਿੱਧਰ ਹੈ ?
ਨੋਟ੍ਹਾਂ ਵੱਲ ਜਾਂ ਪ੍ਰਚਾਰ ਵੱਲ ?

................

Thursday, September 17, 2009

ਉਤਰੀ ਅਮ੍ਰੀਕਨ ਫੇਰੀ ਤੇ ਆਏ ਅਜਾਇਬ ਕਮਲ ਨਾਲ ਕੁਝ ਖੁੱਲ੍ਹੀਆਂ ਗੱਲਾਂ -ਸੁਖਿੰਦਰ

ਉਤਰੀ ਅਮ੍ਰੀਕਨ ਫੇਰੀ ਤੇ ਆਏ ਅਜਾਇਬ ਕਮਲ ਨਾਲ ਕੁਝ ਖੁੱਲ੍ਹੀਆਂ ਗੱਲਾਂ    -ਸੁਖਿੰਦਰ

?ਅਜਾਇਬ ਕਮਲ ਸਾਹਿਬ, ਪੰਜਾਬੀ ਕਵਿਤਾ ਨਾਲ ਸਬੰਧਤ ਰਹੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚ ਤੁਹਾਡਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ। ਕਵਿਤਾ ਦੇ ਖੇਤਰ ਵਿੱਚ ਤੁਸੀਂ ਜਦੋਂ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਸਾਹਿਤਕ ਮਾਹੌਲ ਕਿਹੋ ਜਿਹਾ ਸੀ?
- ਸੁਖਿੰਦਰ ਜੀ, ਜਦੋਂ ਅਸੀਂ ਕਵਿਤਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ 55,56 ਜਾਂ 60ਵਿਆਂ ਵਿੱਚ ਤਾਂ ਉਸ ਵੇਲੇ ਪ੍ਰਗਤੀਵਾਦੀ ਕਵਿਤਾ ਜਾਂ ਰੋਮਾਂਸਵਾਦੀ ਪ੍ਰਗਤੀਵਾਦੀ ਕਵਿਤਾ ਆਪਣੇ ਸਿਖਰਾਂ ਉੱਤੇ ਸੀ। ਇਸਦਾ ਆਰੰਭ ਤਕਰੀਬਨ 1935 ਤੋਂ ਹੋ ਚੁੱਕਾ ਸੀ। ਇਸਦਾ ਭਾਵ ਹੈ ਕਿ ਉਹ ਲਹਿਰ ਲੱਗ ਭੱਗ 25 ਕੁ ਵਰੇ੍ਹ ਚਾਲੂ ਰਹੀ ਤੇ ਉਸਦਾ ਬੋਲਬਾਲਾ ਰਿਹਾ। ਉਦੋਂ ਇਨ੍ਹਾਂ ਸਾਲਾਂ ਬਾਹਦ ਉਹ ਤਕਰੀਬਨ ਆਪਣੀਆਂ ਸਾਰੀਆਂ ਵਿਕਾਸਮੁਖੀ ਸੰਭਾਵਨਾਵਾਂ ਹੰਢਾ ਚੁੱਕੀ ਸੀ। ਉਸਦੇ ਬਿੰਬ ਤੇ ਪ੍ਰਤੀਕ ਵੀ ਪੁਰਾਣੇ ਹੋ ਚੁੱਕੇ ਸਨ - ਸ਼ਬਦਾਵਲੀ ਤੇ ਮੁਹਾਵਰਾ ਵੀ। ਉਨ੍ਹਾਂ ਵਿੱਚ ਵਿਕਾਸ ਦਾ ਕੋਈ ਲੱਛਣ ਬਾਕੀ ਨਹੀਂ ਸੀ ਰਿਹਾ, ਲੋੜ ਸੀ ਉਸ ਤਰ੍ਹਾਂ ਦੀ ਰੂੜ੍ਹ ਕਵਿਤਾ ਨੂੰ ਵਿਸਥਾਪਤ ਕਰਕੇ ਨਵੀਂ ਤਰ੍ਹਾਂ ਦੀ ਕਵਿਤਾ ਨੂੰ ਪਰਚਲਤ ਕੀਤਾ ਜਾਵੇ ਜਿਸਦਾ ਵਿਸ਼ਾ ਵੀ ਨਵਾਂ ਹੋਵੇ ਅਤੇ ਤਰਜ਼ੇ-ਬਿਆਨ ਵੀ ਨਵਾਂ ਹੋਵੇ। ਸੋ ਅਸੀਂ ਉਸ ਤਰ੍ਹਾਂ ਦੀ ਨਵੀਨਭਾਂਤੀ ਕਵਿਤਾ ਦੀ ਤਲਾਸ਼ ਸ਼ੁਰੂ ਕੀਤੀ, ਜਿਸ ਨੂੰ ਅਸੀਂ ਪ੍ਰਯੋਗਵਾਦ ਦਾ ਨਾਮ ਦਿੱਤਾ; ਪ੍ਰਯੋਗਵਾਦ ਦਾ ਮਤਲਬ ਅਕਸਪੈਰੀਮੈਂਟਲਿਜ਼ਮ ਹੀ ਹੈ। ਸੋ ਇਹ ਨਵੀਂ ਕਵਿਤਾ ਦੀ ਤਲਾਸ਼ ਦੀ ਲਹਿਰ ਸੀ - ਪ੍ਰਯੋਗਵਾਦੀ ਕਵਿਤਾ।

? ਤੁਸੀਂ ਆਪਣੀ ਕਵਿਤਾ ਵਿੱਚ ਆਪਣੇ ਸਮੇਂ ਵਿੱਚ ਪਰਚਲਤ ਕਵਿਤਾ ਨਾਲੋਂ ਕਿਹੜੀ ਵੱਖਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਕੀ ਤੁਹਾਨੂੰ ਇਸ ਯਤਨ ਵਿੱਚ ਸਫਲਤਾ ਵੀ ਮਿਲੀ ਜਾਂ ਕਿ ਪ੍ਰਯੋਗਸ਼ੀਲ ਲਹਿਰ ਨੂੰ ਇੱਕ ਸ਼ੌਸ਼ਾ ਸਮਝ ਕੇ ਹੀ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ?
-ਨਹੀਂ! ਇਹ ਸ਼ੌਸ਼ਾ ਨਹੀਂ ਸੀ ਅਤੇ ਨਾ ਹੀ ਕਿਸੀ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ।ਜਿਹੜੀ ਇਸਦੀ ਵਿਰੋਧਤਾ ਹੋਈ ਉਹ ਪ੍ਰਗਤੀਵਾਦੀਆਂ ਵੱਲੋਂ ਹੋਈ। ਇਹ ਬੜੀ ਸੋਲਿਡ ਲਹਿਰ ਸੀ। ਨਵੀਂ ਕਵਿਤਾ ਵਿੱਚ ਅਸੀਂ ਵਿਸ਼ੇ ਵੀ ਨਵੇਂ ਲਏ ਅਤੇ ਤਰਜ਼ੇ-ਬਿਆਨ  ਵੀ ਬਿਲਕੁਲ ਬਦਲ ਦਿੱਤਾ। ਬਿੰਬ, ਚਿੰਨ, ਭਾਸ਼ਾ - ਸਭ ਕੁਝ ਅਸੀਂ ਨਵਾਂ ਲਿਆਂਦਾ। ਪੰਜਾਬੀ ਕਵਿਤਾ ਦੀ ਨੁਹਾਰ ਹੀ ਬਿਲਕੁਲ ਬਦਲ ਦਿੱਤੀ। ਇਸ ਵਿੱਚ ਸਾਨੂੰ ਸਫਲਤਾ ਮਿਲੀ ਅਤੇ ਦਿਨੋਂ ਦਿਨ ਸਫਲਤਾ ਹੀ ਮਿਲਦੀ ਗਈ। ਅੰਤ, ਇਹੀ ਨਵੀਂ ਕਵਿਤਾ, ਪੰਜਾਬੀ ਦੀ ਸ਼ਿਰੋਮਣੀ ਕਵਿਤਾ ਵਜੋਂ ਹੀ ਜਾਣੀ ਜਾਣ ਲੱਗੀ।

? ਤੁਸੀਂ ਇੱਕ ਲੰਬੇ ਸਮੇਂ ਤੋਂ ਪੰਜਾਬੀ ਕਵਿਤਾ ਦੇ ਖੇਤਰ ਨਾਲ ਜੁੜੇ ਹੋਏ ਹੋ,  ਇੰਨੇ ਲੰਬੇ ਸਮੇਂ ਵਿੱਚ ਤੁਹਾਨੂੰ ਕਿਹੜੇ ਪੰਜਾਬੀ ਕਵੀਆਂ ਦੀ ਕਵਿਤਾ ਨੇ ਟੁੰਭਿਆ ਹੈ?
- ਦੇਖੋ ਜੀ, ਜਿਹੜੇ ਸੀਨੀਅਰ ਲੇਖਕ ਹੁੰਦੇ ਹਨ ਉਨ੍ਹਾਂ ਨੂੰ ਸਾਰੇ ਹੀ ਸਟਡੀ ਕਰਦੇ ਹਨ। ਉਰਦੂ ਵਿੱਚ ਇੱਕ ਕਹਾਵਤ ਸੀ ਕਿ ਜਿਸ ਨੇ ਵੀ ਗ਼ਜ਼ਲ ਲਿਖਣੀ ਸ਼ੁਰੂ ਕਰਨੀ ਹੈ ਉਸਨੂੰ ਘੱਟ ਤੋਂ ਘੱਟ 60,000 ਸ਼ੇਅਰ ਆਪਣੇ ਤੋਂ ਪਹਿਲਾਂ ਆਏ ਸ਼ਾਇਰਾਂ ਦੇ ਯਾਦ ਹੋਣੇ ਚਾਹੀਦੇ ਹਨ। ਮੈਂ ਵੀ ਆਪਣੇ ਤੋਂ ਪਹਿਲਾਂ ਆਏ ਕਵੀਆਂ ਨੂੰ ਚੰਗੀ ਤਰ੍ਹਾਂ ਪੜ੍ਹਿਆ। ਉਨ੍ਹਾਂ ਦੀ ਕਵਿਤਾ ਵਿੱਚੋਂ ਉਨ੍ਹਾਂ ਦੇ ਵਿਚਾਰਾਂ ਵਿੱਚੋਂ ਜੋ ਕੁਝ ਮੈਨੂੰ ਚਾਹੀਦਾ ਸੀ ਮੈਂ ਉਹ ਲਿਆ, ਬਾਕੀ ਮੈਂ ਤਿਆਗ ਦਿੱਤਾ।

? ਮੈਂ ਫਿਰ ਵੀ ਚਾਹਾਂਗਾ ਕਿ ਤੁਸੀਂ ਕੁਝ ਨਾਮ ਜ਼ਰੂਰ ਲਵੋ?
- ਮੈਂ ਕਿੰਨ੍ਹੇ ਕੁ ਨਾਮ ਲਵਾਂਗਾ? ਅਨੇਕਾਂ ਭਾਸ਼ਾਵਾਂ ਦੇ ਬਹੁਤ ਸਾਰੇ ਕਵੀ ਹਨ, ਬਹੁਤ ਨਾਮ ਹਨ...

? ਅਜੋਕੇ ਸਮਿਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
- ਜਿਹੜੀ ਨਵੀਂ ਪੰਜਾਬੀ ਕਵਿਤਾ ਅਜ ਲਿਖੀ ਜਾ ਰਹੀ ਹੈ ਉਹ ਬੜੀ ਸੰਭਾਵਨਾ ਭਰਪੂਰ ਹੈ। ਮੈਂ ਸਮੁੱਚੀ ਕਵਿਤਾ ਦੀ ਗੱਲ ਕਰ ਰਿਹਾ ਹਾਂ। ਅੱਜ ਦੇ ਜੀਵਨ ਨਾਲ ਸਬੰਧਤ ਕਿਸੀ ਵੀ ਵਿਸ਼ੇ ਬਾਰੇ ਕਵਿਤਾ ਲਿਖੀ ਜਾ ਸਕਦੀ ਹੈ। ਅੱਜ ਦੇ ਜਿੰਨੇ ਵੀ ਕਵੀ ਹਨ - ਜਿਹੜੇ ਸਥਾਪਤ ਹੋ ਚੁੱਕੇ ਹਨ ਜਾਂ ਜਿਹੜੇ ਸਥਾਪਤ ਹੋਣ ਦੇ ਯਤਨ ਕਰ ਰਹੇ ਹਨ ਉਹ ਜੀਵਨ ਦੇ ਨਵੇਂ ਨਵੇਂ ਵਿਸ਼ੇ ਅਕਸਪਲੋਰ ਕਰ ਰਹੇ ਹਨ। ਨਵੀਂ ਨਵੀਂ ਤਰ੍ਹਾਂ ਦੀ ਨਵੀਂ ਕਵਿਤਾ ਲਿਖਕੇ ਪੰਜਾਬੀ ਕਵਿਤਾ ਦੇ ਭੰਡਾਰ ਨੂੰ ਭਰਪੂਰ ਕਰ ਰਹੇ ਹਨ। ਨਵੇਂ ਸਿਖਾਂਦਰੂ ਕਵੀਆਂ ਦੀ ਮੈਂ ਗੱਲ ਨਹੀਂ ਕਰਦਾ।

? ਨਵੇਂ ਕਵੀਆਂ 'ਚੋਂ ਕਿਹੜੇ ਕਵੀਆਂ ਦੀ ਕਵਿਤਾ ਤੋਂ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ?
- ਯਾਰ, ਤੇਰਾ ਜਿਹੜਾ ਇਹ ਸੁਆਲ ਹੈ ਬਈ ਨਾਮ ਲਵੋ?...ਏਨੇ ਨਾਮ ਹਨ? ਬਈ ਮੈਨੂੰ ਨਾਮ ਯਾਦ ਨਹੀਂ ਰਹਿੰਦੇ, ਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਹੋ ਚੁੱਕੀ ਹੈ, ਲੱਗਭਗ ਸਾਰੇ ਹੀ ਜਿਹੜੇ ਅੱਜਕੱਲ੍ਹ ਚਰਚਿਤ ਕਵੀ ਹਨ - ਉਹ ਵਧੀਆ ਕਵਿਤਾ ਲਿਖਦੇ ਹਨ ਅਤੇ ਪੰਜਾਬੀ ਕਵਿਤਾ ਦੇ ਭੰਡਾਰੇ ਨੂੰ ਭਰਪੂਰ ਕਰ ਰਹੇ ਹਨ।

? ਪੰਜਾਬੀ ਆਲੋਚਨਾ ਉੱਤੇ ਅਕਸਰ ਇਹ ਦੋਸ਼ ਲੱਗਦਾ ਰਹਿੰਦਾ ਹੈ ਕਿ ਇਹ ਧੜੇਬੰਦੀਆਂ ਵਿੱਚ ਵੰਡੀ ਹੋਈ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?
? ਦਿੱਲੀ ਤੇ ਪੰਜਾਬ ਵਿੱਚ ਕੁਝ ਬਹੁਤ ਚੰਗੇ ਆਲੋਚਕ ਹਨ ਪਰ ਮੈਂ ਤੁਹਾਡੇ ਇਸ ਵਿਚਾਰ ਨਾਲ ਵੀ ਸਹਿਮਤ ਹਾਂ, ਮੈਂ ਦੇਖਦਾ ਹਾਂ ਕਿ ਜਿਹੜੇ ਸਥਾਪਿਤ ਆਲੋਚਕਾਂ ਦੇ ਸ਼ਰਧਾਲੂ ਹੁੰਦੇ ਹਨ ਜਾਂ ਉਨ੍ਹਾਂ ਦੇ ਧੜੇ ਦੇ ਹੁੰਦੇ ਹਨ ਉਹ ਅਪਣੀ ਪਖਪਾਤੀ ਆਲੋਚਨਾ 'ਚ ਉਨ੍ਹਾਂ ਨੂੰ ਅਸਮਾਨ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ - ਜਿਹੜੇ ਉਨ੍ਹਾਂ ਦੇ ਵਿਰੋਧੀ ਹੁੰਦੇ ਹਨ ਜਾਂ ਤਾਂ ਉਹ ਉਨ੍ਹਾਂ ਦੇ ਵਿਰੁੱਧ ਲਿਖਦੇ ਹਨ ਜਾਂ ਉਨ੍ਹਾਂ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ ਦੇ ਨਾਲ ਹੀ ਮੇਰੀ ਇੱਕ ਹੋਰ ਧਾਰਨਾ ਵੀ ਬਣੀ ਹੈ ਕਿ ਆਲੋਚਨਾ ਹੁਣ ਕੋਈ ਸਮੱਗਰ ਜਾਂ ਸਟੈਂਡਰਡ ਵਸਤੂ ਨਹੀਂ ਰਹੀ। ਇਹ ਇੱਕ ਵਿਅਕਤੀਗਤ ਸ਼ੈਅ ਬਣ ਗਈ ਹੈ। ਅੱਜ ਦਾ ਹਰ ਲੇਖਕ ਪੜ੍ਹਿਆ ਲਿਖਿਆ ਹੈ ਅਤੇ ਨਾਲ ਹੀ ਉਹ ਇੱਕ ਆਲੋਚਕ ਵੀ ਹੈ। ਹਰੇਕ ਰਚਨਾ ਵੱਲ ਉਸਦਾ ਆਪਣਾ ਹੀ ਪ੍ਰਤੀਕਰਮ ਹੁੰਦਾ ਹੈ। ਇਸ ਲਈ ਆਲੋਚਨਾ ਦਾ ਮਸਲਾ ਹੁਣ ਧੜੇਬੰਦੀ ਤੋਂ ਹਟ ਕੇ ਵਿਅਕਤੀਗੱਤ ਮਸਲਾ ਬਣ ਗਿਆ ਹੈ।

? ਕੀ ਤੁਸੀਂ ਕੁਝ ਆਲੋਚਕਾਂ ਦੇ ਨਾਮ ਲੈਣੇ ਚਾਹੋਗੇ ਜਿਨ੍ਹਾਂ ਦੇ ਕੰਮ ਤੋਂ ਤੁਹਾਨੂੰ ਸੰਤੁਸ਼ਟੀ ਮਿਲੀ ਹੈ?
- ਤੁਸੀਂ ਫਿਰ ਆਪਣੇ ਸੁਆਲ ਨੂੰ ਹੀ ਇੱਕ ਤਰ੍ਹਾਂ ਦੁਹਰਾ ਰਹੇ ਹੋ। ਇਸਦੇ ਜੁਆਬ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਲਿਖੀ ਜਾ ਰਹੀ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ ਜਾਂ ਸਾਹਿਤਾਂ ਵੱਲ ਨਜ਼ਰ ਮਾਰੋ ਜਿੱਥੇ ਆਲੋਚਨਾ ਦਾ ਨਾਂ ਨਿਸ਼ਾਨ ਬਿਲਕੁਲ ਹੀ ਮਿਟ ਚੁੱਕਾ ਹੈ।

? ਹਿੰਦੁਸਤਾਨ ਤੋਂ ਬਾਹਰ ਰਹਿ ਰਹੇ ਪੰਜਾਬੀ ਲੇਖਕਾਂ ਵਿੱਚੋਂ ਅਜੇ ਵਧੇਰੇ ਲੇਖਕ ਆਲੋਚਨਾ ਦੇ ਖੇਤਰ ਵੱਲ ਨਹੀਂ ਗਏ। ਇਸ ਲਈ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਦੀ ਆਲੋਚਨਾ ਲਈ ਹਿੰਦੁਸਤਾਨ ਦੇ ਆਲੋਚਕਾਂ ਵੱਲ ਹੀ ਦੇਖਣਾ ਪੈਂਦਾ ਹੈ। ਉਨ੍ਹਾਂ ਆਲੋਚਕਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਪ੍ਰਸਥਿਤੀਆਂ ਦੀ ਵਧੇਰੇ ਜਾਣਕਾਰੀ ਨ ਹੋਣ ਕਾਰਨ ਉਹ ਬਾਹਰਲੇ ਦੇਸ਼ਾਂ ਦੇ ਲੇਖਕਾਂ ਦੀਆਂ ਲਿਖਤਾਂ ਨਾਲ ਵੀ ਪੂਰੀ ਤਰ੍ਹਾਂ ਇਨਸਾਫ ਨਹੀਂ ਕਰ ਸਕਦੇ। ਤੁਸੀਂ ਵੀ ਜ਼ਿੰਦਗੀ ਦਾ ਕਾਫੀ ਹਿੱਸਾ ਹਿੰਦੁਸਤਾਨ ਤੋਂ ਬਾਹਰ ਹੀ ਬਿਤਾਇਆ ਹੈ, ਕੀ ਤੁਹਾਡੇ ਮਨ ਵਿੱਚ ਵੀ ਕਦੀ ਅਜਿਹਾ ਵਿਚਾਰ ਆਇਆ ਸੀ?
- ਸੁਖਿੰਦਰ, ਮੈਂ ਤੇਰੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਮਨ ਵਿੱਚ ਬਹੁਤ ਵਾਰੀ ਇਹ ਵਿਚਾਰ ਆਇਆ ਹੈ, ਬਈ ਬਦੇਸ਼ਾਂ ਦੀ ਸਥਿਤੀ ਹੋਰ ਹੈ - ਭਾਰਤ ਦੀ ਸਥਿਤੀ ਹੋਰ ਹੈ। ਭਾਰਤ ਵਿੱਚ ਰਹਿੰਦੇ ਲੇਖਕ ਬਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਨਾਲ ਇਨਸਾਫ ਨਹੀਂ ਕਰ ਸਕਦੇ। ਜੇਕਰ ਉਹ ਇਸਦਾ ਮੁਲਅੰਕਣ ਕਰਨ, ਬਦੇਸ਼ਾਂ ਵਿੱਚ ਰਹਿ ਰਹੇ ਲੇਖਕ, ਉਨ੍ਹਾਂ ਨੂੰ ਬਦੇਸ਼ਾਂ ਵਿੱਚ ਲਿਖ ਰਹੇ ਲੇਖਕਾਂ 'ਚੋਂ ਹੀ ਆਲੋਚਕ ਪੈਦਾ ਕਰਨੇ ਪੈਣਗੇ, ਜੋ ਉੱਥੇ ਦੇ ਹਾਲਾਤ ਨੂੰ, ਉੱਥੇ ਦੇ ਜੀਵਨ, ਸਭਿਆਚਾਰ ਨੂੰ, ਉੱਥੇ ਦੇ ਕਰਾਸਕਲਚਰ ਨੂੰ ਸਮਝਦੇ ਹੋਣ - ਸਾਹਿਤ ਦੀ ਪੂਰੀ ਰੂਪਰੇਖਾ ਨੂੰ ਸਮਝਦੇ ਹੋਣ, ਉਹ ਹੀ ਬਦੇਸ਼ਾਂ ਵਿੱਚ ਲਿਖੇ ਜਾ ਰਹੇ ਪੰਜਾਬੀ ਸਾਹਿਤ ਨਾਲ ਪੂਰਾ ਇਨਸਾਫ ਕਰ ਸਕਣਗੇ, ਭਾਰਤ ਵਿੱਚ ਰਹਿੰਦੇ ਲੇਖਕ ਨਹੀਂ।

? ਤੁਸੀਂ ਆਪਣੇ ਮੁੱਢਲੇ ਸਾਲਾਂ ਵਿੱਚ ਲਿਖੀ ਹੋਈ ਕਵਿਤਾ ਨੂੰ ਆਪਣੀ ਅੱਜ ਕੱਲ੍ਹ ਦੀ ਲਿਖੀ ਜਾ ਰਹੀ ਕਵਿਤਾ ਦੇ ਮੁਕਾਬਲੇ ਵਿੱਚ ਰੱਖ ਕੇ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਕੀ ਮੁੱਖ ਅੰਤਰ  ਦਿਖਦਾ ਹੈ?
- ਸੁਖਿੰਦਰ, ਜਿਵੇਂ ਕਿ ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈ। ਸਮੇਂ ਦੇ ਬਦਲਣ ਨਾਲ ਜੀਵਨ ਵੀ ਬਦਲਦਾ ਹੈ ਅਤੇ ਜੀਵਨ ਦੀ ਨੁਹਾਰ ਵੀ ਬਦਲਦੀ ਹੈ, ਸੋਚਣੀ ਵੀ ਬਦਲਦੀ ਹੈ।  ਉਨ੍ਹਾਂ ਦਾ ਜੀਵਨ ਉੱਤੇ ਪ੍ਰਭਾਵ ਪੈਂਦਾ ਹੈ- ਜਿਵੇਂ ਕਿ ਟੈਕਨਾਲੋਜੀ ਵਿੱਚ ਕਿਵੇਂ ਨਵੀਂਆਂ ਨਵੀਂਆਂ ਖੋਜਾਂ ਹੋ ਰਹੀਆਂ ਹਨ। ਉਨ੍ਹਾਂ ਨਾਲ ਜੀਵਨ ਦੀ ਨੁਹਾਰ ਬਿਲਕੁਲ ਬਦਲ ਚੁੱਕੀ ਹੈ। ਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ - ਉਸੇ ਤਰ੍ਹਾਂ ਹੀ ਸਾਹਿਤ ਵੀ ਇੱਕੋ ਤਰ੍ਹਾਂ ਦਾ ਨਹੀਂ ਰਹਿ ਸਕੇਗਾ। ਸਾਹਿਤ ਨੂੰ ਜੀਵਨ ਦੇ ਪ੍ਰੀਵਰਤਨ ਦੇ ਨਾਲ ਨਾਲ ਬਦਲਣਾ ਚਾਹੀਦਾ ਅਤੇ ਬਦਲਣਾ ਪਵੇਗਾ, ਇਹ ਬਹੁਤ ਜ਼ਰੂਰੀ ਹੈ।
? ਕੀ ਤੁਸੀਂ ਸਮਝਦੇ ਹੋ ਕਿ ਜਿਹੜੀ ਅਜੋਕੀ ਪੰਜਾਬੀ ਕਵਿਤਾ ਹੈ ਉਹ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਦਾ ਸਹੀ ਪ੍ਰਗਟਾਵਾ ਕਰ ਰਹੀ ਹੈ?
- ਦੇਖੋ, ਇਹ ਸੁਆਲ ਬਹੁਤ ਵਿਸ਼ਾਲ ਹੈ। ਜਿਹੜੀ ਤਾਂ ਭਾਰਤ ਦੀ ਸਥਿੱਤੀ ਤੇ ਸਮੱਸਿਆ ਹੈ ਉਸ ਦੇ ਨਾਲ ਤਾਂ ਭਾਰਤ ਦੇ ਲੇਖਕ ਹੀ ਇਨਸਾਫ ਕਰ ਸਕਦੇ ਹਨ। ਜਿਹੜੇ ਉੱਥੇ ਬੈਠੇ ਲਿਖ ਰਹੇ ਹਨ। ਬਦੇਸ਼ਾਂ ਵਿੱਚ ਜਿਹੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਜਾਂ ਜੋ ਹਾਵ ਭਾਵ ਹਨ - ਉਨ੍ਹਾਂ ਦਾ ਸਹੀ ਪ੍ਰਗਟਾਵਾ ਬਦੇਸ਼ਾਂ ਵਿੱਚ ਰਹਿ ਰਹੇ ਲੇਖਕ ਹੀ ਕਰ ਸਕਦੇ ਹਨ। ਮੈਂ ਸਮਝਦਾ ਹਾਂ ਕਿ ਉਹ ਪੂਰੇ ਯਤਨਸ਼ੀਲ ਹਨ। ਮੈਂ ਬਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਦਾ ਰਹਿੰਦਾ ਹਾਂ। ਮੈਂ ਦੇਖਦਾ ਹਾਂ ਕਿ ਉਹ ਪੂਰਾ ਯਤਨ ਕਰ ਰਹੇ ਹਨ - ਆਪਣੇ ਵਿਸ਼ੇ ਨਾਲ ਇਨਸਾਫ ਕਰਨ ਲਈ। ਇਨ੍ਹਾਂ ਯਤਨਾਂ ਵਿੱਚ ਭਾਵੇਂ ਉਹ ਪੂਰੀ ਤਰ੍ਹਾਂ ਹਾਲੇ ਸਫਲ ਨ ਵੀ ਹੋਏ ਹੋਣ - ਪਰ 100 'ਚੋਂ, ਉਨ੍ਹਾਂ 'ਚੋਂ 80% ਜ਼ਰੂਰ ਸਫਲ ਹੋਏ ਹਨ।

? ਅਜੋਕੇ ਸਮਿਆਂ ਦੀ ਕਵਿਤਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇੱਕ ਲੇਖਕ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਸਥਾਨਕ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ, ਆਪਣੀਆਂ ਕੌਮੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ। ਕੀ ਸਾਡਾ ਪੰਜਾਬੀ ਲੇਖਕ ਇਨ੍ਹਾਂ ਗੱਲਾਂ ਉੱਤੇ ਪੂਰਾ ਉਤਰ ਰਿਹਾ ਹੈ ਜਾਂ ਕਿ ਨਹੀਂ ਉਤਰ ਰਿਹਾ?
- ਇਸ ਗੱਲ ਉੱਤੇ ਹਾਲੇ ਤੱਕ ਪੂਰਾ ਨਹੀਂ ਉਤਰ ਰਿਹਾ...ਕੁਝ ਕੁ ਲੇਖਕ ਹੋਣਗੇ ਜਿਹੜੇ ਕਿ ਯਤਨ ਕਰ ਰਹੇ ਹਨ। ਮੈਂ ਆਪਣੀ ਮਿਸਾਲ ਦਿੰਦਾ ਹਾਂ। ਜਦੋਂ ਮੈਂ ਅਜੇ ਅਫਰੀਕਾ ਵਿੱਚ ਸਾਂ, ਮੈਂ ਅਫਰੀਕਾ ਵਿੱਚ ਰਹਿੰਦਾ ਹੋਇਆ ਵੀ ਭਾਰਤ ਦੀ ਸਥਿਤੀ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਸੀ। ਅਫਰੀਕਾ ਦੀ ਜੋ ਸਥਿਤੀ ਹੁੰਦੀ ਸੀ - ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਆਰਥਿਕ ਜਾਂ ਧਾਰਮਿਕ, ਉਸਦਾ ਵੀ ਮੈਂ ਅਧਿਐੱਨ ਕਰਦਾ ਰਹਿੰਦਾ ਸਾਂ। ਉਸ ਸਬੰਧ ਵਿੱਚ ਮੈਂ ਕਵਿਤਾ 'ਚ ਇੱਕ ਪੂਰੀ ਕਿਤਾਬ ਲਿਖੀ ਸੀ 'ਅਫਰੀਕਾ ਵਿੱਚ ਨੇਤਰਹੀਨ', ਜਿਸ ਪੁਸਤਕ ਵਿੱਚ ਉੱਥੇ ਦੇ ਹਾਲਾਤ ਦੀ ਪੂਰੀ ਸਰਵਪੱਖੀ ਤਸਵੀਰ ਪੇਸ਼ ਕੀਤੀ ਸੀ। ਹੁਣ ਵੀ ਕੁਝ ਯਤਨ ਤਾਂ ਹੋ ਰਹੇ ਹਨ; ਲੇਕਿਨ ਹੋਰ ਯਤਨ ਕਰਨ ਦੀ ਲੋੜ ਹੈ ਬਾਹਰਲੇ ਦੇਸ਼ਾਂ ਦੇ ਲੇਖਕਾਂ ਨੂੰ।

? ਹਿੰਦੁਸਤਾਨ ਵਿੱਚ ਅੱਜਕੱਲ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਉਸ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ, ਨਿੱਜਵਾਦੀ ਕਵਿਤਾ - ਇਹੋ ਜਿਹੀਆਂ ਸਮੱਸਿਆਵਾਂ ਦਾ ਜ਼ਿਆਦਾ ਬੋਲਬਾਲਾ ਰਿਹਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਕਵਿਤਾ ਹੈ?
- ਮੈਂ ਨਹੀਂ ਸਮਝਦਾ ਕਿ ਉਹ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਹੈ। ਜਿਹੜੇ ਵਿਸ਼ਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਵੀ ਸਮਾਜਕ ਤੇ ਵਿਅਕਤੀਗਤ ਦਾ ਇੱਕ ਵਿਸ਼ੇਸ਼ ਅੰਗ ਹਨæ।ਤੁਸੀਂ ਇਸ ਨੂੰ ਨਾਂਹ ਵਾਚਕ ਕਹਿ ਲਓ - ਜਾਂ ਹਾਂ ਵਾਚਕ ਕਹਿ ਲਓ, ਕਿਉਂਕਿ ਸਮਾਜ ਕੋਈ ਇਕਾਂਗੀ ਵਸਤੂ ਦਾ ਨਾਂ ਨਹੀਂ ਹੈ, ਸਮਾਜ ਬਹੁਪੱਖੀ ਵਰਤਾਰੇ ਦਾ ਵਿਸ਼ਾਲ ਸੰਗ੍ਰਹਿ ਹੈ। ਮੈਂ ਉਨ੍ਹਾਂ ਨੂੰ ਸਰਵਪੱਖੀ ਵਿਸ਼ੇ ਕਹਿੰਦਾ ਹਾਂ। ਸੋ ਜੇ ਇਹ ਇਹ ਵਿਸ਼ੇ ਵੀ ਕਵਿਤਾ ਵਿੱਚ ਆਉਂਦੇ ਹਨ ਤੇ ਜੇਕਰ ਕੋਈ ਉਸਾਰੂ ਨਵਾਂ ਪੱਖ ਇਨ੍ਹਾਂ ਨਾਲ ਕਵਿਤਾ ਵਿੱਚ ਆਉਂਦਾ ਹੈ ਤਾਂ ਉਹ ਵੀ ਚੰਗੀ ਗੱਲ ਸੀ। ਇਹ ਨਾਂਹਵਾਚਕ ਨ ਹੋਣ ਇਹ ਵਿਸ਼ੇ ਜਿਨ੍ਹਾਂ ਨੂੰ ਤੁਸੀਂ ਦੇਹਵਾਦੀ ਕਿਹਾ ਹੈ ਇਹ ਵਿਸ਼ੇ ਜ਼ਿੰਦਗੀ ਦਾ ਅੰਗ ਹਨ - ਉਨ੍ਹਾਂ ਨੂੰ ਕਵਿਤਾ ਵਿੱਚ ਆਉਣ ਤੋਂ ਤੁਸੀਂ ਰੋਕ ਨਹੀਂ ਸਕਦੇ। ਕੁਝ ਸਮੇਂ ਲਈ ਹੀ ਹੋ ਸਕਦਾ।  ਅਖੀਰ, ਜ਼ਿੰਦਗੀ ਨੂੰ ਚਲਾਉਣ ਵਾਲੀਆਂ ਇਹ ਸ਼ਕਤੀਆਂ ਹਨ,  ਰਾਜਨੀਤਿਕ, ਸਮਾਜਿਕ, ਆਰਥਿਕ, ਸਮਾਜਿਕ, ਸਭਿਆਚਾਰਕ - ਉਨ੍ਹਾਂ ਸਭ ਦਾ ਪ੍ਰਭਾਵ ਕਵਿਤਾ ਉੱਤੇ ਪੈਂਦਾ ਹੈ।

? ਹਿੰਦੁਸਤਾਨ ਤੋਂ ਬਾਹਰ ਜਿਹੜੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ ਉਸ ਬਾਰੇ ਤੁਹਾਡੇ ਕੀ ਪ੍ਰਭਾਵ ਹਨ?
- ਮੈਂ ਹੁਣੇ ਕਹਿਕੇ ਹਟਿਆ ਹਾਂ ਕਿ ਬਹੁਤ ਵਧੀਆ ਕਵਿਤਾ ਲਿਖੀ ਜਾ ਰਹੀ ਹੈ। ਇੰਗਲੈਂਡ ਦੇ ਬਹੁਤ ਸਾਰੇ ਲੇਖਕ ਹਨ - ਬਹੁਤ ਵਧੀਆ ਲਿਖ ਰਹੇ ਹਨ। ਆਪਣੇ ਆਪਣੇ ਅਨੁਭਵ ਅਨੁਸਾਰ, ਆਪਣੇ ਆਪਣੇ ਹਾਲਾਤ ਦੇ ਅਨੁਕੂਲ਼ ਤੁਹਾਡੇ ਇੱਥੇ ਕੈਨੇਡਾ ਵਿੱਚ ਤੁਸੀਂ ਕਿੰਨ੍ਹੇ ਸਾਰੇ ਲੇਖਕ ਹੋ-ਟੋਰਾਂਟੋ, ਵੈਨਕੂਵਰ ਤੇ ਕੈਲਗਰੀ ਵਿੱਚ।  ਤੁਸੀਂ ਸਾਰੇ ਸਮਕਾਲੀ ਹਾਲਾਤ ਬਾਰੇ ਲਿਖ ਰਹੇ ਹੋ। ਅਮਰੀਕਾ ਵਾਲੇ ਜਿਹੜੇ ਲੇਖਕ ਹਨ, ਉਹ ਅਮਰੀਕਨ ਹਾਲਤਾਂ ਅਨੁਸਾਰ ਲਿਖ ਰਹੇ ਹਨ। ਮੈਂ ਸਮਝਦਾ ਹਾਂ ਕਿ ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਲੇਖਕ, ਜਿਨ੍ਹਾਂ ਨੂੰ ਅਸੀਂ ਨਾਰਥ ਅਮਰੀਕਨ ਕਵੀ ਕਹਿ ਸਕਦੇ ਹਾਂ, ਇੱਥੇ ਦੇ ਸਰਵਪੱਖੀ ਹਾਲਤ ਨੂੰ ਕਲਮਬੱਧ ਕਰਨ ਦਾ ਯਤਨ ਕਰ ਰਹੇ ਹਨ, ਇਹ ਚੰਗੀ ਗੱਲ ਹੈ।
? ਅਜੋਕੇ ਸਮਿਆਂ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਕਵਿਤਾ ਲਿਖਣ ਲਈ ਪ੍ਰੇਰਦੀਆਂ ਹਨ? ਤੁਸੀਂ ਅੱਜ ਕੱਲ੍ਹ ਆਪਣਾ ਵਧੇਰੇ ਸਮਾਂ ਸਾਹਿਤ ਦੇ ਕਿਹੜੇ ਖੇਤਰ ਵੱਲ ਲਗਾ ਰਹੇ ਹੋ?
- ਮੇਰੀ ਆਪਣੀ ਕਵਿਤਾ ਦੇ ਵਿਕਾਸ ਵਿੱਚ ਪੰਜ ਪੜ੍ਹਾਅ ਆਏ ਹਨ: ਪ੍ਰਯੋਗਵਾਦ, ਉਸਤੋਂ ਬਾਹਦ ਆਧੁਨਿਕਵਾਦ, ਵਿਦਰੋਹਵਾਦ, ਸਮਿਲਤਵਾਦ ਤੇ ਹੁਣ ਗਲੋਬਲਯੁੱਗ਼ ਪ੍ਰਯੋਗਵਾਦ ਵੀ ਅਸੀਂ ਚਾਰ ਪੰਜ ਸਾਲ ਬਾਹਦ ਛੱਡ ਦਿੱਤਾ ਸੀ। ਅਸੀਂ ਆਧੁਨਿਕਵਾਦੀ ਬਣ ਗਏ, ਫਿਰ ਵਿਦਰੋਹੀ ਵੀ ਬਣੇ। ਜਿੰਨੇ ਨਵੇਂ ਪੁਰਾਣੇ, ਪੂਰਬੀ ਪੱਛਮੀ ਫਲਸਫੇ ਹਨ - ਉਨ੍ਹਾਂ ਨੂੰ ਅਸੀਂ ਆਪਣੀ ਕਵਿਤਾ ਵਿੱਚ ਸਮੌਣ ਦਾ ਯਤਨ ਕੀਤਾ। ਮੈਂ ਸਮਝਦਾ ਹਾਂ ਕਿ ਗਲੋਬਲੀਕਰਨ ਦੀ ਜੋ ਚੇਤਨਾ ਹੈ ਅਸੀਂ ਸਾਰੇ ਪੰਜਾਬੀ ਕਵੀ ਹੁਣ ਉਸ ਪੜ੍ਹਾਅ ਉੱਤੇ ਪਹੁੰਚ  ਇਸੇ ਮਸਲੇ ਬਾਰੇ ਹੀ ਲਿਖ ਰਹੇ ਹਾਂ। ਤੁਸੀਂ ਵੀ, ਹੋਰ ਵੀ ਜਿਹੜੇ ਚੇਤਨ ਲੇਖਕ ਹਨ - ਇਨ੍ਹਾਂ ਮਸਲਿਆਂ  ਨੂੰ ਆਪਣੀ  ਕਵਿਤਾ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਨ, ਇਹੀ ਅੱਜ ਦੀ ਮੁੱਖਧਾਰਾ ਹੈ - ਇਹੋ ਅੱਜ ਦੀ ਕਵਿਤਾ ਦਾ ਮੁੱਖ ਝੁਕਾ ਹੈ।

? ਜਿਵੇਂ ਮੈਂ ਮੁਲਾਕਾਤ ਦੇ ਮੁੱਢ ਵਿੱਚ ਕਿਹਾ ਸੀ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਹੋ, ਅਜੋਕੇ ਸਮਿਆਂ ਵਿੱਚ ਤੁਸੀਂ ਪ੍ਰਯੋਗਸ਼ੀਲ ਲਹਿਰ ਨੂੰ ਜਾਂ ਪ੍ਰਯੋਗਵਾਦੀ ਕਵਿਤਾ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਈ ਉਸਦੀ ਅਜੋਕੇ ਸਮਿਆਂ ਵਿੱਚ ਕਿਸ ਤਰ੍ਹਾਂ ਦੀ ਦੇਣ ਹੈ?
- ਪ੍ਰਯੋਗਸ਼ੀਲ ਲਹਿਰ ਤਾਂ ਚਾਰ ਪੰਜ ਸਾਲ ਬਾਹਦ ਸਮਾਪਤ ਹੋ ਗਈ ਸੀ, ਪਰ ਜਿੱਥੋਂ ਤੱਕ ਪ੍ਰਯੋਗ ਦਾ ਸਬੰਧ ਹੈ - ਉਹ ਤਾਂ ਹਮੇਸ਼ਾਂ ਹੁੰਦੇ ਰਹੇ ਹਨ ਅਤੇ ਹਮੇਸ਼ਾਂ ਹੁੰਦੇ ਰਹਿਣਗੇ ਅਤੇ ਹੁਣ ਵੀ ਹੁੰਦੇ ਹਨ। ਮੈਂ ਨਵੇਂ ਲੇਖਕਾਂ ਨੂੰ ਵੀ ਗਹੁ ਨਾਲ ਪੜ੍ਹਦਾ ਹਾਂ। ਕਈ ਬਿਲਕੁਲ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਲਿਖ ਰਹੇ ਹਨ, ਗ਼ਜ਼ਲ 'ਚ, ਗੀਤਾਂ 'ਚ, ਕਵਿਤਾ 'ਚ, ਨਾਟਕ  'ਚ, ਨਾਵਲ 'ਚ, ਕਹਾਣੀ 'ਚ - ਸਾਹਿਤ ਦੇ ਹਰ ਰੂਪ ਵਿੱਚ ਹੀ ਅਜਕਲ ਨਵੇਂ ਵਿਅਕਤੀਵਾਦੀ ਪ੍ਰਯੋਗ ਹੋ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਨਾਮ ਲਏ ਬਗੈਰ ਇੱਕ ਨਵਪ੍ਰਯੋਗਵਾਦ ਆ ਰਿਹਾ ਹੋਵੇ, ਜਿਵੇਂ ਹਰ ਲੇਖਕ ਹੀ ਨਵੇਂ ਪ੍ਰਯੋਗ ਕਰ ਰਿਹਾ ਹੋਵੇ - ਆਪਣੀ ਕਵਿਤਾ, ਆਪਣੀ ਕਹਾਣੀ, ਆਪਣੇ ਨਾਵਲ ਲਈ - ਕੋਈ ਨਵਾਂ ਰਾਹ ਲੱਭਣ ਲਈ ਯਤਨਸ਼ੀਲ ਹੋਵੇ।
? ਪ੍ਰਯੋਗਸ਼ੀਲ ਲਹਿਰ ਦਾ ਤੁਸੀਂ ਜਦੋਂ ਝੰਡਾ ਬੁਲੰਦ ਕੀਤਾ, ਨਾਹਰਾ ਬੁਲੰਦ ਕੀਤਾ, ਤਾਂ ਤੁਹਾਡੀ ਲਹਿਰ ਦਾ ਬਹੁਤ ਵਿਰੋਧ ਵੀ ਹੋਇਆ। ਤੁਹਾਡਾ ਵਿਰੋਧ ਹੋਣ ਦੇ ਕੀ ਕਾਰਨ ਸਨ?
- ਕਾਰਨ ਇਹ ਸੀ ਕਿ ਉਸ ਸਮੇਂ ਦੇ ਜਿਹੜੇ ਸਥਾਪਤ ਰੋਮਾਂਸਵਾਦੀ ਪ੍ਰਗਤੀਵਾਦੀ ਲੇਖਕ ਸਨ ਉਨ੍ਹਾਂ ਨੂੰ ਅਸੀਂ ਗੱਦੀ ਤੋਂ ਲਾਹ ਕੇ ਵਿਸਥਾਪਤ ਕੀਤਾ ਸੀ, ਉਨ੍ਹਾਂ ਦੀ ਘਸ ਘਸ ਕੇ ਰੂੜ੍ਹ ਹੋ ਚੁੱਕੀ ਲੇਖਣੀ ਨੂੰ ਵਿਸਥਾਪਤ ਕੀਤਾ ਸੀ - ਇਸ ਲਈ ਉਨ੍ਹਾਂ ਨੂੰ ਤਕਲੀਫ ਤਾਂ ਹੋਣੀ ਸੀ। ਜਿਸ ਘਿਸੀ ਪਿਟੀ ਲੀਹ ਉੱਤੇ ਉਹ ਅੰਨ੍ਹੇਵਾ ਤੁਰੇ ਜਾਂਦੇ ਸੀ ਅਸੀਂ ਉਸ ਲੀਹ ਨੂੰ ਤੋੜ ਦਿੱਤਾ। ਉਨ੍ਹਾਂ ਕਿਹਾ ਇਹ ਪੱਥ ਭਰਿਸਟ ਵਿਦਰੋਹੀ ਨੇ, ਉਨ੍ਹਾਂ ਸਾਡਾ ਡੱਟ ਕੇ ਵਿਰੋਧ ਕੀਤਾ, ਉਨ੍ਹਾਂ ਨੇ ਕਰਨਾ ਹੀ ਸੀ, ਇਹ ਕੁਦਰਤੀ ਗੱਲ ਸੀ, ਪਰ ਅਖੀਰ, ਉਨ੍ਹਾਂ ਨੂੰ ਇਸ ਵਿਰੋਧਬਾਜ਼ੀ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਨਵੀਂ ਕਵਿਤਾ ਦਾ ਰਾਹ ਖੁੱਲ੍ਹਦਾ ਗਿਆ....ਜਿਵੇਂ ਸ਼ੇਅਰ ਸੀ ...ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ...ਹੌਲੀ ਹੌਲੀ ਸਥਾਪਤ ਕਾਵਿਧਾਰਾ ਬਣ ਗਈ। ਉਸ ਵੇਲੇ ਪੰਜਾਬੀ ਦੀ ਜਿਹੜੀ ਨਵੀਂ ਧਾਰਾ ਦੀ ਕਵਿਤਾ ਸੀ ਉਹ ਸਾਰੀ ਸਾਡੀ ਦੇਣ ਸੀ।
? ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਮੁਲਾਕਾਤ ਦੇ ਦੌਰਾਨ ਉਨ੍ਹਾਂ ਵਿੱਚ ਮੈਨੂੰ ਇਸ ਤਰ੍ਹਾਂ ਲੱਗਾ ਹੈ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦਾ ਜਿਹੜਾ ਨਾਹਰਾ ਬੁਲੰਦ ਕੀਤਾ ਉਸ ਤੋਂ ਬਾਹਦ ਜਿਹੜੇ ਹੋਰ ਵਾਦ ਉੱਠੇ ਜਾਂ ਜਿਹੜੀਆਂ ਲਹਿਰਾਂ ਉੱਠੀਆਂ ਤੁਸੀਂ ਉਨ੍ਹਾਂ ਨਾਲ ਵੀ ਹੌਲੀ ਹੌਲੀ ਤੁਰਨ ਲੱਗ ਪਏ; ਇਸ ਗੱਲ ਦਾ ਤੁਸੀਂ ਕਿਸ ਤਰ੍ਹਾਂ ਵਿਸਥਾਰ ਦਿਓਗੇ?
- ਵਾਦ ਨਹੀਂ ਸੀ ਉੱਠੇ, ਅਸੀਂ ਉਠਾਏ ਸਨ, ਉਸ ਦੇ ਨਾਲ ਜਿਹੜਾ ਆਧੁਨਿਕਵਾਦ ਸੀ - ਮੇਰੀ ਕਿਤਾਬ 'ਪ੍ਰਯੋਗਵਾਦ ਅਤੇ ਉਸਤੋਂ ਅਗਾਂਹ' ਪੜ੍ਹੋ, ਉਸ ਵਿੱਚ ਸਭ ਕੁਝ ਬੜਾ ਸਪੱਸ਼ਟਰੂਪ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਮੇਰੀ ਆਪਣੀ ਜਿਹੜੀ ਸੋਚ ਸੀ ਉਸਨੇ ਕਿਸ ਤਰ੍ਹਾਂ ਵਿਕਾਸ ਕੀਤਾ। ਪ੍ਰਯੋਗਵਾਦੀ ਲਹਿਰ ਨੂੰ ਤਾਂ ਅਸੀਂ ਚਾਰ ਪੰਜ ਸਾਲ ਬਾਹਦ ਹੀ ਛੱਡ ਗਏ ਸੀ, ਉਸ ਥਾਂ ਅਸੀਂ ਆਧੁਨਿਕਵਾਦੀ ਬਣ ਗਏ ਸਾਂ। ਮੇਰੀ ਦੂਜੀ ਕਿਤਾਬ ਦਾ ਨਾਮ ਸੀ 'ਸ਼ਤਰੰਜ ਦੀ ਖੇਡ', ਇਸ ਪੁਸਤਕ ਵਿੱਚ ਮੈਂ ਐਲਾਨ ਕਰ ਦਿੱਤਾ ਸੀ ਕਿ ਅਸੀਂ ਹੁਣ ਪ੍ਰਯੋਗਵਾਦੀ ਨਹੀਂ ਰਹੇ। ਅਸੀਂ ਉਸ ਲਹਿਰ ਦੇ ਹੁਣ ਸੰਚਾਲਕ ਨਹੀਂ; ਅਸੀਂ ਹੁਣ ਆਧੁਨਿਕਵਾਦੀ ਬਣ ਗਏ ਹਾਂ। ਮੈਂ ਇੱਕ ਦੋ ਪੈਂਫਲਿਟ ਵੀ ਲਿਖੇ ਸਨ: 'ਆਧੁਨਿਕਤਾ ਦੀ ਲਹਿਰ', 'ਆਧੁਨਿਕਤਾ ਅਤੇ ਰੋਮਾਂਟਿਕਤਾ' - ਕੁਝ ਹੋਰ ਵੀ ਲਿਖੇ ਸਨ। ਉਸ ਵਿੱਚ ਅਸੀਂ ਆਧੁਨਿਕਤਾ ਬਾਰੇ ਸਭ ਗੱਲਾਂ ਸਪੱਸ਼ਟ ਕੀਤੀਆਂ ਸਨ। ਫਿਰ ਅਸੀਂ ਜਦੋਂ ਮਹਿਸੂਸ ਕੀਤਾ ਕਿ ਸਾਡੀ ਕਵਿਤਾ ਵਿੱਚ ਸਮਕਾਲੀ ਪ੍ਰਸਥਿਤੀਆਂ ਵਿਰੁੱਧ ਵਿਦਰੋਹ ਦੀ ਭਾਵਨਾ ਵੀ ਪ੍ਰਗਟ ਹੋਣੀ ਚਾਹੀਦੀ ਹੈ - ਫਿਰ ਅਸੀਂ ਵਿਦਰੋਹੀ ਬਣ ਗਏ ਤੇ ਅਸੀਂ ਵਿਦਰੋਹੀ ਕਵਿਤਾਵਾਂ ਵੀ ਲਿਖੀਆਂ ਤੇ ਅਸੀਂ ਵਿਦਰੋਹਵਾਦੀ ਹੋ ਗਏ। ਫਿਰ ਜਿਵੇਂ ਜ਼ੇਨ ਆ ਗਿਆ, ਅੰਤਰ-ਰਾਸ਼ਟਰਵਾਦ ਆ ਗਿਆ, ਪ੍ਰਵਾਸੀ ਕਵਿਤਾ ਆ ਗਈ - ਇਸ ਤਰ੍ਹਾਂ ਦੇ ਕਈ ਵਿਸ਼ੇ ਕਵਿਤਾ ਵਿੱਚ ਆਏ, ਉਨ੍ਹਾਂ ਨੂੰ ਮੈਂ ਚੌਥਾ ਪੜਾਅ ਕਿਹਾ, ਜਿੱਥੇ ਅਸੀਂ ਹੁਣ ਪਹੁੰਚੇ ਹਾਂ ਉਸਨੂੰ ਅਸੀਂ ਗਲੋਬਲ ਚੇਤਨਾ ਦਾ ਪੰਜਵਾਂ ਪੜ੍ਹਾ ਕਹਿੰਦੇ ਹਾਂ। ਰੂਸ ਵਿੱਚ ਸਮਾਜਵਾਦ ਦੇ ਅਸਫਲ ਹੋਣ ਨਾਲ ਜਿਹੜੀ ਸਥਿਤੀ ਪੈਦਾ ਹੋਈ। ਜਿਹੜੀ ਸਾਰੀ ਤਾਕਤ ਅੰਨੇ ਤੇ ਕਠੋਰ ਅਮ੍ਰੀਕਨ ਸਰਮਾਏ ਦੇ ਹੱਥ ਆ ਗਈ, ਉਸਦਾ ਭਾਰਤ ਉੱਤੇ ਕੀ ਅਸਰ ਪਿਆ। ਭਾਰਤ ਦੇ ਗਰੀਬ ਲੋਕਾਂ ਉੱਤੇ ਵੀ ਇਸਦਾ ਮਾਰੂ ਅਸਰ ਪਿਆ ਤੇ ਪੈ ਰਿਹਾ ਹੈ।  ਇਸੇ ਤਰ੍ਹਾਂ ਕੈਨੇਡਾ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ? ਉਹ ਸਾਰੀ ਜਿਹੜੀ ਦਿਸ਼ਾ ਹੈ ਉਸਨੂੰ ਅਸੀਂ ਅੱਜ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰ ਰਹੇ ਹਾਂ। ਉਸ ਸਥਿਤੀ ਦਾ ਅਸੀਂ ਨਿਰੀਖਣ ਕਰਨ ਦਾ ਯਤਨ ਕਰ ਰਹੇ ਹਾਂ। ਇਹ ਸਾਰੀ ਗੱਲ ਸਾਡੇ ਲਹੂ 'ਚੋਂ ਨਿਕਲ ਰਹੀ ਹੈ।
? ਤੁਸੀਂ ਕੈਨੇਡਾ ਅਤੇ ਅਮਰੀਕਾ ਦਾ ਦੌਰਾ ਕਰਕੇ ਜਾ ਰਹੇ ਹੋ, ਤੁਹਾਨੂੰ ਇਨ੍ਹਾਂ ਦੇਸ਼ਾਂ ਦਾ ਸਾਹਿਤਕ ਮਾਹੌਲ ਕਿਹੋ ਜਿਹਾ ਲੱਗਾ?
- ਬਹੁਤ ਵਧੀਆ ਲੱਗਾ। ਮੈਂ ਜਿੱਥੇ ਵੀ ਗਿਆਂ ਸਾਹਿਤਕਾਰ ਮੈਨੂੰ ਬਹੁਤ ਖੁਸ਼ ਹੋ ਕੇ ਮਿਲਦੇ ਰਹੇ। ਤੁਹਾਡੇ ਗੁਰਦਿਆਲ ਕੰਵਲ, ਤੁਸੀਂ, ਨੀਟਾ ਬਲਵਿੰਦਰ ਅਤੇ ਹੋਰ ਜਿਹੜੇ ਸੱਜਣ ਹਨ -  ਨੇ ਟੋਰਾਂਟੋ ਵਿੱਚ ਬਹੁਤ ਵੱਡਾ ਫੰਕਸ਼ਨ ਕੀਤਾ। ਮੇਰੀ ਹੌਂਸਲਾ ਅਫਜ਼ਾਈ ਕੀਤੀ। ਮੈਨੂੰ ਬੜਾ ਮਾਨ ਦਿੱਤਾ। ਤੁਹਾਡੇ ਐਮ.ਪੀ. ਮੱਲੀ ਸਾਹਿਬ ਵੀ ਆਏ, ਡਾ. ਕੁਲਦੀਪ ਕੁਲਾਰ, ਐਮ.ਪੀ.ਪੀ. ਵੀ ਆਏ। ਮੈਂ ਨਿਊਯਾਰਕ ਗਿਆ। ਉੱਥੇ ਦੇ ਕਵੀਆਂ ਦਲਜੀਤ ਮੋਖਾ, ਰਣਧੀਰ ਸਿੰਘ, ਡਾਕਟਰ ਸੇਠੀ ਤੇ ਅਵਤਾਰ ਸਿੰਘ ਵਗੈਰਾ ਨੇ ਇੱਕ ਬਹੁਤ ਵੱਡੀ ਸੰਸਥਾ ਬਣਾਈ ਹੋਈ ਹੈ। ਉਨ੍ਹਾਂ ਨੇ ਵੀ ਮੇਰਾ ਬਹੁਤ ਮਾਨ ਸਨਮਾਨ ਕੀਤਾ। ਫਿਰ ਮੈਂ ਵੈਨਕੂਵਰ ਗਿਆ। ਮਨਜੀਤ ਮੀਤ, ਗਿੱਲ ਮੋਰਾਂਵਾਲੀ ਅਤੇ ਹੋਰ ਕਈ ਲੇਖਕ ਸਨ - ਉਨ੍ਹਾਂ ਨੇ ਵੀ ਮਾਨ ਸਨਮਾਨ ਕੀਤਾ। ਇਸੇ ਤਰ੍ਹਾਂ ਮੈਂ ਕੈਲੇਫੋਰਨੀਆਂ ਗਿਆ। ਉੱਥੇ  ਡਾ. ਗੁਰੂਮੇਲ, ਕੁਲਵਿੰਦਰ, ਰੇਸ਼ਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾ । ਇੰਡੀਆ ਤੋਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਅਤੇ ਡਾ. ਆਤਮਜੀਤ (ਨਾਟਕਕਾਰ) ਆਦਿ ਵੀ ਆਏ ਹੋਏ ਸਨ, ਉਨ੍ਹਾਂ ਦਾ ਵੀ ਸਨਮਾਨ ਹੋਇਆ, ਉੱਥੇ ਮੇਰੀਆਂ ਕਵਿਤਾਵਾਂ ਵੀ ਸੁਣੀਆਂ। ਇਸ ਤੋਂ ਮੈਨੂੰ ਜਾਣਕਾਰੀ ਮਿਲੀ ਕਿ ਇੱਥੇ ਵੀ ਬਹੁਤ ਵਧੀਆ ਸਾਹਿਤਕ ਮਾਹੌਲ ਹੈ। ਬਹੁਤ ਰੁਝੇਵਿਆਂ ਦੇ ਬਾਵਜ਼ੂਦ ਵੀ ਇਨ੍ਹਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕ ਪੰਜਾਬੀ ਕਵਿਤਾ, ਗ਼ਜ਼ਲ, ਕਹਾਣੀ, ਨਾਵਲ, ਨਾਟਕ ਨਾਲ ਆਪਣਾ ਤੇਹ ਪਾਲ ਰਹੇ ਹਨ, ਬਹੁਤ ਵਧੀਆ ਲਿਖ ਰਹੇ ਹਨ।
? ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹੋ?

- ਮੈਂ ਤਾਂ ਇਹੀ ਕਹਾਂਗਾ ਕਿ ਭਾਵੇਂ ਜਿਸ ਵਿਧਾ ਵਿਚ ਕੋਈ ਲਿਖ ਰਿਹਾ ਹੈ - ਚਾਹੇ ਉਹ ਕਵੀ ਹੈ, ਕਹਾਣੀਕਾਰ ਹੈ, ਨਾਟਕਕਾਰ ਹੈ, ਨਾਵਲਕਾਰ ਹੈ - ਉਹ ਜੋ ਕੁਝ ਵੀ ਲਿਖ ਰਿਹਾ ਹੈ - ਉਸ ਵਿੱਚ ਮੌਲਿਕਤਾ ਤੇ ਸਿਰਜਣਵਾਦੀ ਚਾਸ਼ਣੀ ਜ਼ਰੂਰ ਚਾਹੀਦੀ ਹੈ। ਨਵੇਂ ਵਿਸ਼ਿਆਂ ਨੂੰ ਅਕਸਪਲੋਰ ਕਰਨਾ ਚਾਹੀਦਾ - ਜਿਹੜੇ ਅਜੇ ਤੀਕ ਐਕਸਪਲੋਰ ਨਹੀਂ ਕੀਤੇ, ਨਵੇਂ ਵਿਸ਼ਿਆਂ ਦੀ ਚੋਣ ਐਕਸਪਰੈਸ਼ਨ ਦੇ ਨਾਲ ਉਨ੍ਹਾਂ ਦੇ ਤਰਜ਼ੇ-ਬਿਆਨ ਵਿੱਚ ਵੀ ਨਵੀਨਤਾ ਲਿਆਉਣ - ਉਨ੍ਹਾਂ ਨੂੰ ਹੋਰ ਪ੍ਰਫੁੱਲਤ ਕਰਨ ਦੇ ਯਤਨ ਕਰਨ' ਤਾਂ ਜੋ ਨਵੀਂ ਪੰਜਾਬੀ ਕਵਿਤਾ ਤੇ ਸਾਹਿਤ ਵਿਚ ਨਵਾਂਪਣ ਤੇ ਮੌਲਿਕਤਾ ਬਣੀ ਰਹੇ। ਉਸ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾਂ ਬਣੀਆਂ ਰਹਿਣ। ਨਵੀਂ ਪੰਜਾਬੀ ਕਵਿਤਾ ਨਿਰੰਤਰ ਨਵੀਂ ਬਣੀ ਰਹੇ ਤੇ ਕਦੇ ਵੀ ਜਮੂਦ ਤੇ ਖੜੋਤ ਦਾ ਸ਼ਿਕਾਰ ਨ ਹੋ ਸਕੇ।

.......................

Wednesday, September 9, 2009

ਸ਼ਾਇਰ ਸੁਖਿੰਦਰ ਨਾਲ ਕੁਝ ਖੁੱਲ੍ਹੀਆਂ ਗੱਲਾਂ ਮੁਲਾਕਾਤੀ:- ਬਲਬੀਰ ਸਿੰਘ ਮੋਮੀ

  ਸ਼ਾਇਰ ਸੁਖਿੰਦਰ ਨਾਲ ਕੁਝ ਖੁੱਲ੍ਹੀਆਂ ਗੱਲਾਂ
ਮੁਲਾਕਾਤੀ:- ਬਲਬੀਰ ਸਿੰਘ ਮੋਮੀ
? ਸੁਖਿੰਦਰ ਜੀ, ਤੁਸੀਂ ਆਪਣਾ ਸਾਰਾ ਜੀਵਨ ਇੱਕ ਲੇਖਕ ਦੇ ਤੌਰ ਤੇ ਜੀਵਿਆ ਹੈ। ਮੇਰਾ ਸਵਾਲ ਹੈ ਕਿ ਤੁਸੀਂ ਲੇਖਕ ਬਨਣ ਦਾ ਜੋ ਇਹ ਕਿੱਤਾ ਜਾਂ ਸ਼ੌਕ ਚੁਣਿਆ, ਇਸ ਦੇ ਕੀ ਕਾਰਨ ਸਨ?

: ਮੋਮੀ ਜੀ, ਜਿੱਥੋਂ ਤੱਕ ਤਾਂ ਇੱਕ ਲੇਖਕ ਬਨਣ ਦਾ ਸੁਆਲ ਹੈ? ਉਸ ਤਰ੍ਹਾਂ ਤਾਂ ਮੈਂ ਜਦੋਂ ਅਜੇ ਛੋਟਾ ਹੀ ਸਾਂ, ਜਦੋਂ ਮੈਂ ਅਜੇ ਸਕੂਲ ਵਿੱਚ ਹੀ ਪੜ੍ਹਦਾ ਸਾਂ, ਤਾਂ ਮੈਨੂੰ ਇੱਕ ਸੁਆਲ ਪੁੱਛਿਆ ਗਿਆ ਕਿ ਤੂੰ ਵੱਡਾ ਹੋ ਕੇ ਕੀ ਬਨਣਾ ਚਾਹੁੰਦਾ ਹੈਂ? ... ਜਦੋਂ ਕਿ ਉਸ ਸਮੇਂ ਸਕੂਲ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਗੱਲਾਂ ਦੀ ਅਜੇ ਕੋਈ ਬਹੁਤੀ ਸਮਝ ਨਹੀਂ ਹੁੰਦੀ ... ਤਾਂ ਮੈਂ ਕਿਹਾ ਸੀ ਕਿ ਮੈਂ ਇੱਕ ਕਵੀ ਬਨਣਾ ਚਾਹੁੰਦਾ ਹਾਂ। ਜਦੋਂ ਕਿ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਸਮਾਜ ਵਿੱਚ ਕਵੀ ਕਿਸ ਤਰ੍ਹਾਂ ਬਣਦੇ ਹਨ ... ਉਨ੍ਹਾਂ ਲਈ ਕਿਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ... ਇਸ ਤਰ੍ਹਾਂ ਦਾ ਜੋ ਸੰਕਲਪ ਸੀ ਮੁੱਢ ਤੋਂ ਹੀ ਮੇਰੇ ਨਾਲ ਤੁਰਿਆ ਰਿਹਾ। ਮੇਰਾ ਜਿਹੜਾ ਪ੍ਰਵਾਰ ਹੈ ਸਾਰਾ ਹੀ ਲੇਖਕਾਂ ਦਾ ਪ੍ਰਵਾਰ ਹੈ। ਮੇਰੇ ਪਾਪਾ ਵੀ ਬੜੇ ਚੰਗੇ ਕਹਾਣੀਕਾਰ ਅਤੇ ਕਵੀ ਸਨ। ਉਨ੍ਹਾਂ ਨੂੰ ਲੇਖਕ ਦੇ ਤੌਰ ਉੱਤੇ ਬੜੇ ਮਾਣ ਸਨਮਾਨ ਮਿਲੇ। ਉਹ ਸਾਰੀ ਉਮਰ ਮੈਗਜ਼ੀਨਾਂ ਅਖਬਾਰਾਂ ਦੇ ਸੰਪਾਦਕ ਰਹੇ ਅਤੇ ਪੰਜਾਬੀ ਦੇ ਪ੍ਰੋਫੈਸਰ ਰਹੇ। ਮੇਰੇ ਵੱਡੇ ਭਰਾ ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਗੁਰਭਗਤ ਸਿੰਘ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਲੇਖਕ-ਆਲੋਚਕ ਹਨ। ਮੇਰੇ ਮਾਤਾ ਜੀ ਨੇ ਸਾਰੀ ਉਮਰ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਈ ਸੀ। ਇਸ ਤਰ੍ਹਾਂ ਸਾਡੇ ਘਰ ਦਾ ਹੀ ਜੋ ਮਾਹੌਲ ਸੀ ਉਹ ਲੇਖਕਾਂ ਦਾ ਅਤੇ ਅਧਿਆਪਕਾਂ ਦਾ ਹੋਣ ਕਰਕੇ ਮੇਰੀ ਮਾਨਸਿਕਤਾ ਨੂੰ ਵੀ ਇਸ ਤੋਂ ਬਹੁਤ ਉਤਸ਼ਾਹ ਮਿਲਦਾ ਸੀ ਕਿ ਮੈਂ ਵੀ ਕੋਈ ਲੇਖਕ ਬਣਾ ਜਾਂ ਇਹੋ ਜਿਹੇ ਹੀ ਕੰਮ ਕਰਾਂ ਜਿਸ ਤਰ੍ਹਾਂ ਮੇਰੇ ਪ੍ਰਵਾਰ ਦੇ ਹੋਰ ਮੈਂਬਰ ਕਰ ਰਹੇ ਸਨ। ਦੂਜੀ ਗੱਲ ਇਹ ਸੀ ਕਿ ਸਾਡੇ ਘਰ ਵਿੱਚ ਨਾਮਵਰ ਲੇਖਕ ਆਂਦੇ ਜਾਂਦੇ ਰਹਿੰਦੇ ਸਨ। ਸਾਡੇ ਘਰ ਵਿੱਚ ਧਰਮ ਜਾਂ ਸਭਿਆਚਾਰ ਦੇ ਨਾਮ ਉੱਤੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਸਾਡੇ ਘਰ ਵਿੱਚ ਆਉਣ ਵਾਲੇ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਧਰਮ ਦੇ ਲੋਕਾਂ ਨੂੰ ਇੱਕੋ ਜਿਹਾ ਮਾਣ ਸਨਮਾਨ ਅਤੇ ਪਿਆਰ ਦਿੱਤਾ ਜਾਂਦਾ ਸੀ। ਸਾਡੇ ਘਰ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਕਦੀ ਵੀ ਜ਼ਾਤ-ਪਾਤ ਦੀ ਪੱਧਰ ਉੱਤੇ ਵੀ ਕਦੀ ਵੀ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਮੇਰੇ ਪ੍ਰਵਾਰ ਦੇ ਮੈਂਬਰ ਬਹੁਤ ਵਧੀਆ ਅਧਿਆਪਕ ਹੋਣ ਦੇ ਨਾਤੇ ਵੀ ਸਮਾਜ ਵਿੱਚ ਹਰੇਕ ਪੱਧਰ ਦੇ ਲੋਕਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ ... ਸਾਡੇ ਘਰ ਵਿੱਚ ਹਰ ਕੋਈ ਕਈ ਕਈ ਜ਼ੁਬਾਨਾਂ ਬੋਲਣ ਵਿੱਚ ਮੁਹਾਰਤ ਰੱਖਦਾ ਸੀ ... ਮੇਰੇ ਪ੍ਰਵਾਰ ਦੇ ਮੈਂਬਰ ਸੰਸਕ੍ਰਿਤ, ਹਿੰਦੀ, ਉਰਦੂ, ਪੰਜਾਬੀ, ਫਾਰਸੀ, ਅੰਗਰੇਜ਼ੀ ਅਤੇ ਜਰਮਨ ਭਾਸ਼ਾ ਜਾਣਦੇ ਹਨ ... ਜਦੋਂ ਮੈਂ ਅਜੇ ਛੋਟਾ ਹੀ ਸੀ ਤਾਂ ਮੈਨੂੰ ਸਾਡੇ ਘਰ ਆਉਣ ਵਾਲੇ ਅਨੇਕਾਂ ਨਾਮਵਰ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ... ਜਿਵੇਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਾਡੇ ਘਰ ਅਕਸਰ ਆ ਕੇ ਠਹਿਰਦੇ ਹੁੰਦੇ ਸਨ। ਡਾ. ਹਰਿਭਜਨ ਸਿੰਘ, ਹਰਿਨਾਮ, ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਕੁਲਵੰਤ ਸਿੰਘ ਵਿਰਕ, ਡਾ. ਰੋਸ਼ਨ ਲਾਲ ਆਹੂਜਾ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਹੀਰਾ ਸਿੰਘ ਦਰਦ, ਕੁਮਾਰ ਵਿਕਲ, ਸ.ਸ. ਮੀਸ਼ਾ, ਅਮਿਤੋਜ, ਦੇਵ, ਮੋਹਨਜੀਤ, ਡਾ. ਗੁਰਬਖਸ਼ ਸਿੰਘ ਫਰੈਂਕ, ਡਾ. ਆਤਮਜੀਤ ਸਿੰਘ, ਐਸ.ਐਸ. ਅਮੋਲ, ਡਾ. ਜਗਬੀਰ ਸਿੰਘ, ਗੁਰਦਿਆਲ ਸਿੰਘ ਨਾਵਲਿਸਟ, ਡਾ. ਰਣਧੀਰ ਸਿੰਘ ਚੰਦ, ਪ੍ਰੇਮ ਪਾਲੀ, ਤੇਰਾ ਸਿੰਘ ਚੰਨ, ਕੁਲਵੰਤ ਗਰੇਵਾਲ, ਡਾ. ਗੁਰਬਚਨ, ਸੁਰਜੀਤ ਪਾਤਰ, ਲਾਲੀ, ਡਾ. ਸੁਰਜੀਤ ਲੀਅ, ਡਾ. ਅਤਰ ਸਿੰਘ ਅਤੇ ਡਾ. ਤਰਲੋਕ ਸਿੰਘ ਕੰਵਰ ਨੂੰ ਮੈਂ ਅਕਸਰ ਆਪਣੇ ਘਰ ਵਿੱਚ ਹੀ ਮਿਲਿਆ ਅਤੇ ਉਨ੍ਹਾਂ ਦੀਆਂ ਗੱਲਾਂ ਸੁਨਣ ਦਾ ਵੀ ਮੌਕਾ ਮਿਲਿਆ। ਮੈਂ ਸਮਝਦਾ ਹਾਂ ਕਿ ਮੈਨੂੰ ਇਨ੍ਹਾਂ ਗੱਲਾਂ ਨੇ ਲੇਖਕ ਬਨਣ ਲਈ ਕਾਫੀ ਉਤਸ਼ਾਹਤ ਕੀਤਾ ...

? ਸੁਖਿੰਦਰ ਜੀ, ਤੁਸੀਂ ਕਾਫੀ ਹੱਦ ਤੱਕ ਦੱਸਿਆ ਕਿ ਸਾਹਿਤਕ ਮਾਹੌਲ, ਲੇਖਕਾਂ ਦਾ ਘਰ ਵਿੱਚ ਬਹੁਤ ਆਉਣਾ-ਜਾਣਾ, ਆਦਿ ਦੇ ਪ੍ਰਭਾਵ ਕਾਰਨ ਤੁਸੀਂ ਲੇਖਣੀ ਨੂੰ ਆਪਣਾ ਕਿੱਤਾ ਬਣਾ ਕੇ ਚੁਣਿਆ। ਪਰ ਇਸ ਦੇ ਨਾਲ ਮੈਂ ਸਵਾਲ ਫਿਰ ਪੈਦਾ ਕਰਾਂਗਾ ਕਿ ਕਈ ਬੱਚੇ ਲੇਖਕਾਂ ਦੇ ਘਰਾਂ ਵਿੱਚ ਜੰਮ ਕੇ, ਉਸ ਮਾਹੌਲ ਵਿੱਚ ਰਹਿ ਕੇ, ਵੱਡੇ ਹੋ ਕੇ, ਵੀ ਲੇਖਕ ਨਹੀਂ ਬਣਦੇ ਜਾਂ ਜਿਵੇਂ ਇਹ ਜ਼ਰੂਰੀ ਨਹੀਂ ਕਿ ਇੱਕ ਪਹਿਲਵਾਨ ਦਾ ਬੱਚਾ ਪਹਿਲਵਾਨ ਬਣੇ, ਡਾਕਟਰ ਦਾ ਬੱਚਾ ਡਾਕਟਰ ਬਣੇ, ਕੋਈ ਹੋਰ ਗੱਲ ਵੀ ਹੋਣੀ ਚਾਹੀਦੀ ਹੈ ਜਿਵੇਂ ਕਿ ਕਵਿਤਾ ਤੁਹਾਡੇ ਅੰਦਰੋਂ ਬਾਹਰ ਆਉਣਾ ਚਾਹੁੰਦੀ ਸੀ? ਜ਼ਰਾ ਕੁਝ ਹੋਰ ਡੂੰਘੇ ਸੋਚ ਕੇ ਦੱਸੋ ਕਿ ਉਹ ਹੋਰ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਤੁਸੀਂ ਲੇਖਕ ਬਨਣ ਦਾ ਫੈਸਲਾ ਕੀਤਾ?

: ਮੋਮੀ ਜੀ, ਡੂੰਘੇ ਕਾਰਨ ਕੋਈ ਹੋ ਵੀ ਸਕਦੇ ਹਨ - ਜਿਨ੍ਹਾਂ ਦਾ ਮੈਨੂੰ ਪਤਾ ਨਾ ਹੋਵੇ। ਕਈ ਵੇਰ ਅਚੇਤ ਤੌਰ ਉੱਤੇ ਤੁਹਾਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ ਕਿ ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਇੱਕ ਲੇਖਕ ਬਣ ਗਏ/ ਕਈ ਵਾਰੀ ਤੁਸੀਂ ਸੁਚੇਤ ਤੌਰ ਉੱਤੇ ਬਣਦੇ ਹੋ ਅਤੇ ਕਈ ਵੇਰੀ ਅਚੇਤ ਤੌਰ ਉੱਤੇ। ਪਰ ਮੈਂ ਸਮਝਦਾ ਹਾਂ ਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਹਨ ਉਹ ਸਹਾਈ ਜ਼ਰੂਰ ਹੁੰਦੀਆਂ ਹਨ। ਜਿਵੇਂ ਕਿ 1975 ਤੱਕ ਮੈਂ ਹਿੰਦੁਸਤਾਨ ਵਿੱਚ ਸੀ ਅਤੇ ਉਦੋਂ ਤੱਕ ਮੈਂ ਇੱਕ ਲੇਖਕ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਕਿ ਮੈਂ ਜਦੋਂ ਅਜੇ 8-10ਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ ਤਾਂ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ; ਪਰ ਉਦੋਂ ਮੈਂ ਅਜੇ ਚੇਤੰਨ ਨਹੀਂ ਸਾਂ ... ਮੈਨੂੰ ਨਹੀਂ ਸੀ ਪਤਾ ਕਿ ਮੈਂ ਕੋਈ ਕਹਾਣੀ ਲੇਖਕ ਬਣਾਂਗਾ ਜਾਂ ਸ਼ਾਇਰ ਬਣਾਂਗਾ। ਬਚਪਨ ਵਿੱਚ ਹੀ ਮੈਂ ਬਹੁਤ ਲੇਖਕਾਂ ਦੀਆਂ ਲਿਖਤਾਂ ਪੜ੍ਹੀਆਂ। ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਕਿ ਮੈਂ ਜਦੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਦਸਵੀਂ ਦਾ ਇਮਤਿਹਾਨ ਦਿੱਤਾ ... ਤੁਸੀਂ ਦੇਖਿਆ ਹੋਣਾ ਕਿ ਦਸਵੀਂ ਦਾ ਇਮਤਿਹਾਨ ਦੇਣ ਤੱਕ ਵਿਦਿਆਰਥੀਆਂ ਨੂੰ ਸਾਹਿਤ ਬਾਰੇ ਕੋਈ ਬਹੁਤਾ ਪਤਾ ਨਹੀਂ ਹੁੰਦਾ। ਸਾਡੇ ਘਰ ਵਿੱਚ ਕਿਉਂਕਿ ਬਹੁਤ ਵੱਡੀ ਲਾਇਬਰੇਰੀ ਸੀ ... ਜਿਹੜੇ ਵੀ ਲੇਖਕ ਦੀ ਕੋਈ ਨਵੀਂ ਕਿਤਾਬ ਛਪਦੀ ਸੀ ਮੇਰੇ ਪਾਪਾ ਉਸ ਕਿਤਾਬ ਦੀਆਂ ਦੋ ਕਾਪੀਆਂ ਖਰੀਦ ਕੇ ਲੈ ਆਂਦੇ ਸਨ। ਮੈਂ ਅਜੇ ਛੋਟਾ ਹੀ ਸੀ ਤਾਂ ਮੇਰੇ ਵੱਡੇ ਭਰਾ ਡਾ. ਗੁਰਭਗਤ ਸਿੰਘ ਪਟਿਆਲੇ ਪ੍ਰੋਫੈਸਰ ਹੁੰਦੇ ਸਨ। ਉਨ੍ਹਾਂ ਦਿਨਾਂ ਵਿੱਚ ਚੀਨ ਅਤੇ ਸੋਵੀਅਤ ਯੂਨੀਅਨ ਦੇ ਪੰਜਾਬੀ ਦੇ ਮੈਗਜ਼ੀਨ ਬਹੁਤ ਚਰਚਿਤ ਹੁੰਦੇ ਸਨ ... ਛੋਟੀਆਂ, ਛੋਟੀਆਂ ਕਿਤਾਬਾਂ ਵੱਖੋ, ਵੱਖ ਵਿਸ਼ਿਆਂ ਉੱਤੇ ਬਹੁਤ ਚਰਚਿਤ ਹੁੰਦੀਆਂ ਸਨ। ਡਾ. ਗੁਰਭਗਤ ਸਿੰਘ ਨੇ ਜਦੋਂ ਹਫਤੇ/ਪੰਦਰਾਂ ਦਿਨ ਬਾਅਦ ਘਰ ਆਉਣਾ ਤਾਂ ਉਹ ਮੇਰੇ ਲਈ ਕੋਈ ਹੋਰ ਚੀਜ਼ਾਂ ਨਹੀਂ ਸੀ ਲੈ ਕੇ ਆਉਂਦੇ - ਜਿਵੇਂ ਖਿਡੌਣੇ ਜਾਂ ਮਠਿਆਈ ਆਦਿ ... ਉਹ ਮੇਰੇ ਲਈ ਕਿਤਾਬਾਂ ਖ੍ਰੀਦ ਕੇ ਲਿਆਉਂਦੇ ਹੁੰਦੇ ਸਨ। ਬਚਪਨ ਵਿੱਚ ਉਨ੍ਹਾਂ ਨੇ ਮੈਨੂੰ ਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਈ। ਦੂਜੀ ਗੱਲ ਸੀ ਜਦੋਂ ਮੈਂ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਉਦੋਂ ਤੱਕ ਮੈਂ ਪੰਜਾਬੀ ਦੇ ਅਨੇਕਾਂ ਨਾਮਵਰ ਲੇਖਕ ਪੜ੍ਹ ਚੁੱਕਾ ਸੀ। ਤੁਹਾਡੇ ਲਈ ਵੀ ਇਹ ਗੱਲ ਬੜੀ ਹੈਰਾਨੀ ਵਾਲੀ ਹੋਵੇਗੀ ਕਿ ਮੈਂ ਜਦੋਂ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਪੰਜਾਬੀ ਦਾ ਜੋ ਵਿਸ਼ਾ ਸੀ ਉਸ ਵਿੱਚ ਫਾਈਨਲ ਇਮਤਿਹਾਨ ਵਿੱਚ ਜਿਹੜਾ ਇੱਕ ਲੇਖ ਲਿਖਣਾ ਹੁੰਦਾ ਸੀ - ਉਹ ਮੈਂ ਲੇਖ ਲਿਖ ਕੇ ਆਇਆ ਸੀ - ਪੰਜਾਬੀ ਸ਼ਾਇਰ ਪ੍ਰੋ. ਪੂਰਨ ਸਿੰਘ ਅਤੇ ਅੰਗ੍ਰੇਜ਼ੀ ਸ਼ਾਇਰ ਵਿਲੀਅਮ ਵਰਡਜ਼ਵਰਥ ਦਾ ਤੁਲਨਾਤਮਿਕ ਅਧਿਐੱਨ। ਉਸ ਸਮੇਂ ਮੈਂ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਵਿਸ਼ੇ ਵਿੱਚ ਫਸਟ ਆਇਆ ਸੀ ਅਤੇ ਮੈਨੂੰ ਭਾਸ਼ਾ ਵਿਭਾਗ, ਪੰਜਾਬ ਨੇ ਸਕਾਲਰਸ਼ਿੱਪ ਦੇਣ ਦੀ ਪੇਸ਼ਕਸ਼ ਕੀਤੀ ਸੀ ਕਿ ਜੇਕਰ ਮੈਂ ਐਮ.ਏ. ਤੱਕ ਪੰਜਾਬੀ ਪੜ੍ਹਾਂ ਤਾਂ ਮੈਨੂੰ ਐਮ.ਏ. ਤੱਕ ਸਕਾਲਰਸ਼ਿਪ ਦਿੱਤਾ ਜਾਵੇਗਾ ... ਉਸ ਤੋਂ ਬਾਅਦ ਮੈਂ ਹੋਰ ਵੀ ਬਹੁਤ ਲੇਖਕਾਂ ਨੂੰ ਪੜ੍ਹਿਆ, ਹਿੰਦੀ ਸਾਹਿਤ ਵੀ ਬਹੁਤ ਪੜ੍ਹਿਆ ... ਮੈਂ ਹਿੰਦੀ ਸਾਹਿਤ ਵੀ ਬਹੁਤ ਪੜ੍ਹਦਾ ਸੀ ... ਪੰਜਾਬੀ ਸਾਹਿਤ ਵੀ ਬਹੁਤ ਪੜ੍ਹਦਾ ਸੀ ... ਜਿਸ ਸਮੇਂ ਮੈਂ ਐਮ.ਐਸਸੀ. ਫਿਜ਼ਿਕਸ ਕਰ ਰਿਹਾ ਸਾਂ ਤਾਂ ਉਸ ਸਮੇਂ ਮੇਰੇ ਭਰਾ ਡਾ. ਸੁਤਿੰਦਰ ਸਿੰਘ ਨੂਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਇਨਸਟਰਕਟਰ ਲੱਗ ਚੁੱਕੇ ਸਨ। ਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵਿੱਚ ਇੱਕ ਪ੍ਰੋਫੈਸਰ ਹੁੰਦੇ ਸਨ ਡਾ.ਐਚ.ਐਸ. ਗੁਰਮ। ਉਨ੍ਹਾਂ ਦਿਨਾਂ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਵਿਗਿਆਨ ਦੇ ਵਿਸ਼ਿਆਂ ਬਾਰੇ ਬਹੁਤ ਘੱਟ ਲੇਖਕ ਪੰਜਾਬੀ ਵਿੱਚ ਲਿਖਦੇ ਹੁੰਦੇ ਸਨ। ਡਾ. ਗੁਰਮ ਨੇ ਮੈਨੂੰ ਸੁਨੇਹਾ ਭੇਜਿਆ ਕਿ ਮੈਂ ਵਿਗਿਆਨਕ ਵਿਸ਼ੇ ਉੱਤੇ ਪੰਜਾਬੀ ਵਿੱਚ ਇੱਕ ਆਰਟੀਕਲ ਲਿਖਾਂ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਲਈ। ਮੇਰੇ ਖਿਆਲ ਵਿੱਚ ਮੈਂ 1967 ਦੇ ਆਸ ਪਾਸ ਡਾ. ਗੁਰਮ ਲਈ ਇਹ ਪਹਿਲਾ ਵਿਗਿਆਨਕ ਵਿਸ਼ੇ ਉੱਤੇ ਇੱਕ ਗੰਭੀਰ ਕਿਸਮ ਦਾ ਨਿਬੰਧ ਲਿਖਿਆ। ਕਿਉਂਕਿ ਮੈਂ 1967-69 ਦਰਮਿਆਨ ਐਮ.ਐਸਸੀ. ਫਿਜ਼ਿਕਸ ਕੀਤੀ ... ਉਦੋਂ ਮੈਂ ਇਹ ਪਹਿਲਾ ਗੰਭੀਰ ਨਿਬੰਧ ਲਿਖਿਆ ‘ਕੁਐਂਟਮ ਥੀਊਰੀ ਅਤੇ ਸਿਧਾਂਤ’। ਮੇਰਾ ਇਹ ਨਿਬੰਧ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਵਿੱਚ ਛਪਿਆ। ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਲਈ ਹੋਰ ਨਿਬੰਧ ਵੀ ਲਿਖੇ। ਜਿਵੇਂ ਕਿ ‘ਭੂਚਾਲ’ ਆਦਿ ਵਿਸ਼ਿਆਂ ਉੱਤੇ ... ਉਸ ਤੋਂ ਉਤਸ਼ਾਹਤ ਹੋ ਕੇ ਮੈਂ ਤਿੰਨ ਪੁਸਤਕਾਂ ਵਿਗਿਆਨਕ ਵਿਸ਼ਿਆਂ ਉੱਤੇ ਪ੍ਰਕਾਸ਼ਿਤ ਕੀਤੀਆਂ: ਪਹਿਲੀ ਪੁਸਤਕ ਮੈਂ 1972 ਵਿੱਚ ਪ੍ਰਕਾਸ਼ਿਤ ਕੀਤੀ: ‘ਪੁਲਾੜ, ਸਮਾਂ ਤੇ ਪਦਾਰਥ’। ਦੂਜੀ ਵਿਗਿਆਨਕ ਵਿਸ਼ੇ ਉੱਤੇ ਪੁਸਤਕ ਮੈਂ 1973 ਵਿੱਚ ਪ੍ਰਕਾਸ਼ਿਤ ਕੀਤੀ: ‘ਕਾਸਮਿਕ ਕਿਰਨਾਂ ਅਤੇ ਵਿਸ਼ਵ’। ਮੇਰੀ ਇਹ ਦੂਜੀ ਪੁਸਤਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਉਸ ਸਮੇਂ ਸ਼ਾਇਦ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਉੱਥੇ ਡਾਇਰੈਕਟਰ ਹੁੰਦੇ ਸਨ। 1975 ਵਿੱਚ ਵਿਗਿਆਨਕ ਵਿਸ਼ੇ ਉੱਤੇ ਆਪਣੀ ਤੀਜੀ ਪੁਸਤਕ ਪ੍ਰਕਾਸ਼ਿਤ ਕੀਤੀ: ‘ਵਿਸ਼ਵ ਚਰਚਾ’- ਜੋ ਕਿ ਸੋਲਰ ਸਿਸਟਮ ਬਾਰੇ ਸੀ। ਇਸ ਤਰ੍ਹਾਂ ਇੱਕ ਲੇਖਕ ਦੇ ਤੌਰ ਉੱਤੇ ਮੈਂ ਇੱਕ ਵਿਗਿਆਨਕ ਲੇਖਕ ਦੇ ਤੌਰ ਉੱਤੇ ਪ੍ਰਵੇਸ਼ ਕੀਤਾ। ਉਦੋਂ ਸਾਹਿਤਕਾਰ ਬਨਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਭਾਵੇਂ ਕਿ ਮੇਰੇ ਘਰ ਵਿੱਚ ਸਾਰੇ ਮੈਂਬਰ ਸਾਹਿਤਕਾਰ ਸਨ। ਉਂਝ ਮੈਂ ਐਵੇਂ ਛੋਟੀਆਂ ਮੋਟੀਆਂ ਕੋਈ ਚੀਜ਼ਾਂ ਲਿਖ ਦੇਣੀਆਂ। ਗੰਭੀਰ ਰੂਪ ਵਿੱਚ ਵਿਗਿਆਨ ਦੇ ਖੇਤਰ ਵੱਲ ਹੀ ਜਾਣਾ ਚਾਹੁੰਦਾ ਸਾਂ। ਮੈਂ ਤਾਂ ਇੱਕ ਤਾਰਾ ਵਿਗਿਆਨੀ ਬਨਣਾ ਚਾਹੁੰਦਾ ਸਾਂ ... ਉਸ ਤੋਂ ਬਾਅਦ ... ਕਿਉਂਕਿ ਮੇਰੇ ਪ੍ਰਵਾਰ ਦਾ ਬਿਜ਼ਨਸ ਸੀ ਜਿਹੜਾ ਉਹ ਪਰਿੰਟਿੰਗ ਅਤੇ ਪਬਲਿਸ਼ਿੰਗ ਸੀ। ਪ੍ਰਵਾਰ ਦੇ ਬਿਜ਼ਨਸ ਵਿੱਚ ਮੈਂ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ। ਜਦੋਂ ਮੈਂ ਅਜੇ 8-10ਵੀਂ ਵਿੱਚ ਹੀ ਪੜ੍ਹਦਾ ਹੁੰਦਾ ਸੀ ... ਅਸੀਂ ਮੈਗਜ਼ੀਨ ਪ੍ਰਕਾਸ਼ਿਤ ਕਰਦੇ ਸਾਂ ... ਅਖਬਾਰਾਂ ਪ੍ਰਕਸ਼ਿਤ ਕਰਦੇ ਸਾਂ ... ਉਹ ਸਾਰੀਆਂ ਚੀਜ਼ਾਂ ਮੈਂ ਪੜ੍ਹਦਾ ਸਾਂ ... ਹੋਰ ਲੋਕਾਂ ਦੇ ਮੈਗਜ਼ੀਨ ਵੀ ਅਸੀਂ ਛਾਪਦੇ ਸਾਂ। ਕਿਤਾਬਾਂ ਅਸੀਂ ਛਾਪਦੇ ਸਾਂ ਹੋਰਨਾਂ ਲੇਖਕਾਂ ਦੀਆਂ ਵੀ ... ਇਸ ਤੋਂ ਬਿਨਾਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਸਾਡੇ ਘਰ ਹੁੰਦੀਆਂ ਸਨ ... ਡਾ. ਰੋਸ਼ਨ ਲਾਲ ਆਹੂਜਾ, ਕੁਲਵੰਤ ਸਿੰਘ ਵਿਰਕ ਉਦੋਂ ਉੱਥੇ ਅੰਬਾਲਾ ਸ਼ਹਿਰ ਸਾਡੇ ਨੇੜੇ ਹੀ ਰਹਿੰਦੇ ਹੁੰਦੇ ਸਨ। ਉਹ ਸਾਡੇ ਘਰ ਆਂਦੇ ਜਾਂਦੇ ਸਨ। ਉਨ੍ਹਾਂ ਚੀਜ਼ਾਂ ਦੇ ਅਸਰ ਕਰਕੇ ਫਿਰ ਮੈਂ ਹੌਲੀ ਹੌਲੀ ਸਾਹਿਤ ਵੱਲ ਮੁੜਿਆ ... ਫਿਰ ਮੈਂ 1972 ਦੇ ਆਸ ਪਾਸ ਐਮ.ਏ. ਇੰਗਲਿਸ਼ ਵੀ ਕਰ ਲਈ। ਉੱਥੋਂ ਫਿਰ ਮੇਰਾ ਰੁਝਾਨ ਸੀ ਜਿਹੜਾ ਸਾਹਿਤ ਵੱਲ ਵਧ ਗਿਆ। ਉਸ ਤੋਂ ਬਾਅਦ ਵੀ ਮੈਂ ਕਵਿਤਾਵਾਂ ਲਿਖ ਲੈਣੀਆਂ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੋਈ ਚੰਗਾ ਸ਼ਾਇਰ ਹਾਂ ਜਾਂ ਨਹੀਂ। ਉਨ੍ਹਾਂ ਦਿਨਾਂ ਵਿੱਚ ਸਾਡੇ ਘਰ ਸਾਰੀ ਸਾਰੀ ਰਾਤ ਸਾਹਿਤਕਾਰਾਂ ਦੀਆਂ ਮੀਟਿੰਗਾਂ ਚੱਲਦੀਆਂ। ਕਦੀ ਡਾ. ਹਰਿਭਜਨ ਸਿੰਘ ਆ ਰਿਹਾ, ਕਦੀ ਹਰਿਨਾਮ ਆ ਰਿਹਾ, ਕਦੀ ਡਾ. ਅਤਰ ਸਿੰਘ ਆ ਰਿਹਾ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤਾਂ ਸਾਡੇ ਘਰ ਬਹੁਤ ਹੀ ਆਉਂਦੇ ਸਨ। ਸਾਰੀ ਸਾਰੀ ਰਾਤ ਇਨ੍ਹਾਂ ਲੇਖਕਾਂ ਦੀਆਂ ਸਾਹਿਤਕ ਬਹਿਸਾਂ ਚੱਲਦੀਆਂ ਰਹਿੰਦੀਆਂ। ਪਰ ਮੇਰੀ ਉਨ੍ਹਾਂ ਮੀਟਿੰਗਾਂ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਹੁੰਦੀ। ਕਿਉਂਕਿ ਉਹ ਸਮਝਦੇ ਸਨ ਕਿ ਇਹ ਤਾਂ ਸਾਹਿਤ ਦਾ ਬੰਦਾ ਨਹੀਂ। ਇਹ ਤਾਂ ਵਿਗਿਆਨ ਦਾ ਬੰਦਾ ਹੈ। ਮੈਨੂੰ ਨਹੀਂ ਸੀ ਕਦੀ ਉਹ ਉਸ ਸਾਹਿਤਕ ਬੈਠਕ ਵਿੱਚ ਬੈਠਣ ਲਈ ਕਹਿੰਦੇ ਹੁੰਦੇ। ਅਸੀਂ ਤਾਂ ਘਰ ਆਏ ਉਨ੍ਹਾਂ ਮਹਿਮਾਨ ਲੇਖਕਾਂ ਦੀ ਆਓ ਭਗਤ ਕਰਨ ਵਾਲਿਆਂ ਵਿੱਚ ਹੀ ਹੁੰਦੇ ਸਾਂ। ਉਨ੍ਹਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਵਾਲਿਆਂ ਵਿੱਚ ... ਉਸ ਤੋਂ ਬਾਅਦ ਮੈਂ ਥੋੜ੍ਹੀਆਂ ਜਿਹੀਆਂ ਜੋ ਨਜ਼ਮਾਂ ਲਿਖਦਾ ਰਹਿੰਦਾ ਸੀ ਆਪਣੀ ਡਾਇਰੀ ਵਿੱਚ ਨੂਰ ਨੂੰ ਦਿਖਾਈਆਂ ਕਿ ਮੈਂ ਵੀ ਕਵਿਤਾ ਦੀ ਇੱਕ ਕਿਤਾਬ ਪ੍ਰਕਾਸ਼ਿਤ ਕਰਨੀ ਹੈ। ਫਿਰ ਮੈਂ ਕਵਿਤਾ ਦੀ ਇੱਕ ਕਿਤਾਬ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’ ਪ੍ਰਕਾਸ਼ਿਤ ਕਰ ਦਿੱਤੀ 1974 ਵਿੱਚ ... ਉਦੋਂ ਤੱਕ ਮੈਂ ਜਿਵੇਂ ਕਿ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਮੈਂ ਅੰਗ੍ਰੇਜ਼ੀ ਸਾਹਿਤ ਬਹੁਤ ਪੜ੍ਹ ਚੁੱਕਿਆ ਸੀ। ਟੀ. ਐਸ. ਐਲੀਅਟ, ਡੀ. ਐਚ. ਲਾਰੈਂਸ, ਦੋਸਤੋਵਸਕੀ, ਗੋਰਕੀ, ਕਾਫ਼ਕਾ, ਕਾਮੂੰ, ਸਮਰਸੈੱਟ ਮਾਮ, ਮੁਪਾਸਾਂ, ਹਾਰਡੀ, ਵਿਕਟਰ ਹਿਊਗੋ, ਐਲਡਸ ਹਕਸਲੇ, ਹੈਮਿੰਗਵੇ, ਜੋਰਜ ਓਰਵਿਲ, ਚਾਰਲਿਸ ਡਿਕਨਜ਼ ਅਤੇ ਸੈਕਸ਼ਪੀਅਰ ਪੜ੍ਹ ਚੁੱਕਾ ਸਾਂ ... ਪਰ ਸਾਹਿਤਕ ਤੌਰ ਉੱਤੇ ਪੰਜਾਬੀ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਚੇਤੰਨ ਤੌਰ ਉੱਤੇ ਕੀ ਲਿਖਣਾ ਹੈ। ਉਸ ਵੇਲੇ ਤੱਕ ਮੈਨੂੰ ਪੰਜਾਬੀ ਸ਼ਾਇਰੀ ਵਿੱਚ ਪੈਦਾ ਹੋ ਰਹੀ ਨਕਸਲਵਾਦੀ ਜਾਂ ਕ੍ਰਾਂਤੀਕਾਰੀ ਕਵਿਤਾ ਜਾਂ ਜੁਝਾਰੂ ਸੁਭਾਅ ਵਾਲੀ ਕਵਿਤਾ ਬਾਰੇ ਵੀ ਬਹੁਤ ਜ਼ਿਆਦਾ ਨਹੀਂ ਸੀ ਪਤਾ। ਭਾਵੇਂ ਕਿ ਕਵਿਤਾ ਦੇ ਤੌਰ ਉੱਤੇ ਮੈਂ ਮੈਗਜ਼ੀਨਾਂ, ਅਖਬਾਰਾਂ ਵਿੱਚ ਛਪ ਰਹੀ ਹਰ ਕਿਸਮ ਦੀ ਕਵਿਤਾ ਬੜੇ ਸ਼ੌਕ ਨਾਲ ਪੜ੍ਹਦਾ ਸਾਂ। ਉਸ ਵੇਲੇ ਤੱਕ ਰਾਜਨੀਤਿਕ ਤੌਰ ਉੱਤੇ ਮੈਂ ਕਿਸੀ ਵਿਚਾਰਧਾਰਾ ਨਾਲ ਵਿਸ਼ੇਸ਼ ਤੌਰ ਉੱਤੇ ਨਹੀਂ ਜੁੜਿਆ ਹੋਇਆ ਸਾਂ। ਉਸ ਵੇਲੇ ਤੱਕ ਮੈਂ ਰੂਪਕ ਪੱਖ ਤੋਂ ਕਵਿਤਾ ਦੇ ਉੱਤਮ ਹੋਣ ਵਾਲੇ ਗੁਣਾਂ ਨੂੰ ਹੀ ਸਮਝਦਾ ਸਾਂ। ਪਰ ਇਹ ਸਮਾਂ ਸੀ ਜਦੋਂ ਮੈਂ ਹਰ ਤਰ੍ਹਾਂ ਦਾ ਉੱਤਮ ਸਾਹਿਤ ਪੜ੍ਹ ਰਿਹਾ ਸਾਂ ... ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਉੱਤਮ ਸਾਹਿਤ ... ਸਾਡੇ ਘਰ ਦੀ ਲਾਇਬਰੇਰੀ ਵਿੱਚ ਬਾਈਬਲ, ਕੁਰਾਨ, ਗ੍ਰੰਥ ਸਾਹਿਬ, ਗੀਤਾ ਅਤੇ ਵੇਦ ਬਿਨਾਂ ਕਿਸੀ ਝਿਜਕ ਦੇ ਅਤੇ ਬੜੇ ਸ਼ੌਕ ਨਾਲ ਪੜ੍ਹੀਆਂ ਜਾਣ ਵਾਲੀਆਂ ਗਿਆਨ ਦੀਆਂ ਪੁਸਤਕਾਂ ਵਾਂਗੂੰ ਸ਼ਾਮਿਲ ਕੀਤੀਆਂ ਹੋਈਆਂ ਸਨ .... ਕਵਿਤਾ ਦੀ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਤੋਂ ਬਾਅਦ ਮੈਂ 1975 ਵਿੱਚ ਕੈਨੇਡਾ ਆ ਗਿਆ। ਮੇਰੀ ਗ਼ੈਰਹਾਜ਼ਰੀ ਵਿੱਚ ਹੀ ਮੇਰੀ ਕਵਿਤਾ ਦੀ ਪਹਿਲੀ ਕਿਤਾਬ ਨੂੰ ਹੀ ... ਉਨ੍ਹਾਂ ਦਿਨਾਂ ਵਿੱਚ ਹੁੰਦਾ ਸੀ ਭਾਸ਼ਾ ਵਿਭਾਗ ਹਰਿਆਣਾ, ਉਸ ਵੱਲੋਂ - ਮੇਰੀ ਸਾਹਿਤ ਦੀ ਪਹਿਲੀ ਹੀ ਕਿਤਾਬ ਨੂੰ ਹੀ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’ ਨੂੰ ਬੈਸਟ ਬੁੱਕ ਦਾ ਐਵਾਰਡ ਮਿਲ ਗਿਆ। ਉਦੋਂ ਸਤੀ ਕੁਮਾਰ ਦਾ ਬੜਾ ਨਾਮ ਹੁੰਦਾ ਸੀ, ਹਰਿਨਾਮ ਦਾ ਬੜਾ ਨਾਮ ਹੁੰਦਾ ਸੀ - ਉਨ੍ਹਾਂ ਨੇ ਮੇਰੀ ਕਿਤਾਬ ਦੇ ਬੜੇ ਵਧੀਆ ਰੀਵੀਊ ਕੀਤੇ ... ਮੈਨੂੰ ਕੈਨੇਡਾ ਆ ਕੇ ਇਸ ਦੀ ਡਾਕ ਰਾਹੀਂ ਜਾਣਕਾਰੀ ਮਿਲੀ ਕਿ ਮੈਨੂੰ ਭਾਸ਼ਾ ਵਿਭਾਗ, ਹਰਿਆਣਾ ਦਾ ‘1975 ਸਾਲ ਦਾ ਬੈਸਟ ਬੁੱਕ ਦਾ ਐਵਾਰਡ’ ਮਿਲਿਆ ਹੈ ... ਸਾਹਿਤਕ ਖੇਤਰ ਵੱਲ ਕੈਨੇਡਾ ਆ ਕੇ ਮੇਰਾ ਜ਼ਿਆਦਾ ਧਿਆਨ ਮੁੜਿਆ ...

? ਸੁਖਿੰਦਰ ਜੀ, ਜਿਵੇਂ ਕਿ ਤੁਸੀਂ ਦਸਿਆ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਤੁਸੀਂ ਲਿਖਣ ਦੇ ਕਿੱਤੇ ਵੱਲ ਮੁਹਾਰ ਮੋੜ ਲਈ ਸੀ। ਪਰ ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਜਿੱਥੇ ਜੀਵਨ ਜੀਣ ਦੀ ਦੌੜ ਬੜੀ ਔਖੀ ਹੈ, ਖਾਸ ਕਰਕੇ ਜ਼ਿਆਦਾ ਪੜ੍ਹਿਆਂ ਲਿਖਿਆਂ ਲਈ, ਤੁਸੀਂ ਏਥੇ ਆ ਕੇ ਆਪਣੇ ਲਿਖਣ ਦੇ ਸ਼ੌਕ ਦੇ ਕਬੂਤਰਾਂ ਨੂੰ ਕਿਵੇਂ ਪਾਲਿਆ?

: ਮੋਮੀ ਜੀ, ਮੈਂ ਵੈਨਕੂਵਰ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਮੈਗਜ਼ੀਨ ‘ਵਤਨੋਂ ਦੂਰ’ ਨਾਲ ਜੁੜ ਗਿਆ। ਉਨ੍ਹਾਂ ਦਿਨਾਂ ਵਿੱਚ ਹੀ ਪੰਜਾਬੀ ਸ਼ਾਇਰ ਇਕਬਾਲ ਰਾਮੂੰਵਾਲੀਆ ਵੀ ਟੋਰਾਂਟੋ ਆ ਚੁੱਕਾ ਸੀ। ਸੁਰਿੰਦਰ ਧੰਜਲ ਉਦੋਂ ‘ਵਤਨੋਂ ਦੂਰ’ ਦਾ ਸੰਪਾਦਕ ਹੁੰਦਾ ਸੀ। ਉਹ ਵੈਨਕੂਵਰ ਦੇ ਹੀ ਨੇੜੇ ਕਿਤੇ ਰਹਿੰਦਾ ਸੀ। ਸੁਰਿੰਦਰ ਧੰਜਲ ਨੂੰ ਤਾਂ ਮੈਂ ਚਾਰ ਪੰਜ ਸਾਲ ਤੱਕ ਨਿੱਜੀ ਤੌਰ ਉੱਤੇ ਨਾ ਮਿਲ ਸਕਿਆ। ਚਿੱਠੀਆਂ ਰਾਹੀਂ ਹੀ ਸਾਡੀ ਗੱਲਬਾਤ ਹੁੰਦੀ ਸੀ। ਉਨ੍ਹਾਂ ਦਿਨਾਂ ਵਿੱਚ ਲੇਖਕ ਇੱਕ ਦੂਜੇ ਨਾਲ ਵਧੇਰੇ ਕਰਕੇ ਚਿੱਠੀਆਂ ਰਾਹੀਂ ਹੀ ਗੱਲਬਾਤ ਕਰਦੇ ਹੁੰਦੇ ਸਨ। ਭਾਵੇਂ ਉਹ ਇੱਕ ਦੂਜੇ ਤੋਂ 100 ਕਿਲੋਮੀਟਰ ਦੇ ਫਾਸਲੇ ਉੱਤੇ ਹੀ ਕਿਉਂ ਨਾ ਰਹਿੰਦੇ ਹੋਣ। ਟੈਲੀਫੂਨ ਵੀ ਲੇਖਕ ਇੱਕ ਦੂਜੇ ਨੂੰ ਘੱਟ ਵੱਧ ਹੀ ਕਰਦੇ ਹੁੰਦੇ ਸਨ। ਕਿਉਂਕਿ ਲਾਂਗ ਡਿਸਟੈਂਸ ਕਾਲ ਕਰਨੀ ਬੜੀ ਮਹਿੰਗੀ ਪੈਂਦੀ ਹੁੰਦੀ ਸੀ। ਈਮੇਲ ਸਿਸਟਮ ਤਾਂ ਉਦੋਂ ਅਜੇ ਆਏ ਹੀ ਨਹੀਂ ਸਨ ... ਉਨ੍ਹਾਂ ਦਿਨਾਂ ਵਿੱਚ ਮੈਂ ਜਿਹੜੀਆਂ ਵੀ ਨਵੀਆਂ ਕਵਿਤਾਵਾਂ ਲਿਖਣੀਆਂ ‘ਵਤਨੋਂ ਦੂਰ’ ਮੈਗਜ਼ੀਨ ਨੂੰ ਹੀ ਛਪਣ ਲਈ ਭੇਜ ਦੇਣੀਆਂ। ਮੈਗਜ਼ੀਨ ਵਿੱਚ ਛਪੀਆਂ ਰਚਨਾਵਾਂ ਮੈਂ ਪੜ੍ਹਣੀਆਂ। ਸਾਹਿਤਕ ਕਾਨਫਰੰਸਾਂ ਅਤੇ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਣਾ। ਕੈਨੇਡਾ ਆ ਕੇ ਵੀ ਮੈਨੂੰ ਪੜ੍ਹਣ ਦਾ ਬਹੁਤ ਸ਼ੌਕ ਸੀ। ਇੱਥੇ ਆ ਕੇ ਵੀ ਮੈਂ ਯੂਨੀਵਰਸਿਟੀਆਂ ਵਿੱਚ ਪੜ੍ਹਿਆ। ਇੱਥੇ ਆ ਕੇ ਮੈਂ ਯੂਨੀਵਰਸਿਟੀ ਆਫ ਵਾਟਰਲੂ ਵਿੱਚ ਅੰਗ੍ਰੇਜ਼ੀ ਸਾਹਿਤ ਪੜ੍ਹਿਆ ... ਤਕਰੀਬਨ ਡੇਢ ਸਾਲ ... ਕੈਨੇਡੀਅਨ ਅੰਗਰੇਜ਼ੀ ਸਾਹਿਤ ਵੀ ਬਹੁਤ ਪੜ੍ਹਿਆ ... ਸੈਕਸ਼ਪੀਅਰ ਦੇ ਮੈਂ ਤਕਰੀਬਨ 28 ਨਾਟਕ ਕੋਰਸ ਦੇ ਤੌਰ ਉੱਤੇ ਪੜ੍ਹੇ ... ਕੈਨੇਡਾ ਦੇ ਅੰਗ੍ਰੇਜ਼ੀ ਜ਼ੁਬਾਨ ਵਿੱਚ ਲਿਖਣ ਵਾਲੇ ਬਹੁਤ ਲੇਖਕ ਪੜ੍ਹੇ ... ਕੈਨੇਡਾ ਦਾ ਥੀਏਟਰ ਪੜ੍ਹਿਆ ... ਇੱਥੇ ਕੈਨੇਡਾ ਦੇ ਜਿਹੜੇ ਮੇਨਸਟਰੀਮ ਦੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਲੇਖਕ ਸਨ ਉਨ੍ਹਾਂ ‘ਚੋਂ ਵੀ ਮੈਨੂੰ ਕਈ ਨਾਮਵਰ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ... ਮੈਂ ਕਈ ਵਰ੍ਹੇ ਰਾਈਟਰਜ਼ ਯੂਨੀਅਨ ਆਫ ਕੈਨੇਡਾ ਦਾ ਵੀ ਮੈਂਬਰ ਰਿਹਾ ... ਅਤੇ ਉਨ੍ਹਾਂ ਦੀਆਂ ਸਾਲਾਨਾ ਕਾਨਫਰੰਸਾਂ ਵਿੱਚ ਵੀ ਸ਼ਾਮਿਲ ਹੁੰਦਾ ਰਿਹਾ। ਮੈਂ ਇਨ੍ਹਾਂ ‘ਚੋਂ ਕੁਝ ਲੇਖਕਾਂ ਦੀਆਂ ਇੰਟਰਵੀਊਜ਼ ਵੀ ਕੀਤੀਆਂ। ਇੱਥੇ ਟੋਰਾਂਟੋ ਵਿੱਚ ਕੈਨੇਡਾ ਦੀ ਬਹੁਤ ਪ੍ਰਸਿੱਧ ਲੇਖਿਕਾ ਗਵੈਂਡੋਲਿਨ ਮੈਕਿਊਨ ਰਹਿੰਦੀ ਹੁੰਦੀ ਸੀ - ਮੈਂ ਉਸਨੂੰ ਵੀ ਇੰਟਰਵੀਊ ਕੀਤਾ - ਉਹ ਇੰਟਰਵੀਊ ਅੰਗਰੇਜ਼ੀ ਦੇ ਇੱਕ ਮੈਗਜ਼ੀਨ ‘ਇਕਲਿਪਸ’ ਵਿੱਚ ਛਪੀ ਸੀ। ਉਸਦੀਆਂ ਚੋਣਵੀਆਂ ਕਵਿਤਾਵਾਂ ਪੰਜਾਬੀ ਵਿੱਚ ਅਨੁਵਾਦ ਕਰਕੇ ਮੈਂ ਇੱਕ ਕਿਤਾਬ ਵੀ ਤਿਆਰ ਕੀਤੀ - ‘ਪਾਗਲਖ਼ਾਨੇ ਵਿੱਚ ਇੱਕ ਨਾਚ’। ‘ਪ੍ਰਦੇਸੀ ਪੰਜਾਬ’ ਅਖਬਾਰ ਦੇ ਸੰਪਾਦਕ ਗੁਰਦੀਪ ਚੌਹਾਨ ਦੇ ਹੱਥ ਮੈਂ ਉਸ ਕਿਤਾਬ ਦਾ ਖਰੜਾ ਇੰਡੀਆ ਪ੍ਰਕਾਸ਼ਿਤ ਹੋਣ ਲਈ ਭੇਜਿਆ - ਪਰ ਉਹ ਖਰੜਾ ਪ੍ਰਕਾਸ਼ਕ ਤੱਕ ਪਹੁੰਚਿਆ ਹੀ ਨਹੀਂ। ਰਸਤੇ ਵਿੱਚ ਹੀ ਉਹ ਕਿਤੇ ਗੁੰਮ ਗਿਆ। ਉਨ੍ਹਾਂ ਦਿਨਾਂ ਵਿੱਚ ਮੈਂ ‘ਰਪਚਰ’ ਨਾਮ ਦਾ ਅੰਗਰੇਜ਼ੀ ਵਿੱਚ ਇੱਕ ਪੰਜਾਬੀ ਸਾਹਿਤ ਬਾਰੇ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਜਿਸ ਦੇ ਪਹਿਲੇ ਹੀ ਅੰਕ ਦੀ ਬਹੁਤ ਜ਼ਿਆਦਾ ਚਰਚਾ ਹੋਈ ਪਰ ਕੁਝ ਪ੍ਰਬੰਧਕੀ ਮਜਬੂਰੀਆਂ ਕਾਰਨ ਅਸੀਂ ਦੂਜਾ ਅੰਕ ਪ੍ਰਕਾਸ਼ਿਤ ਨਾ ਕਰ ਸਕੇ। ਉਨ੍ਹਾਂ ਦਿਨਾਂ ਵਿੱਚ ਮੇਰੀਆਂ ਆਪਣੀਆਂ ਨਜ਼ਮਾਂ ਵੀ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਕੈਨੇਡਾ ਦੇ ਕਈ ਮੈਗਜ਼ੀਨਾਂ ਵਿੱਚ ਛਪੀਆਂ। ਇਸ ਤਰ੍ਹਾਂ ਮੈਂ ਹੌਲੀ ਹੌਲੀ ਸਾਹਿਤ ਵੱਲ ਮੁੜਦਾ ਗਿਆ। ਇੰਡੀਆ ਵਿੱਚ ਜਦੋਂ ਮੈਂ ਹੁੰਦਾ ਸੀ ਤਾਂ ਉਦੋਂ ਮੈਗਜ਼ੀਨਾਂ ਵਿੱਚ ਮੇਰੀਆਂ ਕਵਿਤਾਵਾਂ ਛਪਦੀਆਂ ਸਨ - ‘ਪ੍ਰੀਤ ਲੜੀ’, ‘ਆਰਸੀ’, ‘ਨਾਗਮਣੀ’, ਦ੍ਰਿਸ਼ਟੀ’ ਵਿੱਚ - ਪਰ ਉਦੋਂ ਤੱਕ ਮੈਂ ਆਪਣੇ ਆਪ ਨੂੰ ਗੰਭੀਰ ਰੂਪ ਵਿੱਚ ਕੋਈ ਸਾਹਿਤਕ ਲੇਖਕ ਨਹੀਂ ਸੀ ਸਮਝਦਾ ...

? ਸੁਖਿੰਦਰ ਜੀ, ਤੁਸੀਂ ਜੋ ਕੁਝ ਦੱਸਿਆ ਹੈ ਉਹ ਬੜਾ ਹੀ ਜਾਣਕਾਰੀ ਭਰਪੂਰ ਹੈ। ਤੁਹਾਡਾ ਇਸ ਪਾਸੇ ਆ ਜਾਣਾ ਇਸ ਤਰ੍ਹਾਂ ਦੇ ਮਾਹੌਲ ਵਿੱਚੋਂ ਕੁਦਰਤੀ ਵੀ ਲੱਗਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੇਰਾ ਸੁਆਲ ਹੈ ਉਹ ਜਾਂ ਤਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਪੁੱਛ ਨਹੀਂ ਸਕਿਆ ਅਤੇ ਜਾਂ ਤੁਹਾਨੂੰ ਉਸ ਸੁਆਲ ਦੀ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ। ਮੇਰਾ ਮਤਲਬ ਹੈ ਕਿ ਆਖਿਰ ਇਹ ਜਿਹੜੀ ਮੌਲਿਕਤਾ ਹੈ - ਇਹ ਛੁਪੀ ਤਾਂ ਹੁੰਦੀ ਹੈ ਅੰਦਰ ਹੀ - ਕਈ ਨਹੀਂ ਵੀ ਪੜ੍ਹੇ ਹੁੰਦੇ। ਤੁਸੀਂ ਤਾਂ ਬਹੁਤ ਉੱਚੇ ਵਿਦਵਾਨ ਹੋ। ਪੜ੍ਹਾਈ ਬਹੁਤ ਕੀਤੀ। ਸਾਰਾ ਮਾਹੌਲ ਵੀ ਵਿਦਵਾਨਾਂ ਦਾ। ਵਿਦਵਾਨਾਂ ਦਾ ਘਰ ਵਿੱਚ ਵੀ ਬਹੁਤ ਆਣਾ ਜਾਣਾ ਸੀ। ਮੌਲਿਕਤਾ ਦੇ ਜਿਹੜੇ ਛਿਣ ਨੇ ਕਿਸੇ ਦੇ ਅੰਦਰ ਬਚਪਨ ਵਿੱਚ ਜਾਂ ਜੁਆਨੀ ਵਿੱਚ ਬਗ਼ੈਰ ਕਿਸੇ ਸਾਹਿਤਕ ਲਿੰਕ ਦੇ, ਪੜ੍ਹਾਈ ਦੇ ਜਾਂ ਚੌਗਿਰਦੇ ਦੇ ਵੀ ਉੱਭਰ ਖਲੋਂਦੇ ਨੇ ... ਉਹੋ ਜਿਹੀ ਕੋਈ ਗੱਲ ਮੇਰੇ ਦਿਮਾਗ਼ ਵਿੱਚ ਫਸੀ ਹੋਈ ਹੈ ਕਿ ... ਜ਼ਰਾ ਆਪਣੇ ਮਨ ਨੂੰ ਉੱਥੇ ਲਿਜਾਓ ਕਿ ਉਹ ਕਿਹੜੀ ਅਜਿਹੀ ਅੱਗ ਸੀ ਜਿਸ ਨੇ ਤੁਹਾਨੂੰ ਕਵਿਤਾ ਲਿਖਣ ਲਈ ਮਜਬੂਰ ਕੀਤਾ ... ਕਵਿਤਾ ਅੰਦਰੋਂ ਕਿਵੇਂ ਨਿਕਲੀ ... ਮਿਸਾਲ ਵਜੋਂ ਮੈਂ ਸਾਹਿਤ ਦੇ ਕਈ ਰੂਪਾਂ ਉੱਤੇ ਕੰਮ ਕੀਤਾ ਹੈ। ਕਈ ਲੋਕਾਂ ਦੀਆਂ ਕਵਿਤਾਵਾਂ ਪੜ੍ਹ ਕੇ ਮੈਂ ਕਹਿ ਸਕਦਾ ਹਾਂ ਕਿ ਮੈਂ ਇਸ ਤੋਂ ਵਧੀਆ ਕਵਿਤਾ ਲਿਖ ਸਕਦਾ ਹਾਂ ... ਪਰ ਮੈਂ ਨਹੀਂ ਲਿਖਦਾ। ਮੈਂ ਅਜੇ ਵੀ ਉਸੇ ਸੁਆਲ ਉੱਤੇ ਹੀ ਅੜਿਆ ਹੋਇਆ ਹਾਂ ਕਿ ਘਰ ਦੇ ਸਾਹਿਤਕ ਅਤੇ ਘਰੇਲੂ ਮਾਹੌਲ ਤੋਂ ਇਲਾਵਾ ਹੋਰ ਕਿਹੜੇ ਦਿਸਦੇ ਜਾਂ ਅਣਦਿਸਦੇ ਕਾਰਨ ਜਾਂ ਸਰੋਤ ਕੇਂਦਰ ਸਨ ਜਿਨ੍ਹਾਂ ਨੇ ਤੁਹਾਡੇ ਮਨ ਨੂੰ ਲਿਖਣ ਵਾਲੇ ਪਾਸੇ ਲੈ ਆਂਦਾ?

: ਮੋਮੀ ਸਾਹਿਬ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਾਂ ਕਿ ਮੈਨੂੰ ਉਹਦੇ ਬਾਰੇ ਨਹੀਂ ਕੋਈ ਗੱਲ ਸਪੱਸ਼ਟ ਕਿ ਕਿਵੇਂ ਮੈਂ ਸਾਹਿਤਕਾਰ ਬਣ ਗਿਆ - ਇੱਕ ਕਰੀਏਟਿਵ ਲੇਖਕ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਹਾਂ ਕਿ ਹੋ ਸਕਦੈ ਕਿ ਬਹੁਤ ਸਾਰੀਆਂ ਗੱਲਾਂ ਅਚੇਤ ਤੌਰ ਉੱਤੇ ਹੋਣ ਕਿਉਂਕਿ ਮੈਂ ਜੁੜਿਆ ਰਿਹਾ ਬਹੁਤ ਸਾਰੀਆ ਗੱਲਾਂ ਨਾਲ। ਮੈਂ ਬੜੀ ਚੰਗੀ ਕਵਿਤਾ ਪੜ੍ਹੀ ... ਜਦੋਂ ਮੈਂ ਅਜੇ ਬਹੁਤ ਛੋਟਾ ਹੀ ਸਾਂ ਸਾਡੇ ਘਰ ਵਿੱਚ ਹਰ ਰੋਜ਼ ਚਾਰ ਅਖਬਾਰ ਆਉਂਦੇ ਸਨ - ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਦੇ ਅਖਬਾਰ। ਸਾਢੇ ਚਾਰ ਵਜੇ ਸਵੇਰੇ ਅਖਬਾਰਾਂ ਵੇਚਣ ਵਾਲਿਆਂ ਨੇ ਸਾਡੇ ਘਰ ਅਖਬਾਰ ਸੁੱਟ ਜਾਣੇ ਅਤੇ ਸਾਡੀ ਮਾਂ ਨੇ ਸਵੇਰੇ ਸਾਢੇ ਚਾਰ ਵਜੇ ਉੱਠ ਕੇ ਸਾਨੂੰ ਉਠਾਣਾ ਅਤੇ ਸਾਨੂੰ ਸਾਰਿਆਂ ਨੂੰ ਚਾਹ ਦੇ ਕੱਪ ਫੜਾ ਦੇਣੇ ਅਤੇ ਸਾਡੇ ਹੱਥਾਂ ਵਿੱਚ ਅਖਬਾਰ ਫੜਾ ਦੇਣੇ ਕਿ ਲਓ ਪੜ੍ਹ ਲਓ ਆਪਣੇ ਅਖਬਾਰ। ਉਦੋਂ ਤੋਂ ਲੈ ਕੇ ਅਸੀਂ ਚੰਗੇ ਤੋਂ ਚੰਗਾ ਸਾਹਿਤ ਪੜ੍ਹਿਆ ... ਅਸੀਂ ਕੋਈ ਮੁਸ਼ਾਇਰਾ ਨਹੀਂ ਸੀ ਛੱਡਦੇ। ਇਹ ਵੀ ਸਾਰੀਆਂ ਚੰਗੀਆਂ ਆਦਤਾਂ ਸਾਡੇ ਪਾਪਾ ਨੇ ਸਾਨੂੰ ਪਾਈਆਂ। ਸਾਡੇ ਸ਼ਹਿਰ ਵਿੱਚ ਕੋਈ ਮੁਸ਼ਾਇਰਾ ਹੋਣਾ, ਕੋਈ ਕਵੀ ਦਰਬਾਰ ਹੋਣਾ, ਕੋਈ ਡਰਾਮਾ ਹੋਣਾ - ਮੇਰੇ ਪਾਪਾ ਨੇ ਮੈਨੂੰ ਉੱਥੇ ਆਪਣੇ ਨਾਲ ਲੈ ਕੇ ਜਾਣਾ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਭਾਸ਼ਨ ਦੇਣ ਆ ਰਿਹਾ ਹੋਵੇ, ਚਾਹੇ ਪੰਜਾਬ ਦਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਅਤੇ ਚਾਹੇ ਮਾਸਟਰ ਤਾਰਾ ਸਿੰਘ ਅਤੇ ਚਾਹੇ ਡਾ. ਹਰਿਭਜਨ ਸਿੰਘ - ਅਸੀਂ ਹਰ ਜਗ੍ਹਾ ਪਹੁੰਚਣਾ - ਛੋਟੇ ਹੁੰਦੇ ਤੋਂ ਹੀ ਬਹੁਤੀਆਂ ਥਾਵਾਂ ਉੱਤੇ ਹੋਣ ਵਾਲੇ ਕਵੀ ਦਰਬਾਰਾਂ ਜਾਂ ਕਵਿਤਾ ਮੁਕਾਬਲਿਆਂ ਵਿੱਚ ਇਹ ਹੁੰਦਾ ਸੀ ਕਿ ਮੇਰੇ ਪਾਪਾ ਜੱਜ ਹੁੰਦੇ ਸਨ। ਕਿਉਂਕਿ ਮੇਰੇ ਪਾਪਾ ਬੜੇ ਨਾਮਵਰ ਵਿਅਕਤੀ ਸਨ ਆਪਣੇ ਇਲਾਕੇ ਵਿੱਚ। ਸਾਨੂੰ ਚੰਗੇ ਤੋਂ ਚੰਗੇ ਸ਼ਾਇਰਾਂ ਨੂੰ ਬਚਪਨ ਤੋਂ ਹੀ ਸੁਨਣ ਦਾ ਮੌਕਾ ਮਿਲਿਆ - ਬਾਹਰ ਵੀ ਅਤੇ ਆਪਣੇ ਘਰ ਵਿੱਚ ਵੀ। ਉਨ੍ਹਾਂ ਗੱਲਾਂ ਨੇ ਜ਼ਰੂਰ ਮੱਦਦ ਕੀਤੀ ... ਮੈਂ ਸਮਝਦਾ ਹਾਂ ਕਿ ਇੱਕ ਹੋਰ ਗੱਲ ਨੇ ਵੀ ਮੇਰੀ ਮਾਨਸਿਕਤਾ ਦੇ ਝੁਕਾ ਬਨਣ ਵਿੱਚ ਮੱਦਦ ਕੀਤੀ ... ਮੇਰੇ ਪਾਪਾ ਹਰ ਸਾਲ, ਸਾਡੇ ਸ਼ਹਿਰ ਵਿੱਚ, ਇੱਕ ਬਹੁਤ ਵੱਡਾ ਪੰਜਾਬੀ ਕਵੀ ਦਰਬਾਰ ਆਯੋਜਿਤ ਕਰਦੇ ਹੁੰਦੇ ਸਨ। ਜਿਸ ਵਿੱਚ ਉਸ ਸਮੇਂ ਦੇ ਵੱਡੇ ਵੱਡੇ ਸ਼ਾਇਰ ਆਉਂਦੇ ਹੁੰਦੇ ਸਨ, ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ, ਇੰਦਰਜੀਤ ਸਿੰਘ ਤੁਲਸੀ, ਵਿਧਾਤਾ ਸਿੰਘ ਤੀਰ, ਜਸਵੰਤ ਸਿੰਘ ਵੰਤਾ, ਕਰਤਾਰ ਸਿੰਘ ਬਲੱਗਣ, ਬਿਸ਼ਨ ਸਿੰਘ ਉਪਾਸ਼ਕ, ਭਾਈਆ ਈਸ਼ਰ ਸਿੰਘ ਆਦਿ। ਇਨ੍ਹਾਂ ਕਵੀ ਦਰਬਾਰਾਂ ਵਿੱਚ ਹਜ਼ਾਰਾਂ ਲੋਕ ਖੁੱਲ੍ਹੇ ਮੈਦਾਨਾਂ ਵਿੱਚ ਦਰੀਆਂ ਉੱਤੇ ਬੈਠੇ ਦੇਰ ਰਾਤ ਤੱਕ ਕਵੀ ਦਰਬਾਰ ਸੁਣਦੇ ਰਹਿੰਦੇ ਸਨ ... ਫਿਰ ਮੇਰੇ ਪਾਪਾ ਸਾਰੀ ਉਮਰ ਰਾਜਨੀਤੀ ਵਿੱਚ ਵੀ ਬਹੁਤ ਸਰਗਰਮ ਰਹੇ। ਮੇਰੇ ਪਾਪਾ ਨੇ ਜੇਲ੍ਹ ਵਿੱਚ ਵੀ ਬਹੁਤ ਸਮਾਂ ਕੱਟਿਆ - ਇੱਕ ਰਾਜਨੀਤੀਵਾਨ ਦੇ ਤੌਰ ਉੱਤੇ। ਪੁਲਿਸ ਕਈ ਵਾਰ ਅੱਧੀ ਰਾਤ ਨੂੰ ਆ ਕੇ ਛਾਪਾ ਮਾਰਦੀ ਹੁੰਦੀ ਸੀ ਅਤੇ ਸੀ.ਆਈ.ਡੀ. ਸਾਡੇ ਬੂਹੇ ਅੱਗੇ ਬੈਠੀ ਹੀ ਰਹਿੰਦੀ ਹੁੰਦੀ ਸੀ। ਮੇਰੇ ਪਾਪਾ ਏਨੇ ਜੁਰਅਤ ਵਾਲੇ ਹੁੰਦੇ ਸਨ ਕਿ ਜਦੋਂ ਕਿਸੇ ਜਲਸੇ ਵਿੱਚ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੀ.ਆਈ.ਡੀ. ਵਾਲੇ ਉਨ੍ਹਾਂ ਦੇ ਭਾਸ਼ਨ ਵਿੱਚ ਕਹੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣ ਲਈ ਡਾਇਰੀ ਬਣਾ ਰਹੇ ਹਨ ਤਾਂ ਉਹ ਆਪ ਹੀ ਕਹਿ ਦਿੰਦੇ ਸਨ ਕਿ ਡਾਇਰੀ ਬਨਾਉਣ ਦੀ ਕਿਉਂ ਤਕਲੀਫ ਕਰਦੇ ਹੋ - ਇਹ ਲਓ ਮੇਰੇ ਭਾਸ਼ਨ ਦੀ ਕਾਪੀ ... ਰਾਜਨੀਤੀ ਦੇ ਵੀ ਜਿਹੜੇ ਜਲਸੇ ਹੁੰਦੇ ਸਨ ਉਹ ਵੀ ਅਸੀਂ ਕੋਈ ਨਹੀਂ ਸੀ ਛੱਡਦੇ ਹੁੰਦੇ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਜਲਸਾ ਹੋਣਾ ਅਸੀਂ ਉੱਥੇ ਪਹੁੰਚ ਜਾਣਾ ਸੁਨਣ ਲਈ ... ਨਾ ਕਦੀ ਕਿਸੇ ਦੂਜੇ ਧਰਮਾਂ ਜਾਂ ਸਭਿਆਚਾਰਾਂ ਦੇ ਲੋਕਾਂ ਦੇ ਖਿਲਾਫ਼ ਕਦੀ ਸਾਡੇ ਮਨ ਵਿੱਚ ਕੋਈ ਗੱਲ ਹੁੰਦੀ ਸੀ ... ਅਸੀਂ ਰਾਮ ਲੀਲ੍ਹਾ ਦਾ ਡਰਾਮਾ ਦੇਖਣ ਲਈ ਵੀ ਦੋਸਤਾਂ ਨਾਲ ਚਲੇ ਜਾਂਦੇ ਸਾਂ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਉੱਤੇ ਸ਼ਹਿਰ ਵਿੱਚ ਸਜੇ ਮੰਦਿਰਾਂ ਵਿੱਚ ਝਾਕੀਆਂ ਦੇਖਣ ਲਈ ਵੀ ਅਸੀਂ ਆਪਣੀ ਮਾਂ ਨਾਲ ਚਲੇ ਜਾਂਦੇ ਸਾਂ। ਇਨ੍ਹਾਂ ਗੱਲਾਂ ਨੇ ਵੀ ਹੋਰਨਾਂ ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਬਾਰੇ ਮੇਰੀ ਮਾਨਸਿਕਤਾ ਵਿੱਚ ਚੰਗੇ ਝੁਕਾਅ ਪੈਦਾ ਕੀਤੇ ਅਤੇ ਮੈਨੂੰ ਇੱਕ ਲੇਖਕ ਬਨਣ ਵਿੱਚ ਮੱਦਦ ਕੀਤੀ।

? ਸੁਖਿੰਦਰ ਜੀ, ਮੇਰਾ ਸਵਾਲ ਅਜੇ ਵੀ ਓਥੇ ਹੀ ਖੜ੍ਹਾ ਹੈ ਕਿ ਕੋਈ ਇੱਕ ਘਟਨਾ ਦਸੋ ਜਿਸ ਨੇ ਤੁਹਾਨੂੰ ਲੇਖਕ ਬਣਾਇਆ। ਤੁਸੀਂ ਵਧੇਰੇ ਜ਼ੋਰ ਘਰ ਦੇ ਮਾਹੌਲ ਤੇ ਚੌਗਿਰਦੇ ਤੇ ਹੀ ਕੇਂਦਰਿਤ ਕਰ ਰਹੇ ਹੋ। ਇਸ ਤੋਂ ਬਾਹਰ ਨਿਕਲ ਕੇ ਕੁਝ ਦੱਸੋ। ਤੁਹਾਡੇ ਅੰਦਰ ਇਹ ਲਿਖਣ ਦੀ ਅੱਗ ਕਿਵੇਂ ਲੱਗੀ?

: ਮੈਂ ਪਹਿਲਾਂ ਹੀ ਕਹਿ ਕੇ ਹਟਿਆ ਹਾਂ ਮੋਮੀ ਸਾਹਿਬ ਮੈਨੂੰ ਇਸ ਗੱਲ ਬਾਰੇ ਕੁਝ ਸਪੱਸ਼ਟ ਰੂਪ ਵਿੱਚ ਪਤਾ ਨਹੀਂ। ਹੋ ਸਕਦੈ ਜਦੋਂ ਮੈਂ ਕੈਨੇਡਾ ਆਇਆ ਤਾਂ ਜਿਹੜੀਆਂ ਇੱਥੇ ਪ੍ਰਸਥਿਤੀਆਂ ਸਨ, ਉਨ੍ਹਾਂ ਨੇ ਮੈਨੂੰ ਜ਼ਿਆਦਾ ਸਾਹਿਤ ਵੱਲ ਮੋੜ ਦਿੱਤਾ ਹੋਵੇ। ਇੱਥੇ ਦਾ ਸਾਹਿਤ ਪੜ੍ਹਦਾ ਸੀ - ਪੰਜਾਬੀ ਦੀਆਂ ਵੀ ਕਵਿਤਾਵਾਂ ਪੜ੍ਹਣੀਆਂ ... ਉਦੋਂ ਹੋ ਸਕਦਾ ਹੈ ਕਿ ਮੈਂ ਵੀ ਸੋਚਿਆ ਹੋਵੇ ਕਿ ਮੈਂ ਇਹੋ ਜਿਹਾ ਲਿਖਾਂ ... ਜਦੋਂ ਮੈਂ ਇੰਨਾ ਪੜ੍ਹ ਲਿਖ ਕੇ, ਉੱਥੋਂ ਐਮ. ਐੱਸਸੀ. (ਫਿਜ਼ਿਕਸ) ਕਰ ਕੇ, ਐਮ.ਏ. (ਇੰਗਲਿਸ਼) ਕਰਕੇ ਇੱਥੇ ਆ ਕੇ ਮੈਨੂੰ ਜਦੋਂ ਫੈਕਟਰੀਆਂ ਵਿੱਚ ਕੰਮ ਕਰਨਾ ਪਿਆ - ਸ਼ੁਰੂ ਸ਼ੁਰੂ ਵਿੱਚ ਕੈਨੇਡਾ ਆ ਕੇ ਮੈਂ ਵੀ ਬੜਾ ਸਖਤ ਕੰਮ ਕੀਤਾ। ਸਟੀਲ ਦੀਆਂ ਫੈਕਟਰੀਆਂ ਵਿੱਚ ਵੀ ਮਜ਼ਦੂਰਾਂ ਵਾਂਗ ... ਬਾਰਾਂ ਬਾਰਾਂ, ਚੌਦਾਂ ਚੌਦਾਂ ਘੰਟਿਆਂ ਬਾਅਦ ਬੁਰੀ ਤਰ੍ਹਾਂ ਥੱਕ ਟੁੱਟ ਕੇ ਘਰ ਆਉਣਾ ... ਹੋ ਸਕਦੈ ਉਨ੍ਹਾਂ ਗੱਲਾਂ ਨੇ ਮੈਨੂੰ ਉਤਸ਼ਾਹਤ ਕੀਤਾ ਹੋਵੇ ... ਹੋ ਸਕਦੈ ‘ਵਤਨੋਂ ਦੂਰ’ ਮੈਗਜ਼ੀਨ ਨੇ ਵੀ ਮੈਨੂੰ ਉਤਸ਼ਾਹਤ ਕੀਤਾ ਹੋਵੇ ... ਮੈਂ ‘ਵਤਨੋਂ ਦੂਰ’ ਵੀ ਬਹੁਤ ਪੜ੍ਹਦਾ ਸੀ। ਕਿਉਂਕਿ ਜਦੋਂ ਇੰਡੀਆ ਤੋਂ ਕੈਨੇਡਾ ਆਇਆ ਤਾਂ ਮੈਂ ਓਥੇ ਦੇ ਸਾਹਿਤਕ ਮਾਹੌਲ ਨਾਲ ਬਹੁਤ ਜੁੜਿਆ ਹੋਇਆ ਸੀ ... ਓਥੇ ਦੀਆਂ ਸਾਹਿਤਕ ਕਾਨਫਰੰਸਾਂ ਵਿੱਚ ਮੈਂ ਸ਼ਾਮਿਲ ਹੁੰਦਾ ਸਾਂ। ਉੱਥੇ ਇੰਡੀਆ ਵਿੱਚ ਮੇਰੇ ਸਾਰੇ ਯਾਰ ਦੋਸਤ ਜਾਂ ਤਾਂ ਪਰੋਫੈਸਰ ਸਨ ਜਾਂ ਲੇਖਕ ਸਨ।

? ਤੁਸੀਂ ਜਿਹੜੀ ਚੋਣ ਕੀਤੀ ਕਿ ਮੈਂ ਆਪਣਾ ਜੀਵਨ ਇੱਕ ਲੇਖਕ ਦੇ ਤੌਰ ਉੱਤੇ ਬਿਤਾਵਾਂਗਾ। ਕੀ ਤੁਸੀਂ ਆਪਣੇ ਇਸ ਫੈਸਲੇ ਨਾਲ ਸੰਤੁਸ਼ਟ ਹੋ? ਕਿਉਂਕਿ ਲੇਖਕ ਦੇ ਤੌਰ ਉੱਤੇ ਜਿਉਣਾ ਕਿਸੇ ਵੀ ਦੇਸ਼ ਵਿੱਚ ਬਹੁਤ ਔਖਾ ਹੈ। ਖਾਸ ਤੌਰ ਉੱਤੇ ਇੱਕ ਪੰਜਾਬੀ ਲੇਖਕ ਲਈ - ਬਾਹਰਲੇ ਦੇਸ਼ ’ਚ ਆ ਕੇ ਅਤੇ ਇੰਡੀਆ ਵਿੱਚ ਵੀ। ਦੋਹਾਂ ਉੱਤੇ ਹੀ ਜੇਕਰ ਅਸੀਂ ਪੰਜਾਬੀ ਲੇਖਕਾਂ ਦੀ ਲਿਸਟ ਬਣਾਈਏ ਤਾਂ ਦੋ ਚਾਰ ਤੋਂ ਇਹ ਅੱਗੇ ਨਹੀਂ ਚੱਲਦੀ। ਜਿਨ੍ਹਾਂ ਨੇ ਆਪਣੀ ਰੋਜ਼ੀ ਰੋਟੀ ਸਿਰਫ ਆਪਣੀਆਂ ਲਿਖਤਾਂ ਤੋਂ ਕਮਾਈ ਹੋਵੇ - ਚਾਹੇ ਕੋਈ ਸਰਕਾਰੀ ਨੌਕਰੀ ਤੇ ਸੀ ਜਾਂ ਕੋਈ ਬਿਜ਼ਨਸ ਸੀ - ਜਾਂ ਕਿਸੇ ਹੋਰ ਤਰ੍ਹਾਂ ਦੀ ਆਮਦਨ ਸੀ ... ਮੇਰਾ ਭਾਵ ਮੈਂ ਦੋ ਮਿਸਾਲਾਂ ਦਿਆਂਗਾ ਮੈਂ ਕੁਲਵੰਤ ਸਿੰਘ ਵਿਰਕ ਤੋਂ ਪੁੱਛਿਆ ਕਿ ਤੁਸੀਂ ਲੇਖਕ ਕਿਸ ਨੂੰ ਸਮਝਦੇ ਹੋ? ਤਾਂ ਉਨ੍ਹਾਂ ਦਾ ਜੁਆਬ ਸੀ ਕਿ ਲੇਖਕ ਉਹ ਹੋਣਾ ਚਾਹੀਦਾ ਹੈ ਕਿ ਉਹਦੇ ਬੱਚੇ ਮਾਈਨਸ ਡਿਗਰੀ ਵਿੱਚ ਵੀ ਬਰਫ਼ ਉੱਤੇ ਬੇਸ਼ਕ ਨੰਗੇ ਪੈਰੀਂ ਤੁਰੇ ਫਿਰਦੇ ਹੋਣ ਤਾਂ ਉਸ ਨੂੰ ਉਸ ਦੀ ਵੀ ਕੋਈ ਪ੍ਰਵਾਹ ਨਾ ਹੋਵੇ। ਪਤਾ ਨਹੀਂ ਉਹ ਕਿੱਥੋਂ ਬੋਲ ਰਿਹਾ ਸੀ, ਠੀਕ ਬੋਲ ਰਿਹਾ ਸੀ ਜਾਂ ਗਲਤ। ਪਰ ਉਸ ਦਾ ਇਹ ਜੁਆਬ ਸੀ। ਇਸੇ ਤਰ੍ਹਾਂ ਜਦੋਂ ਮੈਂ ਬਲਵੰਤ ਗਾਰਗੀ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਲੇਖਕ ਮੰਨਦੇ ਹੋ? ਤਾਂ ਗਾਰਗੀ ਦਾ ਜੁਆਬ ਸੀ - ਜਿਹੜੇ ਬਹੁਤ ਸਾਰੇ ਲੇਖਕ ਨੌਕਰੀ ਜਾਂ ਕਿਸੇ ਹੋਰ ਸਾਧਨ ਤੋਂ ਕਮਾਈ ਕਰਦੇ ਹਨ, ਮੈਂ ਉਹਨਾਂ ਨੂੰ ਲੇਖਕ ਨਹੀਂ ਮੰਨਦਾ। ਮੈਂ ਤਾਂ ਕੁਲਵੰਤ ਸਿੰਘ ਵਿਰਕ ਨੂੰ ਵੀ ਲੇਖਕ ਨਹੀਂ ਮੰਨਦਾ। ਉਸ ਦਾ ਕਹਿਣਾ ਸੀ ਜਿਹੜਾ ਨੌਕਰੀ ਕਿਤੇ ਹੋਰ ਕਰਦਾ ਹੈ ਉਪਜੀਵਕਾ ਨੌਕਰੀ ’ਚੋਂ ਬਣਾਉਂਦਾ ਹੈ - ਉਸਨੂੰ ਮੈਂ ਲੇਖਕ ਨਹੀਂ ਮੰਨਦਾ। ਜੇਕਰ ਉਹ ਆਪਣੀ ਉਪਜੀਵਕਾ ਆਪਣੀ ਲੇਖਣੀ ‘’ ਬਣਾਏ - ਤਾਂ ਮੈਂ ਮੰਨਾਂਗਾ ਕਿ ਉਹ ਲੇਖਕ ਹੈ। ਕਿਉਂਕਿ ਉਸ ਵਿੱਚ ਬਹੁਤ ਔਖਾ ਹੋਣਾ ਪੈਂਦਾ ਹੈ। ਤੁਸੀਂ ਕਿਵੇਂ ਸੋਚਦੇ ਹੋ?

: ਮੋਮੀ ਸਾਹਿਬ, ਤੁਸੀਂ ਇੱਕ ਸ਼ਬਦ ਸੰਤੁਸ਼ਟੀ ਵਰਤਿਆ ਹੈ। ਸੰਤੁਸ਼ਟੀ ਸ਼ਬਦ ਆਪਣੇ ਆਪ ਵਿੱਚ ਹੀ ਇੱਕ ਬੜਾ ਵੱਡਾ ਸ਼ਬਦ ਹੈ। ਦੂਜੀ ਗੱਲ ਤੁਸੀਂ ਪੁੱਛੀ ਹੈ ਲੇਖਕ ਬਨਣ ਦੀ। ਲੇਖਕ ਬਣ ਕੇ ਆਪਣੀ ਰੋਜ਼ੀ ਕਮਾਉਣੀ। ਇਹ ਤਿੰਨ ਚਾਰ ਗੱਲਾਂ ... ਇਸ ਸੰਦਰਭ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਭੁਲੇਖਾ ਨਹੀਂ ਕਿ ਜੇਕਰ ਮੈਂ ਹਿੰਦੁਸਤਾਨ ਵਿੱਚ ਹੁੰਦਾ ਤਾਂ ਮੇਰੇ ਤੌਰ ਤਰੀਕੇ ਥੋੜ੍ਹੇ ਵੱਖਰੇ ਹੁੰਦੇ। ਹਿੰਦੁਸਤਾਨ ਵਿੱਚ ਜੇਕਰ ਮੈਂ ਹੁੰਦਾ ਤਾਂ ਮੈਂ ਕਿਸੇ ਯੂਨੀਵਰਸਿਟੀ ਵਿੱਚ ਪਰੋਫੈਸਰ ਹੋਣਾ ਸੀ ਜਾਂ ਕਿਸੇ ਕਾਲਿਜ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਹੋਣਾ ਸੀ। ਕਿਉਂਕਿ ਜਦੋਂ ਮੈਂ ਕੈਨੇਡਾ ਆਇਆ ਤਾਂ ਮੇਰੀ ਨਿਯੁਕਤੀ ‘ਕਮਲਾ ਨਹਿਰੂ ਮੈਮੋਰੀਅਲ ਕਾਲਿਜ, ਕੈਥਲ’ ਵਿੱਚ ਅੰਗਰੇਜ਼ੀ ਦੇ ਲੈਕਚਰਰ ਵਜੋਂ ਹੋਈ ਸੀ; ਪਰ ਮੈਂ ਉਹ ਨਿਯੁਕਤੀ ਸਵੀਕਾਰ ਨਹੀਂ ਸੀ ਕੀਤੀ; ਕਿਉਂਕਿ ਮੈਂ ਮਹੀਨੇ ਬਾਅਦ ਹੀ ਕੈਨੇਡਾ ਆ ਜਾਣਾ ਸੀ। ਇਸ ਕਰ ਕੇ ਜੇਕਰ ਮੈਂ ਹਿੰਦੁਸਤਾਨ ਵਿੱਚ ਹੁੰਦਾ ਤਾਂ - ਤੁਸੀਂ ਜਿਵੇਂ ਦੇਖਦੇ ਹੋ ਕਿ ਹਿੰਦੁਸਤਾਨ ਵਿੱਚ ਮੇਰੇ ਪ੍ਰਵਾਰ ਦੇ ਬਾਕੀ ਮੈਂਬਰ ਲੇਖਕ ਵੀ ਹਨ ਅਤੇ ਯੂਨੀਵਰਸਿਟੀਆਂ ਵਿੱਚ ਡੀਨ ਅਤੇ ਹੈੱਡ ਆਫ ਦੀ ਡਿਪਾਰਟਮੈਂਟ ਰਹੇ ਹਨ। ਉਹ ਲੇਖਕਾਂ ਦੇ ਤੌਰ ਉੱਤੇ ਵੀ ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਹਨ - ਹਿੰਦੁਸਤਾਨ ਵਿੱਚ ਮੇਰੀ ਜ਼ਿੰਦਗੀ ਵੀ ਉਸੇ ਪੈਟਰਨ ਉੱਤੇ ਹੀ ਹੋਣੀ ਸੀ। ਮੈਂ ਵੀ ਕਿਸੇ ਯੂਨੀਵਰਸਿਟੀ ਤੋਂ ਪੀ.ਐਚਡੀ. ਦੀ ਡਿਗਰੀ ਪ੍ਰਾਪਤ ਕਰ ਕੇ ਸੈਟਲ ਹੋ ਜਾਣਾ ਸੀ ... ਪਰ ਕੈਨੇਡਾ ਵਿੱਚ ਕੁਝ ਤਾਂ ਜਿਹੜੇ ਹਾਲਾਤ ਨੇ ਉਨ੍ਹਾਂ ਨੇ ਵੀ ਮੈਨੂੰ ਲੇਖਕ ਬਣਾਇਆ। ਦੂਜੀ ਗੱਲ ਇਹ ਸੀ ਕਿ ਜਦੋਂ ਮੈਂ ਹਿੰਦੁਸਤਾਨ ਤੋਂ ਕੈਨੇਡਾ ਆਇਆ ਤਾਂ ਇੱਕ ਤਾਂ ਮੇਰੇ ਕੋਲ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਸਨ ਅਤੇ ਦੂਜਾ ਮੇਰੇ ਕੋਲ ਜਿਹੜਾ ਤਜਰਬਾ ਸੀ ਪਰਿੰਟਿੰਗ ਅਤੇ ਪਬਲਿਸ਼ਿੰਗ ਇੰਡਸਟਰੀ ਦਾ ... ਮੈਂ ਹਿੰਦੁਸਤਾਨ ਵਿੱਚ ਜਿੰਨੇ ਸਾਲ ਵੀ ਰਿਹਾ ... ਬਚਪਨ ਤੋਂ ਹੀ ... ਮੈਂ ਪਰਿੰਟਿਗ ਅਤੇ ਪਬਲਿਸ਼ਿੰਗ ਦੇ ਬਿਜ਼ਨਸ ਵਿੱਚੋਂ ਲੰਘਿਆ ਅਤੇ ਮੈਂ ਸੋਚਿਆ ਕੇ ਆਪਣੇ ਇਸ ਤਜਰਬੇ ਨੂੰ ਕੈਨੇਡਾ ਵਿੱਚ ਅਪਲਾਈ ਕਰਾਂ ... ਕਿਉਂਕਿ ਉੱਥੇ ਵੀ ਅਖਬਾਰਾਂ ਮੈਗਜ਼ੀਨਾਂ ਦੀ ਸੰਪਾਦਕੀ ਦੇ ਕੰਮ ਵਿੱਚ ਰਿਹਾ ... ਪਰੂਫ ਰੀਡਿੰਗ ਕਰਨੀ ... ਸੰਪਾਦਨਾ ਕਰਨੀ ... ਉਨ੍ਹਾਂ ਚੀਜ਼ਾਂ ਨੂੰ ਮੈਂ ਇੱਥੇ ਵੀ ਕਰਨਾ ਚਾਹੁੰਦਾ ਸੀ - ਅਤੇ ਜਦੋਂ ਮੈਂ ਉਹ ਚੀਜ਼ਾਂ ਇੱਥੇ ਵੀ ਕੀਤੀਆਂ ਤਾਂ ਮੈਨੂੰ ਹੌਲੀ ਹੌਲੀ ਉਨ੍ਹਾਂ ਚੀਜ਼ਾਂ ਵਿੱਚ ਹੀ ਰਹਿਣ ਦਾ ਸ਼ੌਕ ਪੈਦਾ ਹੋ ਗਿਆ ... ਮੈਂ ਇਸ ਤਰ੍ਹਾਂ ਉਸ ਖੇਤਰ ਵੱਲ ਚਲਾ ਗਿਆ ... ਅਤੇ ਫਿਰ ਮੈਂ ਵਧੇਰੇ ਸਮੇਂ ਲਈ ਇਸੇ ਖੇਤਰ ਵਿੱਚ ਹੀ ਰਿਹਾ ... ਪਰ ਕਦੀ ਕਦੀ ਮੈਂ ਕੁਝ ਸਮੇਂ ਲਈ ਹੋਰਨਾਂ ਖੇਤਰਾਂ ਵਿੱਚ ਵੀ ਥੋੜ੍ਹਾ ਬਹੁਤ ਕੰਮ ਕਰਦਾ ਰਿਹਾ ... ਜਿਹੜੇ ਖੇਤਰ ਕਿਸੀ-ਨ-ਕਿਸੀ ਤਰ੍ਹਾਂ ਮੇਰੇ ਪਰੋਫੈਸ਼ਨ ਨਾਲ ਹੀ ਜੁੜੇ ਹੋਏ ਸਨ ... ਮੈਂ ਕੈਨੇਡਾ ਵਿੱਚ ਆ ਕੇ ਵੀ ਬੜੇ ਇਨਸਟੀਚੀਊਸ਼ਨਾਂ ਵਿੱਚ ਪੜ੍ਹਾਈ ਕੀਤੀ। ਮੈਂ ਬੜੀ ਤਰ੍ਹਾਂ ਦੀ ਵਿੱਦਿਆ ਪ੍ਰਾਪਤ ਕੀਤੀ ... ਮੈਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ... ਅਕਾਊਂਟਿੰਗ ਦੀ ਪੜ੍ਹਾਈ ਕੀਤੀ ... ਕੰਮਪੀਊਟਰ ਦੀ ਪੜ੍ਹਾਈ ਕੀਤੀ ... ਕਾਲ ਸੈਂਟਰ ਓਪਰੇਸ਼ਨ ਦੀ ਪੜ੍ਹਾਈ ਕੀਤੀ ... ਕਰੀਏਟਿਵ ਰਾਈਟਿੰਗ ਦੀ ਪੜ੍ਹਾਈ ਕੀਤੀ ... ਹਾਈਟੈੱਕ ਡੀਜ਼ਾਈਨਿੰਗ ਦੀ ਪੜ੍ਹਾਈ ਕੀਤੀ ... ਇਸ ਤੋਂ ਬਿਨਾਂ ਵੀ ਕਈ ਹੋਰ ਖੇਤਰਾਂ ਦੀ ਵੀ ਪੜ੍ਹਾਈ ਕਰਦਾ ਰਿਹਾ ... ਉਨ੍ਹਾਂ ਸਾਰੀਆਂ ਗੱਲਾਂ ਨੂੰ ਮੈਂ ਆਪਣੇ ਰੁਜ਼ਗਾਰ ਦੇ ਖੇਤਰ ਵਿੱਚ ਇਕੱਠੀਆਂ ਕਰਕੇ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ... ਜਿਸ ਖੇਤਰ ਦਾ ਮੈਨੂੰ ਵਧੇਰੇ ਤਜਰਬਾ ਸੀ, ਉਸਨੂੰ ਜੋ ਪੜ੍ਹਾਈ ਮੈਂ ਕੈਨੇਡਾ ਵਿੱਚ ਕੀਤੀ ਨਾਲ ਮਿਲਾ ਕੇ ਮੈਂ ਕੋਈ ਨਵੀਂ ਗੱਲ ਕਰਨੀ ਚਾਹੁੰਦਾ ਸਾਂ ... ਉਸ ਵਿੱਚ ਮੈਂ ਕਾਮਿਯਾਬ ਹੋਇਆ ਜਾਂ ਨਹੀਂ ਹੋਇਆ ਉਹ ਵੱਖਰੀ ਗੱਲ ਹੈ ... ਮੈਂ ਕਿਸ ਤਰ੍ਹਾਂ ਦਾ ਲੇਖਕ ਬਣਿਆ ... ਉਨ੍ਹਾਂ ਸਾਰੀਆਂ ਗੱਲਾਂ ਨੂੰ ਮੈਂ ਆਪਣੇ ਰੁਜ਼ਗਾਰ ਲਈ ਕਿਵੇਂ ਵਰਤਿਆ ... ਮੈਂ ਸਮਝਦਾ ਹਾਂ ਕਿ ਕੈਨੇਡਾ ਦੇ ਜਿਹੜੇ ਹਾਲਾਤ ਸਨ ... ਉਨ੍ਹਾਂ ਦਾ ਮੈਨੂੰ ਇੱਕ ਲੇਖਕ ਬਨਾਉਣ ਵਿੱਚ ਵੱਡਾ ਹੱਥ ਹੈ ...


? ਸੁਖਿੰਦਰ ਜੀ, ਪਹਿਲੇ ਸੁਆਲ ਵਿੱਚ ਵੀ ਮੈਂ ਅਜੇ ਉੱਥੇ ਹੀ ਅੜਿਆ ਹੋਇਆ ਹਾਂ ਕਿ ਉਹ ਕਿਹੜੀ ਗੱਲ ਸੀ ਜਿਸਨੇ ਤੁਹਾਨੂੰ ਇੱਕ ਲੇਖਕ ਬਣਾਇਆ। ਮੈਂ ਸਮਝਦਾ ਹਾਂ ਕਿ ਇੱਕ ਲੇਖਕ ਦੇ ਤੌਰ ਉੱਤੇ ਕਿਤੇ ਵੀ ਜੀਣਾ ਮੁਸ਼ਕਿਲ ਹੈ - ਇੱਥੇ ਵੀ ਉੱਥੇ ਵੀ। ਸੁਆਲ ਹੈ ਲਿਖਤ ਵਿੱਚੋਂ ਪੈਸਾ ਕਮਾ ਕੇ ਜਿਉਣ ਦਾ। ਤੁਸੀਂ ਇਸ ਗੱਲ ਉੱਤੇ ਰੌਸ਼ਨੀ ਪਾਓ ਜ਼ਰਾ?

: ਲੇਖਕ ਦੇ ਤੌਰ ਉੱਤੇ ... ਦੇਖੋ ਮੋਮੀ ਸਾਹਿਬ, ਤਕਰੀਬਨ 1989 ਵਿੱਚ ਮੈਂ ‘ਸੰਵਾਦ’ ਮੈਗਜ਼ੀਨ ਸ਼ੁਰੂ ਕੀਤਾ ਸੀ। ਅੱਜ ਤੱਕ ਅਸੀਂ ‘ਸੰਵਾਦ’ ਮੈਗਜ਼ੀਨ ਨੂੰ ਕਾਇਮ ਰੱਖਿਆ ਹੈ। ਇਹ ਗੱਲ 1989 ਵਿੱਚ ਵੀ ਬੜੀ ਮੁਸ਼ਕਿਲ ਸੀ। ਜਦੋਂ ਇਹ ਮੈਗਜ਼ੀਨ ਮੈਂ ਸ਼ੁਰੂ ਕੀਤਾ ਤਾਂ ਮੇਰੇ ਕੋਲ ਕੇਵਲ 300 ਡਾਲਰ ਸਨ। ਲੰਡਨ, ਓਨਟਾਰੀਓ ਵਿੱਚ ਰਹਿੰਦਾ ਹੁੰਦਾ ਸਾਂ। ਟੋਰਾਂਟੋ ਤੋਂ ਮੈਂ ਮੈਗਜ਼ੀਨ ਸ਼ੁਰੂ ਕੀਤਾ। ਰਹਿੰਦਾ ਭਾਵੇਂ ਮੈਂ ਲੰਡਨ ਹੀ ਸੀ। ਇੱਥੇ ਟੋਰਾਂਟੋ ਆ ਕੇ ਲੋਕਾਂ ਨੂੰ ਮਿਲਿਆ। ਲੋਕਾਂ ਨਾਲ ਗੱਲਬਾਤ ਕੀਤੀ। ਮੈਗਜ਼ੀਨ ਦੀ ਡੰਮੀ ਲੈ ਕੇ ਆਇਆ ਮੈਂ। ਮੈਨੂੰ ਪਤਾ ਸੀ ਕਿ ਮੈਗਜ਼ੀਨ ਦੀ ਡੰਮੀ ਕਿਵੇਂ ਤਿਆਰ ਕਰੀਦੀ ਹੈ ... ਕਿਉਂਕਿ ਇੰਡੀਆ ਵਿੱਚ ਏਨੇ ਵਰ੍ਹੇ ਪਰਿੰਟਿੰਗ - ਪਬਲਿਸ਼ਿੰਗ ਦੇ ਖੇਤਰ ਨਾਲ ਜੁੜਿਆ ਰਿਹਾ ਸੀ ... ਉਨ੍ਹਾਂ ਦਿਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਜ਼ਿਆਦਾ ਮੈਗਜ਼ੀਨ ਅਖਬਾਰ ਨਹੀਂ ਸੀ ਹੁੰਦੇ ... ਉੱਥੋਂ ਫਿਰ ਮੈਂ ਪਰੋਫੈਸ਼ਨਲ ਤੌਰ ਉੱਤੇ ਮੈਗਜ਼ੀਨ ਦੇ ਖੇਤਰ ਵਿੱਚ ਆ ਗਿਆ ਅਤੇ ਮਾਲਟਨ ਦੇ ਗਰੀਨ ਪਲਾਜ਼ੇ ਵਿੱਚ ਮੈਂ ‘ਸੰਵਾਦ’ ਦਾ ਬਹੁਤ ਹੀ ਸ਼ਾਨਦਾਰ ਆਫਿਸ ਸਥਾਪਤ ਕਰ ਦਿੱਤਾ। ਮੈਗਜ਼ੀਨ ਵਿੱਚ ਹੀ ਮੈਂ ਆਰਟੀਕਲ ਲਿਖਣੇ, ਸੰਪਾਦਕੀਆਂ ਲਿਖਣੀਆਂ, ਸਭਿਆਚਾਰਕ ਪ੍ਰੋਗਰਾਮਾਂ ਦੀਆਂ ਰਿਪੋਰਟਾਂ ਲਿਖਣੀਆਂ, ਕਿਤਾਬਾਂ ਦੇ ਰੀਵੀਊ ਲਿਖਣੇ ... ਸਾਹਿਤਕ ਪ੍ਰੋਗਰਾਮ ਆਯੋਜਿਤ ਕਰਨੇ - ਸਾਹਿਤਕ ਕਾਨਫਰੰਸਾਂ ਆਯੋਜਿਤ ਕਰਨੀਆਂ - ਇਸ ਤਰ੍ਹਾਂ ਇਹ ਮੇਰੀ ਫੁੱਲ ਟਾਈਮ ਇੱਕ ਲੇਖਕ ਵਾਲੀ ਜ਼ਿੰਦਗੀ ਸੀ ... ਤੁਹਾਡੇ ਸੁਆਲ ਦਾ ਮੈਂ ਫਿਰ ਉਹੀ ਜੁਆਬ ਦੇ ਰਿਹਾ ਹਾਂ ਕਿ ਹਾਲਾਤ ਹੀ ਸੀ ਜਿਹੜੇ ਉਨ੍ਹਾਂ ਨੇ ਹੀ ਮੈਨੂੰ ਲੇਖਕ ਦੇ ਕਿੱਤੇ ਵੱਲ ਲਿਆਂਦਾ ... ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੈਂ ਜਿਸ ਖੇਤਰ ਵਿੱਚ ਜਾਣਾ ਚਾਹੁੰਦਾ ਸੀ - ਉਸ ਖੇਤਰ ਵਿੱਚ ਸਾਨੂੰ ਉਹੋ ਜਿਹੇ ਕੰਮ ਨਾ ਮਿਲੇ। ਮੈਂ ਸਮਝਦਾ ਹਾਂ ਕਿ ਜਿਹੜੇ ਹਾਲਾਤ ਸੀ ਮੈਨੂੰ ਲੇਖਕ ਦੇ ਕਿੱਤੇ ਵੱਲ ਲੈ ਕੇ ਗਏ ... ਜਿਸ ਚੀਜ਼ ਦਾ ਸਾਨੂੰ ਤਜਰਬਾ ਸੀ ... ਏਨੇ ਸਾਲਾਂ ਦਾ ਅਸੀਂ ਉਸ ਤਜਰਬੇ ਨੂੰ ਹੀ ਵਰਤੋਂ ਵਿੱਚ ਲਿਆਂਦਾ ... ਸੋ ਹਾਲਾਤ ਹੀ ਇਸ ਲਈ ਜਿੰਮੇਵਾਰ ਸਨ ...

? ਸਾਹਿਤਕ ਜਗਤ ਦੇ ਲੋਕਾਂ ਦਾ ਕਹਿਣਾ ਹੈ ਕਿ ਸੁਖਿੰਦਰ ਦੀ ਲੇਖਣੀ ਵਿੱਚ ਵਿਅੰਗ ਲੋੜ ਨਾਲੋਂ ਜ਼ਿਆਦਾ ਹੈ। ਗ਼ੈਰ ਸਾਹਿਤਕ ਲੋਕ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਸੁਖਿੰਦਰ ਦੀ ਕਲਮ ਜ਼ਹਿਰ ਉਗਲਦੀ ਹੈ। ਕੀ ਤੁਸੀਂ ਇਸ ਨੂੰ ਵਾਜਿਬ ਕਰਾਰ ਦਿੰਦੇ ਹੋ ਜਾਂ ਸਮਝਦੇ ਹੋ ਕਿ ਵਿਅੰਗ ਨਾਲ ਤੁਸੀਂ ਜੋ ਸਮਾਜ ਅਤੇ ਸੰਸਾਰ ਦਾ ਸੁਧਾਰ ਕਰਨਾ ਚਾਹੁੰਦੇ ਹੋ, ਉਹ ਸੁਧਾਰ ਹੋ ਰਿਹਾ ਹੈ ਜਾਂ ਇਹ ਦੱਸੋ ਕਿ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ?

: ਮੋਮੀ ਸਾਹਿਬ, ਤੁਸੀਂ ਇਹ ਗੱਲ ਠੀਕ ਕਹੀ ਹੈ ਅਤੇ ਜਿਹੜੇ ਲੋਕ ਵੀ ਕਹਿੰਦੇ ਹਨ - ਉਹ ਬਿਲਕੁਲ ਠੀਕ ਹੀ ਕਹਿੰਦੇ ਹਨ। ਮੈਂ ਤਾਂ ਕਹਾਂਗਾ ਕਿ ਉਹ 100% ਠੀਕ ਕਹਿੰਦੇ ਹਨ। ਕਿਉਂਕਿ ਮੇਰੀ ਕਵਿਤਾ ਦਾ ਜਿਹੜਾ ਮੀਰੀ ਗੁਣ ਹੈ, ਉਹ ਵਿਅੰਗ ਹੀ ਹੈ। ਮੈਂ ਸਥਿਤੀ ਉੱਤੇ ਵਿਅੰਗ ਕਰਦਾ ਹਾਂ। ਸਥਿਤੀਆਂ ਦੇਖਦਾ ਹਾਂ ਕਿ ਕਿਸੇ ਸਥਿਤੀ ਵਿੱਚ ਕੀ ਹੋ ਰਿਹਾ ਹੈ ਅਤੇ ਉਸ ਵਿਅੰਗ ਨੂੰ ਮੈਂ ਪੋਜ਼ਿਟਿਵ ਤਰੀਕੇ ਨਾਲ ਵਰਤਦਾ ਹਾਂ ਕਿ ਇਹ ਜਿਹੜੀਆਂ ਸਥਿਤੀਆਂ ਹਨ, ਇਹ ਬਦਲਣੀਆਂ ਚਾਹੀਦੀਆਂ ਹਨ। ਵਿਅੰਗ ਦੇ ਰੂਪ ਵਿੱਚ ਮੈਂ ਸਥਿਤੀਆਂ ਦਿਖਾਂਦਾ ਹਾਂ ਕਿ ਦੇਖੋ ਇਹ ਜਿਹੜੀ ਅਸਲੀਅਤ ਤੁਹਾਨੂੰ ਦਿਖਦੀ ਹੈ ਉਹ ਅਸਲੀਅਤ ਨਹੀਂ ਹੈ। ਸਥਿਤੀ ਦਾ ਅਸਲੀ ਚਿਹਰਾ ਲੁਕਿਆ ਹੋਇਆ ਹੈ ... ਵਿਅੰਗ ਵਾਲੇ ਪਾਸੇ ਵੀ ਜਿਹੜਾ ਮੈਂ ਗਿਆ ਉਸਦਾ ਵੀ ਕਾਰਨ ਇਹ ਸੀ ਕਿ ਮੈਂ ਜਿਹੜੇ ਸੁਰਰੀਆਲਿਸਟਿਕ ਚਿਤਰਕਾਰ ਸਨ, ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ - ਮੈਂ ਪਿਕਾਸੋ ਤੋਂ ਵੀ ਬੜਾ ਪ੍ਰਭਾਵਿਤ ਹਾਂ ... ਜਿਸ ਤਰ੍ਹਾਂ ਦੇ ਉਹ ਆਪਣੇ ਚਿਤਰਾਂ ਵਿੱਚ ਇਮੇਜ ਬਣਾਉਂਦਾ ਹੈ ... ਅਤੇ ਇਸੇ ਤਰ੍ਹਾਂ ਵਿਅੰਗ ਦੇ ਜਿਹੜੇ ਸਾਹਿਤਕਾਰ ਹਨ ਉਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ - ਜਿਵੇਂ ਜੋਰਜ ਓਰਵਿਲ ਮੇਰਾ ਸਭ ਤੋਂ ਵੱਧ ਪਸੰਦੀਦਾ ਲੇਖਕ ਹੈ ... ਉਸ ਦਾ ਨਾਵਲ ‘ਐਨੀਮਲ ਫਾਰਮ’ ... ਇਸੇ ਤਰ੍ਹਾਂ ਮੈਨੂੰ ਕਾਫ਼ਕਾ ਦਾ ‘ਮੈਟਾਮਾਰਫਸਿਸ’ ਬਹੁਤ ਪਸੰਦ ਸੀ ... ਐਲਡਸ ਹੈਕਸਲੇ ਦਾ ‘ਬਰੇਵ ਨਿਊ ਵਰਲਡ’ ... ਇਹੋ ਜਿਹੇ ਜਿਹੜੇ ਲੇਖਕ ਸਨ ਜਿਨ੍ਹਾਂ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਪਿਆ ... ਮੈਂ ਸਮਝਦਾ ਸੀ ਜਿਹੜੇ ਸਾਡੇ ਬਹੁਤ ਸਾਰੇ ਲੇਖਕ ਸਨ ਉਹ ਯਥਾਰਥਵਾਦੀ ਰਚਨਾਵਾਂ ਕਰਦੇ ਸਨ। ਜੋ ਕੁਝ ਹੈ ਉਸ ਨੂੰ ਦਿਖਾ ਦੇਣਾ। ਜੋ ਕੁਝ ਹੋ ਰਿਹਾ ਉਸ ਨੂੰ ਦਿਖਾ ਦੇਣ ਨਾਲ ਗੱਲ ਨਹੀਂ ਬਣਦੀ। ਜੋ ਕੁਝ ਹੋ ਰਿਹਾ ਉਸ ਸਥਿਤੀ ਉੱਤੇ ਵਿਅੰਗ ਕਰ ਕੇ ਉਸ ਦੀ ਤਸਵੀਰ ਪੇਸ਼ ਕਰੋ ਕਿ ਇਹ ਤਾਂ ਨਿਰਾ ਗੰਦ ਹੈ। ਇਸ ਨੂੰ ਜਦ ਤੱਕ ਤੁਸੀਂ ਠੀਕ ਨਹੀਂ ਕਰੋਗੇ - ਸਥਿਤੀ ਨਹੀਂ ਬਦਲੇਗੀ। ਲੋਕਾਂ ਨੂੰ ਜਦ ਤੱਕ ਤੁਸੀਂ ਉਸ ਸਥਿਤੀ ਦਾ ਅਸਲੀ ਚਿਹਰਾ ਨਹੀਂ ਦਿਖਾਂਦੇ ਉਦੋਂ ਤੱਕ ਲੋਕਾਂ ਨੂੰ ਸਮਝ ਨਹੀਂ ਲੱਗਦੀ। ਮੈਂ ਸਮਝਦਾ ਹਾਂ ਕਿ ਵਿਅੰਗ ਦੀ ਤਬਦੀਲੀਆਂ ਲਿਆਉਣ ਵਿੱਚ ਬਹੁਤ ਵੱਡੀ ਦੇਣ ਹੁੰਦੀ ਹੈ। ਇਸੇ ਕਰ ਕੇ ਮੇਰੀਆਂ ਵਿਅੰਗਾਤਮਿਕ ਜਿਹੜੀਆਂ ਰਚਨਾਵਾਂ ਹਨ ... 1993 ਵਿੱਚ ਮੇਰੀ ਕਵਿਤਾ ਦੀ ਕਿਤਾਬ ਛਪੀ ‘ਸ਼ਕਿਜ਼ੋਫਰੇਨੀਆਂ’। ਬਹੁਤ ਜ਼ਿਆਦਾ ਚਰਚਿਤ ਹੋਈ। ਜਿਸ ਨੇ ਮੈਨੂੰ ਬਹੁਤ ਜ਼ਿਆਦਾ ਚਰਚਿਤ ਲੇਖਕ ਬਣਾਇਆ। ਉਹ ਜਿਹੜੀ ਟਰਮ ਸੀ ਸ਼ਕਿਜ਼ੋਫਰੇਨੀਆਂ ਉਹ ਇੱਕ ਮੈਡੀਕਲ ਟਰਮ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹੀ ਸਮਝ ਨਾ ਲੱਗੀ ਕਿ ਕਿਤਾਬ ਦਾ ਨਾਮ ਸ਼ਕਿਜੋਫਰੇਨੀਆਂ ਕਿਉਂ ਰੱਖਿਆ ਗਿਆ। ਇਹ ਤਾਂ ਮੈਡੀਕਲ ਟਰਮ ਹੈ। ਕੈਨੇਡਾ ਦੇ ਲੇਖਕਾਂ ਨੂੰ ... ਸਾਧੂ ਬਿਨਿੰਗ ਵਰਗੇ ਲੇਖਕਾਂ ਨੂੰ ਤਾਂ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ। ਉਹ ਤਾਂ ਇਸ ਗੱਲ ਨੂੰ ਲੈ ਕੇ ਮੇਰਾ ਵਿਰੋਧ ਹੀ ਕਰਦੇ ਰਹੇ। ਕੈਨੇਡਾ ਦੇ ਪੰਜਾਬੀ ਲੇਖਕਾਂ ਨੇ ਮੇਰਾ ਬੜਾ ਵਿਰੋਧ ਕੀਤਾ। ਜੀ ਇਹ ‘ਸ਼ਕਿਜ਼ੋਫਰੇਨੀਆਂ’ ਕਿਤਾਬ ਦਾ ਨਾਮ ਰੱਖ ਕੇ ਜਿਨ੍ਹਾਂ ਲੋਕਾਂ ਨੂੰ ਸ਼ਕਿਜ਼ੋਫਰੇਨੀਆਂ ਹੋਇਆ ਹੁੰਦਾ ਹੈ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਹੈ। ਇੱਥੋਂ ਤੱਕ ਮੇਰੇ ਵਿਰੁੱਧ ਪ੍ਰਚਾਰ ਕੀਤਾ ਗਿਆ। ‘ਕਲਮਾਂ ਦਾ ਕਾਫ਼ਲਾ’ ਨਾਮ ਦੀ ਓਨਟਾਰੀਓ ਦੀ ਸਾਹਿਤ ਸਭਾ ਵਾਲਿਆਂ ਨੇ ਇਸ ਪੁਸਤਕ ਉੱਤੇ ਬਹਿਸ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਇਹ ਕਵਿਤਾ ਹੀ ਨਹੀਂ ਹੈ। ਉਸ ਕਿਤਾਬ ਨੇ ਮੈਨੂੰ ਸਭ ਤੋਂ ਜ਼ਿਆਦਾ ਪਾਪੂਲਰ ਕੀਤਾ ਹਿੰਦੁਸਤਾਨ ਵਿੱਚ ਵੀ ਅਤੇ ਹਿੰਦੁਸਤਾਨ ਤੋਂ ਬਾਹਰਲੇ ਦੇਸ਼ਾਂ ਵਿੱਚ ਵੀ। ਜਿਨ੍ਹਾਂ ਲੋਕਾਂ ਨੇ ਉਸ ਕਵਿਤਾ ਨੂੰ ਸਮਝਿਆ - ਕਿ ਮੈਂ ਜਿਹੜੀ ਜ਼ਿੰਦਗੀ ਦੇ ਵੱਖੋ ਵੱਖ ਖੇਤਰ ਹਨ - ਚਾਹੇ ਉਹ ਇਕਨਾਮਿਕਸ ਹੈ, ਚਾਹੇ ਪੋਲਿਟਿਕਸ ਹੈ, ਚਾਹੇ ਰਿਲੀਜਨ ਹੈ, ਚਾਹੇ ਐਜੂਕੇਸ਼ਨ ਹੈ, ਚਾਹੇ ਸਾਹਿਤ ਹੈ, ਚਾਹੇ ਸਭਿਆਚਾਰ ਹੈ, ਚਾਹੇ ਇਨਵਾਰਿਨਮੈਂਟ ਹੈ - ਸਾਰਿਆਂ ਉੱਤੇ ਵਿਅੰਗ ਕੀਤਾ ਕਿ ਇਨ੍ਹਾਂ ਦਾ ਮੈਂਟਲ ਡਿਸਆਰਡਰ ਹੋ ਗਿਆ - ਇਸ ਕਰ ਕੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਦੋਂ ਤੱਕ ਇਨ੍ਹਾਂ ਸਾਰੇ ਸਿਸਟਮਾਂ ਦਾ ਮੈਂਟਲ ਡਿਸਆਰਡਰ ਠੀਕ ਨਹੀਂ ਕਰਦੇ, ਉਦੋਂ ਤੱਕ ਸਮਾਜ ਤਰੱਕੀ ਨਹੀਂ ਕਰ ਸਕਦਾ। ‘ਸ਼ਕਿਜ਼ੋਫਰੇਨੀਆਂ’ ਕਾਵਿ ਸੰਗ੍ਰਹਿ ਉੱਤੇ ਮੈਨੂੰ 1993 ਵਿੱਚ ਭਾਸ਼ਾ ਵਿਭਾਗ, ਪੰਜਾਬ ਇੰਡੀਆ ਦਾ ਬਦੇਸ਼ੀ ਲੇਖਕ ਦਾ ਇਨਾਮ ਮਿਲ ਰਿਹਾ ਸੀ ... ਸਵਿਟਜ਼ਰਲੈਂਡ ਵਾਲਾ ਦੇਵ ਅਤੇ ਮੈਂ ਕੈਨੇਡਾ ਤੋਂ ਦੋ ਲੇਖਕ ਫਾਈਨਲ ਲਿਸਟ ਵਿੱਚ ਸਾਂ। ਫਾਈਨਲ ਵਿੱਚ ਜਾ ਕੇ ਵੋਟ ਦੇਵ ਦੇ ਹੱਕ ਵਿੱਚ ਪੈ ਗਈ ਅਤੇ ਸਾਲ 1993 ਦਾ ਐਵਾਰਡ ਦੇਵ ਨੂੰ ਮਿਲ ਗਿਆ। 1996 ਵਿੱਚ ਮੈਂ ਇੱਕ ਵਾਰ ਫਿਰ ਭਾਸ਼ਾ ਵਿਭਾਗ, ਪੰਜਾਬ ਦੇ ਬਦੇਸ਼ੀ ਲੇਖਕ ਵਾਲੇ ਐਵਾਰਡ ਦੀ ਫਾਈਨਲ ਵਿੱਚ ਪਹੁੰਚ ਗਿਆ। ਫਾਈਨਲ ਵਿੱਚ ਇਸ ਵਾਰ ਮੁਕਾਬਲਾ ਮੇਰੇ ਵਿੱਚ ਅਤੇ ਕੈਲੇਫੋਰਨੀਆਂ ਵਾਲੇ ਡਾ. ਗੁਰੂਮੇਲ ਸਿੱਧੂ ਵਿਚਕਾਰ ਸੀ। ਇਸ ਵਾਰ ਵੀ ਫਾਈਨਲ ਵੋਟ ਡਾ. ਗੁਰੂਮੇਲ ਸਿੱਧੂ ਦੇ ਹੱਕ ਵਿੱਚ ਚਲੀ ਗਈ ਅਤੇ 1996 ਦਾ ਐਵਾਰਡ ਉਸ ਨੂੰ ਮਿਲ ਗਿਆ। ਉਹ ਕਿਤਾਬ ਮੇਰੀ ਅੱਜ ਤੱਕ ਵੀ ਲੋਕ ਮੰਨਦੇ ਹਨ ਕਿ ਬੜੀ ਜ਼ਬਰਦਸਤ ਕਿਤਾਬ ਸੀ ... ਬਹੁਤ ਸਾਰੇ ਲੋਕ ਤਾਂ ਉਸ ਕਿਤਾਬ ਤੋਂ ਬਾਅਦ ਮੈਨੂੰ ਸ਼ਕਿਜ਼ੋਫਰੇਨੀਆਂ ਵਾਲਾ ਸੁਖਿੰਦਰ ਕਹਿ ਕੇ ਹੀ ਯਾਦ ਰੱਖਣ ਲੱਗੇ ... ਹੁਣ ਮੇਰੀ ਜਿਹੜੀ ਕਵਿਤਾ ਦੀ ਨਵੀਂ ਕਿਤਾਬ ਪ੍ਰਕਾਸ਼ਿਤ ਹੋਈ ਹੈ ‘ਗਲੋਬਲੀਕਰਨ’ - ਇਹ ਫਿਰ ਵਿਅੰਗ ਹੀ ਹੈ। ਇਹ ਜਿਹੜਾ ‘ਗਲੋਬਲੀਜ਼ੇਸ਼ਨ’ ਦਾ ਵਿਸ਼ਾ ਹੈ - ਉਸ ਉੱਤੇ ਬੜਾ ਜ਼ਬਰਦਸਤ ਵਿਅੰਗ ਕੀਤਾ ਗਿਆ ਹੈ। ਗਲੋਬਲਾਈਜ਼ੇਸ਼ਨ ਕਹਿੰਦੇ ਹਨ ਕਿ ਦੁਨੀਆਂ ਦੀ ਤਰੱਕੀ ਲਈ ਹੈ। ਗਲੋਬਲਾਈਜ਼ੇਸ਼ਨ ਦੇ ਨਾਮ ਉੱਤੇ ਜਿਹੜਾ ਗੰਦ ਪੈ ਰਿਹਾ ਹੈ - ਉਹਦੇ ਬਾਰੇ ਮੈਂ ਫਿਰ ਸ਼ਕਿਜ਼ੋਫਰੇਨੀਆਂ ਵਾਂਗ ਹੀ ਵਿਅੰਗ ਲਿਖਿਆ ਹੈ - ਇਸ ਨਵੇਂ ਕਾਵਿ ਸੰਗ੍ਰਹਿ ਵਿੱਚ ਗਲੋਬਲਾਈਜ਼ੇਸ਼ਨ ਦੇ ਨਾਮ ਹੇਠ 40 ਕਵਿਤਾਵਾਂ ਹਨ। ਇਹ ਕਿਤਾਬ ਵੀ ਇਸ ਸਮੇਂ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਚਰਚਿਤ ਹੈ - ‘ਪੰਜਾਬੀ ਟ੍ਰਿਬਿਊਨ’ ਵਿੱਚ ਬੜਾ ਜ਼ਬਰਦਸਤ ਰੀਵੀਊ ਛਪਿਆ, ‘ਨਵਾਂ ਜ਼ਮਾਨਾ’ ’ਚ ਬੜਾ ਜ਼ਬਰਦਸਤ ਰੀਵੀਊ ਛਪਿਆ, ‘ਅਜੀਤ’ ’ਚ ਬੜਾ ਜ਼ਬਰਦਸਤ ਰੀਵੀਊ ਛਪਿਆ ਅਤੇ ‘ਦੇਸ਼ ਸੇਵਕ’ ’ਚ ਵੀ ਬੜਾ ਜ਼ਬਰਦਸਤ ਰੀਵੀਊ ਛਪਿਆ ...

? ਕਿਸੇ ਪੰਜਾਬੀ ਲੇਖਕ ਦਾ ਵੀ ਨਾਮ ਲਵੋਗੇ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਏ ਹੋਵੋ?

: ਪੰਜਾਬੀ ਲੇਖਕਾਂ ਦੀ ਦੋ ਤਰ੍ਹਾਂ ਦੀ ਗੱਲ ਹੈ। ਇੱਕ ਤਾਂ ਉਹ ਲੇਖਕ ਹਨ - ਜਿਨ੍ਹਾਂ ਨੂੰ ਮੈਂ ਪੜ੍ਹਦਾ ਹਾਂ ਪਸੰਦ ਦੇ ਤੌਰ ਉੱਤੇ - ਇੱਕ ਉਹ ਲੇਖਕ ਹੁੰਦੇ ਹਨ - ਜਿਨ੍ਹਾਂ ਬਾਰੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ ਉੱਤੇ ਕੋਈ ਪ੍ਰਭਾਵ ਪਾਇਆ ਹੋਵੇ ਜਾਂ ਨਾ - ਪਰ ਉਨ੍ਹਾਂ ਬਾਰੇ ਇਸ ਸਬੰਧ ਵਿੱਚ ਮੈਂ ਕੋਈ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ। ਪਰ ਉਨ੍ਹਾਂ ਨੂੰ ਮੈਂ ਆਪਣੀ ਪਸੰਦ ਦੇ ਲੇਖਕ ਕਹਿ ਸਕਦਾ ਹਾਂ - ਜਿਨ੍ਹਾਂ ਨੂੰ ਮੈਂ ਸ਼ੌਕ ਨਾਲ ਪੜ੍ਹਦਾ ਰਿਹਾ ਹਾਂ ...

? ਕੀ ਤੁਸੀਂ ਉਨ੍ਹਾਂ ਦੇ ਨਾਮ ਦੱਸ ਸਕਦੇ ਹੋ?

: ਉਨ੍ਹਾਂ ਵਿੱਚ ਤਾਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਪਰੋਫੈਸਰ ਪੂਰਨ ਸਿੰਘ ਨੂੰ ਪੜ੍ਹਿਆ। ਨਾਨਕ ਸਿੰਘ ਨਾਵਲਿਸਟ ਨੂੰ ਪੜ੍ਹਿਆ ... ਪਰੋਫੈਸਰ ਪੂਰਨ ਸਿੰਘ ਵਿੱਚ ਵਿਅੰਗ ਨਹੀਂ ਹੈ ... ਉਸ ਦੀ ਸ਼ਾਇਰੀ ਵਿੱਚ ਜਿਹੜੀ ਸਭਿਆਚਾਰਕ ਅਮੀਰੀ ਸੀ ... ਉਸ ਗੱਲ ਕਰ ਕੇ ਮੈਂ ਉਸਦੀ ਸ਼ਾਇਰੀ ਪੜ੍ਹਦਾ ਰਿਹਾ ... ਪ੍ਰੋ. ਸੁਜਾਨ ਸਿੰਘ ਨੂੰ ਪੜ੍ਹਿਆ ... ਸੰਤੋਖ ਸਿੰਘ ਧੀਰ ਨੂੰ ਪੜ੍ਹਿਆ ...

? ਕੁਝ ਹੋਰ ਨਾਂ ਵੀ ਦੱਸੋ?

: ਮੈਂ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਬਲਵੰਤ ਗਾਰਗੀ, ਅਫਜ਼ਲ ਹਸਨ ਰੰਧਾਵਾ, ਤਾਰਾ ਸਿੰਘ ਕਾਮਿਲ, ਦਲੀਪ ਕੌਰ ਟਿਵਾਣਾ, ਦਵਿੰਦਰ ਸਤਿਆਰਥੀ, ਗੁਰਦਿਆਲ ਸਿੰਘ ਨਾਵਲਿਸਟ, ਸ਼ਿਵ ਕੁਮਾਰ ਬਟਾਲਵੀ, ਸ. ਸ. ਮੀਸ਼ਾ, ਡਾ. ਮੋਹਨਜੀਤ, ਕੁਲਵੰਤ ਸਿੰਘ ਵਿਰਕ, ਮੋਹਨ ਭੰਡਾਰੀ, ਜਗਜੀਤ ਬਰਾੜ, ਪਾਸ਼, ਡਾ. ਜਗਤਾਰ, ਸੁਰਜੀਤ ਪਾਤਰ, ਦੇਵ ਅਤੇ ਪ੍ਰਮਿੰਦਰਜੀਤ ਨੂੰ ਵੀ ਵਿਸਥਾਰ ਵਿੱਚ ਪੜ੍ਹਿਆ।

? ਪਰ ਇਹ ਵੀ ਵਿਅੰਗ ਦੇ ਲੇਖਕ ਨਹੀਂ?

: ਇਹ ਵਿਅੰਗ ਦੇ ਲੇਖਕ ਨਹੀਂ ... ਮੈਂ ਜਿਹੜੀ ਗੱਲ ਕਹਿ ਰਿਹਾ ਹਾਂ ਕਿ ਪੰਜਾਬੀ ਦੇ ਜਿਹੜੇ ਲੇਖਕ ਮੈਂ ਸ਼ੌਕ ਨਾਲ ਪੜ੍ਹਦਾ ਰਿਹਾ ... ਡਾ. ਹਰਿਭਜਨ ਸਿੰਘ ਵੀ ਮੈਂ ਪੜ੍ਹਿਆ ... ਸ.ਸ. ਮੀਸ਼ਾ ਵੀ ਪੜ੍ਹਿਆ ... ਉਸਦੀ ਸ਼ਾਇਰੀ ਵਿੱਚ ਵੀ ਥੋੜਾ ਜਿਹਾ ਵਿਅੰਗ ਸੀ ... ਪਰ ਇੰਨਾ ਜ਼ਿਆਦਾ ਨਹੀਂ ਸੀ ... ਬਾਕੀ ਜਿਹੜੇ ਮੇਰੇ ਤੋਂ ਥੋੜ੍ਹਾ ਜਿਹਾ ਸੀਨੀਅਰ ਲੇਖਕ ਸਨ ਉਨ੍ਹਾਂ ਵਿੱਚ ਮੈਂ ਡਾ. ਜਗਤਾਰ ਨੂੰ ਵੀ ਆਪਣੀ ਪਸੰਦ ਦੇ ਲੇਖਕਾਂ ਵਿੱਚ ਸ਼ਾਮਿਲ ਕਰਦਾ ਹਾਂ ... ਇਹ ਮੇਰੀ ਪੀੜ੍ਹੀ ਤੋਂ ਪਹਿਲਾਂ ਦੇ ਲੇਖਕ ਹਨ ... ਜਿਹੜੇ ਮੇਰੇ ਸਮਕਾਲੀ ਸ਼ਾਇਰ ਹਨ ... ਜਿਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਨੂੰ ਮੈਂ ਕਾਫੀ ਪਸੰਦ ਕਰਦਾ ਹਾਂ - ਉਨ੍ਹਾਂ ਵਿੱਚ ਮੈਂ ਦੇਵ ਸਵਿਟਜ਼ਰਲੈਂਡ ਵਾਲਾ, ਸੁਰਜੀਤ ਪਾਤਰ ਅਤੇ ਪਾਸ਼ ਨੂੰ ਸ਼ਾਮਿਲ ਕਰਦਾ ਹਾਂ।

? ਤੁਸੀਂ ਜਗਤਾਰ ਪਪੀਹੇ (ਹੁਣ ਡਾ. ਜਗਤਾਰ) ਦੀ ਗੱਲ ਕੀਤੀ ਹੈ। ਕੀ ਉਹਨੂੰ ਸ਼ਾਇਰੀ ਔਂਦੀ ਹੈ ਜਾਂ ਤਿਗੜਮਬਾਜ਼ ਹੈ?

: ਡਾ. ਜਗਤਾਰ ਨੂੰ ਮੈਂ ਬਹੁਤ ਵਧੀਆ ਸ਼ਾਇਰ ਮੰਨਦਾ ਹਾਂ। ਉਹ ਇੱਕ ਬਹੁਤ ਹੀ ਚੇਤੰਨ ਸ਼ਾਇਰ ਹੈ। ਉਸ ਨੂੰ ਆਪਣੀ ਗੱਲ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦਾ ਅੰਦਾਜ਼ ਆਉਂਦਾ ਹੈ।

? ਤੁਸੀਂ ਵਿਅੰਗਮਈ ਲੇਖਕਾਂ ਵਿੱਚ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਦੇ ਲੇਖਕਾਂ ਦਾ ਜ਼ਿਕਰ ਕੀਤਾ ਹੈ; ਪਰ ਪੰਜਾਬੀ ਜਾਂ ਉਰਦੂ ਦੇ ਲੇਖਕਾਂ ਦਾ ਜ਼ਿਕਰ ਨਹੀਂ ਕੀਤਾ। ਜਿਵੇਂ ਕ੍ਰਿਸ਼ਨ ਚੰਦਰ ਬਹੁਤ ਵਧੀਆ ਵਿਅੰਗ ਲਿਖਦਾ ਸੀ, ਆਬਾਸ ਵੀ ਵਧੀਆ ਵਿਅੰਗ ਲਿਖਦਾ ਰਿਹਾ, ਮੰਟੋ ਵੀ ਵਿਅੰਗ ਲਿਖਦਾ ਰਿਹਾ ... ਗੁਰਨਾਮ ਸਿੰਘ ਤੀਰ ਅਤੇ ਸੂਬਾ ਸਿੰਘ ਵੀ ...?

: ਮੰਟੋ! ਤੁਸੀਂ ਬੜਾ ਯਾਦ ਕਰਾਇਆ। ਮੈਂ ਮੰਟੋ ਦੀਆਂ ਲਿਖਤਾਂ ਵੀ ਬਹੁਤ ਪੜ੍ਹਦਾ ਰਿਹਾਂ ... ਮੰਟੋ ਬਾਰੇ ਮੈਂ ਇਹ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੀਆਂ ਲਿਖਤਾਂ ਦਾ ਮੇਰੇ ਉੱਤੇ ਕੋਈ ਅਸਰ ਹੋਇਆ ਹੈ? ਹੋ ਸਕਦਾ ਹੈ ਹੋਇਆ ਵੀ ਹੋਵੇ ... ਕਿਉਂਕਿ ਮੰਟੋ ਵੀ ਮੈਂ ਬਹੁਤ ਪੜ੍ਹਿਆ ... ਉਸਦੀ ਵੀ ਮੈਂ ਕੋਈ ਲਿਖਤ ਨਹੀਂ ਸੀ ਛੱਡਦਾ ... ਫਿਰ ਜਦੋਂ ਮੈਂ ਐਮ.ਐਸਸੀ. ਫਿਜ਼ਿਕਸ ਦੀ ਪੜ੍ਹਾਈ ਕਰ ਰਿਹਾ ਸਾਂ ਉਦੋਂ ਮੈਂ ਹਿੰਦੀ ਸਾਹਿਤ ਬਹੁਤ ਪੜ੍ਹਦਾ ਸੀ। ਉਨ੍ਹਾਂ ਦਿਨਾਂ ਵਿੱਚ ‘ਸਾਰੀਕਾ’ ਮੈਗਜ਼ੀਨ ਹੁੰਦਾ ਸੀ ਕਹਾਣੀਆਂ ਦਾ ... ਮੈਂ ਸਟੂਡੈਂਟ ਹੋਸਟਲ ਵਿੱਚ ਰੈਗੂਲਰ ਲੁਆਇਆ ਹੁੰਦਾ ਸੀ। ਉਹ ਮੈਗਜ਼ੀਨ ਜਦੋਂ ਆਉਂਦਾ ਹੁੰਦਾ ਸੀ ਤਾਂ ਮੈਂ ਜਦੋਂ ਤੱਕ ਸਾਰਾ ਮੈਗਜ਼ੀਨ ਪੜ੍ਹ ਨਹੀਂ ਸੀ ਲੈਂਦਾ ਮੈਂ ਹੋਰ ਕੋਈ ਕੰਮ ਨਹੀਂ ਸੀ ਕਰਦਾ ਹੁੰਦਾ - ਹਿੰਦੀ ਦੇ ਉਸ ਸਮੇਂ ਦੇ ਮੈਂ ਕਾਫੀ ਲੇਖਕ ਪੜ੍ਹੇ ... ਮ੍ਰਿਤੂਬੋਧ ਪੜ੍ਹਿਆ ... ਧੂਮਿਲ ਪੜਿਆ ... ਕੁਮਾਰ ਵਿਕਲ ਪੜ੍ਹਿਆ ... ਮੁਨਸ਼ੀ ਪ੍ਰੇਮ ਚੰਦ ਪੜ੍ਹਿਆ ... ਇੱਦਾਂ ਦੇ ਲੇਖਕਾਂ ਨੇ ਹੋ ਸਕਦੈ ਮੇਰੇ ਉੱਤੇ ਪ੍ਰਭਾਵ ਪਾਇਆ ਹੋਵੇ ... ਅੰਗਰੇਜ਼ੀ ਵਿੱਚ ਟੀ.ਐਸ.ਐਲੀਅਟ ਅਤੇ ਐਲਨ ਗਿਨਜ਼ਬਰਗ - ਇਹ ਜਿਹੜੇ ਲੇਖਕ ਹਨ - ਉਹ ਵਿਅੰਗ ਵੀ ਕਰਦੇ ਹਨ। ਉਹ ਜਿਹੜੀ ਆਲੋਚਨਾ ਵੀ ਕਰਦੇ ਹਨ - ਆਲੋਚਨਾਤਮਿਕ ਵਿਅੰਗ ਹੈ। ਜਿਸਦਾ ਮੇਰੇ ਉੱਤੇ ਬਹੁਤ ਜ਼ਿਆਦਾ ਅਸਰ ਹੈ।

? ਤੁਹਾਡੇ ਅੰਦਰ ਜਿਹੜਾ ਸਮਾਜ ਵਤੀਰੇ ਪ੍ਰਤੀ ਅਤੇ ਕੁਝ ਵਿਸ਼ੇਸ਼ ਕਿਸਮ ਦੇ ਮੁਖੌਟਾਧਾਰੀ ਲੇਖਕਾਂ ਜਾਂ ਕਵੀਆਂ ਪ੍ਰਤੀ ਏਨਾਂ ਜ਼ਹਿਰ ਹੈ, ਆਖਿਰ ਕਿਉਂ ਹੈ?

: ਮੋਮੀ ਸਾਹਿਬ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਹਾਂ ਕਿ ਮੈਂ ਬਹੁਤ ਸਾਰੇ ਅਜਿਹੇ ਲੇਖਕ ਪੜ੍ਹੇ ਜੋ ਬੜੀ ਜੁਰਅਤ ਨਾਲ ਲਿਖਦੇ ਸਨ। ਮੈਂ ਵੀ ਬੜਾ ਜੁਰਅਤ ਵਾਲਾ ਲੇਖਕ ਹੀ ਬਨਣਾ ਚਾਹੁੰਦਾ ਸਾਂ ਅਤੇ ਮੈਨੂੰ ਅੱਜ ਤੱਕ ਵੀ ਇਸ ਗੱਲ ਦਾ ਮਾਣ ਹੈ ਕਿ ਮੈਂ ਬੜੀ ਜੁਰਅਤ ਨਾਲ ਲਿਖਦਾ ਹਾਂ। ਬਹੁਤ ਸਾਰੇ ਲੇਖਕ ਜੁਰਅਤ ਨਾਲ ਨਹੀਂ ਲਿਖ ਸਕਦੇ। ਜਿਹੜੇ ਲੇਖਕ ਕਿਸੇ ਵਿਸ਼ੇ ਬਾਰੇ ਜੁਰਅਤ ਨਾਲ ਗੱਲ ਨਹੀਂ ਕਰ ਸਕਦੇ ਮੈਂ ਉਨ੍ਹਾਂ ਨੂੰ ਲੇਖਕ ਹੀ ਨਹੀਂ ਮੰਨਦਾ। ਤੁਸੀਂ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹੋ ਤਾਂ ਉਹ ਸ਼ਬਦਾਂ ਦਾ ਚੋਹਲਪਣ ਹੀ ਕਰਦੇ ਰਹਿੰਦੇ ਹਨ। ਗੱਲ ਨੂੰ ਘੁੰਮਾ ਫਿਰਾ ਕੇ ਇੱਧਰ ਉੱਧਰ ਕਰਦੇ ਰਹਿੰਦੇ ਹਨ। ਜਿਹੜੀ ਅਸਲੀ ਗੱਲ ਹੁੰਦੀ ਹੈ ਉਸ ਉੱਤੇ ਆਂਦੇ ਹੀ ਨਹੀਂ। ਕਿਉਂ ਨਹੀਂ ਆਂਦੇ? ਕਿਉਂਕਿ ਜਦੋਂ ਤੁਸੀਂ ਕਿਸੇ ਵਿਸ਼ੇ ਬਾਰੇ ਜੁਰਅਤ ਨਾਲ ਗੱਲ ਕਰਨੀ ਹੈ ਤਾਂ ਤੁਹਾਨੂੰ ਇੱਕ ਸਟੇਟਮੈਂਟ ਦੇਣੀ ਪੈਂਦੀ ਹੈ। ਆਪਣਾ ਵਿਸ਼ਵਾਸ਼ ਦੱਸਣਾ ਪੈਂਦਾ ਹੈ ਕਿ ਇਸ ਵਿਸ਼ੇ ਬਾਰੇ ਤੁਹਾਡਾ ਇਹ ਵਿਸ਼ਵਾਸ਼ ਹੈ - ਉਹ ਦੱਸਣਾ ਹੀ ਨਹੀਂ ਚਾਹੁੰਦੇ ਕਿ ਕਿਸੇ ਵਿਸ਼ੇ ਬਾਰੇ ਉਨ੍ਹਾਂ ਦਾ ਕੀ ਵਿਸ਼ਵਾਸ ਹੈ ... ਜਿਵੇਂ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਹਾਂ ਕਿ ਮੈਂ ਜੋਰਜ ਓਰਵਿਲ ਤੋਂ ਬੜਾ ਪ੍ਰਭਾਵਿਤ ਹਾਂ, ਕਾਫ਼ਕਾ ਤੋਂ ਬੜਾ ਪ੍ਰਭਾਵਿਤ ਹਾਂ, ਸਾਰਤਰ ਤੋਂ ਬੜਾ ਪ੍ਰਭਾਵਿਤ ਹਾਂ, ਅਲੈਗਜ਼ੈਂਡਰ ਸੋਲਿਜ਼ਨਿਤਸਨ ਤੋਂ ਪ੍ਰਭਾਵਿਤ ਹੋਇਆ ਹਾਂ, ਟੀ.ਐਸ. ਐਲੀਅਟ ਤੋਂ ਪ੍ਰਭਾਵਿਤ ਹੋਇਆ ਹਾਂ, ਅਮਰੀਕਾ ਦੇ ਬੀਟ ਸ਼ਾਇਰ ਐਲਨ ਗਿਨਜ਼ਬਰਗ ਤੋਂ ਪ੍ਰਭਾਵਿਤ ਹੋਇਆ ਹਾਂ, ਸੈਕਸ਼ਪੀਅਰ ਤੋਂ ਪ੍ਰਭਾਵਿਤ ਹੋਇਆ ਹਾਂ ... ਕੈਨੇਡਾ ਦੇ ਸ਼ਾਇਰ ਅਲ ਪਰਡੀ ਤੋਂ ਵੀ ਮੈਂ ਪ੍ਰਭਾਵ ਕਬੂਲਿਆ ਹੈ, ਕਾਮੂੰ ਤੋਂ ਵੀ ਮੈਂ ਕਈ ਗੱਲਾਂ ਵਿੱਚ ਪ੍ਰਭਾਵਿਤ ਹੋਇਆ ਹਾਂ ... ਵਿਕਟਰ ਹਿਊਗੋ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ... ਇਹੋ ਜਿਹੇ ਲੇਖਕ ਸਨ ਜੋ ਉਹ ਬੜੀ ਜੁਰਅਤ ਨਾਲ ਗੱਲ ਕਰਦੇ ਸਨ। ਉਹੋ ਜਿਹੀਆਂ ਹੀ ਮੈਂ ਲਿਖਤਾਂ ਲਿਖਣੀਆਂ ਚਾਹੁੰਦਾ ਸਾਂ ਕਿ ਜਿਹੜੀਆਂ ਮੇਰੀਆਂ ਲਿਖਤਾਂ ਹੋਣ ਉਹ ਬੜੀ ਜੁਰਅਤ ਨਾਲ ਗੱਲ ਕਰਨ। ਮੈਂ ਡਰਾਂ ਨਾ। ਤੁਸੀਂ ਮੇਰੀਆਂ ਲਿਖਤਾਂ ਪੜ੍ਹੋ ਤਾਂ ਤੁਹਾਨੂੰ ਝੱਟ ਪਤਾ ਲੱਗ ਜਾਵੇਗਾ ਕਿ ਮੈਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਮੈਂ ਆਪਣੇ ਆਪ ਦਾ ਵੀ ਲਿਹਾਜ਼ ਨਹੀਂ ਕਰਦਾ। ਮੈਂ ਆਪਣੀ ਫੈਮਿਲੀ ਵਿੱਚ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਮੈਂ ਸਮਝਦਾ ਹਾਂ ਕਿ ਮੈਂ ਸਭ ਕੁਝ ਬੜਾ ਸੋਚ ਸਮਝ ਕੇ ਲਿਖਦਾ ਹਾਂ। ਮੈਂ ਡਰਦਾ ਨਹੀਂ ਕਿਸੀ ਤੋਂ ਲਿਖਣ ਲੱਗਾ ... ਮੈਂ ਆਪਣੇ ਸਟੈਂਡ ਉੱਤੇ ਜੁਰਅਤ ਨਾਲ ਖੜ੍ਹਦਾ ਹਾਂ। ਹਰ ਗੱਲ ਉੱਤੇ ... ਕਵਿਤਾ ਲਿਖਣ ਵੇਲੇ ਮੇਰੀ ਹਾਲਤ ਉਹੀ ਹੁੰਦੀ ਹੈ ਜੋ ਕੁਰੂਕਸ਼ੇਤਰਾ ਦੇ ਮੈਦਾਨ ਵਿੱਚ ਕ੍ਰਿਸ਼ਨ ਅਤੇ ਅਰਜੁਨ ਦਰਮਿਆਨ ਹੋਏ ਸੰਵਾਦ ਤੋਂ ਬਾਅਦ ਅਰਜੁਨ ਦੀ ਸੀ। ਮੈਂ ਆਪਣੀ ਹੀ ਕਵਿਤਾ ਰਾਹੀਂ ਇਸ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕਰ ਸਕਦਾ ਹਾਂ:
ਮੈਂ ਤੇ ਮੈਂ ਵਿਚ
ਘੋਰ ਅਯੁੱਧ ਛਿੜਦਾ ਹੈ ਜਦ ਵੀ
-ਪੈਰ ਮੇਰੇ ਜਦ
ਦਲਦਲ ਦੇ ਵਿਚ ਫਸ ਜਾਂਦੇ ਨੇ
ਮੇਰੇ ਤਰਕਸ਼ ’ਚੋਂ ਹੈ
ਇਕ ਬਾਣ ਨਿਕਲਦਾ
ਕੌਰਵ ਤੇ ਪਾਂਡਵ ਦਾ ਯੁੱਧ ਛਿੜਦਾ ਹੈ
ਇੱਥੇ ਮੈਂ ਇਹ ਗੱਲ ਦੱਸਣੀ ਵੀ ਜ਼ਰੂਰੀ ਸਮਝਦਾ ਹਾਂ ਕਿ ਮੇਰੀਆਂ ਲਿਖਤਾਂ ਅਤੇ ਮੇਰੇ ਵਿਚਾਰਾਂ ਵਿੱਚ ਏਨੀ ਜੁਰਅਤ ਪੈਦਾ ਕਰਨ ਵਿੱਚ ਬਹੁਤ ਸਾਰੀਆਂ ਮਹਾਨ ਰਾਜਨੀਤਿਕ ਸਖਸ਼ੀਅਤਾਂ ਦੇ ਵਿਚਾਰਾਂ ਦਾ ਵੀ ਪ੍ਰਭਾਵ ਹੈ। ਜਿਨ੍ਹਾਂ ਅਜਿਹੀਆਂ ਸਖਸ਼ੀਅਤਾਂ ਦੇ ਵਿਚਾਰਾਂ ਨੇ ਮੈਨੂੰ ਜੁਰਅਤ ਵਾਲਾ ਵਿਅਕਤੀ ਬਣਾਇਆ ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਮੈਂ ਸ਼ਹੀਦ ਭਗਤ ਸਿੰਘ, ਨੈਲਸਨ ਮੰਡੈਲਾ, ਮਾਰਟਿਨ ਲੂਥਰ ਕਿੰਗ, ਕਾਰਲ ਮਾਰਕਸ, ਲੈਨਨ ਅਤੇ ਮਾਓ-ਜ਼ੇ-ਤੁੰਗ ਨੂੰ ਸ਼ਾਮਿਲ ਕਰਦਾ ਹਾਂ। ਮੇਰੇ ਵਿਚਾਰਾਂ ਨੂੰ ਜੁਰਅਤ ਵਾਲਾ ਬਣਾਉਣ ਵਿੱਚ ਗੀਤਾ ਵਿੱਚ ਅਰਜੁਨ ਅਤੇ ਕ੍ਰਿਸ਼ਨ ਦਰਮਿਆਨ ਹੋਏ ਸੰਵਾਦ ਨੇ ਵੀ ਬਹੁਤ ਮਹੱਤਵ-ਪੂਰਨ ਰੋਲ ਨਿਭਾਇਆ ਹੈ। ਮੇਰੇ ਵਿਚਾਰਾਂ ਨੂੰ ਜੁਰਅਤ ਵਾਲਾ ਬਣਾਉਣ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਪੰਜਾਬੀ ਮੈਗਜ਼ੀਨਾਂ ‘ਸੁਰਖ਼ ਰੇਖਾ’, ‘ਜਨਤਕ ਲੀਹ’,‘ਸਮਤਾ’ ਅਤੇ ‘ਸਰਦਲ’ ਵਿੱਚ ਛਪੀਆਂ ਲਿਖਤਾਂ ਅਤੇ ਸੰਪਾਦਕੀਆਂ ਨੇ ਵੀ ਭੂਮਿਕਾ ਨਿਭਾਈ ਹੈ।

? ਸੁਖਿੰਦਰ ਜੀ, ਤੁਸੀਂ ਜੋ ਸੁਰਖ ਰੇਖਾ, ਜਨਤਕ ਲੀਹ, ਸਮਤਾ ਜਾਂ ਸਰਦਲ ਦੀ ਗੱਲ ਕਰਦੇ ਹੋ; ਮੈਂ ਸਮਝਦਾ ਹਾਂ ਕਿ ਇਹ ਇਕ ਪਾਸੜ ਗੱਲ ਹੈ। ਸਾਹਿਤਕਾਰ ਨੂੰ ਕਿਸੇ ਇੱਕ ਲਹਿਰ ਨਾਲ ਬੱਝਣਾ ਨਹੀਂ ਚਾਹੀਦਾ; ਸਗੋਂ ਇਸ ਤੋਂ ਬਹੁਤ ਉੱਚਾ ਉੱਠ ਕੇ ਲਿਖਣਾ ਚਾਹੀਦਾ ਹੈ। ਲਹਿਰਾਂ ਤਾਂ ਔਂਦੀਆਂ ਜਾਂਦੀਆਂ ਰਹਿੰਦੀਆਂ ਹਨ?

: ਮੋਮੀ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਲੇਖਕ ਨੂੰ ਕਿਸੇ ਵੀ ਲਹਿਰ ਵੱਲੋਂ ਪ੍ਰਚਾਰੀ ਜਾ ਰਹੀ ਵਿਚਾਰਧਾਰਾ ਨੂੰ ਅੰਧ-ਵਿਸ਼ਵਾਸ਼ ਦੀ ਪੱਧਰ ਤੱਕ ਜਾ ਕੇ ਇੱਕ ਜਨੂੰਨੀ ਵਾਂਗ ਨਹੀਂ ਮੰਨਣਾ ਚਾਹੀਦਾ। ਇਸੇ ਕਰਕੇ ਹੀ ਮੈਂ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਵੀ ਕਦੀ ਵੀ ਅੰਧ-ਵਿਸ਼ਵਾਸ਼ੀ ਜਾਂ ਜਨੂੰਨੀ ਬਣਕੇ ਨਹੀਂ ਜੁੜਿਆ। ਇਸ ਵਿਚਾਰਧਾਰਾ ਨਾਲ ਜੁੜੀਆਂ ਲੋਕ-ਪੱਖੀ ਅਤੇ ਲੋਕ-ਕਲਿਆਣ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਨਾਲ ਹੀ ਮੈਂ ਜੁੜਿਆ ਰਿਹਾ ਹਾਂ। ਪ੍ਰਗਤੀਵਾਦੀ ਲਹਿਰ ਨਾਲ ਜੁੜੇ ਲੋਕਾਂ ਦੀਆਂ ਕਮਜ਼ੋਰੀਆਂ ਬਾਰੇ ਵੀ ਮੈਂ ਆਪਣੀਆਂ ਕਵਿਤਾਵਾਂ ਵਿੱਚ ਵਿਅੰਗ ਲਿਖਦਾ ਰਿਹਾ ਹਾਂ।

? ਸੁਖਿੰਦਰ ਜੀ, ਤੁਸੀਂ ਜੀਵਨ ਵਿੱਚ ਇਕੱਲੇ ਹੀ ਵਿਚਰੇ ਹੋ। ਇਸਦਾ ਕੀ ਕਾਰਨ ਹੈ? ਕੀ ਤੁਸੀਂ ਇੱਕ ਜੀਵਨ ਸਾਥੀ ਦੀ ਘਾਟ ਮਹਿਸੂਸ ਨਹੀਂ ਕੀਤੀ? ਜੇਕਰ ਤੁਹਾਡੇ ਵਿਚਾਰਾਂ ਨਾਲ ਸਾਂਝ ਪੈਦਾ ਕਰਦੀ ਕੋਈ ਸਿਨਫ ਤੁਹਾਨੂੰ ਹੁਣ ਵੀ ਮਿਲ ਜਾਵੇ ਤਾਂ ਤੁਸੀਂ ਉਸਦਾ ਜੀਵਨ ਸਾਥ ਪਸੰਦ ਕਰੋਗੇ? ਸ਼ਾਇਦ ਤੁਹਾਨੂੰ ਇਹ ਗੱਲ ਕਿਸੀ ਨੇ ਪਹਿਲਾਂ ਕਦੀ ਨਾ ਪੁੱਛੀ ਹੋਵੇ? ਮੈਂ ਸਮਝਦਾ ਹਾਂ ਕਿ ਤੁਹਾਡੀ ਸਾਹਿਤਕ ਜ਼ਿੰਦਗੀ ਨਾਲ ਜੁੜੇ ਸੁਆਲਾਂ ਦੇ ਨਾਲ ਨਾਲ ਇਹ ਵੀ ਇੱਕ ਮਹੱਤਵਪੂਰਨ ਸੁਆਲ ਹੈ। ਕੀ ਤੁਸੀਂ ਇਸ ਬਾਰੇ ਵੀ ਗੱਲ ਕਰਨੀ ਮੁਨਾਸਿਬ ਸਮਝੋਗੇ?

: ਦੇਖੋ ਮੋਮੀ ਜੀ, ਮੈਨੂੰ ਇਸ ਸੁਆਲ ਦਾ ਉੱਤਰ ਦੇਣ ਵਿੱਚ ਕੋਈ ਝਿਜਕ ਨਹੀਂ। ਕਈ ਲੋਕਾਂ ਨੂੰ ਭੁਲੇਖਾ ਹੋਵੇਗਾ ਕਿ ਸ਼ਾਇਦ ਔਰਤਾਂ ਨਾਲ ਮੇਰੇ ਸਬੰਧ ਠੀਕ ਨਹੀਂ ਰਹੇ ਜਾਂ ਮੈਂ ਔਰਤਾਂ ਨੂੰ ਨਫ਼ਰਤ ਕਰਦਾ ਹਾਂ ... ਪਰ ਮੈਂ ਤੁਹਾਨੂੰ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਅਤੇ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਰੀ ਉਮਰ ਔਰਤਾਂ ਨਾਲ ਮੇਰੇ ਬਹੁਤ ਵਧੀਆ ਸਬੰਧ ਰਹੇ ਹਨ। ਮੇਰੀ ਜ਼ਿੰਦਗੀ ਵਿੱਚ ਜਿੰਨੀ ਮਦਦ ਔਰਤਾਂ ਨੇ ਕੀਤੀ ਹੈ ਓਨੀ ਮਦਦ ਆਦਮੀਆਂ ਨੇ ਨਹੀਂ ਕੀਤੀ। ਅੱਜ ਤੱਕ ਵੀ ਬਹੁਤ ਸਾਰੀਆਂ ਔਰਤਾਂ ਮੇਰੀਆਂ ਬੜੀਆਂ ਚੰਗੀਆਂ ਦੋਸਤ ਹਨ। ਮੈਂ ਜਿਨ੍ਹਾਂ ਨੂੰ ਆਪਣੇ ਕਰੀਬੀ ਦੋਸਤ ਕਹਿੰਦਾ ਹਾਂ ਉਨ੍ਹਾਂ ਕਰੀਬੀ ਦੋਸਤਾਂ ਵਿੱਚ ਵੀ ਜ਼ਿਆਦਾ ਔਰਤਾਂ ਹੀ ਹਨ। ਬਚਪਨ ਤੋਂ ਹੀ ਮੈਂ ਤਾਂ ਕਹਿ ਸਕਦਾ ਹਾਂ ਕਿ ਔਰਤਾਂ ਨੇ ਮੇਰੀ ਬਹੁਤ ਜ਼ਿਆਦਾ ਮੱਦਦ ਕੀਤੀ - ਔਰਤਾਂ ਤੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਇਹੀ ਨਹੀਂ ਕਿ ਜਿਹੜੀਆਂ ਫੈਮਿਲੀ ਦੀਆਂ ਔਰਤਾਂ ਸਨ - ਫੈਮਿਲੀ ਤੋਂ ਬਾਹਰ ਦੀਆਂ ਔਰਤਾਂ ਵੀ ਸਨ ਜਿਹੜੀਆਂ ਉਨ੍ਹਾਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ। ਬਾਕੀ ਸੀ ਜਿਹੜੀ ਵਿਆਹ ਵਗੈਰਾ ਕਰਨ ਵਾਲੀ ਗੱਲ ਉਸ ਬਾਰੇ ਨਾ ਤਾਂ ਕਦੀ ਮੈਂ ਬਹੁਤੀ ਗੰਭੀਰਤਾ ਨਾਲ ਉਸ ਨੂੰ ਨਾਂਹ ਹੀ ਕੀਤੀ ਅਤੇ ਨਾ ਹੀ ਕਦੀ ਗੰਭੀਰਤਾ ਨਾਲ ਹਾਂ ਹੀ ਕੀਤੀ। ਕਦੀ ਕੋਈ ਨਿਰਣਾ ਨਹੀਂ ਲਿਆ ... ਹੁਣ ਵੀ ਬਹੁਤ ਸਾਰੀਆਂ ਔਰਤਾਂ ਮੇਰੀਆਂ ਬੜੀਆਂ ਚੰਗੀਆਂ ਦੋਸਤ ਹਨ ... ਮੇਰੀਆਂ ਚੰਗੀਆਂ ਦੋਸਤ ਔਰਤਾਂ ਵਿੱਚ ਕਦੀ ਧਰਮ ਜਾਂ ਸਭਿਆਚਾਰ ਦੀ ਵੀ ਕੋਈ ਬੰਦਿਸ਼ ਨਹੀਂ ਰਹੀ ... ਮੇਰੀਆਂ ਚੰਗੀਆਂ ਦੋਸਤ ਔਰਤਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ, ਯਹੂਦੀ ਅਤੇ ਈਸਾਈ ਔਰਤਾਂ ਵੀ ਸਦਾ ਹੀ ਸ਼ਾਮਿਲ ਰਹੀਆਂ ਹਨ ...

? ਸਮਾਜ ਦਾ ਕੋਹੜ ਤੁਹਾਥੋਂ ਬਰਦਾਸ਼ਿਤ ਨਹੀਂ ਹੁੰਦਾ। ਤੁਸੀਂ ਯਥਾਰਥ ਨੂੰ ਵੀ ਕਿਹਾ ਹੈ ਕਿ ਨਿਰਾ ਯਥਾਰਥ ਵੀ ਕੁਝ ਨਹੀਂ, ਜਦੋਂ ਤੱਕ ਕਿ ਉਸ ਉੱਤੇ ਵਿਅੰਗ ਨਾ ਕੀਤਾ ਜਾਵੇ। ਜੇਕਰ ਇਸ ਸ਼ਬਦ ਨੂੰ ਅਸੀਂ ਜ਼ਹਿਰ ਵਰਗਾ ਕਹਿ ਦੇਈਏ ਤਾਂ ਵਿਅੰਗ ਹੈ ਜਿਹੜਾ ਜਿਸ ਕਿਸੇ ਨੂੰ ਵੀ ਲੱਗਦਾ ਹੈ ਉਹ ਤਰਲੋ ਮੱਛੀ ਹੁੰਦਾ ਹੈ। ਵਿਅੰਗ ਨੂੰ ਵੀ ਜਿਵੇਂ ਚੂੰਢੀ ਵੱਢਣਾ ਹੁੰਦਾ ਹੈ - ਕੋਈ ਵੀ ਪਸੰਦ ਨਹੀਂ ਕਰਦਾ। ਤੁਸੀਂ ਇਸ ਨੂੰ ਇੱਕ ਸੰਕਲਪ ਦੇ ਤੌਰ ਉੱਤੇ ਜਿਵੇਂ ਇੱਕ ਸੱਪ ਪਾਲੀ ਦਾ ਹੈ - ਪਾਲਿਆ ਹੈ। ਇਸ ਦੀ ਪ੍ਰੋੜਤਾ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਬਹੁਤ ਘੱਟ ਲੇਖਕ ਹਨ - ਜਿਹੜੇ ਸਾਰੀ ਉਮਰ ਵਿਅੰਗ ਹੀ ਲਿਖਦੇ ਰਹੇ ਹਨ। ਪੰਜਾਬੀ ਵਿੱਚ ਤਾਂ ਮੈਨੂੰ ਕੋਈ ਲੱਭਦਾ ਹੀ ਨਹੀਂ ਹੈ?

: ਦੇਖੋ ਇਹ ਤਾਂ ਸਾਹਿਤ ਦਾ ਇੱਕ ਰੂਪ ਹੈ ਮੋਮੀ ਸਾਹਿਬ। ਤੁਸੀਂ ਵੀ ਇੱਕ ਸਾਹਿਤਕਾਰ ਹੋ - ਕਰੀਏਟਿਵ ਰਾਈਟਰ ਹੋ ... ਇਹ ਤਾਂ ਸਾਹਿਤ ਦਾ ਇੱਕ ਰੂਪ ਹੈ ... ਹੌਲੀ, ਹੌਲੀ ਸਾਹਿਤ ਦੇ ਇੱਕ ਰੂਪ ਨਾਲ ਤੁਸੀਂ ਜੁੜ ਜਾਂਦੇ ਹੋ। ਜਿਸ ਵਿੱਚ ਤੁਸੀਂ ਕਮਫਰਟੇਬਲ ਫੀਲ ਕਰਦੇ ਹੋ ... ਕਿਉਂਕਿ ਜਿਵੇਂ ਮੈਂ ਗੱਲਬਾਤ ਦੇ ਦੌਰਾਨ ਵੀ ਕਹਿ ਕੇ ਹਟਿਆ ਹਾਂ ਕਿ ਮੈਂ ਉਹੋ ਜਿਹੇ ਲੇਖਕ ਜ਼ਿਆਦਾ ਪੜ੍ਹੇ ਜਿਹੜੇ ਕਿ ਸਿਰਫ ਯਥਾਰਵਾਦੀ ਲੇਖਕ ਨਹੀਂ ਸਨ – ਜਿਹੜੇ ਯਥਾਰਵਾਦੀ ਆਲੋਚਨਾਤਮਿਕ ਲੇਖਕ ਸਨ। ਉਨ੍ਹਾਂ ਲੇਖਕਾਂ ਦਾ ਮੇਰੇ ਉੱਤੇ ਜ਼ਿਆਦਾ ਪ੍ਰਭਾਵ ਪਿਆ ਅਤੇ ਹੌਲੀ ਹੌਲੀ ਮੇਰਾ ਲਿਖਣ ਦਾ ਸਟਾਈਲ ਵੀ ਉਨ੍ਹਾਂ ਲੇਖਕਾਂ ਦੇ ਲਿਖਣ ਦੇ ਸਟਾਈਲ ਵਰਗਾ ਹੀ ਬਣ ਗਿਆ।

? ਸੁਖਿੰਦਰ ਜੀ, ਅਸੀਂ ਜਿਸ ਯੁਗ ਵਿੱਚ ਰਹਿ ਰਹੇ ਹਾਂ, ਭਾਵੇਂ ਕਿ ਇਹ ਨਵਾਂ ਯੁਗ ਹੈ, ਆਧੁਨਿਕ ਯੁਗ ਹੈ, ਮਾਡਰਨ ਹੈ, ਲਿਟਰੇਚਰ ਨੇ ਬੜੀ ਤਰੱਕੀ ਕੀਤੀ ਹੈ, ਪਰ ਫਿਰ ਵੀ ਜਿਹੜੇ ਪੁਰਾਣੇ ਲੇਖਕ ਹੋਏ ਹਨ ਜਿਨ੍ਹਾਂ ਵਿੱਚ ਤਿੰਨ ਯੂਨਾਨੀ ਲੇਖਕਾਂ ਦਾ ਨਾਮ ਵੀ ਬਹੁਤ ਆਉਂਦਾ ਹੈ; ਉਨ੍ਹਾਂ ਦਾ ਪ੍ਰਭਾਵ ਹੈ ਹਿੰਦੁਸਤਾਨ ਦੇ ਲੇਖਕਾਂ ਉੱਤੇ। ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿੱਚ ਉਨ੍ਹਾਂ ਦੀਆਂ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਲਿਖੀਆਂ ਅਨੇਕਾਂ ਪੁਸਤਕਾਂ ਨੂੰ ਆਲੋਚਨਾ ਦਾ ਆਧਾਰ ਵੀ ਮੰਨਿਆਂ ਜਾਂਦਾ ਹੈ। ਜਿਵੇਂ ਪਲੈਟੋ ਦੀ ਪੁਸਤਕ ਹੈ ‘ਦ ਰਿਪਬਲਿਕ’। ਉਸਨੇ ਜਿਹੜੀ ਕਿਤਾਬ ਢਾਈ ਹਜ਼ਾਰ ਸਾਲ ਪਹਿਲੇ ਲਿਖੀ - ਉਸ ਪੁਸਤਕ ਵਿੱਚ ਉਸਨੇ ਹਰ ਬੰਦੇ ਦਾ ਸਥਾਨ ਨਿਸ਼ਚਿਤ ਕੀਤਾ ਹੈ - ਜਿਵੇਂ ਕਿਸਾਨ, ਮਜ਼ਦੂਰ, ਤਖਾਣ ਆਦਿ ਦਾ - ਪਰ ਉਸ ਨੇ ਉਸ ਪੁਸਤਕ ਵਿੱਚ - ਸ਼ਾਇਰਾਂ ਦਾ, ਅਦੀਬਾਂ ਦਾ, ਲੇਖਕਾਂ ਦਾ, ਸਮਾਜ ਵਿੱਚ ਕੋਈ ਸਥਾਨ ਨਿਸ਼ਚਿਤ ਨਹੀਂ ਕੀਤਾ। ਉਹ ਕਹਿੰਦਾ ਹੈ ਕਿ ਇਨ੍ਹਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ। ਉਸ ਨੇ ਕਿਹਾ ਕਿ ਇਹ ਲੋਕ ਸਮਾਜ ਨੂੰ ਭਰਿਸ਼ਟ ਕਰਦੇ ਹਨ। ਇਹ ਗੱਲ ਮੈਨੂੰ ਸਦਾ ਹੀ ਬਹੁਤ ਚੁੱਭਦੀ ਰਹੀ ਹੈ। ਤੁਸੀਂ ਇੱਕ ਡੂੰਘੇ ਵਿੱਦਵਾਨ ਲੇਖਕ ਤੇ ਚਿੰਤਕ ਹੋ। ਤੁਸੀਂ ਪਲੈਟੋ ਦੇ ਅਜਿਹੇ ਵਿਚਾਰਾਂ ਬਾਰੇ ਕਿਵੇਂ ਸੋਚਦੇ ਹੋ?

: ਮੋਮੀ ਸਾਹਿਬ, ਤੁਸੀਂ ਬਹੁਤ ਹੀ ਮਹੱਤਵ-ਪੂਰਨ ਸਵਾਲ ਪੁੱਛਿਆ ਹੈ। ਹਰੇਕ ਲੇਖਕ ਲਈ ਇਹ ਬਹੁਤ ਹੀ ਮਹੱਤਵ-ਪੂਰਨ ਸਵਾਲ ਹੈ। ਲੇਖਕਾਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਹ ਕਿਉਂ ਲਿਖਦੇ ਹਨ? ... ਇਹ ਬਿਲਕੁਲ ਹੀ ਉਸ ਨਾਲ ਜੁੜਦਾ ਸਵਾਲ ਹੈ ... ਬਈ ਜਿਹੜਾ ਚੇਤੰਨ ਲੇਖਕ ਹੈ ਉਹ ਚੇਤੰਨ ਹੋ ਕੇ ਹੀ ਲਿਖਦਾ ਹੈ। ਜਿਹੜਾ ਲੇਖਕ ਚੇਤੰਨ ਨਹੀਂ, ਮੈਂ ਉਸਨੂੰ ਲੇਖਕ ਹੀ ਨਹੀਂ ਸਮਝਦਾ। ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਕੁਝ ਸਵਾਲਾਂ ਦੇ ਉੱਤਰ ਵਿੱਚ ਕਿਹਾ ਸੀ ਕਿ ਜਿਹੜਾ ਲੇਖਕ ਆਪਣੀ ਲੇਖਣੀ ਬਾਰੇ ਚੇਤੰਨ ਨਹੀਂ - ਉਸਨੂੰ ਮੈਂ ਲੇਖਕ ਹੀ ਨਹੀਂ ਮੰਨਦਾ। ਜਿਸ ਲੇਖਕ ਨੂੰ ਇਹੀ ਨਹੀਂ ਪਤਾ ਕਿ ਉਸਨੇ ਆਪਣੀ ਲਿਖ ਵਿੱਚ ਕੀ ਲਿਖਣਾ ਹੈ ਤਾਂ ਉਸਦੀ ਲਿਖਤ ਵੀ ਕੋਈ ਅਰਥ ਨਹੀਂ ਰੱਖਦੀ ... ਜਿੱਥੋਂ ਤੱਕ ਤੁਹਾਡੇ ਵੱਲੋਂ ਦੱਸੇ ਗਏ ਯੂਨਾਨੀ ਫਿਲਾਸਫਰ ਦੇ ਵਿਚਾਰਾਂ ਦਾ ਸਬੰਧ ਹੈ - ਮੈਂ ਉਨ੍ਹਾਂ ਵਿਚਾਰਾਂ ਨਾਲ ਬਿਲਕੁਲ ਹੀ ਸਹਿਮਤ ਨਹੀਂ। ਸਹਿਮਤ ਇਸ ਕਰ ਕੇ ਨਹੀਂ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਹਿਣੀ ਚਾਹਾਂਗਾ ਕਿ ਜਿਸ ਯੂਨਾਨੀ ਫਿਲਾਸਫਰ ਨੇ ਇਹ ਗੱਲਾਂ ਕਹੀਆਂ ਸਭ ਤੋਂ ਪਹਿਲਾਂ ਤਾਂ ਉਹ ਆਪ ਹੀ ਬਹੁਤ ਵੱਡਾ ਫਿਲਾਸਫਰ ਹੈ। ਉਸ ਦੀਆਂ ਲਿਖਤਾਂ ਅਸੀਂ ਅੱਜ ਹਜ਼ਾਰਾਂ ਸਾਲ ਬਾਅਦ ਵੀ ਪੜ੍ਹਦੇ ਹਾਂ। ਇਸ ਦਾ ਮਤਲਬ ਹੈ ਕਿ ਉਸ ਦੀ ਕਹੀ ਹੋਈ ਆਪਣੀ ਹੀ ਗੱਲ ਵਿੱਚ ਕਾਂਟਰਾਡਿਕਸ਼ਨ ਆ ਜਾਂਦੀ ਹੈ। ਕਿਉਂਕਿ ਉਹ ਕਹਿੰਦਾ ਹੈ ਕਿ ਜਿਹੜੇ ਲੇਖਕ ਹਨ, ਬੁੱਧੀਜੀਵੀ ਹਨ, ਸ਼ਾਇਰ ਹਨ - ਉਨ੍ਹਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ - ਪਰ ਉਸਦੇ ਉਲਟ ਯੂਨਾਨ ਦੇ ਜਿਹੜੇ ਮਹਾਨ ਫਿਲਾਸਫਰ ਹਨ, ਜਿਨ੍ਹਾਂ ਵਿੱਚ ਪਲੈਟੋ ਵੀ ਸ਼ਾਮਿਲ ਹੈ ਜਿਸ ਨੇ ‘ਦ ਰਿਪਬਲਿਕ’ ਲਿਖੀ ਹੈ - ਉਸਦਾ ਅਸੀਂ ਬੜਾ ਮਾਣ-ਸਤਿਕਾਰ ਕਰਦੇ ਹਾਂ - ਹਜ਼ਾਰਾਂ ਸਾਲ ਬਾਅਦ ਵੀ - ਜਦੋਂ ਕਿ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ। ਉਸਦੀਆਂ ਜਿਹੜੀਆਂ ਲਿਖਤਾਂ ਹਨ ਉਸਦੇ ਜਿਹੜੇ ਵਿਚਾਰ ਹਨ - ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ - ਉਨ੍ਹਾਂ ਵਿਚਾਰਾਂ ਨੇ ਹਜ਼ਾਰਾਂ ਸਾਲਾਂ ਤੱਕ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ ... ਉੱਥੋਂ ਹੀ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਜਿਹੜੀ ਉਹ ਇਹ ਗੱਲ ਕਹਿੰਦਾ ਹੈ ਕਿ ਚਿੰਤਕਾਂ, ਲੇਖਕਾਂ, ਸ਼ਾਇਰਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ - ਬਈ ਉਹ ਸਮਾਜ ਨੂੰ ਕੁਰੱਪਟ ਕਰਦੇ ਹਨ - ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਕਿਉਂਕਿ ਜਿਹੜੀ ਗੱਲ ਉਹ ਕਹਿੰਦਾ ਹੈ ਕਿ ਸ਼ਾਇਰ, ਲੇਖਕ, ਚਿੰਤਕ ਕੁਰੱਪਟ ਹੁੰਦੇ ਹਨ ਅਤੇ ਉਹ ਸਮਾਜ ਨੂੰ ਵੀ ਕੁਰੱਪਟ ਕਰ ਦਿੰਦੇ ਹਨ ਉਹ ਸਾਰੇ ਨਹੀਂ ਹੁੰਦੇ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਪਲੈਟੋ ਦੇ ਇਹ ਵਿਚਾਰ ਕੁਝ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਸ਼ਾਇਰਾਂ ਉੱਤੇ ਤਾਂ ਲਾਗੂ ਹੋ ਸਕਦੇ ਹਨ - ਪਰ ਸਾਰਿਆਂ ਉੱਤੇ ਨਹੀਂ ...

? ਪਰ ਉਸ ਨੇ ਤਾਂ ਇਹ ਗੱਲ ਯੂਨੀਵਰਸਲ ਬਨਾਉਣ ਦੀ ਕੋਸ਼ਿਸ਼ ਕੀਤੀ ਹੈ?

: ਇਹ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈ ਉਸ ਦੀਆਂ ਲਿਖਤਾਂ ਵਿੱਚ ... ਜੇਕਰ ਲੇਖਕਾਂ, ਚਿੰਤਕਾਂ ਦੀਆਂ ਲਿਖਤਾਂ ਸਮਾਜ ਨੂੰ ਕੁਰੱਪਟ ਕਰਦੀਆਂ ਹੁੰਦੀਆਂ ਤਾਂ ਉਹ ਯੂਨਾਨੀ ਫਿਲਾਸਫਰ ਸਮਾਜ ਵਿੱਚ ਏਡਾ ਵੱਡਾ ਫਿਲਸਾਫਰ ਕਿਉਂ ਸਵੀਕਾਰਿਆ ਜਾਂਦਾ ਹੈ। ਅੱਜ ਤੱਕ ਵੀ ਅਸੀਂ ਉਸਨੂੰ ਮਹਾਨ ਯੂਨਾਨੀ ਫਿਲਾਸਫਰ ਇਸ ਕਰਕੇ ਮੰਨਦੇ ਹਾਂ ਕਿ ਉਹ ਕੁਰੱਪਟ ਨਹੀਂ - ਕਿਉਂਕਿ ਉਸਨੇ ਸਮਾਜ ਨੂੰ ਕੁਰੱਪਟ ਨਹੀਂ ਕੀਤਾ ... ਇਸੇ ਤਰ੍ਹਾਂ, ਉਸ ਵਰਗੇ ਹੋਰ ਵੀ ਜਿਹੜੇ ਯੂਨਾਨ ਦੇ ਮਹਾਨ ਫਿਲਾਸਫਰ ਹੋਏ ਹਨ ਉਨ੍ਹਾਂ ਦੀ ਫਿਲਾਸਫੀ ਅੱਜ ਹਜ਼ਾਰਾਂ ਸਾਲ ਬਾਅਦ ਵੀ ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ ... ਅੱਜ ਵੀ ਸਮਾਜ ਨੂੰ ਸੇਧ ਦੇ ਰਹੀ ਹੈ। ਉਨ੍ਹਾਂ ਮਹਾਨ ਯੂਨਾਨੀ ਫ਼ਿਲਾਸਫਰਾਂ ਦੇ ਬਰਾਬਰ ਦੀਆਂ ਗੱਲਾਂ ਅੱਜ ਤੱਕ ਵੀ ਨਹੀਂ ਲਿਖੀਆਂ ਗਈਆਂ। ਇਸੇ ਕਰ ਕੇ ਹੀ ਅੱਜ ਤੱਕ ਵੀ ਉਨ੍ਹਾਂ ਦੀ ਗੱਲ ਸਵੀਕਾਰ ਹੈ ਸਾਡੇ ਸਮਾਜ ਵਿੱਚ। ਹਾਂ ਇਹ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਕੁਝ ਲੋਕ ਹੁੰਦੇ ਹਨ ਜਿਹੜੇ - ਉਹ ਭਰਿਸ਼ਟ ਹੁੰਦੇ ਹਨ - ਉਨ੍ਹਾਂ ਦੀ ਜਿਸ ਤਰ੍ਹਾਂ ਦੀ ਆਪਣੀ ਚੇਤਨਾ ਹੁੰਦੀ ਹੈ ਉਹੋ ਜਿਹਾ ਹੀ ਉਹ ਸਮਾਜ ਨੂੰ ਬਨਾਉਣ ਦੀ ਕੋਸ਼ਿਸ਼ ਕਰਦੇ ਹਨ ... ਜਿਹੜੀ ਗੱਲ ਧਿਆਨ ਦੇਣ ਵਾਲੀ ਹੈ ... ਤੁਸੀਂ ਇੱਥੇ ਕਿਰਦਾਰ ਸ਼ਬਦ ਦੀ ਵਰਤੋਂ ਕਰ ਸਕਦੇ ਹੋ ... ਕੁਝ ਲੇਖਕਾਂ, ਚਿੰਤਕਾਂ ਦਾ ਕਿਰਦਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਆਪਣੀਆਂ ਲਿਖਤਾਂ ਵਿੱਚ ਕੁਝ ਹੋਰ ਕਹਿੰਦੇ ਹਨ - ਪਰ ਉਨ੍ਹਾਂ ਦਾ ਆਪਣਾ ਕਿਰਦਾਰ ਭਰਿਸ਼ਟ ਹੋ ਚੁੱਕਿਆ ਹੁੰਦਾ ਹੈ। ਇਸ ਕਰਕੇ ਹੀ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈ ... ਵਧੀਆ ਗੱਲ ਇਹ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਆਪਣੀਆਂ ਲਿਖਤਾਂ ਵਿੱਚ ਕਹਿੰਦੇ ਹਾਂ ਜੇਕਰ ਉਹ ਸਾਡੇ ਕਿਰਦਾਰ ਵਿੱਚ ਵੀ ਉਹੋ ਹੋਣ ਤਾਂ ਫਿਰ ਉਸ ਦਾ ਪ੍ਰਭਾਵ ਬਹੁਤ ਡੂੰਘਾ ਪੈਂਦਾ ਹੈ। ਜਿਹੜਾ ਪੜ੍ਹਣ ਵਾਲਾ ਵੀ ਹੁੰਦਾ ਹੈ ਉਸਨੂੰ ਵੀ ਪਤਾ ਲੱਗਦਾ ਹੈ ਕਿ ਜਿਸ ਨੇ ਇਹ ਲਿਖਤਾਂ ਲਿਖੀਆਂ ਹਨ ਉਸ ਦਾ ਕਿਰਦਾਰ ਵੀ ਬਹੁਤ ਵਧੀਆ ਹੈ। ਉਹ ਜੋ ਕੁਝ ਆਪਣੀਆਂ ਲਿਖਤਾਂ ਵਿੱਚ ਕਹਿੰਦਾ ਹੈ - ਉਹੀ ਉਸਦੇ ਕਿਰਦਾਰ ਵਿੱਚ ਵੀ ਹੋਵੇ। ਵੱਡੀ ਕਾਂਟਰਾਡਿਕਸ਼ਨ ਓਹੋ ਹੁੰਦੀ ਹੈ, ਜਦੋਂ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਲੇਖਕ ਆਪਣੀਆਂ ਲਿਖਤਾਂ ਵਿੱਚ ਤਾਂ ਕਹਿ ਦਿੰਦੇ ਹਨ ਕਿ ਅਸੀਂ ਲੱਚਰਵਾਦ ਦੇ ਖ਼ਿਲਾਫ਼ ਹਾਂ, ਪੋਰਨੋਗਰਾਫੀ ਦੇ ਖ਼ਿਲਾਫ਼ ਹਾਂ, ਪਰਾਸਟੀਚੀਊਸ਼ਨ ਦੇ ਖਿਲਾਫ਼ ਹਾਂ - ਪਰ ਉਹ ਆਪ ਸਮਾਜ ਵਿੱਚ ਔਰਤਾਂ ਅਤੇ ਬੱਚਿਆਂ ਦੇ ਬਲਾਤਕਾਰ ਕਰਦੇ ਹੋਏ ਫੜੇ ਜਾਂਦੇ ਹਨ ... ਪਰਾਸਟੀਚਿਊਸ਼ਨ ਦਾ ਧੰਦਾ ਕਰਦੇ ਫੜੇ ਜਾਂਦੇ ਹਨ ਜਾਂ ਪੋਰਨੋਗਰਾਫੀ ਦੀਆਂ ਆਡੀਓ/ਵੀਡੀਓ ਬਣਾਂਦੇ ਫੜੇ ਜਾਂਦੇ ਹਨ ... ਉੱਥੇ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਕੁਝ ਲੇਖਕਾਂ ਨੂੰ ਤੁਸੀਂ ਪੜ੍ਹੋਗੇ, ਸਾਹਿਤ ਸਭਾਵਾਂ ਵਿੱਚ ਭਾਸ਼ਨ ਦੇਣਗੇ ਔਰਤਾਂ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ, ਬੱਚਿਆਂ ਉੱਤੇ ਹਿੰਸਾ ਨਹੀਂ ਹੋਣੀ ਚਾਹੀਦੀ - ਪਰ ਉਹ ਆਪ ਆਪਣੀ ਜ਼ਿੰਦਗੀ ਵਿੱਚ ਔਰਤਾਂ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਦੇ ਹਨ ... ਉਹ ਕਾਂਟਰਾਡਿਕਸ਼ਨ ਹੁੰਦੀਆਂ ਹਨ ... ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦਾ ਹੋਰ ਜਿਹੜਾ ਭਰਿਸ਼ਟਾਚਾਰ ਅਸੀਂ ਦੇਖਦੇ ਹਾਂ ਸਭਾ ਸੁਸਾਇਟੀਆਂ ਵਿੱਚ - ਜਿਹੜੇ ਭਰਿਸ਼ਟਾਚਾਰ ਕਰਦੇ ਹਨ - ਜਿਵੇਂ ਕੋਈ ਗੁਰਦੁਆਰੇ, ਮੰਦਿਰ, ਗਿਰਜੇ ਜਾਂ ਮਸਜਿਦ ਵਿੱਚ ਭਰਿਸ਼ਟਾਚਾਰ ਕਰਦਾ ਹੈ - ਧਰਮ ਦੇ ਨਾਮ ਉੱਤੇ ਜਿਹੜੇ ਕੱਟੜਵਾਦੀ ਸ਼ਕਤੀਆਂ ਨਾਲ ਮਿਲ ਕੇ ਜਿਹੜੀ ਕਤਲੋ-ਗਾਰਤ ਕਰਦੇ ਨੇ, ਜਿਹੜੀ ਉਹ ਧਰਮ ਦੇ ਨਾਮ ਉੱਤੇ ਨਫ਼ਰਤ ਫੈਲਾਉਂਦੇ ਹਨ - ਉਸ ਤਰ੍ਹਾਂ ਉਹ ਜਦੋਂ ਸਭਾ ਸੁਸਾਇਟੀਆਂ ਵਿੱਚ ਆਉਣਗੇ ਤਾਂ ਉਨ੍ਹਾਂ ਦੇ ਬੜੇ ਦਰਸ਼ਨੀ ਚਿਹਰੇ ਹੁੰਦੇ ਹਨ - ਜਾਂ ਜਦੋਂ ਉਹ ਭਾਸ਼ਨ ਦਿੰਦੇ ਹਨ ਤਾਂ ਤੁਸੀਂ ਸਮਝਦੇ ਹੋ ਕਿ ਉਹ ਪਤਾ ਨਹੀਂ ਕਿੰਨੇ ਵਧੀਆ ਲੇਖਕ ਹਨ - ਪਰ ਉਨ੍ਹਾਂ ਦਾ ਕਿਰਦਾਰ ਜਿਹੜਾ ਹੁੰਦਾ ਹੈ ਬੜਾ ਭਰਿਸ਼ਟ ਹੋ ਚੁੱਕਿਆ ਹੁੰਦਾ ਹੈ - ਜਿਹੜੇ ਅਜਿਹੇ ਲੇਖਕ ਹਨ ਉਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਉੱਤੇ ਪਲੈਟੋ ਦੀਆਂ ਗੱਲਾਂ ਲਾਗੂ ਹੁੰਦੀਆਂ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ... ਜੋ ਗੱਲਾਂ ਪਲੈਟੋ ਕਹਿ ਰਿਹਾ ਉਹ ਹਰ ਲੇਖਕ, ਚਿੰਤਕ, ਬੁੱਧੀਜੀਵੀ ਜਾਂ ਸ਼ਾਇਰ ਉੱਤੇ ਲਾਗੂ ਨਹੀਂ ਹੁੰਦੀਆਂ ... ਕੁਝ ਲੋਕਾਂ ਉੱਤੇ ਜ਼ਰੂਰ ਲਾਗੂ ਹੋ ਸਕਦੀਆਂ ਹਨ ... ਬਈ ਅਸੀਂ ਕਈ ਵੇਰੀ ਯੂਨੀਵਰਸਿਟੀਆਂ ਵਿੱਚ ਵੀ ਦੇਖਦੇ ਹਾਂ ... ਕਿ ਇਹ ਗੱਲ ਮੈਂ ਬਿਨਾਂ ਕਿਸੀ ਝਿਜਕ ਦੇ ਕਹਿ ਸਕਦਾ ਹਾਂ ... ਕਿ ਯੂਨੀਵਰਸਿਟੀਆਂ ਵਿੱਚ ਇਸ ਗੱਲ ਦਾ ਬਹੁਤ ਰੁਝਾਨ ਪੈਦਾ ਹੋ ਚੁੱਕਾ ਹੈ ਕਿ ਜਿਹੜੇ ਗਾਈਡ ਹੁੰਦੇ ਹਨ ਪੀ.ਐਚਡੀ. ਕਰਵਾਉਣ ਵਾਲੇ, ਜਦੋਂ ਉਨ੍ਹਾਂ ਕੋਲ ਸਟੂਡੈਂਟ ਆਉਂਦੇ ਹਨ - ਉਨ੍ਹਾਂ ਨੂੰ ਉਦੋਂ ਤਾਂ ਜ਼ਿੰਦਗੀ ਦੇ ਬੜੇ ਉੱਚੇ ਮਿਆਰਾਂ ਦੀਆਂ ਗੱਲਾਂ ਦੱਸਦੇ ਹਨ - ਪਰ ਬਾਅਦ ਵਿੱਚ ਉਨ੍ਹਾਂ ਦੇ ਰੇਪ ਤੱਕ ਕਰ ਦਿੰਦੇ ਹਨ - ਉਨ੍ਹਾਂ ਨੂੰ ਉਨੀ ਦੇਰ ਤੱਕ ਪੀ.ਐਚਡੀ., ਐਮ.ਫਿਲ ਦੀ ਡਿਗਰੀ ਪ੍ਰਾਪਤ ਨਹੀਂ ਕਰਨ ਦਿੰਦੇ ਜਦੋਂ ਤੱਕ ਕਿ ਅਜਿਹੀਆਂ ਡਿਗਰੀਆਂ ਦੀਆਂ ਉਮੀਦਵਾਰ ਔਰਤਾਂ ਉਨ੍ਹਾਂ ਗਾਈਡਾਂ ਨਾਲ ਸੈਕਸ ਨਹੀਂ ਕਰਦੀਆਂ ... ਇਹ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ ... ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ, ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ... ਇਹ ਗੱਲਾਂ ਆਮ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ - ਵਿਸ਼ੇਸ਼ ਕਰਕੇ ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗਾਂ ਬਾਰੇ ਅਜਿਹਾ ਚਰਚਾ ਲੋਕਾਂ ਵਿੱਚ ਆਮ ਚਲਦਾ ਰਹਿੰਦਾ ਹੈ। ਇੰਡੀਆ ਕਦੀ ਸੈਰ ਕਰਨ ਜਾਓ ਅਤੇ ਕਿਸੀ ਕੰਮ ਲਈ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਜਾਣਾ ਪੈ ਜਾਵੇ ਤਾਂ ਅਜਿਹਾ ਚਰਚਾ ਆਮ ਸੁਨਣ ਨੂੰ ਮਿਲਦਾ ਹੈ ਕਿ ਫਲਾਣੇ ਗਾਈਡ ਨੇ ਫਲਾਣੀ ਔਰਤ ਨੂੰ ਪੀ.ਐਚਡੀ. ਦੀ ਡਿਗਰੀ ਤਾਂ ਲੈਣ ਦਿੱਤੀ ਜਦੋਂ ਉਹ ਆਪਣੇ ਗਾਈਡ ਨਾਲ ਹਮਬਿਸਤਰ ਹੋਈ। ਅਜਿਹਾ ਹਾਲ ਹੀ ਇੰਡੀਆ ਦੀ ਫਿਲਮ ਇੰਡਸਟਰੀ ਦਾ ਹੈ ... ਕੋਈ ਵੀ ਔਰਤ ਬਾਲੀਵੁੱਡ ਵਿੱਚ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਕਿ ਉਹ ਪਰੋਡੀਊਸਰਾਂ, ਡਾਇਰੈਕਟਰਾਂ, ਸੰਗੀਤਕਾਰਾਂ ਨਾਲ ਹਮਬਿਸਤਰ ਨਹੀਂ ਹੁੰਦੀ ... ਕਈ ਔਰਤਾਂ ਨੂੰ ਤਾਂ ਏਨੇ ਪਰੋਡੀਊਸਰਾਂ, ਡਾਇਰੈਕਟਰਾਂ ਨਾਲ ਹਮਬਿਸਤਰ ਹੋਣਾ ਪੈਂਦਾ ਹੈ ਕਿ ਉਹ ਕਾਲ ਗਰਲ ਬਣ ਕੇ ਹੀ ਰਹਿ ਜਾਂਦੀਆਂ ਹਨ ... ਇਸ ਤਰ੍ਹਾਂ ਦੇ ਲੋਕ ਜ਼ਰੂਰ ਸਮਾਜ ਵਿੱਚ ਭਰਿਸ਼ਟਾਚਾਰ ਪੈਦਾ ਕਰਦੇ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਜ਼ਰੂਰ ਸਮਾਜ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਉੱਤੇ ਮੈਂ ਸਮਝਦਾ ਹਾਂ ਕਿ ਪਲੈਟੋ ਦੇ ਵਿਚਾਰ ਜ਼ਰੂਰ ਲਾਗੂ ਹੁੰਦੇ ਹਨ ...

? ਤੁਸੀਂ ਇਸ ਗੱਲ ਨੂੰ ਤਾਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਕੁਝ ਲੇਖਕ ਹਨ ਜਿਨ੍ਹਾਂ ਉੱਤੇ ਇਹ ਵਿਚਾਰ ਲਾਗੂ ਹੋ ਸਕਦੇ ਹਨ - ਪਰ ਪਲੈਟੋ ਨੇ ਇਸ ਗੱਲ ਨੂੰ ਯੂਨੀਵਰਸਲ ਕੀਤਾ ਹੈ? ਤੁਹਾਡੇ ਜਵਾਬ ’ਚੋਂ ਹੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਇਹ ਸਾਰੀ ਕਾਂਟਰਾਡਿਕਸ਼ਨ ਹੈ, ਉਹ ਇਹ ਹੈ ਕਿ ਜਿਹੜਾ ਇੱਕ ਲੇਖਕ ਹੈ ਜਾਂ ਇੱਕ ਪੱਤਰਕਾਰ ਹੈ ਜਾਂ ਸੰਪਾਦਕ ਹੈ ਜਾਂ ਕੋਮਲ ਕਲਾ ਵਾਲਾ ਕੋਈ ਸੰਗੀਤਕਾਰ ਹੈ ਜਾਂ ਚਿਤਰਕਾਰ ਹੈ - ਜਿਸ ਬਾਰੇ ਅਸੀਂ ਕਹਿੰਦੇ ਹਾਂ ਕਿ ਜਿਸ ਅੰਦਰ ਆਮ ਵਿਅਕਤੀ ਨਾਲੋਂ ਕੋਮਲ ਅੰਸ਼ ਜ਼ਿਆਦਾ ਹਨ - ਮੈਂ ਆਪ ਜ਼ਿੰਦਗੀ ਵਿੱਚ ਦੇਖਿਆ ਹੈ - ਕਿ ਇਹ ਲੋਕ ਆਮ ਲੋਕਾਂ ਨਾਲੋਂ ਵੀ ਵੱਧ ਭਰਿਸ਼ਟ ਹਨ। ਉਹ ਕੋਮਲ ਦਿਲ ਹੋਣ ਨਾਲੋਂ ਆਮ ਮਨੁੱਖ ਨਾਲੋਂ ਸਖਤ ਦਿਲ ਜ਼ਿਆਦਾ ਹਨ ... ਇਸ ਦੇ ਨਾਲ ਹੀ ਸਵਾਲ ਜੁੜਦਾ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਉਸਦਾ ਕਿਰਦਾਰ ਵੀ ਭਰਿਸ਼ਟ ਨਹੀਂ ਹੋਣਾ ਚਾਹੀਦਾ? ਇਸ ਤਰ੍ਹਾਂ ਤਾਂ ਅਸੀਂ ਦੇਖਦੇ ਹਾਂ ਕਿ ਵੱਡੇ, ਵੱਡੇ ਲੇਖਕ ਜਿਵੇਂ ਦੋਸਤੋਵਸਕੀ ਜੇਲ੍ਹ ਵਿੱਚ ਰਿਹਾ, ਓਸਕਰ ਵਾਈਲਡ ਜੇਲ੍ਹ ਵਿੱਚ ਰਿਹਾ, ਮੋਪਾਸਾਂ ਜੇਲ੍ਹ ਵਿੱਚ ਰਿਹਾ ਤੇ ਕਈ ਹੋਰ ਵੀ?

: ਦੇਖੋ ਮੋਮੀ ਜੀ, ਮੈਂ ਇਹ ਗੱਲ ਪਹਿਲਾਂ ਹੀ ਕਹਿ ਕੇ ਹਟਿਆ ਹਾਂ ਕਿ ਜੇਕਰ ਜਿਹੜੇ ਉੱਚੇ ਮਿਆਰਾਂ ਵਾਲੇ ਵਿਚਾਰ ਲੇਖਕ ਆਪਣੀਆਂ ਲਿਖਤਾਂ ਵਿੱਚ ਦਿੰਦਾ ਹੈ ਉਸੇ ਤਰ੍ਹਾਂ ਹੀ ਉਸਦਾ ਕਿਰਦਾਰ ਵੀ ਉੱਚਾ ਹੋਵੇ - ਤਾਂ ਬਹੁਤ ਵਧੀਆ ਗੱਲ ਹੈ। ਜੇਕਰ ਉਹ ਲਿਖਤਾਂ ਵਿੱਚ ਵਧੀਆ ਲਿਖਦਾ ਹੈ - ਪਰ ਕਿਸੇ ਕਾਰਨ ਉਹ ਜਿਸ ਤਰ੍ਹਾਂ ਦੇ ਵਿਚਾਰ ਲਿਖਤਾਂ ਵਿੱਚ ਪੇਸ਼ ਕਰਦਾ ਹੈ ਓਨਾ ਉੱਚਾ ਉਹ ਜ਼ਿੰਦਗੀ ਵਿੱਚ ਨਹੀਂ ਉੱਠ ਸਕਦਾ। ਉਹ ਆਪਣੇ ਵਿਚਾਰਾਂ ਦੇ ਵਿਰੁੱਧ ਵੀ ਨਹੀਂ; ਪਰ ਉੰਨਾ ਉੱਚਾ ਨਹੀਂ ਉੱਠ ਸਕਦਾ-ਤਾਂ ਮੈਂ ਸਮਝਦਾ ਹਾਂ ਕਿ ਉਹ ਏਨੀ ਮਾੜੀ ਗੱਲ ਵੀ ਨਹੀਂ ... ਸਾਨੂੰ ਸਥਿਤੀ ਉਦੋਂ ਸੰਤੋਖਜਨਕ ਨਹੀਂ ਲੱਗਦੀ ਜਦੋਂ ਕਿ ਲੇਖਕ ਦਾ ਕਿਰਦਾਰ ਆਪਣੀਆਂ ਲਿਖਤਾਂ ਵਿੱਚ ਪ੍ਰਗਟਾਏ ਗਏ ਵਿਚਾਰਾਂ ਦੇ ਬਿਲਕੁਲ ਹੀ ਵਿਰੋਧ ਵਿੱਚ ਚਲਾ ਜਾਵੇ - ਉਦੋਂ ਸੰਕਟ ਪੈਦਾ ਹੁੰਦਾ ਹੈ - ਦੂਜੀ ਗੱਲ ਤੁਸੀਂ ਕਹੀ ਹੈ ਕਿ ਬਹੁਤ ਸਾਰੇ ਵੱਡੇ ਵੱਡੇ ਲੇਖਕ ਵੀ ਜੇਲ੍ਹਾਂ ਵਿੱਚ ਵੀ ਗਏ। ਉੱਥੋਂ ਸਵਾਲ ਪੈਦਾ ਹੁੰਦਾ ਹੈ ਕਿ ਉਹ ਜੇਲ੍ਹਾਂ ਵਿੱਚ ਕਿਉਂ ਗਏ? ਸਾਨੂੰ ਉਹ ਕਾਰਨ ਵੀ ਦੇਖਣੇ ਪੈਣਗੇ। ਕਈ ਲੇਖਕ ਤੁਹਾਨੂੰ ਅਜਿਹੇ ਵੀ ਮਿਲਣਗੇ ਜੋ ਕ੍ਰਾਂਤੀਕਾਰੀ ਸਨ। ਜਿਵੇਂ ਸਾਡੇ ਨਾਮਵਰ ਕ੍ਰਾਂਤੀਕਾਰੀ ਪੰਜਾਬੀ ਸ਼ਾਇਰ ਪਾਸ਼, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਵੀ ਪੰਜਾਬ ਵਿੱਚ ਉੱਠੀ ਨਕਸਲਵਾੜੀ ਕ੍ਰਾਂਤੀਕਾਰੀ ਲਹਿਰ ਦੇ ਸਮੱਰਥਕ ਹੋਣ ਕਰਕੇ ਸਮੇਂ ਦੀ ਹਕੂਮਤ ਵੱਲੋਂ ਜੇਲ੍ਹ ਵਿੱਚ ਡੱਕ ਦਿੱਤੇ ਗਏ ਅਤੇ ਪੁਲਿਸ ਵੱਲੋਂ ਉਨ੍ਹਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ...

? ਮੇਰਾ ਇੱਥੇ ਭਾਵ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰਣੀ ਹੋਣ ਕਰਕੇ ਜੇਲ੍ਹ ਜਾਣ ਵਾਲਿਆਂ ਤੋਂ ਨਹੀਂ। ਮੈਂ ਕਿਰਦਾਰ ਦੇ ਪੱਖੋਂ ਜੇਲ੍ਹ ਵਿੱਚ ਜਾਣ ਵਾਲੇ ਲੇਖਕਾਂ ਦੀ ਗੱਲ ਕਰ ਰਿਹਾ ਹਾਂ। ਜਿਵੇਂ ਕੋਈ ਲੇਖਕ ਸ਼ਰਾਬ ਕੱਢ ਕੇ ਵੇਚਣ, ਚੋਰੀ, ਧੋਖਾਦੇਹੀ ਜਾਂ ਬਲਾਤਕਾਰ ਕਰਕੇ ਜੇਲ੍ਹ ਗਿਆ ਹੋਵੇ। ਇਸ ਵਿਸ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਹਾਂ, ਮੈਂ ਇਸ ਗੱਲ ਵੱਲ ਹੀ ਆ ਰਿਹਾ ਹਾਂ ਕਿ ਜਦੋਂ ਕੋਈ ਲੇਖਕ ਜਾਂ ਕਲਾਕਾਰ ਜੇਲ੍ਹ ਵਿੱਚ ਗਿਆ ਤਾਂ ਉਹ ਕਿਉਂ ਗਿਆ? ਕ੍ਰਾਂਤੀਕਾਰੀ ਲੇਖਕਾਂ ਵਾਂਗ ਹੀ ਜਿਵੇਂ ਕੋਈ ਲੇਖਕ ਜੇਕਰ ਸਮਾਜਿਕ ਬੁਰਾਈ ਦੇ ਵਿਰੁੱਧ ਲੜ ਰਿਹਾ ਸੀ ...ਕਈ ਵਾਰੀ ਲੇਖਕ ਸਰਕਾਰਾਂ ਦੇ ਖਿਲਾਫ਼ ਲਿਖਦੇ ਹਨ ਅਤੇ ਸਰਕਾਰਾਂ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀਆਂ ਹਨ – ਕੋਈ ਨਾ ਕੋਈ ਬਹਾਨਾ ਬਣਾ ਕੇ ਸਰਕਾਰਾਂ ਉਨ੍ਹਾਂ ਨੂੰ ਤੰਗ ਕਰਦੀਆਂ ਹਨ ... ਸਰਕਾਰ ਉਨ੍ਹਾਂ ਨੂੰ ਹਰ ਪੱਧਰ ਉੱਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਗਲਤ ਕਿਸਮ ਦੇ ਬੰਦੇ ਹਨ ਕਿ ਲੋਕ ਇਨ੍ਹਾਂ ਦੇ ਨਾਲ ਨਾ ਤੁਰਨ, ਸਰਕਾਰੀ ਸ਼ਹਿ ਉੱਤੇ ਕੰਮ ਕਰ ਰਹੇ ਲੇਖਕਾਂ/ਸਾਹਿਤਕ ਜੱਥੇਬੰਦੀਆਂ ਵੱਲੋਂ ਅਜਿਹੇ ਵਿਦਰੋਹੀ ਲੇਖਕਾਂ/ਕਲਾਕਾਰਾਂ/ਬੁੱਧੀਜੀਵੀਆਂ ਦੇ ਕਿਰਦਾਰ ਉੱਤੇ ਹਮਲੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਤਾਂ ਕਿ ਅਜਿਹੇ ਵਿਦਰੋਹੀ/ਕ੍ਰਾਂਤੀਕਾਰੀ ਲੇਖਕ ਸਮਾਜ ਵਿੱਚ ਸਵੀਕਾਰੇ ਨਾ ਜਾਣ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਰਨਾਂ ਨੂੰ ਵੀ ਚੰਗੀ ਤਰ੍ਹਾਂ ਘੋਖੀਏ। ਬਈ ਕਿਧਰੇ ਅਜਿਹੀ ਕੋਈ ਸਥਿਤੀ ਤਾਂ ਨਹੀਂ? ਕਈ ਵੇਰੀ ਕੀ ਹੁੰਦਾ ਹੈ ਕਿ ਕੁਝ ਮਜਬੂਰੀਆਂ ਦੇ ਵੱਸ ਵੀ ਸਮਾਜ ਵਿੱਚ ਅਜਿਹੇ ਹਾਲਤ ਪੈਦਾ ਹੋ ਜਾਂਦੇ ਹਨ ਕਿ ਲੇਖਕ ਦਾ ਵੀ ਕਈ ਵਾਰੀ ਉਸ ਉੱਤੇ ਕੋਈ ਕਾਬੂ ਨਹੀਂ ਰਹਿ ਜਾਂਦਾ। ਉਨ੍ਹਾਂ ਹਾਲਤਾਂ ਵਿੱਚ ਜੇਕਰ ਲੇਖਕ ਕੋਲੋਂ ਕੋਈ ਗਲਤੀ ਹੋ ਗਈ ਉਸਨੂੰ ਉਸ ਦੀ ਸਜ਼ਾ ਵੀ ਹੋ ਗਈ, ਤਾਂ ਆਪਾਂ ਜਦੋਂ ਵੱਡੀ ਕੈਨਵਸ ਉੱਤੇ ਜਦੋਂ ਕੋਈ ਚੀਜ਼ ਦੇਖਦੇ ਹਾਂ ਤਾਂ ਉਸ ਪੱਧਰ ਉੱਤੇ ਦੇਖਣਾ ਚਾਹੀਦਾ ਹੈ ਕਿ ਕੋਈ ਸਜ਼ਾ ਹੋਈ ਜਾਂ ਉਸਨੂੰ ਆਪਣੀਆਂ ਲਿਖਤਾਂ ਦੇ ਵਿਰੁੱਧ ਕੰਮ ਕਰਨਾ ਪਿਆ ਤਾਂ ਕਿਉਂ ਕਰਨਾ ਪਿਆ ... ਇਹ ਗੱਲਾਂ ਦੇਖਣੀਆਂ ਬਹੁਤ ਜ਼ਰੂਰੀ ਹਨ ...

? ਫਿਰ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੀ ਕੋਈ ਚੰਗੀ ਚੀਜ਼ ਲਿਖ ਰਿਹਾ ਹੈ ਉਸਦੇ ਵਿੱਚ ਹੀ ਕੋਈ ਐਸੀ ਚੀਜ਼ ਪੈਦਾ ਹੋ ਜਾਏ ਕਿ ਉਸਦੇ ਮਨ ਦੀ ਬਣਤਰ ਉਸ ਵੇਲੇ ਦੂਜੇ ਪਾਸੇ ਚਲੀ ਜਾਵੇ ... ਉਸ ਦੀਆਂ ਪ੍ਰੇਸ਼ਾਨੀਆਂ ਉਸ ਵੇਲੇ ਏਨੀਆਂ ਜ਼ਿਆਦਾ ਹੋ ਸਕਦੀਆਂ ਹਨ ... ਜਿਵੇਂ ਅੰਮ੍ਰਿਤਾ ਪ੍ਰੀਤਮ ਸ਼ਰੇਆਮ ਸਿਗਰਟਾਂ ਵੀ ਪੀਂਦੀ ਸੀ, ਸ਼ਰਾਬ ਵੀ ਪੀਂਦੀ ਸੀ ... ਸ਼ਿਵ ਬਟਾਲਵੀ ਵੀ ਖੁੱਲੇਆਮ ਸਿਗਰਟਾਂ ਵੀ ਪੀਂਦਾ ਸੀ ਅਤੇ ਸ਼ਰਾਬ ਵੀ ਪੀਂਦਾ ਸੀ ... ਪਰ ਇਨ੍ਹਾਂ ਗੱਲਾਂ ਦਾ ਉਨ੍ਹਾਂ ਦੀਆਂ ਲਿਖਤਾਂ ਉੱਤੇ ਤਾਂ ਕੋਈ ਅਸਰ ਨਹੀਂ ਹੋਇਆ ਨਾ?

: ਮੋਮੀ ਸਾਹਿਬ, ਜਿਸ ਤਰ੍ਹਾਂ ਦਾ ਤੁਸੀਂ ਸਵਾਲ ਖੜ੍ਹਾ ਕੀਤਾ ਹੈ ਅਜਿਹੇ ਕਈ ਵਾਰੀ ਹਾਲਾਤ ਬਣ ਜਾਂਦੇ ਹਨ। ਬਹੁਤ ਸਾਰੇ ਲੇਖਕਾਂ/ਕਲਾਕਾਰਾਂ ਨਾਲ ਅਜਿਹਾ ਹੋਇਆ। ਮਾਰਲੋ ਨਾਟਕਕਾਰ ਏਨਾ ਪ੍ਰਸਿੱਧ ਹੋਇਆ - ਸੈਕਸ਼ਪੀਅਰ ਦੇ ਵੇਲੇ ਹੀ। ਸੈਕਸ਼ਪੀਅਰ ਦੇ ਬਿਲਕੁਲ ਇੱਕ ਤਰ੍ਹਾਂ ਬਰਾਬਰ ਦਾ ਹੀ ਨਾਟਕਕਾਰ ਸੀ। ਬੜੇ ਅਗਰੈੱਸਵ ਕਿਸਮ ਦੇ ਉਸਦੇ ਨਾਟਕ ਸਨ ... ਤਾਂ ਇਸੇ ਤਰ੍ਹਾਂ ਉਸਦੇ ਕਿਸੀ ਨੇ ਛੁਰਾ ਮਾਰ ਦਿੱਤਾ - ਜਿਸ ਤਰ੍ਹਾਂ ਦੇ ਉਸ ਦੇ ਨਾਟਕ ਸਨ - ਬੜੇ ਹੀ ਜ਼ਬਰਦਸਤ ਕਿਸਮ ਦੇ ਨਾਟਕ ਸਨ। ਜਿਨ੍ਹਾਂ ਨਾਟਕਾਂ ਵਿੱਚ ਉਹ ਦਿਖਾਂਦਾ ਹੈ ਕਿ ਕਿਵੇਂ ਉਸ ਸਮੇਂ ਦੇ ਰਾਜਿਆਂ ਨੇ ਆਪਣੀ ਸੈਕਸੂਅਲ ਤ੍ਰਿਪਤੀ ਲਈ ਲੌਂਡੇ ਰੱਖੇ ਹੁੰਦੇ ਸਨ ਅਤੇ ਉਨ੍ਹਾਂ ਨਾਲ ਉਹ ਸ਼ਰੇਆਮ ਲੌਂਡੇਬਾਜ਼ੀ ਕਰਦੇ ਸਨ ... ਕਿਸੇ ਸਥਿਤੀ ਵਿੱਚ ਨਾਟਕਕਾਰ ਮਾਰਲੋ ਫਸ ਗਿਆ ਅਤੇ ਗੁੰਡਾ ਦਲ ਨੇ ਕਿਸੇ ਟੈਵਰਨ ਵਿੱਚ ਉਸਦੇ ਛੁਰਾ ਮਾਰ ਦਿੱਤਾ। ਜੇਕਰ ਤੁਸੀਂ ਕਹੋ ਕਿ ਮਾਰਲੋ ਕੋਈ ਗਲਤ ਕੰਮ ਕਰ ਰਿਹਾ ਸੀ? ਉਹ ਕੋਈ ਗਲਤ ਕੰਮ ਨਹੀਂ ਸੀ ਕਰ ਰਿਹਾ? ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੇ ਲੇਖਕਾਂ/ਕਲਾਕਾਰਾਂ ਨਾਲ ਵਾਪਰੀਆਂ ... ਹਿੰਦੁਸਤਾਨ ਵਿੱਚ ਨੁੱਕੜ ਨਾਟਕਾਂ ਦੇ ਪ੍ਰਸਿੱਧ ਰੰਗਕਰਮੀ ਸਫ਼ਦਰ ਹਾਸ਼ਮੀ ਨੂੰ ਗੁੰਡਾ ਕਿਸਮ ਦੇ ਰਾਜਨੀਤੀਵਾਨਾਂ ਦੇ ਗੁੰਡਿਆਂ ਨੇ ਹਥਿਆਰਬੰਦ ਹਮਲਾ ਕਰਕੇ ਮਾਰ ਦਿੱਤਾ ... ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਪਾਸ਼ ਨੂੰ ਧਾਰਮਿਕ ਕੱਟੜਵਾਦੀ ਗੁੰਡਿਆਂ ਨੇ ਕਤਲ ਕਰ ਦਿੱਤਾ ... ਇਸੇ ਤਰ੍ਹਾਂ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਰਵਿੰਦਰ ਸਿੰਘ ਰਵੀ ਨੂੰ ਧਾਰਮਿਕ ਕੱਟੜਵਾਦੀ ਗੁੰਡਿਆਂ ਨੇ ਕਤਲ ਕਰ ਦਿੱਤਾ ... ਵਿਸ਼ਵ ਪ੍ਰਸਿੱਧ ਚਿਤਰਕਾਰ ਵੈਨ ਗਾਗ ਨੂੰ ਲੋਕਾਂ ਨੇ ਏਨਾ ਸਤਾਇਆ ਕਿ ਉਸਨੇ ਆਪਣਾ ਹੀ ਕੰਨ ਕੱਟ ਕੇ ਵਗਾਹ ਮਾਰਿਆ ...

? ਓਸਕਰ ਵਾਈਲਡ ਦਾ ਨਾਵਲ ‘ਪਿਕਚਰ ਆਫ ਡੋਰੀਅਨ ਗਰੇ’ ਵਿੱਚ ਵੀ ਤਾਂ ਉਸ ਤਰ੍ਹਾਂ ਦੇ ਕਰੈਕਟਰ ਪੇਸ਼ ਕੀਤੇ ਹਨ - ਸਥਿਤੀ ਨੂੰ ਪੇਸ਼ ਕੀਤਾ ਹੈ - ਉੱਥੇ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਉਹ ਹਾਈਲੀ ਲਰਨਡ ਰਾਈਟਰ ਹੈ - ਪਰ ਉਸ ਦੀ ਆਪਣੀ ਜ਼ਿੰਦਗੀ, ਜਾਂ ਮਾਹੌਲ ਨੇ ਉਸ ਨੂੰ ਕੀ ਦਿੱਤਾ ਅਤੇ ਉਸ ਦਾ ਉਸਦੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪਿਆ ... ਕੀ ਅਜਿਹਾ ਕੋਈ ਪ੍ਰਭਾਵ ਪੈ ਸਕਦਾ ਹੈ?

: ਬਹੁਤ ਸਾਰੇ ਲੇਖਕਾਂ ਨਾਲ ਅਜਿਹਾ ਹੁੰਦਾ ਰਿਹਾ ... ਯੂਨਾਨ ਦਾ ਪ੍ਰਸਿੱਧ ਫਿਲਾਸਫਰ ਸੀ ਸੁਕਰਾਤ। ਜਿਸਦੀ ਬੀਵੀ ਉਹਨੂੰ ਸਾਰੀ ਉਮਰ ਬੁਰਾ ਕਹਿੰਦੀ ਰਹੀ ... ਟਾਲਸਟਾਇ ਦੇ ਆਪਣੇ ਘਰੇਲੂ ਹਾਲਤ ਠੀਕ ਨਹੀਂ ਸਨ ... ਜਦੋਂ ਕਿ ਉਹ ਏਨਾ ਮਹਾਨ ਸਾਹਿਤਕਾਰ ਸੀ। ਕਈ ਵੇਰੀ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਲੇਖਕਾਂ ਦੀ ਉਸ ਸਥਿਤੀ ਉੱਤੇ ਜਾਂ ਆਪਣੇ ਚੌਗਿਰਦੇ ਉੱਤੇ ਕੋਈ ਕਾਬੂ ਨਹੀਂ ਰਹਿ ਜਾਂਦਾ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟਾਲਸਟਾਇ ਪਤਨੀ ਦੇ ਵਿਰੁੱਧ ਸੀ। ਉਹ ਏਨਾ ਸੰਵੇਦਨਸ਼ੀਲ ਲੇਖਕ ਸੀ। ਘਰ ਵਿੱਚ ਪਤੀ-ਪਤਨੀ ਦੀ ਮਾਨਸਿਕਤਾ ਇੱਕ ਦੂਜੇ ਨਾਲ ਨਹੀਂ ਇੱਕਮਿਕ ਹੋ ਸਕੀ ... ਸ਼ਾਇਦ, ਇਹ ਟਾਲਸਟਾਇ ਨਾਲ ਹੀ ਵਾਪਰਦਾ ਰਿਹਾ ਕਿ ਉਸ ਦੀ ਪਤਨੀ ਉਸ ਦੇ ਸਿਰ ਉੱਤੇ ਗਾਰਬੇਜ਼ ਦੀ ਭਰੀ ਟੋਕਰੀ ਸੁੱਟ ਦਿੰਦੀ ਸੀ ... ਕਈ ਵਾਰੀ ਪਤੀ-ਪਤਨੀ ਵਿੱਚ ਸਬੰਧ ਚੰਗੇ ਨਾ ਬਣ ਸਕਣ ਕਾਰਨ - ਪਤਨੀ ਲਈ ਉਸ ਦਾ ਪਤੀ ਬਿਲਕੁਲ ਗਾਰਬੇਜ਼ ਦੇ ਢੇਰ ਦੇ ਬਰਾਬਰ ਹੁੰਦਾ ਹੈ ਪਰ ਬਾਕੀ ਦੁਨੀਆਂ ਲਈ ਉਹ ਇੰਨਾ ਮਹਾਨ ਲੇਖਕ, ਫਿਲਾਸਫਰ ਜਾਂ ਕਲਾਕਾਰ ਹੁੰਦਾ ਹੈ ...

? ਸੁਖਿੰਦਰ ਜੀ, ਇਸ ਸੰਦਰਭ ਵਿੱਚ ਹੀ ਮੈਂ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੇਖਕਾਂ ਵੱਲੋਂ ਤੁਹਾਡੀਆਂ ਲਿਖਤਾਂ ਬਾਰੇ ਅਪਣਾਏ ਗਏ ਸੰਕੀਰਨ ਵਿਚਾਰਾਂ ਦੀ ਗੱਲ ਇੱਕ ਵਾਰੀ ਫਿਰ ਕਰਨੀ ਚਾਹਾਂਗਾ। ਇਹ ਸੋਚ ਦੀ ਗੱਲ ਨਹੀਂ। ਮੈਂ ਸਮਝਦਾ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੇਖਕ ਏਨੇ ਚੂਚੇ ਨਹੀਂ ਹਨ, ਏਨੇ ਬੱਚੇ ਨਹੀਂ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਅੰਦਰ ਇੰਤਹਾ ਈਰਖਾ ਭਰੀ ਹੋਈ ਹੈ? ਉਹ ਕਿਸੇ ਹੋਰ ਨੂੰ ਲੇਖਕ ਮੰਨਣ ਲਈ ਤਿਆਰ ਨਹੀਂ ਹਨ। ਬੁਨਿਆਦੀ ਤੌਰ ’ਤੇ ਉਹ ਸੀਟੀ ਕਲਚਰ ਦੇ ਧਾਰਨੀ ਹਨ ਤੇ ਇਕ ਮੋਕਲੇ ਦਾਇਰੇ ਦੀ ਕੈਦ ਵਿੱਚੋਂ ਬਾਹਰ ਨਹੀਂ ਨਿਕਲਦੇ। ਉਸਦੇ ਅੰਦਰ ਹੀ ਤੁਰੇ ਫਿਰਦੇ ਹਨ। ਤੁਹਾਡੀ ਪੁਸਤਕ “ਸ਼ਕਿਜ਼ੋਫਰੇਨੀਆ” ਨੂੰ ਉਹ ਜਾਣ ਬੁਝ ਕੇ ਮਾਨਤਾ ਨਹੀਂ ਦਿੰਦੇ?

: ਮੈਂ ਤਾਂ ਸਮਝਦਾ ਹਾਂ ਕਿ ਉਨ੍ਹਾਂ ਦੀ ਸੋਚ ਹੀ ਅਜੇ ਪ੍ਰਫੁੱਲਤ ਨਹੀਂ ਹੋਈ। ਅਜਿਹੇ ਲੇਖਕਾਂ ਨੂੰ ਮੈਂ ਪੜ੍ਹੇ ਲਿਖੇ ਅਣਪੜ੍ਹ ਸਮਝਦਾ ਹਾਂ। ਕਿਉਂਕਿ ਉਨ੍ਹਾਂ ਦਾ ਸੰਕੀਰਨਪਨ ਅਤੇ ਉਨ੍ਹਾਂ ਅੰਦਰਲਾ ਈਰਖਾ ਦਾ ਗਰਦ ਗੁਬਾਰ ਉਨ੍ਹਾਂ ਦੀ ਚੇਤਨਾ ਨੂੰ ਵਿਕਸਤ ਹੀ ਨਹੀਂ ਹੋਣ ਦਿੰਦਾ।

? ਸੁਖਿੰਦਰ, ਮੇਰੇ ਮਨ ਵਿੱਚ ਇਸ ਗੱਲ ਬਾਰੇ ਕੋਈ ਦੁਬਿਧਾ ਨਹੀਂ ਕਿ ਤੁਸੀਂ ਇੱਕ ਚਿੰਤਕ ਲੇਖਕ ਹੋ ... ਕਿਸੇ ਨੇ ਇਸ ਗੱਲ ਨੂੰ ਸਮਝਿਆ ਹੈ ਜਾਂ ਨਹੀਂ ਸਮਝਿਆ ... ਜਾਂ ਕਿਸੀ ਜ਼ਾਤੀ ਰੰਜਿਸ਼ ਕਰਕੇ - ਜਾਂ ਤੁਸੀਂ ਅਜਿਹੇ ਕਿਸੀ ਗਰੁੱਪ ਨਾਲ ਨਹੀਂ ਮਿਲੇ ਕਿ ਤੁਸੀਂ ਕਿਸੇ ਨਾਲ ਧੜਾ ਬਣਾ ਕੇ ਨਹੀਂ ਚੱਲੇ। ਉਹ ਸਵੀਕਾਰ ਕਰਨ ਜਾਂ ਨਾ ਕਰਨ, ਮੈਂ ਤੁਹਾਨੂੰ ਸਦਾ ਹੀ ਇੱਕ ਗੰਭੀਰ ਕਵੀ, ਸੰਜੀਦਾ ਲੇਖਕ ਮੰਨਦਾ ਰਿਹਾ ਹਾਂ। ਮੈਂ ਲੋਕਾਂ ਨੂੰ ਵੀ ਕਹਿੰਦਾ ਰਿਹਾ ਹਾਂ ਕਿ ਉਹ ਇੱਕ ਮਹਾਨ ਤੇ ਡੂੰਘਾ ਕਵੀ ਹੈ ... ਉਸ ਤੱਕ ਪਹੁੰਚਣਾ ਵੀ ਮੁਸ਼ਕਿਲ ਹੈ ਅਤੇ ਉਸਨੂੰ ਸਮਝਣਾ ਵੀ ਮੁਸ਼ਕਿਲ ਹੈ। ਉਸ ਆਪਣੀ ਸਾਰੀ ਉਮਰ ਇੱਕ ਲੇਖਕ ਦੇ ਤੌਰ ਉੱਤੇ ਗੁਜ਼ਾਰੀ ਹੈ - ਇਸ ਗੱਲ ਨੂੰ ਮੈਂ ਤੁਹਾਡੇ ਲਈ ਮਾਣ ਵਾਲੀ ਗੱਲ ਸਮਝਦਾ ਹਾਂ ... ਮੇਰਾ ਸਵਾਲ ਹੈ ਕਿ ਮੈਂ ਤੁਹਾਨੂੰ ਹੱਸਦਿਆਂ ਬਹੁਤ ਘੱਟ ਵੇਖਿਆ ਹੈ। ਉਹ ਕਿਹੜੀ ਮਜਬੂਰੀ ਹੈ ਜਿਹੜੀ ਤੁਹਾਨੂੰ ਹੱਸਦਿਆਂ, ਟਿੱਚਰਾਂ ਕਰਦਿਆਂ ਥੋੜ੍ਹੀਆਂ ਹਲਕੀਆਂ ਗੱਲਾਂ ਨਹੀਂ ਕਰਨ ਦਿੰਦੀ?

: ਮੋਮੀ ਸਾਹਿਬ, ਤੁਹਾਡਾ ਸਵਾਲ ਜਾਇਜ਼ ਵੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡਾ ਸਵਾਲ ਜਾਇਜ਼ ਨਹੀਂ। ਮੈਂ ਸ਼ੁਰੂ ਤੋਂ ਹੀ ਕਾਫੀ ਗੰਭੀਰ ਵਿਅਕਤੀ ਰਿਹਾ ਹਾਂ। ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਮੇਰੇ ਦੋਸਤ ਵੀ ਕਾਫੀ ਗੰਭੀਰ ਕਿਸਮ ਦੇ ਵਿਅਕਤੀ ਰਹੇ ਹਨ; ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਮੈਂ ਜ਼ਿੰਦਗੀ ਵਿੱਚ ਆਮ ਵਿਅਕਤੀ ਵਾਂਗ ਨਹੀਂ ਵਿਚਰਦਾ। ਆਮ ਵਿਅਕਤੀ ਵਾਂਗ ਵੀ ਵਿਚਰਦਾ ਹਾਂ। ਕਈ ਵਾਰੀ ਫਰਕ ਇਹ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਦੋਸਤਾਂ ਵਿੱਚ ਮੈਂ ਬੈਠਾ ਹਾਂ। ਹਰ ਪੱਧਰ ਦੇ ਮੇਰੇ ਦੋਸਤ ਵੀ ਰਹੇ ਹਨ। ਮੇਰੇ ਜਿਹੜੇ ਬਹੁਤ ਕਰੀਬੀ ਦੋਸਤ ਰਹੇ ਹਨ - ਜਦੋਂ ਮੈਂ ਉਨ੍ਹਾਂ ਵਿੱਚ ਬੈਠਾਂ ਤਾਂ ਮੈਂ ਹਾਸੇ-ਠੱਠੇ ਵਾਲੀਆਂ ਗੱਲਾਂ ਵੀ ਕਰਦਾ ਹਾਂ। ਪਰ ਕਈ ਵਾਰੀ ਜਿਹੜੇ ਲੋਕ ਬੜੀਆਂ ਲੱਚਰ ਕਿਸਮ ਦੀਆਂ ਗੱਲਾਂ ਕਰਦੇ ਹਨ - ਉਹ ਮੈਨੂੰ ਪਸੰਦ ਨਹੀਂ। ਉਨ੍ਹਾਂ ਦੀਆਂ ਗੱਲਾਂ ਉੱਤੇ ਮੈਨੂੰ ਹਾਸਾ ਨਹੀਂ ਆਉਂਦਾ ... ਕਈ ਵਾਰੀ ਜਦੋਂ ਮੈਂ ਹਿੰਦੁਸਤਾਨ ਵੀ ਜਾਂਦਾ ਹਾਂ ... ਪਿੱਛੇ ਜਿਹੇ ਮੈਂ 2002 ਵਿੱਚ ਅਤੇ 2003 ਵਿੱਚ ਵੀ ਹਿੰਦੁਸਤਾਨ ਗਿਆ ਸਾਂ। ਉਦੋਂ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਇੱਕ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ‘ਗਲੋਬਲਾਈਜ਼ੇਸ਼ਨ ਐਂਡ ਕਲਚਰ’ ਉੱਤੇ। ਮੈਂ ਉਸ ਕਾਨਫਰੰਸ ਵਿੱਚ ਕੈਨੇਡਾ ਵੱਲੋਂ ਬਹਿਸ ਪੱਤਰ ਪੇਸ਼ ਕਰਨ ਲਈ ਗਿਆ ਸੀ ... ਯੂਨੀਵਰਸਿਟੀਆਂ ਵਿੱਚ ਤੁਸੀਂ ਵੀ ਬੜੀਆਂ ਇੰਟਰਨੈਸ਼ਨਲ ਕਾਨਫਰੰਸਾਂ ਵਿੱਚ ਸ਼ਮੂਲੀਅਤ ਕੀਤੀ ਹੈ। ਬਈ ਸ਼ਾਮ ਨੂੰ ਲੇਖਕ ਇਕੱਠੇ ਹੁੰਦੇ ਹਨ - ਦਾਰੂ ਦੀਆਂ ਬੋਤਲਾਂ ਦੁਆਲੇ ਮਹਿਫਲਾਂ ਜੁੜਦੀਆਂ ਹਨ ... ਤਾਂ ਉੱਥੇ ਡਾ. ਅਮਰਜੀਤ ਸਿੰਘ ਕਾਂਗ ਦੇ ਰੈਜ਼ੀਡੈਂਸ ਉੱਤੇ ਮਹਿਫ਼ਲ ਜੁੜੀ। ਜਿਸ ਵਿੱਚ ਦਿੱਲੀ ਯੂਨੀਵਰਸਿਟੀ ਦੇ, ਪੰਜਾਬ ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ ਦੇ, ਕੁਰੂਕਸ਼ੇਤਰਾ ਯੂਨੀਵਰਸਿਟੀ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਤੇ ਹਿੰਦੁਸਤਾਨ ਦੀਆਂ ਹੋਰ ਅਨੇਕਾਂ ਯੂਨੀਵਰਸਿਟੀਆਂ ਨਾਲ ਸਬੰਧਤ ਸਕਾਲਰ ਮੌਜੂਦ ਸਨ ... ਗੁਲਜ਼ਾਰ ਸਿੰਘ ਸੰਧੂ, ਡਾ. ਸੁਤਿੰਦਰ ਨੂਰ, ਡਾ. ਜਗਬੀਰ ਸਿੰਘ, ਡਾ. ਸੁਰਜੀਤ ਪਾਤਰ, ਡਾ. ਜੁਗਿੰਦਰ ਕੈਰੋਂ, ਡਾ. ਰਣਜੀਤ ਸਿੰਘ ਬਾਜਵਾ, ਡਾ. ਰਣਜੀਤ ਸਿੰਘ ਰੰਗੀਲਾ, ਡਾ. ਦੀਪਕ ਮਨਮੋਹਨ ਸਿੰਘ, ਡਾ. ਰਵੇਲ ਸਿੰਘ, ਡਾ. ਤੇਜਵੰਤ ਸਿੰਘ ਗਿੱਲ, ਡਾ. ਰਤਨ ਸਿੰਘ ਢਿੱਲੋਂ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਸਤੀਸ਼ ਵਰਮਾ ਅਤੇ ਹੋਰ ਬਹੁਤ ਸਾਰੇ ਨਾਮਵਰ ਲੇਖਕ ਮੌਜੂਦ ਸਨ ... ਉੱਥੇ ਦਾਰੂ ਪੀ ਕੇ ਲੇਖਕਾਂ ਵਿੱਚ ਬੜੀਆਂ ਲੱਚਰ ਕਿਸਮ ਦੀਆਂ ਗੱਲਾਂ ਛਿੜ ਪਈਆਂ। ਮੈਨੂੰ ਬੜੀਆਂ ਅਜੀਬ ਲੱਗੀਆਂ। ਬਾਅਦ ਵਿੱਚ ਹਿੰਦੁਸਤਾਨ ਦੇ ਮੀਡੀਆ ਨਾਲ ਗੱਲ ਕਰਦਿਆਂ ਇੱਕ ਦੋ ਇੰਟਰਵੀਊਜ਼ ਵਿੱਚ ਵੀ ਮੈਂ ਇਹ ਗੱਲ ਕਹੀ ... ਬਈ ਦਿਨੇ ਤਾਂ ਸਾਰੇ ਪੰਜਾਬੀ ਲੇਖਕ ਇੰਟਰਨੈਸ਼ਨਲ ਕਾਨਫਰੰਸਾਂ ਵਿੱਚ ਬੜੀਆਂ ਉੱਚ ਪੱਧਰਾਂ ਦੀਆਂ ਗੱਲਾਂ ਕਰਦੇ ਹਨ ... ਪਰ ਇਹੀ ਨਾਮਵਰ ਲੇਖਕ ਜਦੋਂ ਦਾਰੂ ਪੀ ਲੈਂਦੇ ਹਨ ਤਾਂ ਇਹੀ ਸਾਰੀਆਂ ਗੱਲਾਂ ਲੱਚਰਤਾ ਵਿੱਚ ਬਦਲ ਜਾਂਦੀਆਂ ਹਨ ... ਮੈਨੂੰ ਕੋਈ ਹਾਸਾ ਨਾ ਆਇਆ ਉਨ੍ਹਾਂ ਦੀਆਂ ਗੱਲਾਂ ਸੁਣ ਕੇ ... ਮੈਂ ਇਹੋ ਜਿਹੀਆਂ ਗੱਲਾਂ ਪਸੰਦ ਨਹੀਂ ਕਰਦਾ ... ਮੈਨੂੰ ਅਜਿਹੀਆਂ ਗੱਲਾਂ ਉੱਤੇ ਕਦੀ ਹਾਸਾ ਨਹੀਂ ਆਉਂਦਾ ... ਬਾਕੀ ਕੋਈ ਹਾਸੇ ਵਾਲੀ ਗੱਲ ਹੋਵੇ ਜਿੱਥੇ ਕਰੀਬੀ ਦੋਸਤ ਬੈਠੇ ਹੋਣ ... ਜ਼ਰੂਰ ਹੱਸੀਦਾ ਹੈ ...

? ਜਿਹੜੀ ਤੁਸੀਂ ਇਹ ਉਦਾਹਰਣ ਦੇ ਕੇ ਹਟੇ ਹੋ ... ਮੈਂ ਵੀ ਜ਼ਿੰਦਗੀ ਦੇ 55 ਸਾਲ ਇਸੀ ਤਰ੍ਹਾਂ ਵੱਡੇ ਅਤੇ ਛੋਟੇ ਲੇਖਕਾਂ ਨਾਲ ਕੱਟੇ ਹਨ। ਬਹੁਤ ਵੱਡੇ ਲੇਖਕ ਵੀ - ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਪ੍ਰੋ. ਮੋਹਨ ਸਿੰਘ, ਡਾ. ਅਤਰ ਸਿੰਘ ਕਹਿ ਲਓ ... ਡਾ. ਹਰਭਜਨ ਸਿੰਘ, ਡਾ. ਪਿਆਰ ਸਿੰਘ, ਡਾ. ਦੀਵਾਨ ਸਿੰਘ ਕਹਿ ਲਓ ... ਮੀਸ਼ਾ ਕਹਿ ਲਓ ... ਸ਼ਿਵ ਕੁਮਾਰ ਬਟਾਲਵੀ, ਹਰਸਰਨ ਸਿੰਘ, ਮੋਹਨਜੀਤ, ਨਿਰਮਲ ਅਰਪਨ, ਜਗਜੀਤ ਆਹੂਜਾ, ਹਰਨਾਮ, ਸੰਧੂ ਆਦਿ ਕਹਿ ਲਓ ... ਉਹਨਾਂ ’ਚੋਂ ਬਹੁਤੇ ... ਜਦੋਂ ਪੱਗਾਂ ਲਾਹ ਕੇ ਪਾਸੇ ਰੱਖ ਦਿੰਦੇ ਹਨ ਅਤੇ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ੍ਹ ਜਾਂਦੇ ਹਨ ਤਾਂ ਉਹ ਵੀ ਅਜਿਹੀਆਂ ਗੱਲਾਂ ਕਰਦੇ ਰਹੇ ਹਨ - ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਜਾ ਸਕਦੀਆਂ ... ਮੈਂ ਕਈ ਵਾਰੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਜੀਵਨ ਸਿੰਘ ਤੇ ਕੁਲਵੰਤ ਸਿੰਘ ਵਿਰਕ ਨੂੰ ਵੀ ਅਜਿਹੀਆਂ ਗੱਲਾਂ ਕਰਦੇ ਵੇਖਿਆ। ਮੈਂ ਤਾਂ ਭਾਵੇਂ ਅਜੇ ਛੋਟਾ ਸਾਂ - ਪਰ ਮੈਂ ਏਨਾ ਹੈਰਾਨ ਸਾਂ ਕਿ ਜਿਨ੍ਹਾਂ ਲੇਖਕਾਂ ਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ ... ਮੈਂ ਡਾ. ਹਰਿਭਜਨ ਸਿੰਘ ਨੂੰ ਅਜਿਹੀਆਂ ਗੱਲਾਂ ਕਰਦੇ ਸੁਣਿਆ ਹੈ ... ਇੱਥੋਂ ਤੱਕ ਕਿ ਮੈਂ ਬਲਰਾਜ ਸਾਹਨੀ ਨੂੰ ਵੀ ਉਹੋ ਜਿਹੇ ਗੰਦੇ ਲਤੀਫੇ ਸੁਣਾਉਂਦਿਆਂ ਸੁਣਿਆ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ... ਮੈਂ ਕਈ ਵੇਰੀ ਸੋਚਿਆ ਕਿ ਇਕ ਉਹਨਾਂ ਦੀਆਂ ਲਿਖਤਾਂ ਵਾਲਾ ਪਾਸਾ ਤੇ ਦੂਜਾ ਲੱਚਰਵਾਦ ਵਾਲਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਮੈਂ ਕਹਿ ਕੇ ਹਟਿਆ ਹਾਂ ਕਿ ਮੈਨੂੰ ਉਦੋਂ ਹਾਸਾ ਨਹੀਂ ਆਉਂਦਾ ਜਦੋਂ ਅਜਿਹੇ ਲੇਖਕ ਲੱਚਰਵਾਦੀ ਗੱਲਾਂ ਕਰਦੇ ਹਨ ... ਜਦੋਂ ਮਹਿਫ਼ਲ ਵਿੱਚ ਏਨੇ ਨਾਮਵਰ ਲੇਖਕ ਬੈਠੇ ਹੋਣ ... ਕੁਝ ਘੰਟੇ ਪਹਿਲਾਂ ਮੈਂ ਉਨ੍ਹਾਂ ਦੀਆਂ ਏਨੀਆਂ ਉੱਚ ਪੱਧਰ ਦੀਆਂ ਗੱਲਾਂ ਸੁਣੀਆਂ ਹੋਣ ਅਤੇ ਕੁਝ ਘੰਟੇ ਬਾਅਦ ਹੀ ਉਹ ਬਿਲਕੁਲ ਲੱਚਰਵਾਦੀ ਹੋ ਜਾਣ। ਮੈਨੂੰ ਲੱਗਣ ਲੱਗ ਜਾਂਦਾ ਕਿ ਜੋ ਕੁਝ ਉਹ ਆਪਣੀਆਂ ਲਿਖਤਾਂ ਵਿੱਚ ਕਹਿੰਦੇ ਹਨ ਇਹ ਤਾਂ ਸਭ ਕੁਝ ਉਸ ਤੋਂ ਪੂਰੀ ਤਰ੍ਹਾਂ ਉਲਟ ਹੈ ... ਮੈਂ ਤਾਂ ਹਿੰਦੁਸਤਾਨ ਵਿੱਚ ਕਦੀ ਕਦਾਈਂ 8-10 ਸਾਲ ਬਾਅਦ ਜਾਂਦਾ ਹਾਂ - ਪਰ ਜਦੋਂ ਕਦੀ ਵੀ ਅਜਿਹੀ ਕਿਸੀ ਮਹਿਫ਼ਲ ਵਿੱਚ ਮੈਨੂੰ ਹੋਰਨਾਂ ਲੇਖਕਾਂ ਨਾਲ ਬੈਠਣਾ ਪਿਆ ਤਾਂ ਮੈਂ ਉਹ ਮਾਹੌਲ ਪਸੰਦ ਨਹੀਂ ਕੀਤਾ ... ਮੈਂ ਤਾਂ ਅਜਿਹੀਆਂ ਗੱਲਾਂ ਨਾਲ, ਅਜਿਹੇ ਮਾਹੌਲ ਨਾਲ, ਬਿਲਕੁਲ ਹੀ ਸਹਿਮਤ ਨਹੀਂ ਹਾਂ ... ਮੈਂ ਤਾਂ ਅਜਿਹੀਆਂ ਗੱਲਾਂ ਦਾ ਵਿਰੋਧ ਕਰਦਾ ਹਾਂ ...

? ਸੁਖਿੰਦਰ ਜੀ, ਸਾਡੇ ਸਿਆਸੀ ਲੀਡਰ ਵੀ ਤਾਂ ਇਹੋ ਜਿਹੇ ਹਨ। ਸਟੇਜ ਤੇ ਹੋਰ ਤੇ ਪਿੱਛੇ ਹੋਰ। ਫਿਰ ਤੁਹਾਡੇ ਦਿਮਾਗ਼ ਵਿੱਚ ਕਿਸ ਤਰ੍ਹਾਂ ਦੇ ਲੇਖਕ ਦੀ ਤਸਵੀਰ ਹੈ? ਭਾਵ ਲੇਖਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਕੀ ਲੇਖਕ ਕਸਟਮਮੇਡ ਹੋਣਾ ਚਾਹੀਦਾ ਹੈ?

: ਲੇਖਕ ਚੇਤੰਨ ਹੋਵੇ, ਜ਼ਿੰਦਗੀ ਨਾਲ ਜੁੜਿਆ ਹੋਵੇ, ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੋਵੇ ... ਇਹ ਨਹੀਂ ਕਿ ਹਰ ਵੇਲੇ ਸੁੰਨ ਵੱਟਾ ਬਣਿਆ ਰਹੇ ... ਹੱਸੇ ਖੇਡੇ ... ਜ਼ਿੰਦਗੀ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋਵੇ ... ਪਰ ਜ਼ਿੰਦਗੀ ਵਿਰੋਧੀ ਗੱਲਾਂ ਵਿੱਚ ਸ਼ਾਮਿਲ ਨਾ ਹੋਵੇ ... ਉਸਨੂੰ ਮੈਂ ਲੇਖਕ ਸਮਝਦਾ ਹਾਂ ... ਉਸਨੂੰ ਮੈਂ ਇੱਕ ਜ਼ਿੰਮੇਵਾਰ ਲੇਖਕ ਸਮਝਦਾ ਹਾਂ। ਜ਼ਿੰਦਗੀ ਵਿੱਚ ਉਹ ਜੋ ਕੁਝ ਵੀ ਕਰਦਾ ਹੈ - ਉਹ ਸਮਝੇ ਕਿ ਮੈਂ ਉਸ ਦਾ ਜ਼ਿੰਮੇਵਾਰ ਹਾਂ ... ਮੈਂ ਉਸਨੂੰ ਵਧੀਆ ਲੇਖਕ ਸਮਝਦਾ ਹਾਂ ...

? ਕੀ ਤੁਸੀਂ ਲੇਖਕ ਨੂੰ ਜ਼ਿੰਦਗੀ ਦਾ ਇੱਕ ਪਾਤਰ ਵੀ ਮੰਨਦੇ ਹੋ?

: ਜ਼ਿੰਦਗੀ ਵਿੱਚ, ਸਮਾਜ ਵਿੱਚ ਉਸਦੀ ਇੱਕ ਜ਼ਿੰਮੇਵਾਰੀ ਹੈ। ਲੇਖਕ ਇੱਕ ਜ਼ਿੰਮੇਵਾਰ ਇਨਸਾਨ ਹੈ ਅਤੇ ਉਹ ਆਪਣੇ ਆਪਨੂੰ ਜ਼ਿੰਮੇਵਾਰ ਹੀ ਸਮਝੇ। ਚਾਹੇ ਉਹ ਲਿਖ ਰਿਹਾ ਹੈ, ਚਾਹੇ ਉਹ ਸਮਾਜ ਵਿੱਚ ਜੀਅ ਰਿਹਾ ਹੈ ... ਹਰ ਪੱਧਰ ਉੱਤੇ ਉਸਨੂੰ ਜ਼ਿੰਮੇਵਾਰ ਹੋਣ ਦਾ ਅਹਿਸਾਸ ਹੋਵੇ ...

? ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੂੰ ਵੀ ਸਾਹਿਤ ਅਕਾਦਮੀ ਦਾ ਐਵਾਰਡ ਨਹੀਂ ਮਿਲਿਆ ... ਤੇ ਸ਼ਾਇਦ ਜਸਵੰਤ ਸਿੰਘ ਕੰਵਲ ਨੂੰ ਵੀ ਨਹੀਂ ਅਤੇ ਇਸ ਪੱਧਰ ਦੇ ਬਹੁਤ ਸਾਰੇ ਹੋਰ ਲੇਖਕਾਂ ਨੂੰ? ਜਿਹੜੇ ਗੰਢ ਤੁੱਪ ਕਰਨ ਜਾਣਦੇ ਹਨ, ਸਾਹਿਤ ਅਕਾਦਮੀ ਦਾ ਐਵਾਰਡ ਲੈ ਜਾਂਦੇ ਹਨ - ਜਿਵੇਂ ਡਾ. ਵਿਸ਼ਵਾ ਨਾਥ ਤਿਵਾੜੀ, ਸੁਖਪਾਲਵੀਰ ਸਿੰਘ ਹਸਰਤ, ... ਇੱਥੋਂ ਤੱਕ ਕਿ ਜਗਤਾਰ ਪਪੀਹਾ ਜਾਂ ਇਸ ਤਰ੍ਹਾਂ ਦੇ ਹੋਰ ਅਨੇਕਾਂ ਲੇਖਕ ਹਨ ... ਹਾਂ ਅਣਖੀ ਨੇ ਤਾਂ ਵਧੀਆ ਲਿਖਿਆ ਹੈ। ਉਹ ਤਾਂ ਇਨਾਮ ਦਾ ਹੱਕਦਾਰ ਸੀ ... ਪਰ ਪ੍ਰੇਮ ਪ੍ਰਕਾਸ਼ ਖੰਨਵੀ, ਮੋਹਨ ਭੰਡਾਰੀ, ਸ.ਸ. ਮੀਸ਼ਾ, ਪ੍ਰਭਜੋਤ ਕੌਰ, ਮਨਜੀਤ ਟਿਵਾਣਾ, ਤਾਰਾ ਸਿੰਘ ਕਾਮਲ, ਗੁਲਜ਼ਾਰ ਸਿੰਘ ਸੰਧੂ, ਹਰਿੰਦਰ ਮਹਿਬੂਬ ਆਦਿ ਸਭ ਜੁਗਾੜੀਆਂ ਵਿੱਚ ਆ ਜਾਂਦੇ ਹਨ ...?

: ਜਿਹੜੇ ਛੋਟੇ ਲੇਖਕਾਂ ਨੂੰ ਵੱਡੇ ਇਨਾਮ ਮਿਲ ਵੀ ਜਾਂਦੇ ਹਨ ਉਹ ਕਦੀ ਵੱਡੇ ਲੈਵਲ ਉੱਤੇ ਲੋਕਾਂ ਵਿੱਚ ਸਵੀਕਾਰੇ ਨਹੀਂ ਜਾਂਦੇ ...

? ਜਿਵੇਂ ਕਿ ਤੁਸੀਂ ਕਿਹਾ ਹੈ ਕਿ ਜਿਹੜੇ ਲੇਖਕ ਛੋਟੇ ਹੁੰਦੇ ਹਨ ਉਨ੍ਹਾਂ ਦਾ ਨਾਮ ਇਨਾਮ ਲੈਣ ਨਾਲ ਵੱਡਾ ਨਹੀਂ ਬਣਦਾ। ਜੇਕਰ ਅਜਿਹੇ ਲੇਖਕ ਤਿਗੜਮਬਾਜ਼ੀ ਲਗਾ ਕੇ ਇਨਾਮ ਲੈਣ ਵਿੱਚ ਕਾਮਿਯਾਬ ਹੋ ਜਾਂਦੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਉਹ ਇਨਾਮਬਾਜ਼ ਹੁੰਦੇ ਹਨ ਜਾਂ ਉਨ੍ਹਾਂ ਨੂੰ ਇਨਾਮ ਲੈਣੇ ਆਉਂਦੇ ਹਨ - ਪਰ ਲੋਕਾਂ ਵਿੱਚ ਸਤਿਕਾਰੇ ਨਹੀਂ ਜਾਂਦੇ। ਮੇਰੇ ਖਿਆਲ ਵਿੱਚ ਤਾਂ ਉਹ ਇਤਿਹਾਸ ਵਿੱਚ ਆਪਣਾ ਨਾਮ ਬਣਾ ਜਾਂਦੇ ਹਨ। ਫਿਰ ਇਤਿਹਾਸ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਮੋਮੀ ਸਾਹਿਬ, ਤੁਸੀਂ ਇਨਾਮਾਂ ਦੇ ਬਾਰੇ ਬੜਾ ਹੀ ਜਾਇਜ਼ ਸੁਆਲ ਉਠਾਇਆ ਹੈ। ਇਸ ਬਾਰੇ, ਅਕਸਰ, ਪੰਜਾਬੀ ਅਖਬਾਰਾਂ ’ਚ, ਮੈਗਜ਼ੀਨਾਂ ’ਚ, ਰੇਡੀਓ, ਟੈਲੀਵੀਜ਼ਨ ਉੱਤੇ ਚਰਚਾ ਹੁੰਦਾ ਰਹਿੰਦਾ ਹੈ ਕਿ ਬਹੁਤ ਸਾਰੇ ਲੇਖਕ ਤਿਗੜਮਬਾਜ਼ੀ ਨਾਲ ਇਨਾਮ ਪ੍ਰਾਪਤ ਕਰ ਲੈਂਦੇ ਹਨ। ਤਿਗੜਮਬਾਜ਼ੀ ਹਰ ਪੱਧਰ ਉੱਤੇ ਚੱਲਦੀ ਹੈ। ਉਹ ਭਾਸ਼ਾ ਵਿਭਾਗ, ਪੰਜਾਬ ਦਾ ਕੋਈ ਇਨਾਮ ਹੋਵੇ, ਸਾਹਿਤ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਪੰਜਾਬੀ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਹੋਰ ਜਿਹੜੀਆਂ ਵੀ ਕੋਈ ਇਨਾਮ ਦੇਣ ਵਾਲੀਆਂ ਸੰਸਥਾਵਾਂ ਹਨ ਚਾਹੇ ਉਨ੍ਹਾਂ ਦਾ ਇਨਾਮ ਹੋਵੇ - ਉਨ੍ਹਾਂ ਵਿੱਚ ਵੀ ਤਿਗੜਮਬਾਜ਼ੀ ਚੱਲਦੀ ਹੈ। ਬਹੁਤ ਵਾਰੀ ਜਿਨ੍ਹਾਂ ਨੂੰ ਅਸੀਂ ਬਹੁਤ ਉੱਚੀ ਪੱਧਰ ਦੇ ਲੇਖਕ ਨਹੀਂ ਕਹਿ ਸਕਦੇ - ਉਹ ਵੀ ਇਨਾਮ ਲੈ ਜਾਂਦੇ ਹਨ - ਸਿਰਫ ਇਸ ਕਰਕੇ ਕਿ ਬਈ ਜਿਹੜੀ ਇਹ ਇਨਾਮ ਦੇਣ ਵਾਲੀ ਕਮੇਟੀ ਹੁੰਦੀ ਹੈ ਉਹ ਕੋਸ਼ਿਸ਼ ਇਹ ਕਰਦੀ ਹੈ ਕਿ ਉਨ੍ਹਾਂ ਦੇ ਯਾਰਾਂ-ਦੋਸਤਾਂ ਨੂੰ ਹੀ ਇਨਾਮ ਮਿਲੇ ਜਾਂ ਉਨ੍ਹਾਂ ਦੀਆਂ ਧੜੇਬੰਦੀਆਂ - ਗਰੁੱਪਾਂ ਨਾਲ ਸਬੰਧਤ ਲੋਕਾਂ ਨੂੰ ਹੀ ਇਨਾਮ ਮਿਲੇ ਜਾਂ ਜਿਨ੍ਹਾਂ ਨੂੰ ਅਸੀਂ ਉਨ੍ਹਾਂ ਲੇਖਕਾਂ / ਆਲੋਚਕਾਂ ਦੇ ਚੇਲੇ ਕਹਿ ਸਕਦੇ ਹਾਂ ਉਨ੍ਹਾਂ ਨੂੰ ਇਨਾਮ ਮਿਲੇ ... ਜੇਕਰ ਕੋਈ ਆਲੋਚਕ ਹੈ ਤਾਂ ਉਹ ਚਾਹੇਗਾ ਕਿ ਜਿਹੜੇ ਲੇਖਕ ਉਸਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ - ਉਸਦੀ ਅਗਵਾਈ ਲੈਂਦੇ ਹਨ ਉਨ੍ਹਾਂ ਨੂੰ ਇਨਾਮ ਮਿਲੇ ... ਇਹ ਗੱਲ ਆਮ ਹੁੰਦੀ ਰਹੀ ਹੈ - ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ - ਤੁਸੀਂ ਵੀ ਜਿਵੇਂ ਜ਼ਿਕਰ ਕੀਤਾ ਹੈ ਕਿ ਡਾ. ਵਿਸ਼ਵਾਨਾਥ ਤਿਵਾੜੀ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲ ਗਿਆ, ਸੁਖਪਾਲਵੀਰ ਸਿੰਘ ਹਸਰਤ ਨੂੰ ਇਨਾਮ ਮਿਲ ਗਿਆ ਜਾਂ ਜਿਹੜੇ ਅਜਿਹੇ ਹੀ ਕੁਝ ਹੋਰ ਲੇਖਕ ਸਨ, ਉਨ੍ਹਾਂ ਨੂੰ ਇਨਾਮ ਮਿਲ ਗਿਆ; ਪਰ ਉਨ੍ਹਾਂ ਬਾਰੇ ਸਾਰਿਆਂ ਨੂੰ ਹੀ ਪਤਾ ਸੀ ਕਿ ਉਹ ਕਿੰਨੇ ਕੁ ਵੱਡੇ ਲੇਖਕ ਹਨ? ਜਿਨ੍ਹਾਂ ਨੂੰ ਇਨਾਮ ਮਿਲਿਆ ਹੈ - ਸਭ ਨੂੰ ਪਤਾ ਸੀ ਕਿ ਇਹ ਨਕਲੀ ਇਨਾਮ ਹੈ। ਸਾਹਿਤ ਅਕਾਦਮੀ ਦੇ ਇਨਾਮਾਂ ਦੀ ਵੰਡ ਵਿੱਚ ਤਾਂ ਅਕਸਰ ਇਹੋ ਜਿਹੀ ਘਪਲੇਬਾਜ਼ੀ ਹੁੰਦੀ ਹੀ ਰਹੀ ਹੈ ਕਿ ਜਿਹੜੇ ਸਾਹਿਤਕਾਰ ਕਾਬਲ ਨਹੀਂ ਸਨ - ਉਨ੍ਹਾਂ ਨੂੰ ਸਾਹਿਤ ਅਕਾਦਮੀ ਦੇ ਇਨਾਮ ਮਿਲ ਗਏ। ਮੈਂ ਇਹ ਗੱਲ ਵੀ ਕਹਿਣੀ ਚਾਹਾਂਗਾ ਕਿ ਮੈਂ ਵੀ ਤੁਹਾਡੇ ਵਾਂਗੂੰ ਝਿਜਕਦਾ ਨਹੀਂ ਕੋਈ ਗੱਲ ਕਹਿਣ ਤੋਂ ... ਭਾਸ਼ਾ ਵਿਭਾਗ, ਪੰਜਾਬ ਦੇ ਇਨਾਮ ਵੀ, ਵਿਸ਼ੇਸ਼ ਕਰਕੇ, ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਵਿੱਚ ਵੀ ਬਹੁਤ ਘਪਲੇਬਾਜ਼ੀ ਹੁੰਦੀ ਰਹੀ ਹੈ। ਇਸ ਘਪਲੇਬਾਜ਼ੀ ਦਾ, ਸ਼ਾਇਦ, ਮਿੱਤਰ ਸੈਨ ਮੀਤ ਨੇ ਪੰਜਾਬ ਦੀਆਂ ਨਾਮਵਰ ਪੰਜਾਬੀ ਪੱਤਰਕਾਵਾਂ ਵਿੱਚ ਲਿਖ ਲਿਖ ਕੇ ਭਾਂਡਾ ਭੰਨਿਆਂ ਸੀ। ਇਨ੍ਹਾਂ ਲੇਖਾਂ ਵਿੱਚ ਕਿਹਾ ਗਿਆ ਸੀ ਕਿ ਭਾਸ਼ਾ ਵਿਭਾਗ ਵਿੱਚ ਕੰਮ ਕਰਨ ਵਾਲੇ ਲੋਕ ਵੀ ਕਿਵੇਂ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹਨ ਅਤੇ ਰਿਸ਼ਵਤ ਵਿੱਚ ਮਿਲੀਆਂ ਦਾਰੂ ਦੀਆਂ ਬੋਤਲਾਂ ਹਜ਼ਮ ਕਰਕੇ ਉਹ ਕਿਵੇਂ ਇਨਾਮਾਂ ਦੀ ਵੰਡ ਵਿੱਚ ਹੇਰਾਫੇਰੀਆਂ ਕਰਦੇ ਹਨ। ਤੁਸੀਂ ਪਿਛਲੇ ਕੁਝ ਸਾਲਾਂ ਦੇ ਦਿੱਤੇ ਹੋਏ ਇਨਾਮ ਦੇਖੋ ਤਾਂ ਕਈ ਵੇਰੀ ਉਨ੍ਹਾਂ ਲੋਕਾਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਦਾ ਕਦੀ ਕਿਸੀ ਨੇ ਪਹਿਲਾਂ ਨਾਮ ਵੀ ਨਹੀਂ ਸੀ ਸੁਣਿਆਂ ਹੋਇਆ। ਇੰਗਲੈਂਡ ਦੇ ਵੀ, ਕੁਝ ਹੋਰ ਦੇਸ਼ਾਂ ਦੇ ਵੀ ... ਮੈਂ ਤਾਂ ਇੱਥੋਂ ਤੱਕ ਵੀ ਗੱਲ ਕਹਿਣ ਲਈ ਤਿਆਰ ਹਾਂ ਕਿ ਕੈਨੇਡਾ ਦੇ ਕਵੀ ਨਵਤੇਜ ਭਾਰਤੀ ਨੂੰ ਵੀ ਜਿਹੜਾ ‘ਲੀਲ੍ਹਾ’ ਪੁਸਤਕ ਉੱਤੇ ਇਨਾਮ ਮਿਲਿਆ ਉਹ ਇਨਾਮ ਕਿਵੇਂ ਮਿਲਿਆ? ‘ਲੀਲ੍ਹਾ’ ਨੂੰ ਮਿਲਿਆ ਇਨਾਮ ਵੀ ਇਸੇ ਕਿਸਮ ਦੀ ਹੀ ਘਪਲੇਬਾਜ਼ੀ ਹੀ ਕਹੀ ਜਾ ਸਕਦੀ ਹੈ ... ਤੁਸੀਂ ਵੀ 20-25 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ - ਹਿੰਦੁਸਤਾਨ ਵਿੱਚ ਰਹਿੰਦਿਆਂ ਵੀ ਤੁਹਾਨੂੰ ਪਤਾ ਸੀ ਕਿ ਕੈਨੇਡਾ ਵਿੱਚ ਕੌਣ ਲਿਖ ਰਿਹਾ, ਕੀ ਲਿਖ ਰਿਹਾ ਅਤੇ ਕਿਹੋ ਜਿਹਾ ਲਿਖ ਰਿਹਾ। ਹਰੇਕ ਪੱਧਰ ਦੇ ਲੇਖਕਾਂ ਦਾ ਤੁਹਾਨੂੰ ਪਤਾ ਸੀ ... ਨਵਤੇਜ ਭਾਰਤੀ ਨੇ 1968 ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ ‘ਸਿੰਮਲ ਦੇ ਫੁੱਲ’। ਜਦੋਂ ਅਜੇ ਉਹ ਹਿੰਦੁਸਤਾਨ ਵਿੱਚ ਹੀ ਹੁੰਦਾ ਸੀ। 1968 ਵਿੱਚ ਫਿਰ ਉਹ ਕੈਨੇਡਾ ਆ ਗਿਆ। ਉਸ ਤੋਂ ਬਾਅਦ ਅੱਜ ਤੱਕ ਵੀ ਉਸਦੀ ਆਪਣੀ ਇਕੱਲੇ ਲੇਖਕ ਦੇ ਤੌਰ ਉੱਤੇ ਕੋਈ ਕਵਿਤਾ ਦੀ ਕਿਤਾਬ ਨਹੀਂ ਛਪੀ। ਕਿਸੇ ਵੀ ਖੇਤਰ ਵਿੱਚ ਕੋਈ ਕਿਤਾਬ ਨਹੀਂ ਆਈ। 1968 ਤੋਂ ਬਾਅਦ ਇਨ੍ਹਾਂ ਦੋ ਭਰਾਵਾਂ ਨੇ ਰਲ ਕੇ 1998 ਵਿੱਚ ‘ਲੀਲ੍ਹਾ’ ਪ੍ਰਕਾਸ਼ਿਤ ਕੀਤੀ। ਉਸ ਸਮੇਂ ਦੌਰਾਨ ਉਸ ਦੀਆਂ ਥੋੜ੍ਹੀਆਂ ਬਹੁਤ ਕਵਿਤਾਵਾਂ ‘ਵਤਨੋਂ ਦੂਰ’ ਜਾਂ ਇਹੋ ਜਿਹੇ ਕਿਸੀ ਹੋਰ ਮੈਗਜ਼ੀਨ ਵਿੱਚ ਕਦੀ ਕਦੀ ਛਪਦੀਆਂ ਰਹੀਆਂ। ਨਵਤੇਜ ਭਾਰਤੀ ਕਦੀ ਵੀ ਕੈਨੇਡਾ ਦੇ ਵੱਡੇ ਪੰਜਾਬੀ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਜਾਂਦਾ। ਹਿੰਦੁਸਤਾਨ ਦੇ ਆਲੋਚਕਾਂ ਦੇ ਤੁਸੀਂ ਆਰਟੀਕਲ ਵੀ ਦੇਖ ਲਓ - ਕਿ ਉਹ ਕਦੀ ਵੀ ਕੈਨੇਡਾ ਦੇ ਮਹੱਤਵ-ਪੂਰਨ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀ। ਉਹ ਹਿੰਦੁਸਤਾਨ ਗਿਆ - ਉਸਨੇ ‘ਲੀਲ੍ਹਾ’ ਨਾਮ ਦਾ 1053 ਸਫਿਆਂ ਦਾ ਕਾਵਿ-ਗ੍ਰੰਥ ਛਾਪਿਆ ... ਇਨਾਮ ਦੁਆਉਣ ਵਾਲੇ ਨਾਮਵਰ ਲੇਖਕਾਂ ਦੇ ਅੱਗੇ ਪਿੱਛੇ ਘੁੰਮਿਆਂ ... ਜਿਨ੍ਹਾਂ ਵਿੱਚ ਭੂਤਵਾੜਾ, ਪਟਿਆਲਾ ਨਾਲ ਸਬੰਧਤ ਪੰਜਾਬੀ ਦੇ ਕੁਝ ਨਾਮਵਰ ਲੇਖਕ ਅਤੇ ਆਲੋਚਕ ਵੀ ਸ਼ਾਮਿਲ ਸਨ ... ਉਨ੍ਹਾਂ ਤੋਂ ਆਪਣੀ ਤਾਰੀਫ ਵਿੱਚ ਆਰਟੀਕਲ ਲਿਖਵਾਏ ... ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਕਲੀ ਇਨਾਮ ਦੁਆਉਣ ਵਿੱਚ ਡਾ. ਦਲੀਪ ਕੌਰ ਟਿਵਾਣਾ ਦਾ ਵੱਡਾ ਹੱਥ ਸੀ। ਇਹ ਗੱਲ ਕਿੱਥੋਂ ਤੱਕ ਠੀਕ ਹੈ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ... ਜਿਹੜੀ ਲੇਖਿਕਾ ਹੋਰਨਾਂ ਨੂੰ ਦਿੱਤਾ ਜਾਣ ਵਾਲਾ ਇਨਾਮ ਆਪਣੀ ਹੀ ਜੇਬ੍ਹ ਵਿੱਚ ਪਾ ਸਕਦੀ ਹੈ ਉਹ ਦੂਜਿਆਂ ਨੂੰ ਵੀ ਨਕਲੀ ਇਨਾਮ ਦੁਆ ਸਕਦੀ ਹੈ ... ਇਹ ਗੱਲ ਕਹਿਣ ਵਿੱਚ ਵੀ ਮੈਨੂੰ ਕੋਈ ਝਿਜਕ ਨਹੀਂ ਕਿ ਡਾ. ਸੁਰਜੀਤ ਪਾਤਰ, ਡਾ. ਸੁਤਿੰਦਰ ਨੂਰ, ਡਾ. ਗੁਰਬਚਨ ਜਾਂ ਹਰਿੰਦਰ ਮਹਿਬੂਬ ਵਰਗਿਆਂ ਨੇ ਲਿਖ ਦਿੱਤਾ ਕਿ ‘ਲੀਲ੍ਹਾ’ ਇੱਕ ਬੜੀ ਹੀ ਮਹੱਤਵ-ਪੂਰਨ ਪੁਸਤਕ ਹੈ। ਇਹ ਪਿਛਲੀ ਸਦੀ ਦੀਆਂ ਮਹੱਤਵ-ਪੂਰਨ ਪੁਸਤਕਾਂ ਵਿੱਚ ਸ਼ਾਮਿਲ ਕੀਤੀ ਜਾਵੇਗੀ। ਹਰਿੰਦਰ ਮਹਿਬੂਬ ਨੇ ਕਹਿ ਦਿੱਤਾ ਬਈ ... ਵਰਡਜ਼ਵਰਥ ਅਤੇ ਕੌਲਿਰਿਜ ਨੇ ਜਿਸ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਉਸ ਪੱਧਰ ਦੀਆਂ ਇਹ ਕਵਿਤਾਵਾਂ ਹਨ ‘ਲੀਲ੍ਹਾ’ ਵਿੱਚ ... ਸੁਆਲ ਪੈਦਾ ਹੁੰਦਾ ਹੈ ਕਿ ਅੱਜ ਅਸੀਂ 2009 ਵਿੱਚ ਰਹਿ ਰਹੇ ਹਾਂ। ਅੱਜ ਅਸੀਂ ਵਰਡਜ਼ਵਰਥ ਅਤੇ ਕੌਲਰਿਜ ਦੇ ਸਮੇਂ ਵਿੱਚ ਨਹੀਂ ਰਹਿ ਰਹੇ। ਕੈਨੇਡਾ ਦਾ ਕੋਈ ਕਵੀ ਜੇਕਰ ਅੱਜ ਤੋਂ ਤਿੰਨ ਸੌ ਸਾਲ ਪੁਰਾਣੀ ਕਵਿਤਾ ਦੀ ਤਰ੍ਹਾਂ ਦੀਆਂ ਹੀ ਲਿਖਤਾਂ ਰਚ ਰਿਹਾ ਹੈ ਤਾਂ ਉਨ੍ਹਾਂ ਦੀ ਪੱਧਰ ਕੀ ਹੈ? ਉੱਥੋਂ ਇਹ ਗੱਲ ਉੱਭਰਦੀ ਹੈ ਕਿ ਅਜਿਹੇ ਲੇਖਕਾਂ ਨੂੰ ਇਨਾਮਾਂ ਲਈ ਜਿਹੜੇ ਆਲੋਚਕ ਵੀ ਨਾਮਜ਼ਦ ਕਰਦੇ ਹਨ, ਉਹ ਕੀ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਦੇ ਵੀ ਹਨ ਜਾਂ ਕਿ ਬਿਨਾਂ ਪੜ੍ਹੇ ਹੀ ਉਹ ਸਿਫਾਰਸ਼ ਕਰ ਦਿੰਦੇ ਹਨ? ਇਹ ਸਾਡਾ ਯਾਰ ਹੈ ਅਤੇ ਇਸ ਨੂੰ ਇਨਾਮ ਦੇ ਦਿੱਤਾ ਜਾਵੇ ... ਮੋਮੀ ਸਾਹਿਬ, ਇਨਾਮਾਂ ਦੀ ਵੰਡ ਕਰਨ ਵਾਲਿਆਂ ਦੀ ਜਦੋਂ ਤੁਸੀਂ ਗੱਲ ਛੇੜੀ ਹੈ ਤਾਂ ਤੁਸੀਂ ਦੇਖੋ ਕਿ 2008 ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਇਨਾਮਾਂ ਦੀ ਵੰਡ ਕਰਨ ਵੇਲੇ ਜਿਹੜੀ ਕੜ੍ਹੀ ਘੋਲੀ ਗਈ ਸੀ ਉਸ ਨਾਲ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਵਰਗੇ ਨਾਮਵਰ ਪੰਜਾਬੀ ਲੇਖਕ ਵੀ ਆਪਣੀ ਵਰ੍ਹਿਆਂ ਦੀ ਬਣੀ ਇੱਜ਼ਤ ਮਿੱਟੀ ਵਿੱਚ ਰੋਲ ਬੈਠੇ ... ਇਨ੍ਹਾਂ ਦੋ ਵੱਡੇ ਲੇਖਕਾਂ ਦੇ ਨਾਲ ਨਾਲ ਸ਼ਾਇਦ 12 ਹੋਰ ਲੇਖਕਾਂ ਨੇ ਜਿਹੜੇ ਕਿ ਇਨਾਮ ਦੇਣ ਵਾਲੀ ਕਮੇਟੀ ਦੇ ਮੈਂਬਰ ਸਨ ਆਪ ਹੀ ਇਨਾਮ ਲੈ ਕੇ ਆਪਣੀਆਂ ਜੇਬ੍ਹਾਂ ਵਿੱਚ ਪਾ ਲਏ। ਪੰਜਾਬੀ ਲੇਖਕਾਂ ਲਈ ਇਸ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਨਾਮ ਲੈਣ ਲਈ ਸਾਡੇ ਵੱਡੇ ਤੋਂ ਵੱਡੇ ਲੇਖਕ ਵੀ ਇਸ ਤਰ੍ਹਾਂ ਮੂੰਹਾਂ ’ਚੋਂ ਰਾਲ ਡੇਗਦੇ ਹਨ ਅਤੇ ਇਸ ਤਰ੍ਹਾਂ ਆਪਣੀ ਵਰ੍ਹਿਆਂ ਤੋਂ ਬਣੀ ਹੋਈ ਇੱਜ਼ਤ ਮਿੱਟੀ ਵਿੱਚ ਰੋਲ ਲੈਂਦੇ ਹਨ ... ਦੁਨੀਆਂ ਭਰ ਦੇ ਪੰਜਾਬੀ ਮੀਡੀਆ ਨੇ ਪੰਜਾਬੀ ਦੇ ਇਨ੍ਹਾਂ ਆਖੌਤੀ ਮਹਾਨ ਲੇਖਕਾਂ ਦੀ ਉਹ ਬੇਇਜ਼ਤੀ ਕੀਤੀ ... ਪਰ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਈ ...

? ਸੁਖਿੰਦਰ ਜੀ, ਤੁਸੀਂ ਬਗ਼ੈਰ ਕਿਸੇ ਗਰੁੱਪ ਵਿੱਚ ਰਲੇ ਆਪਣੀ ਸਾਰੀ ਉਮਰ ਦਾ ਸਾਹਿਤਕ ਸਫ਼ਰ ਜਾਰੀ ਰੱਖਿਆ ਹੈ। ਫਿਰ ਤੁਸੀਂ ਜਿਨ੍ਹਾਂ ਲੇਖਕਾਂ ਨਾਲ ਇਕੱਠੇ ਰਹੇ ਹੋ ਉਨ੍ਹਾਂ ਨੂੰ ਤੁਸੀਂ ਚੰਗਾ ਵੀ ਨਹੀਂ ਸਮਝਦੇ। ਲੇਖਕ ਵੀ ਤਾਂ ਅਕਸਰ ਇਨਸਾਨ ਹਨ - ਕਸਟਮਮੇਡ ਤਾਂ ਹੁੰਦੇ ਨਹੀਂ। ਜੇਕਰ ਲੋਕ ਤੁਹਾਡੇ ਨਾਲ ਨਹੀਂ ਹਨ - ਤੁਸੀਂ ਜੇਕਰ ਇਕੱਲੇ ਹੀ ਹੋ ਅਤੇ ਜੇਕਰ ਤੁਸੀਂ ਸਮਝਦੇ ਹੋ ਕਿ ਮੈਂ ਇਕੱਲਾ ਹੀ ਠੀਕ ਹਾਂ ਤਾਂ ਇੱਕ ਦਿਨ ਤੁਸੀਂ ਵੀ ਇਸ ਦੁਨੀਆਂ ਤੋਂ ਤੁਰ ਜਾਣਾ ਹੈ। ਫਿਰ ਉਸ ਸਮੇਂ ਤੁਹਾਨੂੰ ਅਲਵਿਦਾ ਕੌਣ ਕਹੇਗਾ? ਕਦੀ ਅਜਿਹੀ ਸੋਚ ਵੀ ਤੁਹਾਡੇ ਮਨ ਵਿੱਚ ਆਈ ਹੈ?

: ਮੋਮੀ ਸਾਹਿਬ, ਤੁਸੀਂ ਇਸ ਸੁਆਲ ਵਿੱਚ ਕਈ ਸੁਆਲ ਇਕੱਠੇ ਕੀਤੇ ਹਨ। ਭਾਵੇਂ ਕਈ ਸੁਆਲ ਆਪਸ ਵਿੱਚ ਮਿਲਦੇ ਜੁਲਦੇ ਵੀ ਹਨ। ਕਈ ਸੁਆਲ ਮਿਲਦੇ ਜੁਲਦੇ ਨਹੀਂ ਵੀ। ਸਾਰੇ ਹੀ ਸੁਆਲਾਂ ਦਾ ਜੁਆਬ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ ... ਮੋਮੀ ਸਾਹਿਬ, ਮੈਂ ਕਦੀ ਧੜੇਬੰਦੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ... ਕਦੀ ਵੀ ਕਿਸੇ ਧੜੇਬੰਦੀ ਜਾਂ ਗਰੁੱਪਬੰਦੀ ਵਿੱਚ ਮੈਂ ਸ਼ਾਮਿਲ ਨਹੀਂ ਹੋਇਆ। ਮੈਂ ਚੰਗੀ ਲਿਖਤ ਵਿੱਚ ਵਿਸ਼ਵਾਸ਼ ਕਰਦਾ ਹਾਂ ... ਇੱਕ ਚੰਗੀ ਲਿਖਤ ਲਿਖਣ ਵਾਲਾ ਲੇਖਕ ਭਾਵੇਂ ਕਿਸੇ ਧੜੇ, ਕਿਸੇ ਗਰੁੱਪ, ਕਿਸੇ ਪਾਰਟੀ ਨਾਲ ਵੀ ਸਬੰਧਤ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ - ਜੇਕਰ ਉਹ ਚੰਗੀ ਲਿਖਤ ਲਿਖ ਰਿਹਾ ਤਾਂ ਮੈਂ ਉਸਦੀ ਲਿਖਤ ਜ਼ਰੂਰ ਪੜ੍ਹਾਂਗਾ ... ਮੈਂ ਉਸਨੂੰ ਜ਼ਰੂਰ ਸਵੀਕਾਰਾਂਗਾ। ਮੈਂ ਕਦੀ ਨਹੀਂ ਦੇਖਿਆ ਕਿ ਉਹ ਕਿਸ ਧੜੇ ਜਾਂ ਕਿਸ ਗਰੁੱਪ ਨਾਲ ਸਬੰਧਤ ਹੈ - ਮੈਂ ਸਿਰਫ ਉਸਦੀ ਲਿਖਤ ਪੜ੍ਹਦਾ ਹਾਂ ... ਦੂਜੀ ਗੱਲ ਇਹ ਹੈ ਕਿ ਮੈਂ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਲੇਖਕ ਹਾਂ - ਤਰੱਕੀਪਸੰਦ ਕਦਰਾਂ-ਕੀਮਤਾਂ ਵਾਲੇ ਜਿਹੜੇ ਲੋਕ ਹਨ, ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ। ਉਸਨੂੰ ਤੁਸੀਂ ਕੋਈ ਧੜਾ ਨਹੀਂ ਕਹਿ ਸਕਦੇ - ਗਰੁੱਪ ਨਹੀਂ ਕਹਿ ਸਕਦੇ - ਜਿਸ ਨੂੰ ਇੱਕ ਲਹਿਰ ਕਹਿ ਸਕਦੇ ਹੋ ਕਿ ਜਿਹੜੇ ਵੀ ਚੰਗੀ ਸੋਚ ਦੇ ਬੰਦੇ ਹਨ - ਉਹ ਇਕੱਠੇ ਹੋ ਕੇ ਇੱਕ ਮੰਚ ਉੱਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਦੇ ਮੈਂ ਆਪ ਵੀ ਪ੍ਰੋਗਰਾਮ ਆਯੋਜਿਤ ਕਰਦਾ ਰਿਹਾ ਹਾਂ ਕੈਨੇਡਾ ਵਿੱਚ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਨਾਲ ਲੋਕ ਨਹੀਂ ਸਨ। ਅੱਜ ਤੱਕ ਵੀ ਮੇਰੇ ਨਾਲ ਬੜੇ ਲੋਕ ਖੜ੍ਹੇ ਹਨ - ਤਰੱਕੀਪਸੰਦ ਵਿਚਾਰਾਂ ਵਾਲੇ। ਤੁਹਾਨੂੰ ਪਤਾ ਹੈ ਕਿ ਮੈਂ 1989 ਵਿੱਚ ਕੈਨੇਡਾ ਦਾ ਸਾਹਿਤਕ ਮੈਗਜ਼ੀਨ ‘ਸੰਵਾਦ’ ਸ਼ੁਰੂ ਕੀਤਾ ਸੀ ਅਤੇ ਅੱਜ ਤੱਕ ਵੀ ਅਸੀਂ ਉਹ ਮੈਗਜ਼ੀਨ ਪ੍ਰਕਾਸ਼ਤ ਕਰ ਰਹੇ ਹਾਂ। ਕੈਨੇਡਾ ਵਿੱਚ ਅਜਿਹਾ ਹੋਰ ਕੋਈ ਪੰਜਾਬੀ ਮੈਗਜ਼ੀਨ ਨਹੀਂ ਜੋ ਇੰਨੇ ਲੰਬੇ ਸਮੇਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੋਵੇ। ਤੁਹਾਨੂੰ ਪਤਾ ਹੈ ਕਿ ਅਸੀਂ ਆਦਾਰਾ ‘ਸੰਵਾਦ’ ਵੱਲੋਂ ਸਮੇਂ ਸਮੇਂ ‘ਸੰਵਾਦ’ ਨਾਲ ਸਬੰਧਤ ਅਨੇਕਾਂ ਵੱਖੋ, ਵੱਖ ਵਿਸ਼ਿਆਂ ਉੱਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨ। ਵੱਡੇ ਵੱਡੇ ਸਾਹਿਤਕ/ਸਭਿਆਚਾਰਕ ਸਮਾਗਮ ਵੀ ਆਯੋਜਿਤ ਕੀਤੇ। ਅਸੀਂ ਕਲਚਰਲ ਪ੍ਰੋਗਰਾਮ ਵੀ ਕੀਤੇ ... ਅਸੀਂ ‘ਫਸਟ ਕੈਨੇਡੀਅਨ ਪੰਜਾਬੀ ਥੀਏਟਰ ਫੈਸਟੀਵਲ ਐਂਡ ਕਾਨਫਰੰਸ’ ਵੀ ਆਯੋਜਿਤ ਕੀਤੀ ... ਅੱਜ ਤੱਕ ਇੰਨੇ ਸਾਲਾਂ ਬਾਅਦ ਵੀ ... 15/16 ਸਾਲਾਂ ਬਾਅਦ ਵੀ ...ਕੈਨੇਡਾ ਵਿੱਚ ਕੋਈ ਸੰਸਥਾ ਦੂਜਾ ਕੈਨੇਡੀਅਨ ਪੰਜਾਬੀ ਥੀਏਟਰ ਫੈਸਟੀਵਲ ਅਤੇ ਕਾਨਫਰੰਸ ਆਯੋਜਿਤ ਨਹੀਂ ਕਰ ਸਕੀ ... ਇਸ ਪੱਧਰ ਉੱਤੇ ਅਸੀਂ ਜਦੋਂ ਕੰਮ ਕੀਤਾ ਤਾਂ ਅਲਬਰਟਾ ਤੋਂ ਡਰਾਮਾ ਖੇਡਣ ਲਈ ਟੀਮ ਆਈ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਓਨਟਾਰੀਓ ਅਤੇ ਅਲਬਰਟਾ ਤੋਂ ਰੰਗ-ਕਰਮੀ ਕੈਨੇਡਾ ਦੇ ਰੰਗਮੰਚ ਬਾਰੇ ਆਪਣੇ ਖੋਜ-ਪੱਤਰ ਪੇਸ਼ ਕਰਨ ਲਈ ਕਾਨਫਰੰਸ ਵਿੱਚ ਪਹੁੰਚੇ ... ਉਸ ਪੱਧਰ ਦਾ ਕੰਮ ਕੈਨੇਡਾ ਵਿੱਚ ਅੱਜ ਤੱਕ ਹੋਰ ਕਿਸੇ ਸੰਸਥਾ ਵੱਲੋਂ ਨਹੀਂ ਕੀਤਾ ਜਾ ਸਕਿਆ। ਅਸੀਂ 1989 ਤੋਂ ਲੈ ਕੇ ਹੁਣ ਤੱਕ ਹਰ ਸਾਲ 23 ਮਾਰਚ ਦੇ ਦਿਨ ਹਿੰਦੁਸਤਾਨ ਦੇ ਮਹਾਨ ਕ੍ਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿੱਚ ‘ਸੰਵਾਦ’ ਦਾ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਦੇ ਹਾਂ ... ਅਸੀਂ ਕਿੰਨੇ ਹੀ ਵਰ੍ਹੇ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਪਾਸ਼ ਦੀ ਯਾਦ ਵਿੱਚ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ‘ਸੰਵਾਦ’ ਦਾ ਇਕੱਠਾ ਅੰਕ ਵੀ ਕੱਢਦੇ ਰਹੇ ਹਾਂ। ਉਸ ਵਿਸ਼ੇਸ਼ ਅੰਕ ਨੂੰ ਰੀਲੀਜ਼ ਕਰਨ ਵੇਲੇ ਅਸੀਂ ‘ਸਾਹਿਤਕ-ਸਭਿਆਚਾਰਕ ਸਮਾਗਮ’ ਵੀ ਆਯੋਜਿਤ ਕਰਦੇ ਹੁੰਦੇ ਸਾਂ - ਜਿਸ ਵਿੱਚ ਓਨਟਾਰੀਓ ਦੇ ਜਿੰਨੇ ਵੀ ਨਾਮਵਰ ਲੇਖਕ ਸਨ ਸਾਰੇ ਹੀ ਹਿੱਸਾ ਲੈਂਦੇ ਹੁੰਦੇ ਸਨ - ਚਾਹੇ ਉਹ ਕਿਸੀ ਵੀ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਕਿਉਂ ਨਾ ਹੋਣ - ਚਾਹੇ ਉਹ ਸੀਪੀਆਈ, ਸੀਪੀਐਮ ਨਾਲ ਜੁੜੇ ਹੋਣ, ਨਕਸਲਵਾੜੀ ਗਰੁੱਪ ਨਾਲ ਜੁੜੇ ਹੋਣ ਜਾਂ ਕਿਸੀ ਵੀ ਹੋਰ ਪਾਰਟੀ ਨਾਲ - ਜੇਕਰ ਉਹ ਤਰੱਕੀਪਸੰਦ ਕਦਰਾਂ-ਕੀਮਤਾਂ ਦੀ ਗੱਲ ਕਰਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਉਸ ਸਮਾਗਮ ਵਿੱਚ ਗੱਲ ਕਰਨ ਦਾ ਮੌਕਾ ਦਿੰਦੇ ਸਾਂ ... ਨਜ਼ਮ ਪੜ੍ਹਣ ਦਾ ਮੌਕਾ ਦਿੰਦੇ ਸਾਂ ... ‘ਵਿਸ਼ੇਸ਼ ਅੰਕ’ ਵਿੱਚ ਸਾਨੂੰ ਹਿੰਦੁਸਤਾਨ ਤੋਂ ਵੀ ਬੜੇ ਵਧੀਆ ਆਰਟੀਕਲ ਆਉਂਦੇ ਸਨ ਅਤੇ ਹੋਰਨਾਂ ਅਨੇਕਾਂ ਦੇਸ਼ਾਂ ਤੋਂ ਵੀ ... ਵੱਖੋ ਵੱਖ ਯੂਨੀਵਰਸਿਟੀਆਂ ਤੋਂ ਆਉਂਦੇ ਰਹੇ ... ਇੰਗਲੈਂਡ ਤੋਂ ਆਉਂਦੇ ਰਹੇ ... ਕੈਨੇਡਾ ਤੋਂ ਆਉਂਦੇ ਰਹੇ ... ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਇਸਦਾ ਇਹ ਭਾਵ ਨਹੀਂ ਕਿ ਮੇਰੇ ਨਾਲ ਲੋਕ ਜੁੜੇ ਨਹੀਂ ਹੋਏ ਸਨ ... ਮੈਂ ਧੜੇਬੰਦੀਆਂ ਵਿੱਚ ਨਹੀਂ ਆਉਂਦਾ ... ਮੈਂ ਕੋਈ ਦਿਖਾਵਾ ਨਹੀਂ ਕਰਦਾ ਕਿ ਮੇਰੇ ਨਾਲ ਲੋਕ ਖੜ੍ਹੇ ਹਨ ... ਕਿ ਮੇਰਾ ਕੋਈ ਧੜਾ ਹੈ ... ਮੈਂ ਧੜੇਬੰਦੀਆਂ ਵਾਲੀ ਵਿਚਾਰਧਾਰਾ ਵਿੱਚ ਯਕੀਨ ਹੀ ਨਹੀਂ ਕਰਦਾ ... ਜਿਹੜਾ ਵੀ ਕੋਈ ਤਰੱਕੀ-ਪਸੰਦ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ ਮੈਂ ਉਸਦੇ ਨਾਲ ਹਾਂ ... ਤੁਸੀਂ ਇੱਕ ਹੋਰ ਸੁਆਲ ਉਠਾਇਆ ਹੈ - ਉਨ੍ਹਾਂ ਲੇਖਕਾਂ ਬਾਰੇ ਜੋ ਕਦੀ ਮੇਰੇ ਨਾਲ ਤੁਰੇ ਪਰ ਬਾਅਦ ਵਿੱਚ ਮੇਰੇ ਤੋਂ ਅਲੱਗ ਹੋ ਗਏ ... ਮੋਮੀ ਸਾਹਿਬ, ਮੈਂ ਕਹਿਣਾ ਚਾਹਾਂਗਾ ਕਿ ਜਦੋਂ ਤੁਸੀਂ ਇੱਕ ਲੰਬਾ ਸਮਾਂ ਕਿਸੀ ਖੇਤਰ ਵਿੱਚ ਕੰਮ ਕਰਦੇ ਹੋ ਜਿਵੇਂ ਕਿ ਮੈਂ ਕੈਨੇਡਾ ਵਿੱਚ ਕੀਤਾ ... ਭਾਵੇਂ ਕਿ ਜਦੋਂ ਮੈਂ ਇੰਡੀਆ ਵਿੱਚ ਸੀ ਮੈਂ ਉਦੋਂ ਹੀ ਲੇਖਕ ਦੇ ਤੌਰ ਉੱਤੇ ਕੰਮ ਕਰ ਰਿਹਾ ਸੀ - ਮੇਰੀਆਂ ਕਿਤਾਬਾਂ 1971 ਤੋਂ ਪ੍ਰਕਾਸ਼ਿਤ ਹੋਣੀਆ ਸ਼ੁਰੂ ਹੋ ਗਈਆਂ ਸਨ ਅਤੇ ਕੈਨੇਡਾ ਵਿੱਚ ਮੈਂ 1975 ਤੋਂ ਇੱਕ ਲੇਖਕ ਦੇ ਤੌਰ ਉੱਤੇ ਸਰਗਰਮ ਹਾਂ। ਏਨਾ ਲੰਬਾ ਸਮਾਂ ਜਦੋਂ ਤੁਸੀਂ ਕਿਸੀ ਖੇਤਰ ਨਾਲ ਜੁੜੇ ਰਹਿੰਦੇ ਹੋ ਤਾਂ ਕੁਝ ਲੋਕ ਤੁਹਾਡੇ ਨਾਲ ਜੁੜਦੇ ਹਨ - ਅਤੇ ਕੁਝ ਅਲੱਗ ਹੋ ਜਾਂਦੇ ਹਨ। ਇਹ ਸਿਲਸਿਲਾ ਇੰਜ ਨਿਰੰਤਰ ਜਾਰੀ ਰਹਿੰਦਾ ਹੈ ... ਕਈ ਵੇਰੀ ਕੀ ਹੁੰਦਾ ਹੈ ਕਿ ਜ਼ਿੰਦਗੀ ਦੀ ਦੌੜ ਵਿੱਚ, ਰਾਜਨੀਤੀ, ਸਮਾਜਿਕ ਕਦਰਾਂ-ਕੀਮਤਾਂ ਪਲ-ਪਲ ਬਦਲ ਰਹੀਆਂ ਹਨ - ਉਨ੍ਹਾਂ ਕਾਰਨਾਂ ਕਰਕੇ ਕਈ ਵੇਰੀ ਤੁਹਾਡੇ ਆਪਣੇ ਸਾਥੀਆਂ ਨਾਲ ਵੀ ਮਤਭੇਦ ਹੋ ਜਾਂਦੇ ਹਨ। ਉੱਥੇ ਤੁਹਾਡੇ ਵੱਖਰੇਵੇਂ ਹੋ ਜਾਂਦੇ ਹਨ ... ਮੇਰੇ ਜਿਹੜੇ ਕਰੀਬੀ ਸਾਥੀ ਸਨ ਜਿਨ੍ਹਾਂ ਵਿੱਚ ਸੁਰਿੰਦਰ ਧੰਜਲ - ਜੋ ਕਿ ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਦੀ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ... ਅਤੇ ਓਨਟਾਰੀਓ ਵਿੱਚ ਰਹਿ ਰਿਹਾ ਪੰਜਾਬੀ ਸ਼ਾਇਰ ਇਕਬਾਲ ਰਾਮੂਵਾਲੀਆ ਜੋ ਕਿ ਟੀਚਿੰਗ ਦੇ ਪਰੋਫੈਸ਼ਨ ਵਿੱਚ ਵੀ ਹੈ ... ਅਸੀਂ ਤਿੰਨ ਕੈਨੇਡੀਅਨ ਕਵੀਆਂ ਨੇ ਰਲ ਕੇ 1979 ਵਿੱਚ ‘ਤਿੰਨ ਕੋਣ’ ਨਾਮ ਦੀ ਇੱਕ ਸਾਂਝੀ ਕਿਤਾਬ ਪ੍ਰਕਾਸ਼ਿਤ ਕੀਤੀ ਸੀ ... ਜਿਸ ਪੁਸਤਕ ਦਾ ਬਹੁਤ ਜ਼ਿਆਦਾ ਚਰਚਾ ਹੋਇਆ ਸੀ। ਉਹ ਕਿਤਾਬ ਦਿੱਲੀ ਯੂਨੀਵਰਸਿਟੀ, ਦਿੱਲੀ, ਇੰਡੀਆ ਵਿੱਚ ਐਮ.ਏ. ਦੇ ਵਿਦਿਆਰਥੀਆਂ ਨੂੰ ਛੇ ਸਾਲ ਲੱਗੀ ਰਹੀ ਸੀ ... ਇਨ੍ਹਾਂ ਲੇਖਕਾਂ ਨਾਲ ਮੇਰੇ ਹੁਣ ਉਸ ਤਰ੍ਹਾਂ ਦੇ ਸਬੰਧ ਨਹੀਂ ਹਨ ਕਿ ਅਸੀਂ ਇਕੱਠੇ ਹੋ ਕੇ ਕੋਈ ਚੀਜ਼ ਪ੍ਰਕਾਸ਼ਿਤ ਕਰੀਏ ... ਸਮੇਂ ਦੇ ਬਦਲਣ ਨਾਲ ਕਦਰਾਂ-ਕੀਮਤਾਂ ਬਦਲ ਜਾਂਦੀਆਂ ਹਨ ... ਲੋਕਾਂ ਦੇ ਵਿਚਾਰ, ਉਨ੍ਹਾਂ ਦੀਆਂ ਦਿਲਚਸਪੀਆਂ ਬਦਲ ਜਾਂਦੀਆਂ ਹਨ। ਉਨ੍ਹਾਂ ਦੇ ਵੀ ਰੁਝੇਵੇਂ, ਉਨ੍ਹਾਂ ਦੀਆਂ ਦਿਲਚਸਪੀਆਂ ਬਦਲ ਗਈਆਂ - ਮੇਰੀਆਂ ਵੀ ਕੁਝ ਦਿਲਚਸਪੀਆਂ ਬਦਲ ਗਈਆਂ - ਸੋਚਣ ਦੇ ਕੁਝ ਢੰਗ ਵੀ ਬਦਲ ਗਏ ... ਆਪਣੇ ਆਪਣੇ ਤੌਰ ਉੱਤੇ ਅਸੀਂ ਜੀਅ ਰਹੇ ਹਾਂ ... ਪਰ ਸਾਡਾ ਇਸ ਤਰ੍ਹਾਂ ਦਾ ਕੋਈ ਆਪਸੀ ਵਿਰੋਧ ਨਹੀਂ ਕਿ ਅਸੀਂ ਇੱਕ ਦੂਜੇ ਉੱਤੇ ਕੋਈ ਹਿੰਸਾਤਮਕ ਹਮਲਾ ਕਰੀਏ ... ਇਹੋ ਜਿਹੀ ਕੋਈ ਗੱਲ ਨਹੀਂ ... ਅਸੀਂ ਆਪਣੇ ਆਪਣੇ ਤੌਰ ਉੱਤੇ ਸਾਹਿਤਕ ਖੇਤਰ ਵਿੱਚ ਕੰਮ ਕਰ ਰਹੇ ਹਾਂ ... ਜਿਸ ਤਰ੍ਹਾਂ ਦਾ ਵੀ ਉਹ ਲੋਕ ਸਾਹਿਤਕ ਕੰਮ ਕਰ ਰਹੇ ਹਨ - ਮੇਰੀਆਂ ਉਨ੍ਹਾਂ ਲਈ ਵੀ ਸ਼ੁਭ ਇਛਾਵਾਂ ਹਨ ...

? ਮੇਰਾ ਆਖਰੀ ਸੁਆਲ ਰਹਿ ਗਿਆ ਕਿ ਤੁਸੀਂ ਇਕੱਲੇ ਹੀ ਹੋ। ਆਖਰੀ ਸਮੇਂ ਤੁਹਾਡੇ ਨਾਲ ਕੌਣ ਤੁਰੇਗਾ?

: ਮੋਮੀ ਸਾਹਿਬ, ਇਸ ਸੁਆਲ ਬਾਰੇ ਮੈਂ ਕਦੀ ਬਹੁਤੀ ਚਿੰਤਾ ਨਹੀਂ ਕਰਦਾ। ਜਦੋਂ ਕਿਸੀ ਨੇ ਜਾਣਾ, ਉਸਨੇ ਤੁਰ ਜਾਣਾ, ਉਸ ਗੱਲ ਦੀ ਫਿਕਰ ਕਰਨ ਦੀ ਕੀ ਲੋੜ ਹੈ ... ਇਕੱਲੇ ਹੀ ਆਏ ਸੀ ... ਜੇਕਰ ਇਕੱਲੇ ਹੀ ਤੁਰ ਗਏ ਤਾਂ ਉਸ ਨਾਲ ਕੀ ਫਰਕ ਪਿਆ ... ਇਸ ਗੱਲ ਦੀ ਮੇਰੇ ਲਈ ਕੋਈ ਖਾਸ ਮਹੱਤਤਾ ਨਹੀਂ ... ਹੈਮਿੰਗਵੇ ਦੇ ਨਾਵਲ ‘ਬੁੱਢਾ ਆਦਮੀ ਅਤੇ ਸਮੁੰਦਰ’ ਦੇ ਹੀਰੋ ਵਾਂਗੂੰ ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਜਿਹੜਾ ਜ਼ਿੰਦਗੀ ਦਾ ਕਾਰ ਵਿਹਾਰ ਕਰਨਾ ਹੈ ਉਸ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਦਾ ਹੀ ਜੂਝਦੇ ਰਹੋ - ਸੰਘਰਸ਼ ਕਰਦੇ ਰਹੋ ... ਤੁਸੀਂ ਜ਼ਿੰਦਗੀ ਵਿੱਚ ਕਦੀ ਵੀ ਹਾਰ ਨਾ ਮੰਨੋ - ਇਸ ਤੋਂ ਵੱਧ ਫਿਕਰ ਕਰਨ ਦੀ ਕੋਈ ਲੋੜ ਨਹੀਂ।
..............