Saturday, June 12, 2010

ਮੇਰੀ ਕੈਨੇਡਾ ਫ਼ੇਰੀ -ਸ਼ਿਵਚਰਨ ਜੱਗੀ ਕੁੱਸਾ

ਮੇਰੀ ਕੈਨੇਡਾ ਫ਼ੇਰੀ


ਸ਼ਿਵਚਰਨ ਜੱਗੀ ਕੁੱਸਾ
       ਸਿਆਣਿਆਂ ਨੇ ਸੱਚ ਹੀ ਆਖਿਆ ਹੈ, "ਦਾਣਾ ਪਾਣੀ ਖਿੱਚ ਕੇ ਲਿਆਉਂਦਾ - ਕੌਣ ਕਿਸੇ ਦਾ ਖਾਂਦਾ ਈ ਉਏ..!" ਮਰਹੂਮ ਮੁਹੰਮਦ ਰਫ਼ੀ ਜੀ ਦਾ ਇਹ ਗੀਤ ਬਹੁਤ ਵਾਰ ਮੇਰੇ ਜਿ਼ਹਨ ਵਿਚ ਵੱਜਦਾ ਹੈ। ਆਪਣੇ ਨਾਵਲਾਂ ਦੇ ਪ੍ਰਸ਼ੰਸਕਾਂ ਦੇ ਸਿਰ 'ਤੇ ਮੈਂ 'ਮੁਫ਼ਤੋ-ਮੁਫ਼ਤੀ' ਵਿਚ ਅੱਧਾ ਸੰਸਾਰ ਗਾਹ ਚੁੱਕਿਆ ਹਾਂ। ਪਰ ਹੁਣ ਚਾਰ ਸਾਲ ਤੋਂ ਘੇਸਲ਼ ਜਿਹੀ ਵੱਟੀ ਬੈਠਾ ਸੀ। ਕਿਸੇ ਪਾਸੇ ਵੀ ਜਾਣ ਦਾ ਮਨ ਨਹੀਂ ਸੀ। ਪਿਛਲੇ ਸਾਲ ਬਾਪੂ ਜੀ ਦੀ ਬਰਸੀ ਕਾਰਨ ਇੰਡੀਆ ਜ਼ਰੂਰ ਜਾਣਾ ਪਿਆ ਸੀ। ਕਿਉਂਕਿ ਸਾਲ ਤੋਂ ਪਹਿਲਾਂ ਅਤੇ ਨੌਂ ਮਹੀਨਿਆਂ ਤੋਂ ਬਾਅਦ ਭੈਣਾਂ ਨੇ ਬਾਪੂ ਜੀ ਨਮਿੱਤ ਸ਼੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦੀ ਹਦਾਇਤ ਜਿਹੀ ਕੀਤੀ ਹੋਈ ਸੀ। ਉਸ ਤੋਂ ਪਹਿਲਾਂ 'ਮੀਡੀਆ ਪੰਜਾਬ' ਵਾਲ਼ੇ ਬਲਦੇਵ ਸਿੰਘ ਬਾਜਵਾ ਨੇ 'ਧੱਕੇ' ਜਿਹੇ ਨਾਲ਼ ਦੋ ਦਿਨ ਲਈ ਜਰਮਨ ਜ਼ਰੂਰ ਸੱਦ ਲਿਆ ਸੀ। ਸ. ਬਾਜਵਾ ਨੇ ਜਹਾਜ ਦੀ ਟਿਕਟ ਈਮੇਲ ਕਰ ਕੇ ਫ਼ੋਨ ਕੀਤਾ ਸੀ, "ਤੇਰੀ ਜਰਮਨ ਦੀ ਟਿਕਟ ਭੇਜ ਦਿੱਤੀ ਹੈ ਬਾਈ - ਹੁਣ ਆਉਣਾ ਜਾਂ ਨਾ ਆਉਣਾ ਤੇਰਾ ਕੰਮ ਹੈ..!" ਉਸ ਦੀ ਬੇਪ੍ਰਵਾਹੀ ਜਿਹੀ ਨਾਲ਼ ਭੇਜੀ ਟਿਕਟ ਕਾਰਨ ਇਕ ਤਰ੍ਹਾਂ ਨਾਲ਼ ਜਰਮਨ ਜਾਣ ਦਾ ਮੇਰਾ 'ਫ਼ਰਜ਼' ਜਿਹਾ ਬਣ ਗਿਆ ਸੀ। ਕਿਉਂਕਿ ਮੈਂ ਬਾਜਵਾ ਜੀ ਨੂੰ ਕਈ ਵਾਰ 'ਨਾਂਹ-ਨੁੱਕਰ' ਕਰ ਚੁੱਕਾ ਸੀ।
          ਅਸਲ ਵਿਚ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕਈ ਵਾਰ ਬਣਾਇਆ ਅਤੇ ਕਈ ਵਾਰ ਢਾਹਿਆ। 'ਹਮਦਰਦ ਵੀਕਲੀ' ਅਤੇ 'ਕੌਮਾਂਤਰੀ ਪ੍ਰਦੇਸੀ' ਦੇ ਮੁੱਖ ਸੰਪਾਦਕ ਬਾਈ ਅਮਰ ਸਿੰਘ ਭੁੱਲਰ ਨਾਲ਼ ਕਈ ਵਾਰ ਸਕੀਮ ਬਣੀ। ਪਰ ਜਾਂ ਤਾਂ ਭੁੱਲਰ ਸਾਹਿਬ ਕੋਲ਼ ਸਮਾਂ ਨਹੀਂ ਸੀ ਹੁੰਦਾ ਅਤੇ ਜਾਂ ਕਦੇ ਮੇਰਾ ਸਮੇਂ ਵੱਲੋਂ ਹੱਥ ਤੰਗ ਹੁੰਦਾ। ਕੈਨੇਡਾ ਜਾਣ ਦਾ ਪ੍ਰੋਗਰਾਮ ਪਿੱਛੇ ਹੀ ਪਿੱਛੇ ਪੈਂਦਾ ਗਿਆ। ਪਹਿਲਾਂ ਫ਼ਰਵਰੀ ਅਤੇ ਫਿ਼ਰ ਮਾਰਚ 2010 ਲੰਘ ਗਈ। ਪ੍ਰੋਗਰਾਮ ਨਾ ਬਣ ਸਕਿਆ।
        ਇਸ ਵਾਰ ਸਰੀ ਤੋਂ ਨਿਕਲ਼ਦੇ ਹਫ਼ਤਾਵਰ ਪੇਪਰ 'ਪੰਜਾਬ ਗਾਰਡੀਅਨ' ਦੇ ਮੁੱਖ ਸੰਪਾਦਕ ਬਾਈ ਹਰਕੀਰਤ ਸਿੰਘ ਕੁਲਾਰ ਦਾ ਫ਼ੋਨ ਆ ਗਿਆ, "ਬਾਈ ਜੀ, ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਮਨਾ ਰਹੇ ਹਾਂ, ਤੁਸੀਂ ਵੈਨਕੂਵਰ ਜ਼ਰੂਰ ਆਓ..!" ਮੈਂ ਉਹੀ, ਸਮਾਂ ਨਾ ਹੋਣ ਦੀ ਮਜਬੂਰੀ ਜ਼ਾਹਿਰ ਕਰ ਦਿੱਤੀ ਅਤੇ ਮੁਆਫ਼ੀ ਮੰਗ ਲਈ। ਤਿੰਨ ਕੁ ਦਿਨਾਂ ਬਾਅਦ ਬਾਈ ਹਰਕੀਰਤ ਦਾ ਫਿ਼ਰ ਫ਼ੋਨ ਆ ਗਿਆ, "ਬਾਈ ਜੀ, ਤੁਸੀਂ ਜ਼ਰੂਰ ਆਓ..! ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ ਸ. ਦਲਬਾਰਾ ਸਿੰਘ ਗਿੱਲ ਵੀ ਆ ਰਹੇ ਨੇ..!" ਪਰ ਮੇਰਾ ਘੋਰਡ਼ੂ ਸਿਰਫ਼ ਟਾਈਮ ਨਾ ਹੋਣ 'ਤੇ ਹੀ ਵੱਜ ਰਿਹਾ ਸੀ ਅਤੇ ਮੈਂ ਮਜਬੂਰੀਵੱਸ 'ਨਾਂਹ' ਹੀ ਕਰੀ ਜਾ ਰਿਹਾ ਸੀ। ਪਵਿੱਤਰ ਗੁਰਬਾਣੀ ਅਨੁਸਾਰ, ਜਦ ਤੁਹਾਡਾ ਮਨ ਪ੍ਰਦੇਸੀ ਹੋ ਜਾਵੇ ਤਾਂ ਸਾਰਾ ਦੇਸ਼ ਹੀ ਪਰਾਇਆ ਹੋ ਜਾਂਦਾ ਹੈ!
           ਉਸ ਤੋਂ ਅਗਲੇ ਦਿਨ 'ਸ਼ੇਰੇ ਪੰਜਾਬ ਰੇਡੀਓ' ਦੇ ਹੋਸਟ, ਹਰਜੀਤ ਸਿੰਘ ਗਿੱਲ ਦਾ ਫ਼ੋਨ ਆ ਗਿਆ। ਹਰਜੀਤ ਗਿੱਲ ਹਰ ਬੁੱਧਵਾਰ ਨੂੰ ਸ਼ੇਰੇ ਪੰਜਾਬ ਰੇਡੀਓ 'ਤੇ ਵੈਨਕੂਵਰ ਦੇ ਟਾਈਮ ਨਾਲ਼ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਇਕ ਵਜੇ ਤੱਕ ਮੇਰੀ ਕਹਾਣੀ ਜਾਂ ਵਿਅੰਗ ਪਡ਼੍ਹ ਕੇ ਸੁਣਾਉਂਦਾ ਹੈ। ਹਰਜੀਤ ਦੇ ਦੱਸਣ ਅਨੁਸਾਰ ਇਹ ਕਹਾਣੀ ਪਡ਼੍ਹ ਕੇ ਸੁਣਾਉਣ ਦਾ ਉਸ ਦਾ ਨਵਾਂ, ਪਹਿਲਾ ਅਤੇ ਸਫ਼ਲ ਤਜ਼ਰਬਾ ਸੀ। ਬਹੁਤ ਲੋਕਾਂ ਨੇ ਇਸ ਤਜ਼ਰਬੇ ਨੂੰ ਪਸੰਦ ਕੀਤਾ। ਜਦ ਹਰਜੀਤ ਗਿੱਲ ਨੇ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇਤਨਾਂ ਹੀ ਪੁੱਛਿਆ, "ਬਾਈ ਜੱਗੀ ਕੁੱਸਾ ਬੋਲਦੇ ਨੇ..?" ਹਰਜੀਤ ਦੀ ਅਵਾਜ਼ ਵਿਚ ਇਕ ਧਡ਼ੱਲੇਦਾਰ 'ਗਡ਼੍ਹਕਾ' ਹੈ! ਮੈਂ ਹਰਜੀਤ ਗਿੱਲ ਨੂੰ ਨਾ ਤਾਂ ਕਦੇ ਮਿਲਿ਼ਆ ਸੀ ਅਤੇ ਨਾਂ ਹੀ ਕਦੇ ਦੇਖਿਆ ਸੀ। ਵੈਸੇ ਫ਼ੋਨ 'ਤੇ ਗੱਲ ਜ਼ਰੂਰ ਹੋਈ ਸੀ। ਕਈ ਲੋਕਾਂ ਨਾਲ਼ ਤੁਸੀਂ 24-24 ਘੰਟੇ ਅਤੇ ਕਈ-ਕਈ ਸਾਲ ਵਿਚਰਦੇ ਹੋ, ਪਰ ਤੁਹਾਡੀ ਦਿਲੀ ਨੇਡ਼ਤਾ ਨਹੀਂ ਬਣਦੀ। ਪਰ ਕਈ ਰੱਬ ਦੇ ਬੰਦਿਆਂ ਨੂੰ ਤੁਸੀਂ ਕੁਝ ਪਲ ਹੀ ਮਿਲ਼ਦੇ ਹੋ ਅਤੇ ਤੁਸੀਂ ਜਿ਼ੰਦਗੀ ਭਰ ਲਈ ਉਹਨਾਂ ਦੇ ਹੀ ਬਣ ਕੇ ਰਹਿ ਜਾਂਦੇ ਹੋ! ਅਜਿਹਾ ਹੀ ਵਾਹ ਮੇਰਾ ਹਰਜੀਤ ਗਿੱਲ ਨਾਲ਼ ਸੀ। ਫ਼ੋਨ 'ਤੇ ਹੋਈ ਗੱਲ-ਬਾਤ ਕਾਰਨ ਹਰਜੀਤ ਗਿੱਲ ਇਕ ਤਰ੍ਹਾਂ ਨਾਲ਼ ਮੈਨੂੰ ਮੁੱਲ ਲਈ ਬੈਠਾ ਸੀ। ਉਸ ਦੀ ਗੱਲ ਉਲ਼ੱਦਣੀ ਮੇਰੇ ਵਾਸਤੇ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਸੀ। ਉਹ ਮੇਰਾ ਮਾਣ ਅਤੇ 'ਮੇਰ' ਹੀ ਐਨੀਂ ਕਰਦਾ ਹੈ ਕਿ ਅਗਰ ਹਰਜੀਤ ਮੈਨੂੰ ਸੂਲ਼ੀ ਚਡ਼੍ਹਨ ਲਈ ਆਖੇ, ਮੈਂ ਨਾਂਹ ਨਹੀਂ ਕਰ ਸਕਦਾ! ਉਸ ਨੇ ਮੈਨੂੰ ਕਈ ਵਾਰ ਫ਼ੋਨ 'ਤੇ ਵੀ ਕਿਹਾ ਸੀ, "ਬਾਈ ਜੀ, ਪੂਰੇ ਕੈਨੇਡਾ ਵਿਚ ਕੋਈ ਵੀ ਕੰਮ ਹੋਵੇ, ਆਪਣੇ ਨਿੱਕੇ ਬਾਈ ਨੂੰ ਯਾਦ ਕਰਿਓ...!" ਜਦ ਵੀ ਹਰਜੀਤ ਮੈਨੂੰ ਫ਼ੋਨ ਕਰਦਾ ਹੈ ਤਾਂ ਫ਼ੋਨ ਕੱਟਣ ਲੱਗਿਆ, "ਲਵ ਯੂ ਬਾਈ ਜੀ..!" ਜ਼ਰੂਰ ਆਖਦਾ ਹੈ! ਪਰ ਕਈ ਬੰਦਿਆਂ ਪ੍ਰਤੀ ਤੁਹਾਡੇ ਮਨ ਵਿਚ ਬਡ਼ਾ ਧਡ਼ੱਲੇਦਾਰ 'ਅਕਸ' ਬਣਿਆਂ ਹੁੰਦਾ ਹੈ। ਪਰ ਜਦੋਂ ਤੁਸੀਂ ਉਹਨਾਂ ਨੂੰ ਮਿਲ਼ਦੇ ਹੋ, ਤਾਂ ਸਾਰਾ ਮਾਣ-ਤਾਣ ਇਕ ਬਿਕਰਾਲ਼ ਰੂਡ਼ੀ ਵਾਂਗ ਢਹਿ-ਢੇਰੀ ਹੋ ਜਾਂਦੈ! ਕਿਉਂਕਿ ਉਹਨਾਂ ਦੀ ਅਸਲ ਅਸਲੀਅਤ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਅਤੇ "ਹੋਕਾ ਦੇ ਕੇ ਲਾਲੇ-ਭੋਲਿਆਂ ਦਾ ਤੇ ਕੱਢ ਦਿਖਾਇਆ ਚੱਕੀਰਾਹਾ" ਜਾਂ "ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ" ਵਾਲ਼ੀ ਗੱਲ ਬਣ ਜਾਂਦੀ ਹੈ! ਤੁਸੀਂ ਵਰ੍ਹਿਆਂ ਬੱਧੀ ਕਿਸੇ ਦਾ ਮਾਣ-ਤਾਣ ਦਿਲ ਵਿਚ ਵਸਾਈ ਆਉਂਦੇ ਹੋ। ਪਰ ਜਦ ਅਗਲਾ ਆਪਣਾ 'ਅਸਲੀ' ਰੂਪ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਨਿਰਾਸ਼ਤਾ ਦੇ ਨਾਲ਼-ਨਾਲ਼ ਦੁੱਖ ਉਸ ਤੋਂ ਵੀ ਵੱਧ ਹੁੰਦਾ ਹੈ, ਕਿ ਯਾਰ ਐਸ ਬੰਦੇ ਬਾਰੇ ਤਾਂ ਆਪਾਂ ਇਉਂ ਕਦੇ ਸੋਚਿਆ ਵੀ ਨਹੀਂ ਸੀ?


-"ਹਾਂ ਜੀ, ਮੈਂ ਜੱਗੀ ਕੁੱਸਾ ਈ ਬੋਲਦੈਂ..!"


-"ਬਾਈ ਜੀ ਸਤਿ ਸ੍ਰੀ ਅਕਾਲ..! ਮੈਂ ਸ਼ੇਰੇ ਪੰਜਾਬ ਰੇਡੀਓ ਵੈਨਕੂਵਰ ਵਾਲ਼ਾ ਹਰਜੀਤ ਗਿੱਲ..!" ਉਸ ਦੀ ਅਪਣੱਤ ਭਰੀ ਅਵਾਜ਼ ਵਿਚੋਂ ਮੈਨੂੰ ਦਿਲੀ ਨੇਡ਼ਤਾ ਦੀ ਮਹਿਕ ਆਈ।


-"ਹਾਂ ਗਿੱਲਾ..! ਕੀ ਹਾਲ ਐ...?" ਮੈਂ ਹਰਜੀਤ ਨੂੰ 'ਗਿੱਲਾ' ਕਰਕੇ ਹੀ ਸੰਬੋਧਨ ਹੁੰਦਾ ਹਾਂ।


-"ਬਾਈ ਜੀ, ਤੁਹਾਨੂੰ ਹਰਕੀਰਤ ਦਾ ਫ਼ੋਨ ਆਇਆ ਹੋਣੈਂ..? ਪੰਜਾਬ ਗਾਰਡੀਅਨ ਆਲ਼ੇ ਦਾ..?"


-"ਹਾਂ..! ਦੋ ਵਾਰੀ ਆ ਚੁੱਕੈ, ਪਰ...!" ਮੇਰੀ ਗੱਲ ਹਰਜੀਤ ਗਿੱਲ ਨੇ ਪੂਰੀ ਨਾ ਹੋਣ ਦਿੱਤੀ।


-"ਬਾਈ ਜੀ, ਮੇਰੀ ਸੁਣੋਂ ਗੱਲ...!" ਗਿੱਲ ਨੇ ਅਡ਼ਬ ਠਾਣੇਦਾਰ ਵਾਂਗ ਮੈਨੂੰ ਹਦਾਇਤ ਦਾ ਮਰੋਡ਼ਾ ਚਾਡ਼੍ਹਿਆ।


-"ਦੱਸ ਗਿੱਲਾ..?"


-"ਬਾਈ, ਪੰਜਾਬ ਗਾਰਡੀਅਨ ਵਾਲ਼ਾ ਹਰਕੀਰਤ ਹੈਗਾ ਆਪਣਾ ਘਰ ਦਾ ਬੰਦਾ, ਤੇ ਬਾਈ ਜੀ ਪੰਜਾਬ ਗਾਰਡੀਅਨ ਦੇ ਪ੍ਰੋਗਰਾਮ 'ਤੇ ਆਉਣੈਂ...! ਸੁਣ ਗਿਆ ਬਾਈ ਜੀ...? ਮੈਂ ਕਿਹੈ, ਆਉਣੈਂ...!" ਤੇ 'ਆਉਣੈਂ' 'ਤੇ ਪੂਰਾ ਜੋਰ ਦੇ ਕੇ ਹਰਜੀਤ ਗਿੱਲ ਨੇ ਫ਼ੋਨ ਕੱਟ ਦਿੱਤਾ। ਮੈਨੂੰ ਕੋਈ ਉੱਤਰ ਦੇਣ ਦਾ ਵੀ ਮੌਕਾ ਨਾ ਦਿੱਤਾ। ਮੈਂ ਨਿੱਕੇ ਭਰਾ ਦੇ ਪ੍ਰੇਮ ਅਤੇ ਹਿੰਡ 'ਤੇ ਅਥਾਹ ਹੈਰਾਨ ਸੀ। ਹਰਜੀਤ ਗਿੱਲ ਜੱਟ ਦੀ 'ਕੁਤਕੁਤੀ' ਵਾਲ਼ੀ ਗੱਲ ਕਰ ਗਿਆ ਸੀ। ਕੋਈ ਜੱਟ ਖੇਤੋਂ ਆ ਕੇ ਸਲੰਘ ਨਾਲ਼ ਮੁੰਡੇ ਦੇ ਢਿੱਡ ਵਿਚ ਕੁਤਕੁਤੀਆਂ ਕਰਨ ਲੱਗ ਪਿਆ। ਲਾਡ ਨਾਲ਼ ਕੁਤਕੁਤੀਆਂ ਕਰਦੇ ਕਰਦੇ ਪਤੰਦਰ ਨੇ ਜੁਆਕ ਦੇ ਢਿੱਡ ਵਿਚ ਮੋਰੀ ਕਰ ਦਿੱਤੀ ਸੀ! ਮੈਂ ਸੋਚ ਰਿਹਾ ਸੀ, ਅਜੀਬ ਮਿੱਤਰ ਹੈ..? ਬੰਦਾ ਹੁੰਦੈ, ਕੋਈ ਗੱਲ ਕਰਨ ਦਾ ਮੌਕਾ ਤਾਂ ਦਿੰਦੈ..! ਅਗਲੇ ਦੀ ਮਜਬੂਰੀ ਵੀ ਸੁਣਦਾ, ਸਮਝਦੈ! ਗਿੱਲ ਨੇ ਤਾਂ ਸਿੱਧਾ ਹੀ ਕੱਛ 'ਚੋਂ ਮੂੰਗਲ਼ਾ ਕੱਢ ਮਾਰਿਆ ਸੀ। ਮੇਰਾ ਮਨ ਅੰਦਰੇ-ਅੰਦਰ ਜੱਟ ਦੀ ਕੁੱਜੇ 'ਚ ਹਾਥੀ ਪਾਉਣ ਵਾਲ਼ੀ ਕਰਤੂਤ ਬਾਰੇ ਸੋਚ ਕੇ ਮੁਸ਼ਕਡ਼ੀਏਂ ਹੱਸੀ ਜਾ ਰਿਹਾ ਸੀ। ਮੈਨੂੰ ਭਜਨੇ ਅਮਲੀ ਦੇ ਮੰਤਰੀ ਦੀ ਗੱਲ ਯਾਦ ਆ ਗਈ। ਇਕ ਮੇਰੇ ਵਰਗਾ ਪੂਰੀ ਮੀਟਰ ਜਗਾਹ 'ਚ ਦਸਤਖ਼ਤ 'ਵਾਹੁੰਣ' ਵਾਲ਼ਾ ਬੰਦਾ ਪਟਡ਼ੀਫ਼ੇਰ ਲੋਕਾਂ ਦੀਆਂ ਵੋਟਾਂ ਨਾਲ਼ ਮੰਤਰੀ ਬਣ ਗਿਆ। ਜਦ ਉਹ ਇਲੈਕਸ਼ਨ ਜਿੱਤ ਕੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਆਇਆ ਤਾਂ ਲੋਕਾਂ ਨੇ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ-ਮੁਸੀਬਤਾਂ ਮੰਤਰੀ ਸਾਹਿਬ ਦੇ ਅੱਗੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਕ ਸੱਜਣ ਨੇ ਬੇਨਤੀ ਕੀਤੀ ਕਿ ਮੰਤਰੀ ਜੀ, ਆਪਣੀ ਸ਼ਮਸ਼ਾਨਘਾਟ ਦਾ ਰਸਤਾ ਬਹੁਤ ਤੰਗ ਹੈ। ਜਦ ਅਸੀਂ ਕਿਸੇ ਦਾ ਸਸਕਾਰ ਕਰਨ ਵਾਸਤੇ ਲੈ ਕੇ ਜਾਂਦੇ ਹਾਂ ਤਾਂ ਰਸਤਾ ਤੰਗ ਹੋਣ ਕਾਰਨ ਕਈ ਵਾਰ ਮੁਰਦਾ ਡਿੱਗ ਵੀ ਪੈਂਦਾ ਹੈ, ਤੁਸੀਂ ਇਸ ਦਾ ਜ਼ਰੂਰ ਕੋਈ ਹੱਲ ਕਰੋ..! ਤੁਰੰਤ ਹੀ 'ਮੱਕੀ ਗੁੱਡ' ਮੰਤਰੀ ਜੀ ਨੇ ਫ਼ੈਸਲਾ ਲਿਆ ਅਤੇ ਆਪਣੇ ਪੀ.ਏ. ਨੂੰ ਤਿੰਨ ਸੌ ਰੁਪਏ ਦਾ ਚੈੱਕ ਕੱਟ ਕੇ ਦੇਣ ਵਾਸਤੇ ਹੁਕਮ ਕਰ ਦਿੱਤਾ। ਪੀ.ਏ. ਸਾਹਿਬ ਨੇ ਤਿੰਨ ਸੌ ਰੁਪਏ ਦਾ ਚੈੱਕ ਕੱਟ ਕੇ ਸਰਪੰਚ ਸਾਹਿਬ ਦੇ ਹਵਾਲੇ ਕਰ ਦਿੱਤਾ। ਲੋਕ ਹੈਰਾਨ ਕਿ ਤਿੰਨ ਸੌ ਰੁਪਏ ਨਾਲ਼ ਕੀ ਹੋਊਗਾ?


-"ਸਾਹਬ ਬਹਾਦਰ ਮੰਤਰੀ ਜੀ..! ਇਹ ਤਿੰਨ ਸੌ ਰੁਪਏ ਦਾ ਚੈੱਕ ਕਾਹਦੇ ਵਾਸਤੇ..?" ਸਰਪੰਚ ਨੇ ਹੈਰਾਨ ਹੋ ਕੇ ਪੁੱਛਿਆ। ਉਹ ਤਿੰਨ ਸੌ ਦੇ ਚੈੱਕ ਨੂੰ ਕਾਟੋ ਵਾਂਗ ਹੱਥ ਵਿਚ ਫ਼ਡ਼ੀ ਖਡ਼੍ਹਾ ਸੀ।


-"ਇਹਨਾਂ ਤਿੰਨ ਸੌ ਰੁਪਈਆਂ ਦਾ ਇਕ ਹੈੱਲਮੈਟ ਲੈ ਆਓ, ਤੇ ਅੱਜ ਤੋਂ ਹਰ ਮੁਰਦੇ ਨੂੰ ਹੈੱਲਮੈਟ ਪੁਆ ਕੇ ਸ਼ਮਸ਼ਾਨਘਾਟ ਲਿਜਾਇਆ ਜਾਵੇ, ਸੱਟ ਫ਼ੇਟ ਤੋਂ ਬਚਾਅ ਰਹਿੰਦੈ...!"


ਸੋ, ਮੇਰੀ ਹਾਲਤ ਵੀ ਹੈੱਲਮੈਟ ਪੁਆ ਕੇ ਲਿਜਾਣ ਵਾਲ਼ੀ ਹੋਈ ਪਈ ਸੀ।


ਖ਼ੈਰ, ਅੱਧੇ ਕੁ ਘੰਟੇ ਬਾਅਦ ਫਿ਼ਰ ਬਾਈ ਹਰਕੀਰਤ ਦਾ ਫ਼ੋਨ ਆ ਗਿਆ। ਵੀਰਵਾਰ ਦਾ ਦਿਨ ਸੀ। ਮੈਂ ਉਸ ਨੂੰ ਬੇਨਤੀ ਭਰੇ ਲਹਿਜੇ ਨਾਲ਼ ਕਿਹਾ ਕਿ ਮੈਨੂੰ ਸੋਮਵਾਰ ਤੱਕ ਸਮਾਂ ਦਿਓ ਅਤੇ ਮੈਂ ਆਪਣੀ ਛੁੱਟੀ ਦਾ ਪ੍ਰਬੰਧ ਕਰ ਲਵਾਂ। ਮੈਂ ਉਸ ਨੂੰ ਇਹ ਵੀ ਕਿਹਾ ਕਿ ਜੋ ਮੇਰੀ ਟਿਕਟ ਭੇਜਣੀ ਹੈ, ਉਹ ਲੰਡਨ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਦੋ ਕੁ ਦਿਨ ਬਾਅਦ ਟੋਰੋਂਟੋ ਦੀ ਕਰ ਦਿਓ! ਹਰਕੀਰਤ ਨੇ ਸਹਿਮਤੀ ਪ੍ਰਗਟਾ ਦਿੱਤੀ। ਅਗਲੇ ਦਿਨ ਮੈਂ ਆਪਣੇ 'ਬੌਸ' ਨਾਲ਼ ਗੱਲ ਕੀਤੀ ਅਤੇ ਉਸ ਨੇ ਮੈਨੂੰ ਲੱਗਦੇ ਹੱਥ ਹੀ ਪੰਜ ਦਿਨ ਦੀ ਛੁੱਟੀ ਮਨਜੂਰ ਕਰ ਦਿੱਤੀ। ਸ਼ਨੀਵਾਰ ਅਤੇ ਐਤਵਾਰ ਪਾ ਕੇ ਮੇਰੇ ਕੋਲ਼ ਪੂਰੇ ਸੱਤ ਦਿਨ ਬਣ ਗਏ ਸਨ। ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਗਿਆਰਾਂ ਅਪ੍ਰੈਲ ਨੂੰ ਸੀ। ਦਸ ਅਪ੍ਰੈਲ ਦਾ ਸ਼ਨੀਵਾਰ ਸੀ ਅਤੇ ਗਿਆਰਾਂ ਦਾ ਐਤਵਾਰ!


ਜਦ ਸੋਮਵਾਰ ਨੂੰ ਹਰਕੀਰਤ ਦਾ ਫਿ਼ਰ ਫ਼ੋਨ ਆਇਆ ਤਾਂ ਅਸੀਂ ਸਾਰਾ ਪ੍ਰੋਗਰਾਮ ਫ਼ੋਨ ਉੱਪਰ ਹੀ ਉਲੀਕ ਲਿਆ। ਮੇਰੀ 10 ਅਪ੍ਰੈਲ ਦੀ ਦੁਪਹਿਰ 12:35 ਦੀ ਏਅਰ ਕੈਨੇਡਾ ਦੀ ਵੈਨਕੂਵਰ ਦੀ ਫ਼ਲਾਈਟ! 11 ਅਪ੍ਰੈਲ 2010 ਨੂੰ 'ਪੰਜਾਬ ਗਾਰਡੀਅਨ' ਦੀ ਵਰ੍ਹੇ-ਗੰਢ ਦੇ ਸਮਾਗਮ ਵਿਚ ਸ਼ਾਮਲ ਹੋਣਾ ਅਤੇ 13 ਅਪ੍ਰੈਲ ਨੂੰ ਵੈਨਕੂਵਰ ਤੋਂ ਟੋਰੋਂਟੋ ਅਤੇ 16 ਅਪ੍ਰੈਲ ਨੂੰ ਟੋਰੋਂਟੋ ਤੋਂ ਫਿ਼ਰ ਲੰਡਨ ਦੀ ਵਾਪਸੀ! ਦਿਨ ਮੇਰੇ ਕੋਲ ਕੁਲ ਮਿਲਾ ਕੇ ਛੇ ਹੀ ਸਨ। ਛੇ ਵੀ ਕਾਹਦੇ ਸਨ...? ਚਾਰ ਕੁ ਹੀ ਸੀ! ਕਿਉਂਕਿ 16 ਅਪ੍ਰੈਲ ਨੂੰ ਮੇਰੀ ਸਵੇਰੇ ਅੱਠ ਵੱਜ ਕੇ ਪੰਜਾਹ ਮਿੰਟ 'ਤੇ ਤਾਂ ਲੰਡਨ ਨੂੰ ਰਵਾਨਗੀ ਸੀ। ਹਰਕੀਰਤ ਨੂੰ ਮੈਂ ਕਿਹਾ ਸੀ ਕਿ ਮੇਰੀ 12 ਅਪ੍ਰੈਲ ਦੀ ਟੋਰੋਂਟੋ ਦੀ ਫ਼ਲਾਈਟ ਕਰਵਾ ਦਿੱਤੀ ਜਾਵੇ। ਪਰ ਹਰਕੀਰਤ ਨੇ ਮੈਨੂੰ ਕਿਹਾ ਕਿ ਬਾਈ ਜੀ 12 ਅਪ੍ਰੈਲ ਨੂੰ ਤੁਸੀਂ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਕੇ ਬੈਠਿਓ, ਦੁਨੀਆਂ ਤੁਹਾਨੂੰ ਬਹੁਤ ਮਿਲਣ ਵਾਲ਼ੀ ਹੈ, ਇਕ ਦਿਨ ਤਾਂ ਤੁਹਾਡਾ ਮੇਲੇ-ਗੇਲੇ ਵਿਚ ਹੀ ਨਿਕਲ ਜਾਣਾ ਹੈ! ਸੋ ਮੈਂ ਹਰਕੀਰਤ ਦੀ ਗੱਲ ਮੰਨ ਲਈ ਅਤੇ 13 ਅਪ੍ਰੈਲ ਨੂੰ ਟੋਰੋਂਟੋ ਜਾਣ ਦੀ ਸਹਿਮਤੀ ਦੇ ਦਿੱਤੀ। 13 ਅਪ੍ਰੈਲ ਨੂੰ ਮੇਰੀ ਫ਼ਲਾਈਟ ਦੁਪਹਿਰੇ 12:30 'ਤੇ ਚੱਲ ਕੇ ਸ਼ਾਮ ਨੂੰ 7 ਵੱਜ ਕੇ 53 ਮਿੰਟ 'ਤੇ ਟੋਰੋਂਟੋ ਟਰਮੀਨਲ ਇਕ 'ਤੇ ਲੱਗਣੀ ਸੀ।


ਉਸੇ ਦਿਨ ਹੀ ਹਰਕੀਰਤ ਨੇ ਮੈਨੂੰ ਈਮੇਲ 'ਤੇ ਏਅਰ ਕੈਨੇਡਾ ਦੀ ਇਲੈਕਟਰੌਨਿਕ ਟਿਕਟ ਭੇਜ ਦਿੱਤੀ। ਮੇਰੀ ਉਡਾਨ 10 ਅਪ੍ਰੈਲ 2010 ਦਿਨ ਸ਼ਨੀਵਾਰ ਨੂੰ ਦੁਪਹਿਰ 12:35 'ਤੇ ਹੀਥਰੋ ਏਅਰਪੋਰਟ ਦੇ ਟਰਮੀਨਲ ਤਿੰਨ ਤੋਂ ਚੱਲਣੀ ਸੀ। ਫ਼ਲਾਈਟ ਨੰਬਰ ਏ.ਸੀ. 0855 ਅਤੇ ਇਹ 'ਨਾਨ-ਸਟਾਪ' ਫ਼ਲਾਈਟ ਵੈਨਕੂਵਰ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ 02:05 'ਤੇ ਮੇਨ ਟਰਮੀਨਲ 'ਤੇ ਪਹੁੰਚਣੀ ਸੀ। ਵੈਨਕੂਵਰ ਅਤੇ ਲੰਡਨ ਦੇ ਸਮੇਂ ਦਾ ਅੱਠ ਘੰਟੇ ਦਾ ਫ਼ਰਕ ਹੈ। ਵੈਨਕੂਵਰ ਦਾ ਸਮਾਂ ਲੰਡਨ ਨਾਲ਼ੋਂ ਅੱਠ ਘੰਟੇ ਅਤੇ ਟੋਰੋਂਟੋ ਪੰਜ ਘੰਟੇ 'ਪਿੱਛੇ' ਹੈ।


ਸ਼ਨੀਵਾਰ ਨੂੰ ਸਵੇਰੇ ਤਕਰੀਬਨ ਸਾਢੇ ਕੁ ਅੱਠ ਵਜੇ ਮੈਂ ਆਪਣੀ ਕਾਰ 'ਤੇ ਹੇਜ਼ ਪਹੁੰਚ ਗਿਆ। ਮੇਰੇ ਨਾਲ਼ ਮੇਰੇ ਘਰਵਾਲ਼ੀ ਸਵਰਨਜੀਤ, ਪੁੱਤਰ ਕਬੀਰ ਅਤੇ ਧੀ ਗਗਨ ਸਨ। ਕਾਰ ਆਪਣੇ ਸਾਢੂ ਦੇ ਘਰ ਅੱਗੇ ਲਾ ਕੇ ਚਾਹ ਪੀਤੀ ਅਤੇ ਮੇਰਾ ਸਾਢੂ ਰਵੀ ਮੈਨੂੰ ਤਕਰੀਬਨ ਸਾਢੇ ਕੁ ਨੌਂ ਵਜੇ ਸਵੇਰੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਟਰਮੀਨਲ ਤਿੰਨ 'ਤੇ ਉਤਾਰ ਗਿਆ। ਰਵੀ ਤਕਰੀਬਨ 30 ਸਾਲ ਤੋਂ ਲੰਡਨ ਦੀ ਮੈਟਰੋਪੋਲੀਟਨ ਪੁਲੀਸ ਵਿਚ ਅਫ਼ਸਰ ਹੈ। ਅੰਦਰ ਜਾ ਕੇ 'ਚੈੱਕ-ਇੰਨ' ਕਰਵਾਈ, ਅਟੈਚੀ ਜਮ੍ਹਾਂ ਕਰਵਾਇਆ ਅਤੇ ਬੋਰਡਿੰਗ ਕਾਰਡ ਲੈ ਕੇ ਬਾਹਰ ਆ ਗਿਆ। ਚੈੱਕ-ਇੰਨ ਦੌਰਾਨ ਮੈਨੂੰ 'ਹਿੰਮਤਪੁਰਾ ਡਾਟ ਕਾਮ' ਵਾਲ਼ੇ ਮਨਦੀਪ ਖ਼ੁਰਮੀ ਹਿੰਮਤਪੁਰਾ ਦਾ ਕਈ ਵਾਰ ਫ਼ੋਨ ਆਇਆ। ਪਰ ਮੈਂ ਲਾਈਨ ਵਿਚ ਲੱਗਿਆ ਅਤੇ 'ਬਿਜ਼ੀ' ਹੋਣ ਕਾਰਨ ਉਸ ਨੂੰ ਥੋਡ਼ਾ ਠਹਿਰ ਕੇ ਫ਼ੋਨ ਕਰਨ ਲਈ ਆਖਿਆ। ਵਿਹਲਾ ਹੋ ਕੇ ਮੈਂ ਖ਼ੁਰਮੀ ਨੂੰ ਫ਼ੋਨ ਕੀਤਾ ਤਾਂ ਉਸ ਕੋਲ਼ ਸਾਡੇ ਪਿੰਡਾਂ ਦਾ ਮੁੰਡਾ ਅਤੇ ਖੇਡ ਲੇਖਕ ਜਗਸੀਰ ਧਾਲ਼ੀਵਾਲ ਨੰਗਲ਼ ਵੀ ਬੈਠਾ ਸੀ। ਫ਼ੋਨ ਤੋਂ ਵਿਹਲਾ ਹੋ ਕੇ ਮੈਂ ਏਅਰਪੋਰਟ ਦੇ ਅੰਦਰ ਵਡ਼ ਗਿਆ।


ਜਦ 'ਸਕਿਊਰਿਟੀ' ਕਰਵਾ ਕੇ ਮੈਂ ਅੱਗੇ ਤੁਰਿਆ ਤਾਂ ਇਕ ਅੱਧਖਡ਼੍ਹ ਜਿਹਾ ਬੰਦਾ ਸਿੱਧਾ-ਸਲੋਟ ਝਾਕਦਾ ਮੇਰੇ ਵੱਲ ਆ ਰਿਹਾ ਸੀ। ਮੈਂ ਹੈਰਾਨ ਹੋਇਆ ਕਿ ਸ਼ਾਇਦ ਇਹ ਆਦਮੀ ਮੈਨੂੰ ਜਾਣਦਾ ਹੋਵੇਗਾ? ਜਦ ਉਹ ਮੇਰੇ ਕੋਲ਼ ਆ ਕੇ ਰੁਕਿਆ ਤਾਂ ਮੈਂ ਵੀ ਉਸ ਨੂੰ ਨਜ਼ਰਾਂ ਰਾਹੀਂ ਪਡ਼੍ਹਨ ਦਾ ਯਤਨ ਕੀਤਾ। ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ ਸੀ।


-"ਗੁੱਡ ਮੌਰਨਿੰਗ ਸਰ..!" ਉਸ ਨੇ ਬਡ਼ੇ ਤਪਾਕ ਨਾਲ਼ ਕਿਹਾ।


-"ਗੁੱਡ ਮੌਰਨਿੰਗ ਜੈਂਟਲਮੈਨ..!"


-"ਕਿਰਪਾ ਕਰਕੇ ਮੇਰੇ ਨਾਲ਼ ਆਓ..!"


-".......!" ਮੈਂ ਉਸ ਦੇ ਨਾਲ਼ ਤੁਰ ਪਿਆ।


-"ਤੁਹਾਡੇ ਸਰੀਰ ਦੀ ਸਕੈਨਿੰਗ ਕਰਨੀ ਹੈ, ਕਿਰਪਾ ਕਰਕੇ ਮੇਰੇ ਨਾਲ਼ ਨਾਲ਼ ਤੁਰੇ ਆਓ..!"


ਅੱਗੇ ਉਹ ਅਤੇ ਪਿੱਛੇ ਮੈਂ ਜਾ ਰਿਹਾ ਸੀ।


ਇਕ ਕੈਬਿਨ ਕੋਲ਼ ਜਾ ਕੇ ਉਸ ਨੇ ਬੈੱਲ ਖਡ਼ਕਾਈ ਤਾਂ ਦਰਵਾਜਾ ਖੁੱਲ੍ਹ ਗਿਆ।


ਅੰਦਰ ਇਕ ਤੀਹ ਕੁ ਸਾਲ ਦੀ ਦਿਉ-ਕੱਦ ਗੋਰੀ ਖਡ਼੍ਹੀ ਸੀ। ਕੁਦਰਤੀ ਮੁਸਕੁਰਾਹਟ ਦਾ ਬੁੱਲਾ ਉਸ ਨੇ ਮੇਰੇ ਵੱਲ ਬਖ਼ੇਰਿਆ।


-"ਹਾਏ..! ਹਾਓ ਆਰ ਯੂ...?" ਉਸ ਨੇ ਹੱਥ ਮਿਲਾ ਕੇ ਮੇਰਾ ਸੁਆਗਤ ਕੀਤਾ।


-"ਆਈ ਐਮ ਫ਼ਾਈਨ, ਥੈਂਕ ਯੂ, ਐਂਡ ਯੂ..?"


-"ਫ਼ੈਨਟੈਸਟਿਕ, ਥੈਂਕ ਯੂ! ਬਿਊਟੀਫ਼ੁੱਲ ਵੈਦਰ..!" ਆਖ ਕੇ ਉਸ ਨੇ ਮੈਨੂੰ ਸਰੀਰ ਦੀ ਸਕੈਨਿੰਗ ਕਰਵਾਉਣ ਦਾ ਢੰਗ ਅਤੇ 'ਵੱਲ' ਦੱਸਿਆ। ਕਣਕ ਕੱਢਣ ਵੇਲ਼ੇ ਛੱਜਲੀ ਲਾਉਣ ਵਾਲਿ਼ਆਂ ਵਾਂਗ ਉਸ ਨੇ ਮੈਨੂੰ ਦੱਸਿਆ ਕਿ ਕਿਵੇਂ ਹੱਥ ਹੇਠੋਂ ਉੱਪਰ ਨੂੰ ਲੈ ਕੇ ਜਾਣੇ ਹਨ ਅਤੇ ਕਿਵੇਂ ਘੱਗਰੇ ਵਾਲ਼ੀ ਮਰਾਸਣ ਵਾਂਗ ਘੁੰਮ ਕੇ ਗੇਡ਼ਾ ਦੇਣਾ ਹੈ। ਪਹਿਲੀ ਵਾਰ ਮੇਰਾ ਗੇਡ਼ਾ 'ਫ਼ੇਲ੍ਹ' ਹੋ ਗਿਆ। ਉਸ ਨੇ ਫ਼ੋਨ ਚੁੱਕ ਕੇ ਕਿਸੇ ਨੂੰ 'ਸਕੈਨਿੰਗ ਫ਼ੇਲ੍ਹਡ' ਆਖਿਆ ਅਤੇ ਇਕ ਵਾਰ ਹੋਰ ਟਰਾਈ ਕਰਨ ਲਈ ਮੈਨੂੰ ਫਿ਼ਰ ਤੋਂ ਸਕੈਨਿੰਗ ਕਰਵਾਉਣ ਦੇ ਢੰਗ ਬਾਰੇ ਚਾਨਣਾ ਪਾਇਆ। ਮੈਂ ਫਿ਼ਰ ਉਸ ਦੇ ਦੱਸਣ ਅਨੁਸਾਰ ਹੱਥ ਫ਼ੈਲਾ ਕੇ ਮੋਰ ਵਾਂਗ ਪੈਹਲ ਜਿਹੀ ਪਾ ਕੇ ਗੇਡ਼ਾ ਦਿੱਤਾ ਤਾਂ ਗੋਰੀ ਖ਼ੁਸ਼ ਹੋ ਗਈ ਅਤੇ ਉਸ ਨੇ ਫਿ਼ਰ ਫ਼ੋਨ ਚੁੱਕ ਕੇ ਕਿਸੇ ਨੂੰ 'ਡਨ' ਆਖਿਆ ਅਤੇ ਮੈਨੂੰ ਕੋਟ ਪਾਉਣ ਬਾਰੇ ਆਖ ਦਿੱਤਾ। ਪੈਂਟ ਦੀ ਬੈਲਟ ਕਸਦਿਆਂ ਮੈਨੂੰ ਸਾਧੂ ਅਤੇ ਵੇਸਵਾ ਦੇ ਗਡ਼ਵੇ ਦੀ ਗੱਲ ਯਾਦ ਆਈ। ਇਕ ਜਗਾਹ 'ਤੇ ਰਾਤ ਨੂੰ ਇਕ ਵੇਸਵਾ ਖਡ਼੍ਹਦੀ ਹੁੰਦੀ ਸੀ। ਇਕ ਰਾਤ ਜਦ ਉਹ ਉਥੇ ਆਈ ਤਾਂ ਕੋਈ ਸਾਧੂ ਅੰਨ੍ਹੇ ਜਿਹੇ ਚਾਨਣ ਵਿਚ ਉਥੋਂ ਕੁਛ ਲੱਭ ਰਿਹਾ ਸੀ। ਜਦ ਲੱਭ ਲੱਭ ਕੇ ਸਾਧੂ ਅੱਕਲ਼ਕਾਣ ਹੋ ਗਿਆ ਤਾਂ ਵੇਸਵਾ ਨੂੰ ਸਾਧੂ 'ਤੇ ਤਰਸ ਆਇਆ ਅਤੇ ਉਹ ਉਸ ਕੋਲ਼ੇ ਆ ਗਈ।


-"ਕੀ ਲੱਭਦੈਂ ਬਾਬਾ..?"


-"ਆਪਣਾ ਗਡ਼ਵਾ ਲੱਭਦੈਂ ਧੀਏ...!"


-"ਗਡ਼ਵੇ ਨਾਲ਼ ਕੀ ਕਰਦਾ ਹੁੰਨੈਂ..?"


-"ਨਹਾਉਨਾਂ ਹੁੰਨੈਂ ਤੇ ਜੰਗਲ ਪਾਣੀ ਜਾਣ ਵੇਲੇ ਵੀ ਮੇਰੇ ਕੰਮ ਆਉਂਦੈ...! ਪਾਣੀ ਭਰ ਕੇ ਲੈ ਜਾਨੈਂ..!"


-"ਕਿੰਨੇ ਕੁ ਦਾ ਸੀ ਤੇਰਾ ਗਡ਼ਵਾ...?"


-"ਹੋਊਗਾ ਕੋਈ ਦੋ-ਚਾਰ ਰੁਪੱਈਏ ਦਾ ਪੁੱਤ..!"


-"ਚੱਲ ਬਾਬਾ..! ਬਹੁਤਾ ਖੱਜਲ਼ ਖੁਆਰ ਨਾ ਹੋ...! ਆਹ ਲੈ ਪੰਜ ਰੁਪੱਈਏ ਤੇ ਕੱਲ੍ਹ ਨੂੰ ਕੋਈ ਹੋਰ ਗਡ਼ਵਾ ਖ਼ਰੀਦ ਲਵੀਂ..!"


-"ਨਹੀਂ ਧੀਏ..! ਮੈਨੂੰ ਤਾਂ ਉਹੀ ਗਡ਼ਵਾ ਚਾਹੀਦੈ...!" ਸਾਧੂ ਨੇ ਜਿ਼ਦ ਕੀਤੀ।


-"ਕਿਉਂ..? ਕਾਹਤੋਂ ਬਾਬਾ..? ਤੈਨੂੰ ਉਹੀ ਗਡ਼ਵਾ ਕਿਉਂ ਚਾਹੀਦੈ...?"


-"ਓਸ ਗਡ਼ਵੇ ਨੇ ਮੇਰਾ 'ਨੰਗ' ਦੇਖਿਆ ਵਿਐ ਧੀਏ...! ਇਸ ਲਈ ਮੈਨੂੰ ਉਹੀ ਗਡ਼ਵਾ ਚਾਹੀਦੈ...! ਹੁਣ ਮੈਂ ਆਪਣਾ 'ਨੰਗ' ਕਿਸੇ ਦੂਸਰੇ ਗਡ਼ਵੇ ਨੂੰ ਦਿਖਾਉਣਾ ਨਹੀਂ ਚਾਹੁੰਦਾ..!" ਸਾਧੂ ਦੀ ਇਹ ਉਦਾਹਰਣ ਵੇਸਵਾ ਲਈ ਇਕ 'ਸਬਕ' ਸੀ ਅਤੇ ਉਹ ਵੇਸਵਾਗਿਰੀ ਛੱਡ ਕੇ ਸਾਧੂ ਦੇ ਰਸਤੇ ਤੁਰ ਪਈ ਸੀ।


ਹੁਣ ਮੇਰੇ ਮਨ ਵਿਚ ਵੀ ਆਇਆ ਕਿ ਇਹਨਾਂ ਸਕੈਨਿੰਗ ਵਾਲਿ਼ਆਂ ਨੇ ਵੀ ਮੇਰਾ 'ਨੰਗ' ਦੇਖ ਲਿਐ। ਪਰ ਮੈਂ ਹੁਣ ਕਿਹਡ਼ੇ ਰਸਤੇ ਪਵਾਂ? ਜਦ ਇਹ ਗੱਲ ਮੈਂ ਉਸ ਗੋਰੀ ਕੁਡ਼ੀ ਨਾਲ਼ ਸਾਂਝੀ ਕੀਤੀ ਤਾਂ ਉਸ ਨੇ ਕਿਹਾ ਕਿ ਅਸੀਂ ਤੁਹਾਡੇ ਇਹ ਐਕਸਰੇ ਤੁਹਾਨੂੰ ਈਮੇਲ ਕਰ ਦਿਆਂਗੇ। ਤੁਸੀਂ ਆਪ ਹੀ ਦੇਖ ਲਇਓ ਕਿ ਅਸੀਂ ਤੁਹਾਡਾ ਕੋਈ 'ਨੰਗ' ਨਹੀਂ ਦੇਖਿਆ। ਜਦ ਉਸ ਨੇ ਮੈਨੂੰ ਕੈਨੇਡਾ ਜਾਣ ਦਾ ਕਾਰਨ ਪੁੱਛਿਆ ਤਾਂ ਮੈਂ ਉਸ ਨੂੰ ਆਪਣੇ ਦੋ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਅਤੇ 'ਸੱਜਰੀ ਪੈਡ਼ ਦਾ ਰੇਤਾ' ਦਿਖਾਏ ਅਤੇ ਆਪਣੇ 23 ਕਿਤਾਬਾਂ ਦੇ ਲੇਖਕ ਹੋਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਮੈਨੂੰ ਇਕ ਅਖ਼ਬਾਰ ਦੀ ਪੰਦਰਵੀਂ ਵਰ੍ਹੇ-ਗੰਢ 'ਤੇ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ ਤਾਂ ਉਸ ਗੋਰੀ ਨੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਫ਼ਸੀ ਜਿਹੀ ਮਹਿਸੂਸ ਕੀਤਾ। ਪਰ ਉਸ ਦੀ ਤਾਂ ਇਹ ਡਿਊਟੀ ਸੀ ਅਤੇ ਇਹ ਡਿਊਟੀ ਲੋਕਾਂ ਦੀ ਸੁਰੱਖਿਆ ਵਾਸਤੇ ਹੀ ਕੀਤੀ ਜਾ ਰਹੀ ਸੀ! ਪਰ ਜਦ ਮੈਂ ਉਸ ਨੂੰ ਇਹ ਪੁੱਛਿਆ ਕਿ ਤੁਸੀਂ ਕਿਸ-ਕਿਸ ਦੀ ਸਰੀਰਕ ਸਕੈਨਿੰਗ ਕਰਦੇ ਹੋ..? ਜਾਂ ਐਵੇਂ ਜਣੇ-ਖਣੇ ਨੂੰ ਫ਼ਡ਼ ਕੇ ਸਕੈਨਿੰਗ ਕਰ ਧਰਦੇ ਹੋ..? ਤਾਂ ਉਸ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਾ ਸੁੱਝਿਆ ਅਤੇ ਉਹ ਹੱਥ ਮਿਲ਼ਾ ਕੇ ਮੈਨੂੰ ਉਥੋਂ ਤੋਰਨ ਦੇ ਰੌਂਅ ਵਿਚ ਆ ਗਈ ਅਤੇ "ਹੈਵ ਏ ਨਾਈਸ ਟਰਿੱਪ ਸਰ" ਦੀ ਰਟ ਲਾਉਣ ਲੱਗ ਪਈ। ਮੈਨੂੰ ਅੰਦਰੋਂ ਮਹਿਸੂਸ ਹੋਇਆ ਕਿ ਜਦ ਇਹ ਬੈਠੇ ਬੈਠੇ 'ਬੋਰ' ਜਿਹੇ ਹੁੰਦੇ ਹੋਣਗੇ ਤਾਂ ਮੇਰੇ ਵਰਗੇ ਕਿਸੇ 'ਭੈਡ਼੍ਹੇ ਮੂੰਹ' ਵਾਲ਼ੇ ਨੂੰ ਫ਼ਡ਼ ਕੇ ਆਪਣੀ 'ਖ਼ਾਨਾ ਪੂਰਤੀ' ਕਰ ਲੈਂਦੇ ਹੋਣਗੇ। ਮੈਨੂੰ ਬੁਲਾ ਕੇ ਲਿਆਉਣ ਵਾਲ਼ਾ ਵੀ ਹੁਣ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਉਸ ਤੋਂ ਲਾਹਣ ਫ਼ਡ਼ਿਆ ਗਿਆ ਹੋਵੇ! ਪਰ ਮੈਨੂੰ ਉਹਨਾਂ 'ਤੇ ਕੋਈ ਗਿ਼ਲਾ-ਸਿ਼ਕਵਾ ਨਹੀਂ ਸੀ। ਮੈਂ ਤਾਂ ਬੱਸ ਕੁਝ ਸੁਆਲ ਆਪਣੀ ਜਾਣਕਾਰੀ ਬਾਰੇ ਹੀ ਕੀਤੇ ਸਨ। ਮੇਰੀ ਕੈਨੇਡਾ ਫ਼ੇਰੀ ਲਿਖਣ ਬਾਰੇ ਮੇਰਾ ਕੋਈ ਵੀ ਵਿਚਾਰ ਨਹੀਂ ਸੀ। ਪਰ ਮੇਰੀ ਸਰੀਰਕ ਸਕੈਨਿੰਗ ਇਸ ਫ਼ੇਰੀ ਦਾ ਲਿਖਿਆ ਜਾਣਾ ਪਹਿਲਾ ਕਾਰਨ ਸੀ ਅਤੇ ਅਗਲਾ ਕਾਰਨ ਮੈਂ ਅੱਗੇ ਜਾ ਕੇ ਬਿਆਨ ਕਰਾਂਗਾ।


ਉਥੋਂ ਵਿਹਲਾ ਹੋ ਕੇ ਮੈਂ ਅੰਦਰ ਜਾ ਕੇ ਵੱਡੇ ਸਕਰੀਨ ਦੇ ਸਾਹਮਣੇ ਜਾ ਬੈਠਾ ਅਤੇ ਅੱਧੇ ਕੁ ਘੰਟੇ ਬਾਅਦ ਸਕਰੀਨ 'ਤੇ 31 ਨੰਬਰ ਗੇਟ ਦਾ ਵੇਰਵਾ ਆ ਗਿਆ। ਮੈਂ ਆਪਣਾ ਬੈਗ ਚੁੱਕਿਆ ਅਤੇ ਗੇਟ ਵੱਲ ਨੂੰ ਤੁਰ ਪਿਆ।


31 ਨੰਬਰ ਗੇਟ 'ਤੇ ਏਅਰ ਕੈਨੇਡਾ 'ਚ ਕੰਮ ਕਰਦੀ ਪੰਜਾਹ-ਪੱਚਵੰਜਾ ਸਾਲ ਦੀ ਇਕ 'ਦੇਸੀ' ਬੀਬੀ ਖਡ਼੍ਹੀ ਸੀ। ਉਸ ਦੀ ਆਈ.ਡੀ. ਉਪਰੋਂ ਜਿੰਨਾਂ ਕੁ ਉਸ ਦਾ ਨਾਂ ਮੇਰੇ ਕੋਲੋਂ ਪਡ਼੍ਹਿਆ ਗਿਆ, 'ਜੀਵਨ' ਸੀ।


-"ਪਹਿਲੀ ਵਾਰ ਕੈਨੇਡਾ ਜਾ ਰਹੇ ਹੋ...?" ਉਸ ਨੇ ਅੰਗਰੇਜ਼ੀ ਵਿਚ ਸੁਆਲ ਦਾਗਿਆ। ਮੇਰੇ ਪਾਸਪੋਰਟ 'ਤੇ ਉਸ ਨੇ ਸਿ਼ਕਾਰੀ ਵਾਂਗ ਅੱਖਾਂ ਦੀ ਸਿ਼ਸ਼ਤ ਬੰਨ੍ਹੀ ਹੋਈ ਸੀ।


-"ਨਹੀਂ ਕੈਨੇਡਾ ਤਾਂ ਅੱਗੇ ਵੀ ਬਹੁਤ ਵਾਰੀ ਗਿਆ ਹਾਂ, ਪਰ ਵੈਨਕੂਵਰ ਪਹਿਲੀ ਵਾਰ ਜਾ ਰਿਹਾ ਹਾਂ!" ਮੈਂ ਵੀ ਸੰਖੇਪ ਜਿਹਾ ਉੱਤਰ ਦਿੱਤਾ।


-"ਕੀ ਕਰਨ ਜਾ ਰਹੇ ਹੋ..?"


-"ਮੈਂ ਇਕ ਲੇਖਕ ਹਾਂ ਅਤੇ ਮੈਨੂੰ ਇਕ ਅਖ਼ਬਾਰ ਦੀ ਵਰ੍ਹੇ-ਗੰਢ 'ਤੇ ਸੱਦਿਆ ਗਿਆ ਹੈ, ਇਸ ਲਈ ਚੱਲਿਆ ਹਾਂ!" ਉਹ ਬੀਬੀ 'ਲੇਖਕ' ਕਹਿਣ 'ਤੇ ਮੇਰੇ ਵੱਲ ਇੰਜ ਝਾਕੀ ਜਿਵੇਂ ਮੈਂ ਕੋਈ ਭੁੱਕੀ ਵੇਚਣ ਵਾਲ਼ਾ ਬਲੈਕੀਆ ਹੋਵਾਂ!


-"ਕਿੰਨੇ ਚਿਰ ਵਾਸਤੇ ਜਾ ਰਹੇ ਹੋ..?" ਅਗਲਾ ਸੁਆਲ ਗੋਲ਼ੇ ਵਾਂਗ ਫਿ਼ਰ ਆਇਆ।


-"ਛੇਵੇਂ ਦਿਨ ਮੇਰੀ ਵਾਪਸੀ ਹੈ..!" ਜੰਗੀ ਪੱਧਰ 'ਤੇ ਸੰਖੇਪ ਸੁਆਲ ਜਵਾਬ ਚੱਲ ਰਹੇ ਸਨ।


-"ਹੈਵ ਏ ਨਾਈਸ ਜਰਨੀ...!" ਉਸ ਨੇ ਮੇਰਾ ਪਾਸਪੋਰਟ ਵਾਪਸ ਕਰਦਿਆਂ ਬਦਾਮੀ ਬੁੱਲ੍ਹਾਂ ਦੀ ਮੁਸਕੁਰਾਹਟ ਦਿੱਤੀ।


-"ਥੈਂਕ ਯੂ...!" ਆਖ ਕੇ ਮੈਂ ਪਾਸਪੋਰਟ ਫ਼ਡ਼ ਲਿਆ ਅਤੇ 'ਵੇਟਿੰਗ ਰੂਮ' ਵਿਚ ਆ ਗਿਆ।


ਏਅਰ ਕੈਨੇਡਾ ਦੀ ਫ਼ਲਾਈਟ ਸਹੀ ਟਾਈਮ 'ਤੇ ਹੀ ਵੈਨਕੂਵਰ ਜਾ ਰਹੀ ਸੀ। ਸਾਹਮਣੇ ਆਦਮ-ਕੱਦ ਟੈਲੀ 'ਤੇ ਖ਼ਬਰਾਂ ਦਿਖਾਈਆਂ ਜਾ ਰਹੀਆਂ ਸਨ। ਪੋਲੈਂਡ ਦਾ ਰਾਸ਼ਟਰਪਤੀ ਲੇਸ਼ ਕਾਸਿੰਸਕੀ ਆਪਣੀ ਪਤਨੀ ਅਤੇ 96 ਹੋਰ ਲੋਕਾਂ ਨਾਲ਼ ਹਵਾਈ ਹਾਦਸੇ ਵਿਚ ਮਾਰਿਆ ਗਿਆ ਸੀ। ਉਸ ਦਾ ਜਹਾਜ ਕਿਸੇ ਕਾਰਨ ਹਾਦਸਾ ਗ੍ਰਸਤ ਹੋ ਗਿਆ ਸੀ।


ਜਦ ਵੀ ਤੁਸੀਂ ਹਵਾਈ ਸਫ਼ਰ ਕਰਦੇ ਹੋ, ਤੁਸੀਂ ਕਿੰਨਾਂ ਵੀ ਵੱਡਾ ਦਿਲ ਰੱਖਦੇ ਹੋਵੋਂ, ਪਰ ਹਵਾਈ ਹਾਦਸੇ ਦਾ ਡਰ ਤੁਹਾਨੂੰ ਹਮੇਸ਼ਾ ਬਣਿਆਂ ਰਹਿੰਦਾ ਹੈ! ਮੇਰੇ ਬਜ਼ੁਰਗ ਬੇਲੀ ਅਤੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੀ ਗੱਲ ਮੈਨੂੰ ਚੇਤੇ ਆ ਗਈ। ਇਕ ਵਾਰ ਬਾਪੂ ਕਰਨੈਲ ਸਿੰਘ ਪਾਰਸ ਅਤੇ ਬੇਬੇ ਜੀ ਹਵਾਈ ਸਫ਼ਰ ਕਰ ਰਹੇ ਸਨ। ਨਾਲ਼ ਪ੍ਰਿੰਸੀਪਲ ਸਾਹਿਬ ਬਰਾਬਰ ਸੀਟ 'ਤੇ ਡਟੇ ਬੈਠੇ ਸਨ। ਜਹਾਜ ਕਿਸੇ ਸਮੁੰਦਰ ਉਪਰੋਂ ਦੀ ਉੱਡ ਰਿਹਾ ਸੀ ਕਿ ਕੋਈ ਤਕਨੀਕੀ ਗਡ਼ਬਡ਼ ਹੋ ਗਈ ਅਤੇ ਜਹਾਜ ਡਿੱਕਡੋਲੇ ਖਾਣ ਲੱਗ ਪਿਆ। ਨਾਲ਼ ਦੀ ਨਾਲ਼ ਸਫ਼ਰ ਕਰਦੀਆਂ ਸਵਾਰੀਆਂ ਦੀ ਕੌਡੀ ਵੀ ਡੁਬਕੀਆਂ ਖਾਣ ਲੱਗ ਪਈ। ਬੇਬੇ ਨੇ ਅੱਖਾਂ ਬੰਦ ਕਰਕੇ ਹੱਥ ਜੋਡ਼ ਰੱਬ ਦਾ ਨਾਂ ਲੈਣਾਂ ਸ਼ੁਰੂ ਕਰ ਦਿੱਤਾ। ਬਾਪੂ ਕਰਨੈਲ ਸਿੰਘ ਪਾਰਸ ਨਾਸਤਿਕ ਬੰਦਾ ਸੀ। ਉਹ ਬੇਬੇ ਨੂੰ ਆਖਣ ਲੱਗਿਆ, "ਤੇਰੇ ਰੱਬ ਨੇ ਕੁਛ ਨਹੀਂ ਕਰਨਾ..! ਜੇ ਕੁਛ ਕਰਨੈਂ, ਤਾਂ ਔਹ ਮੂਹਰੇ ਜਿਹਡ਼ੇ ਪਡ਼੍ਹਾਈਆਂ ਕਰਕੇ ਫ਼ੀਤੀਆਂ ਲਾਈ ਬੈਠੇ ਐ, ਉਹਨਾਂ ਨੇ ਕਰਨੈਂ, ਤੂੰ ਰੱਬ ਦਾ ਨੀਂ, ਉਹਨਾਂ ਦੇ ਨਾਂ ਦਾ ਜਾਪ ਕਰ..!"


ਜਦ ਮੈਂ ਵੇਟਿੰਗ-ਰੂਮ ਵਿਚ ਜਾ ਕੇ ਕੁਰਸੀ 'ਤੇ ਬੈਠਾ ਤਾਂ ਮੇਰੇ ਸਾਹਮਣੇ ਬੈਠੀ ਇਕ ਪੰਜਾਹ ਕੁ ਸਾਲ ਦੀ ਪੰਜਾਬਣ ਬੀਬੀ ਮੇਰੇ ਵੱਲ ਇੰਜ ਝਾਕੀ ਜਿਵੇਂ ਮੈਂ ਉਸ ਦੀ ਚੈਨੀ ਤੋਡ਼ ਲਈ ਹੋਵੇ। ਉਹ ਕਾਫ਼ੀ ਦੇਰ ਮੇਰੇ ਵੱਲ ਦੇਖਦੀ ਰਹੀ ਅਤੇ ਅਖੀਰ ਮੇਰੇ ਕੋਲ਼ ਆ ਕੇ ਸਿੱਧੀ ਸਲੋਟ ਖਡ਼੍ਹ ਗਈ। ਮੈਂ ਕਿਤਾਬ ਪਡ਼੍ਹਨ ਦਾ ਬਹਾਨਾ ਜਿਹਾ ਕਰ ਰਿਹਾ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਬੀਬੀ ਮੇਰੇ ਨਾਲ਼ ਕੀ ਗੱਲ ਕਰਨਾ ਚਾਹੁੰਦੀ ਸੀ? ਜਦ ਉਹ ਕਾਫ਼ੀ ਚਿਰ ਵਾਪਸ ਨਾ ਗਈ ਤਾਂ ਮੈਂ ਵੀ ਕਿਤਾਬ ਬੰਦ ਕਰਕੇ ਉਸ ਨੂੰ ਸੰਬੋਧਨ ਹੋਇਆ, "ਕੋਈ ਪਛਾਣ ਕੱਢਦੇ ਓ ਭੈਣ ਜੀ...?"


-"ਤੂੰ ਤਾਂ ਭਾਅ ਜੀ ਉਹ ਨ੍ਹੀ, ਜੀਹਦੀਆਂ ਫ਼ੋਟੋਆਂ ਅਖ਼ਬਾਰਾਂ 'ਚ ਆਉਂਦੀਆਂ ਹੁੰਦੀਐਂ...?" ਉਸ ਨੇ ਇਕ ਤਰ੍ਹਾਂ ਨਾਲ਼ ਰੌਲ਼ਾ ਪਾਉਣ ਵਾਲਿ਼ਆਂ ਵਾਂਗ ਕਿਹਾ।


-"ਆਓ ਬੈਠੋ ਭੈਣ ਜੀ..! ਬੈਠ ਕੇ ਗੱਲ ਕਰਦੇ ਆਂ..!" ਮੈਂ ਚਾਹੁੰਦਾ ਸੀ ਕਿ ਬੀਬੀ ਹੌਲ਼ੀ ਬੋਲੇ।


-"ਵੇ ਓਹੀ ਐਂ ਨਾ ਭਾਅ ਜੀ ਤੂੰ...?"


-"ਆਹੋ ਭੈਣ ਜੀ..! ਮੈਂ ਓਹੀ ਐਂ..! ਬੈਠੋ..! ਕੁਛ ਪੀਣ ਨੂੰ ਲੈ ਕੇ ਆਵਾਂ ਥੋਡੇ ਵਾਸਤੇ..?"


-"ਦੇਖਿਆ..? ਪਛਾਣ ਲਿਆ ਨ੍ਹਾਂ..? ਤੇਰਾ ਪਿੰਡ ਖੋਸਾ ਐ ਨਾ ਭਾਅ ਜੀ..?" ਉਹ ਠਾਣੇ ਦੇ ਮੁਣਸ਼ੀ ਵਾਂਗ ਮੇਰੀ ਗੱਲ ਹੀ ਨਹੀਂ ਸੁਣ ਰਹੀ ਸੀ, ਸਗੋਂ ਆਪਣੀ ਹੀ ਸੁਣਾਈ ਜਾ ਰਹੀ ਸੀ।


-"ਕਿੱਥੇ ਜਾ ਰਹੇ ਓ..?" ਮੈਂ ਗੱਲ ਬਦਲਣ ਲਈ ਪੁੱਛਿਆ।


-"ਕਿੱਥੇ ਨ੍ਹੀ ਕਹੀਦਾ ਹੁੰਦਾ ਭਾਅ ਜੀ..! ਮਾਡ਼ਾ ਹੁੰਦੈ..! ਤੇਰਾ ਪਿੰਡ ਖੋਸਾ ਈ ਐ ਨ੍ਹਾ ਭਾਅ ਜੀ..?"


-"ਨਹੀਂ ਜੀ..! ਮੇਰਾ ਪਿੰਡ ਕੁੱਸਾ ਐ..!"


-"ਆਹੋ-ਆਹੋ ਸੱਚ, ਕੁੱਸਾ..! ਕੁੱਸਾ ਕਿੱਥੇ ਕਿਜੇ ਐ..?"


-"ਕੁੱਸਾ-ਮੀਨੀਆਂ..! ਬੌਡੇ, ਬੱਧਨੀ, ਨਿਹਾਲ ਸਿੰਘ ਵਾਲ਼ਾ ਵੱਲੀਂ..!"


-"ਵੇ ਪਤਾ ਨੀ ਭਾਅ ਜੀ..! ਮੈਂ ਤਾਂ ਬਾਹਲ਼ੀ ਤੁਰੀ ਫਿ਼ਰੀ ਨੀ..! ਮੈਂ ਤਾਂ ਬਿੰਨਕੂਬਰ ਚੱਲੀ ਆਂ..! ਸਾਰਾ ਟੱਬਰ ਈ ਓਥੇ ਐ ਆਪਣਾ..!"


-"ਮੈਂ ਵੀ ਓਥੇ ਈ ਜਾਣੈਂ ਜੀ..!"


-"ਤੇਰੀ ਭਾਅ ਜੀ ਫ਼ੋਟੋ ਦੇਖਦੀ ਹੁੰਦੀ ਸੀ..! ਲੈ ਅੱਜ ਮੈਂ ਫ਼ੱਟ ਪਛਾਣ ਲਿਆ..! ਜਾ ਕੇ ਦੱਸੂੰ ਘਰੇ ਬਈ ਜੀਹਦੀ ਫ਼ੋਟੋ ਅਖ਼ਬਾਰਾਂ 'ਚ ਦੇਖਦੇ ਹੁੰਦੇ ਸੀ, ਉਹ ਅੱਜ ਮੈਂ ਆਪ ਦੇਖਿਐ..!"


ਇਤਨੇ ਚਿਰ ਨੂੰ ਏਅਰ ਕੈਨੇਡਾ ਦੀ ਫ਼ਲਾਈਟ ਦੀ ਅਨਾਊਂਸਮੈਂਟ ਹੋ ਗਈ। ਅਸੀਂ ਬੈਗ ਚੁੱਕ ਗੇਟ ਵੱਲ ਨੂੰ ਤੁਰ ਪਏ।


ਏਅਰ ਕੈਨੇਡਾ ਦੀ ਫ਼ਲਾਈਟ ਤਿਆਰ ਸੀ। ਪਰ ਸਹੀ ਟਾਈਮ ਤੋਂ ਅੱਧਾ ਕੁ ਘੰਟਾ ਲੇਟ ਉਸ ਪਵਨ-ਪੁੱਤਰ ਨੇ ਆਪਣਾ ਮੂੰਹ ਅੱਧ-ਅਸਮਾਨ ਵੱਲ ਨੂੰ ਕੀਤਾ ਅਤੇ ਬੱਦਲ਼ਾਂ ਨੂੰ ਚੀਰਦਾ ਵੈਨਕੂਵਰ ਵੱਲ ਨੂੰ ਸਿੱਧਾ ਹੋ ਗਿਆ।

ਏਅਰ ਕੈਨੇਡਾ ਨੇ ਦੁਪਹਿਰ 02:05 'ਤੇ ਵੈਨਕੂਵਰ ਲੱਗਣਾ ਸੀ। ਪਰ ਫ਼ਲਾਈਟ ਅੱਧਾ ਕੁ ਘੰਟਾ ਲੇਟ, 02:35 'ਤੇ ਉਤਰੀ ਅਤੇ ਜਦ ਮੈਂ ਏਅਰਪੋਰਟ ਦੇ ਅੰਦਰ ਦਾਖ਼ਲ ਹੋਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ "ਕੈਨੇਡਾ ਵਿਚ ਤੁਹਾਡਾ ਸੁਆਗਤ ਹੈ" ਪਡ਼੍ਹਿਆ। ਮੇਰੀ ਹੈਰਾਨਗੀ ਦੀ ਹੱਦ ਨਾ ਰਹੀ। ਕੈਨੇਡਾ ਵਿਚ ਪੰਜਾਬੀ ਦਾ ਇਤਨਾ ਬੋਲਬਾਲਾ...? ਕੈਨੇਡਾ ਵੱਸਦੇ ਪੰਜਾਬੀਆਂ 'ਤੇ ਕੁਰਬਾਨ ਹੋ ਜਾਣ ਨੂੰ ਜੀਅ ਕੀਤਾ। ਜਦ ਇੰਮੀਗਰੇਸ਼ਨ ਕਾਊਂਟਰ 'ਤੇ ਪਹੁੰਚਿਆ ਤਾਂ ਇਕ ਸੋਹਣੀ ਸੁਨੱਖੀ, ਛਮਕ ਵਰਗੀ ਗੋਰੀ ਅਫ਼ਸਰ ਕੋਲ਼ ਮੇਰੀ ਵਾਰੀ ਆਈ। ਉਸ ਨੇ ਮੇਰਾ ਪਾਸਪੋਰਟ ਖੋਲ੍ਹ ਕੇ ਦੇਖਿਆ ਅਤੇ ਇਕ-ਦੋ ਸੰਖੇਪ ਸੁਆਲ ਪੁੱਛੇ ਅਤੇ ਮੋਹਰ ਮਾਰ ਕੇ ਮੇਰਾ ਰਾਹ ਖਾਲੀ ਕਰ ਦਿੱਤਾ। ਅਟੈਚੀ ਚੁੱਕ ਕੇ ਬਾਹਰ ਆਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ ਹੀ ਵੈਨਕੂਵਰ ਪਹੁੰਚਣ ਵਾਲ਼ੇ ਯਾਤਰੀਆਂ ਦੀ ਸੂਚੀ ਵੀ ਪੰਜਾਬੀ, ਚੀਨੀ ਅਤੇ ਹੋਰ ਭਾਸ਼ਾਵਾਂ ਵਿਚ ਨਸ਼ਰ ਹੋ ਰਹੀ ਸੀ। ਅੰਗਰੇਜ਼ੀ ਨੂੰ ਕੋਈ ਬਹੁਤੀ ਪਹਿਲ ਨਹੀਂ ਸੀ। ਹਾਲਾਂ ਕਿ ਅੰਗਰੇਜ਼ੀ ਕੈਨੇਡਾ ਦੀ ਮੁੱਖ ਜ਼ੁਬਾਨ ਹੈ। ਮੈਨੂੰ ਪਿਛਲੀ ਵਾਰ ਪੰਜਾਬ ਜਾਣ ਦੀ ਗੱਲ ਚੇਤੇ ਆਈ। ਮੈਂ ਮੋਗੇ ਤੋਂ ਪਿੰਡ ਨੂੰ ਜਾ ਰਿਹਾ ਸੀ। ਤਿੰਨ ਚਾਰ ਮੇਰੇ ਬੇਲੀ ਮੇਰੇ ਨਾਲ਼ ਸਾਡੀ ਸਕਾਰਪੀਓ ਗੱਡੀ ਵਿਚ ਸਫ਼ਰ ਕਰ ਰਹੇ ਸਨ। ਗੱਡੀ ਜਗਜੀਤ ਕਾਉਂਕੇ ਚਲਾ ਰਿਹਾ ਸੀ। ਜਦ ਮੈਂ ਪੰਜਾਬੀ ਦੇ ਲੱਗੇ ਬੋਰਡਾਂ ਵੱਲ ਗਹੁ ਨਾਲ਼ ਨਜ਼ਰ ਮਾਰੀ ਤਾਂ ਕੁੱਸਾ ਦੀ ਥਾਂ 'ਕੁਸਾ', ਬੌਡੇ ਦੀ ਥਾਂ 'ਬੋਡੇ' ਅਤੇ ਨੰਗਲ਼ ਦੀ ਜਗਾਹ 'ਨੱਗਲ' ਲਿਖਿਆ ਪਿਆ ਸੀ। ਮੈਂ ਹੈਰਾਨ ਹੋਇਆ ਕਿ ਕੀ ਪੰਜਾਬੀ ਮਾਂ ਬੋਲੀ ਦਾ ਢੰਡੋਰਾ ਪਿੱਟਣ ਵਾਲ਼ੇ ਮੰਤਰੀ-ਛੰਤਰੀ ਇੱਧਰ ਦੀ ਨਹੀਂ ਗੁਜ਼ਰਦੇ...? ਕੀ ਉਹਨਾਂ ਨੂੰ ਇਹ ਪਹਿਲੀ ਸੱਟੇ ਅੱਖਾਂ ਵਿਚ ਰਡ਼ਕਣ ਵਾਲ਼ੇ ਬੋਰਡਾਂ ਬਾਰੇ ਕੋਈ ਪਤਾ ਨਹੀਂ..? ਜੇ ਪਤਾ ਹੈ ਤਾਂ ਘੇਸਲ਼ ਕਿਉਂ ਮਾਰ ਛੱਡਦੇ ਨੇ..? ਸਾਡੇ ਪਿੰਡ ਇਕ ਬਜ਼ੁਰਗ ਨੇ ਪਿੰਡ ਦੇ ਬਾਹਰ ਬਾਹਰ ਪਸ਼ੂਆਂ ਦੇ ਪਾਣੀ ਪੀਣ ਲਈ 'ਚਲ੍ਹਾ' ਬਣਾਇਆ ਹੋਇਆ ਸੀ, ਜਿੱਥੇ ਉਸ ਨੇ ਸੀਮਿੰਟ ਦੇ ਪਲੱਸਤਰ ਉਪਰ ਆਪ ਹੀ ਹੱਥ ਨਾਲ਼ ਉਕਰਿਆ ਹੋਇਆ ਸੀ, "ਇਥੇ ਟੰਟੀ ਵਾਲੇ ਹੰਥ ਧੋਨੇ ਮਣਾਹ ਹੱਨ!" ਮਤਲਬ ਇੱਥੇ ਜੰਗਲ-ਪਾਣੀ ਵਾਲ਼ੇ ਹੱਥ ਧੋਣੇ ਮਨ੍ਹਾਂ ਹਨ! ਪਰ ਉਹ ਬਜ਼ੁਰਗ ਤਾਂ ਅਨਪਡ਼੍ਹ ਬੰਦਾ ਸੀ। ਪਰ ਸਾਡੇ ਆਗੂ ਜਾਂ ਪੰਚਾਇਤਾਂ ਤਾਂ ਹੁਣ ਪਡ਼੍ਹੀਆਂ ਲਿਖੀਆਂ ਹਨ, ਇਹ ਕਿਉਂ ਨਹੀਂ ਇਹਨਾਂ ਬੋਰਡਾਂ ਦਾ ਕੋਈ ਸੁਧਾਰ ਕਰਵਾਉਂਦੇ...?

ਮੈਂ ਇਕ ਵਾਰੀ ਆਪਣੇ ਇਕ ਉੱਚ ਪੁਲ਼ਸ ਅਫ਼ਸਰ ਮਿੱਤਰ ਨਾਲ਼ ਗੱਲ ਕੀਤੀ ਕਿ ਚਲੋ ਸਾਡੇ ਪੁਰਾਣੇ ਬਜ਼ੁਰਗ ਤਾਂ ਆਪ ਅਨਪਡ਼੍ਹ ਸਨ ਅਤੇ ਉਹਨਾਂ ਨੂੰ ਠਾਣੇਦਾਰ ਜਾਂ ਪੁਲ਼ਸ ਅਫ਼ਸਰ ਵੀ ਉਹੋ ਜਿਹੇ ਹੀ ਚਾਹੀਦੇ ਸਨ, ਜਿਹੋ ਜਿਹੇ ਉਹ ਆਪ ਗਾਲ਼ੀ ਗਲ਼ੋਚ ਕਰਨ ਵਾਲ਼ੇ ਸਨ। ਮਤਲਬ ਗਾਲ਼ ਕੱਢ ਕੇ ਗੱਲ ਕਰਨ ਵਾਲ਼ੇ! ਪਰ ਹੁਣ ਤਾਂ ਦੁਨੀਆਂ ਪਡ਼੍ਹ-ਲਿਖ ਗਈ ਹੈ, ਹੁਣ ਤਾਂ ਪੁਲੀਸ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ? ਤਾਂ ਉਸ ਨੇ ਮੈਨੂੰ ਬਡ਼ੇ ਸੰਖੇਪ ਲਹਿਜੇ ਵਿਚ ਆਖਿਆ ਕਿ ਬਾਈ ਜੱਗੀ, ਜੇ ਪੁਲ਼ਸ ਆਪਣਾ ਲਹਿਜਾ ਬਦਲ ਲਵੇ ਤਾਂ ਕਰਾਈਮ ਰਾਤੋ-ਰਾਤ ਦੁੱਗਣਾਂ ਹੋ ਜਾਵੇ! ਜਦ ਮੈਂ ਯੂਰਪੀਅਨ ਪੁਲੀਸ ਬਾਰੇ ਆਪਣੇ ਨਿੱਜੀ ਤਜ਼ਰਬੇ ਦੱਸੇ ਤਾਂ ਉਸ ਨੇ ਫਿ਼ਰ ਸੰਖੇਪ ਕਿਹਾ ਕਿ ਯੂਰਪ ਵਿਚ ਕਾਨੂੰਨ ਹਨ। ਜੇ ਪੁਲੀਸ ਦਾ ਸਿਪਾਹੀ ਵੀ ਕੇਸ ਦਰਜ਼ ਕਰਦਾ ਹੈ ਤਾਂ ਦੋਸ਼ੀ ਨੂੰ ਅਦਾਲਤ ਵੱਲੋਂ ਢੁਕਵੀਂ ਸਜ਼ਾ ਵੀ ਹੋ ਜਾਂਦੀ ਹੈ, ਜਾਂ ਜ਼ੁਰਮਾਨਾਂ ਅਦਾ ਕਰਨਾ ਪੈ ਜਾਂਦਾ ਹੈ। ਜ਼ੁਰਮ ਛੋਟਾ ਹੋਣ 'ਤੇ 'ਕਮਿਊਨਿਟੀ ਸਰਵਿਸ' ਦੀ ਜਾਂ ਪਹਿਲਾ ਜ਼ੁਰਮ ਹੋਣ ਕਾਰਨ 'ਸੱਸਪੈਂਡਿਡ ਜੇਲ੍ਹ ਸੰਟੈਂਸ' ਕੀਤੀ ਜਾਂਦੀ ਹੈ। ਪਰ ਇੱਥੇ ਤਾਂ ਕੇਸ ਦਫ਼ਾ 307, ਇਰਾਦਾ ਕਤਲ ਦਾ ਤਿਆਰ ਕੀਤਾ ਜਾਂਦਾ ਹੈ ਅਤੇ ਗਵਾਹ ਅਦਾਲਤ ਜਾਣ ਵੇਲ਼ੇ ਰਾਹ 'ਚ ਹੀ ਮੁੱਕਰ ਜਾਂਦੇ ਨੇ! ਜਾਂ ਤਾਂ ਗਵਾਹ ਲਾਲਚ 'ਚ ਆ ਜਾਂਦਾ ਹੈ ਅਤੇ ਜਾਂ ਦਬਾਅ ਥੱਲੇ! ...ਤੇ ਜਿੱਥੇ ਗਵਾਹੀ ਨਹੀਂ, ਉਥੇ ਸਜ਼ਾ ਨਹੀਂ! ਬੰਦਾ ਬਰੀ ਹੋ ਜਾਂਦਾ ਹੈ। ਉਸ ਦੀਆਂ ਗੱਲਾਂ ਮੇਰੇ ਮਨ ਵੀ ਲੱਗਦੀਆਂ ਸਨ ਅਤੇ ਦਿਲ ਵੀ ਮੰਨਦਾ ਸੀ।
ਮੈਂ ਵੈਨਕੂਵਰ ਦੇ ਵੇਟਿੰਗ ਹਾਲ ਵਿਚ ਖਡ਼੍ਹਾ ਸਕਰੀਨ 'ਤੇ ਪੰਜਾਬੀ ਵਿਚ ਗਲਤੀਆਂ ਕੱਢਣ ਦੀ ਕੋਸਿ਼ਸ਼ ਕਰ ਰਿਹਾ ਸੀ। ਪਰ ਸਕਰੀਨ 'ਤੇ ਮੈਨੂੰ ਇਕ ਵੀ ਗਲਤੀ ਪੰਜਾਬੀ ਵਿਚ ਨਹੀਂ ਮਿਲ਼ੀ। ਮੈਂ ਇਸ ਗੱਲੋਂ ਹੈਰਾਨ ਅਤੇ ਕੈਨੇਡਾ ਵਾਲਿ਼ਆਂ ਦੇ ਬਲਿਹਾਰੇ ਵੀ ਜਾ ਰਿਹਾ ਸੀ। ਹਰਜੀਤ ਗਿੱਲ ਨੇ ਹੀ ਮੈਨੂੰ ਵੈਨਕੂਵਰ ਏਅਰਪੋਰਟ ਤੋਂ ਲੈਣ ਆਉਣਾ ਸੀ। ਪਰ ਮੇਰੀ ਅੱਧੇ ਘੰਟੇ ਦੀ ਉਡੀਕ ਕਰਨ ਦੇ ਬਾਵਯੂਦ ਹਰਜੀਤ ਨਾ ਬਹੁਡ਼ਿਆ। ਮੈਂ ਬਡ਼ਾ ਹੈਰਾਨ ਹੋਇਆ ਕਿ ਹਰਜੀਤ ਪਹੁੰਚਿਆ ਕਿਉਂ ਨਹੀਂ? ਅਖੀਰ ਮੈਂ ਇਕ ਦਸਤਾਰ ਵਾਲ਼ੇ ਸਿੰਘ ਕੋਲ਼ ਜਾ ਕੇ ਬੇਨਤੀ ਕੀਤੀ।
-"ਬਾਈ ਜੀ ਸਾਸਰੀਕਾਲ..!"
-"ਸਾਸਰੀਕਾਲ ਜੀ..!"
-"ਬਾਈ ਜੀ, ਮੈਨੂੰ ਸ਼ੇਰੇ ਪੰਜਾਬ ਰੇਡੀਓ ਵਾਲ਼ੇ ਹਰਜੀਤ ਨੇ ਲੈਣ ਆਉਣਾ ਸੀ, ਆਹ ਓਸ ਦਾ ਨੰਬਰ ਹੈ, ਬਾਈ ਜੀ ਬਣ ਕੇ ਉਹਨੂੰ ਮਾਡ਼ਾ ਜਿਆ ਫ਼ੋਨ ਕਰੋਂਗੇ..?"
-"ਲਿਆਓ ਜੀ..! ਪਹਿਲਾਂ ਮੈਂ ਉਹਦੇ ਨਾਲ਼ ਗੱਲ ਕਰ ਲਵਾਂ..!" ਉਸ ਨੇ ਨੰਬਰ ਮਿਲਾਉਂਦਿਆਂ ਕਿਹਾ।
ਉਹ ਸੱਜਣ ਹਰਜੀਤ ਨੂੰ ਆਪਣਾ ਨਾਂ 'ਮੁਲਤਾਨੀ' ਦੱਸ ਰਿਹਾ ਸੀ। ਉਸ ਨੇ ਕੁਝ ਸਮਾਂ ਗੱਲ ਕਰ ਕੇ ਫ਼ੋਨ ਮੈਨੂੰ ਫ਼ਡ਼ਾ ਦਿੱਤਾ।
-"ਬਾਈ ਜੀ..! ਵੈੱਲਕਮ ਟੂ ਕੈਨੇਡਾ..!" ਹਰਜੀਤ ਦੀ ਅਵਾਜ਼ ਸੀ।
-"ਥੈਂਕ ਯੂ ਜੀ..!"
-"ਬਾਈ ਜੀ, ਅੱਜ ਇੱਥੇ ਨਗਰ ਕੀਰਤਨ ਸੀ, ਮੇਰੀ ਗੱਡੀ 'ਟੋਅ' ਹੋ ਗਈ, ਤੁਸੀਂ ਚਿੰਤਾ ਨਾ ਕਰੋ, ਮੁੰਡੇ ਤੁਹਾਨੂੰ ਲੈਣ ਲਈ ਚੱਲੇ ਹੋਏ ਨੇ ਤੇ ਦਸ ਪੰਦਰਾਂ ਮਿੰਟ 'ਚ ਪਹੁੰਚ ਜਾਣਗੇ, ਚਿੰਤਾ ਵਾਲ਼ੀ ਕੋਈ ਗੱਲ ਨਹੀਂ, ਰਿਲੈਕਸ ਹੋ ਕੇ ਖਡ਼੍ਹੋ! ਮੁੰਡੇ ਪਹੁੰਚੇ ਲਓ! ਜੇ ਮੇਰੀ ਗੱਡੀ ਟੋਅ ਨਾ ਹੁੰਦੀ ਤਾਂ ਮੈਂ ਤੁਹਾਡੀ ਫ਼ਲਾਈਟ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਣਾ ਸੀ! ਪਰ ਫਿ਼ਕਰ ਵਾਲ਼ੀ ਗੱਲ ਕੋਈ ਨੀ, ਮੁੰਡੇ ਨਗਰ ਕੀਰਤਨ 'ਚ ਬਿਜ਼ੀ ਸੀਗੇ, ਆਹ ਹੁਣੇਂ ਈ ਤੁਰੇ ਐ, ਦਸ ਪੰਦਰਾਂ ਮਿੰਟ 'ਚ ਆ ਜਾਣਗੇ, ਤੁਸੀਂ ਐਥੇ ਈ ਵੇਟ ਕਰੋ..!" ਹਰਜੀਤ ਨੇ ਮੇਰਾ ਸੰਸਾ ਨਵਿੱਰਤ ਕਰ ਦਿੱਤਾ।
ਮੈਂ ਫਿ਼ਰ ਵੈਨਕੂਵਰ ਏਅਰਪੋਰਟ ਦਾ ਜਾਇਜਾ ਜਿਹਾ ਲੈਣਾ ਸ਼ੁਰੂ ਕਰ ਦਿੱਤਾ।
ਵੀਹ ਕੁ ਮਿੰਟ ਬਾਅਦ ਕਮਲਜੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ ਹੇਰਾਂ ਅਤੇ ਅਮਰਜੀਤ ਸਿੰਘ ਮੈਨੂੰ ਲੈਣ ਆ ਪਹੁੰਚੇ। ਉਹਨਾਂ ਮੇਰਾ ਅਟੈਚੀ ਗੱਡੀ ਵਿਚ ਰੱਖਿਆ ਅਤੇ ਅਸੀਂ ਅੱਧੇ ਕੁ ਘੰਟੇ ਵਿਚ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਹਰਕੀਰਤ ਸਿੰਘ, ਮੁੱਖ ਸੰਪਾਦਕ ਪੰਜਾਬ ਗਾਰਡੀਅਨ, ਜਗਤ ਪ੍ਰਸਿੱਧ ਪੱਤਰਕਾਰ ਸੁਖਮਿੰਦਰ ਸਿੰਘ ਚੀਮਾਂ ਅਤੇ ਹੋਰ ਦੋਸਤ ਮਿੱਤਰ ਉਥੇ ਹਾਜ਼ਰ ਸਨ। ਸੁਖਮਿੰਦਰ ਸਿੰਘ ਚੀਮਾਂ ਮੇਰੇ ਬਡ਼ਾ ਸਤਿਕਾਰ ਦਾ ਪਾਤਰ ਹੈ। ਮੈਂ ਬਡ਼ੇ ਚਿਰ ਤੋਂ ਇਸ ਬਾਈ ਨੂੰ ਲੱਭਦਾ ਫਿ਼ਰਦਾ ਸੀ। ਪਰ ਮੇਲ ਅੱਜ ਪਹਿਲੀ ਵਾਰ ਹੋਏ ਸਨ। ਪੱਤਰਕਾਰੀ ਦੇ ਨਾਲ਼-ਨਾਲ਼ ਉਹ 'ਰੇਡੀਓ ਇੰਡੀਆ' ਦਾ ਵੀ ਚਰਚਿਤ 'ਹੋਸਟ' ਹੈ! ਚਾਹ ਪਾਣੀ ਪੀਤਾ ਗਿਆ ਅਤੇ ਅਗਲੇ ਦਿਨ ਪੰਜਾਬ ਗਾਰਡੀਅਨ ਦੇ ਹੋ ਰਹੇ ਸਮਾਗਮ ਬਾਰੇ ਵਿਚਾਰ ਵਟਾਂਦਰੇ ਵੀ ਚੱਲ ਰਹੇ ਸਨ।
ਅਜੇ ਅਸੀਂ ਚਾਹ ਪਾਣੀ ਪੀ ਕੇ ਹੀ ਹਟੇ ਸੀ ਕਿ ਹਰਜੀਤ ਗਿੱਲ ਆ ਗਿਆ। ਸੋਹਣਾਂ-ਸੁਨੱਖਾ ਦਰਸ਼ਣੀ ਜੁਆਨ ਮੋਰ ਵਾਂਗ ਪੈਹਲ੍ਹ ਪਾਉਂਦਾ ਆ ਰਿਹਾ ਸੀ! ਠੋਕ ਕੇ ਬੰਨ੍ਹੀ ਹੋਈ ਕੇਸਰੀ ਦਸਤਾਰ ਮਲਵਈ ਹੋਣ ਦੀ ਸ਼ਾਹਦੀ ਭਰਦੀ ਸੀ ਅਤੇ ਭਰਵੀਆਂ ਮੁੱਛਾਂ ਦੀ ਨੱਕ ਦੇ ਦੁਆਲ਼ੇ ਕੀਤੀ ਗੋਲ਼ ਗੁੱਛੀ ਕਿਸੇ ਸੋਢੀ ਸਰਦਾਰ ਦਾ ਭੁਲੇਖਾ ਪਾਉਂਦੀ ਸੀ।
-"ਅੱਜ ਬਾਈ ਨੇ ਆਉਣਾ ਸੀ ਤੇ ਅੱਜ ਕੰਜਰ ਮੇਰੀ ਕਾਰ ਚੱਕ ਕੇ ਲੈਗੇ...!" ਆਉਣਸਾਰ ਹਰਜੀਤ ਮੇਰੇ ਗਲ਼ ਨੂੰ ਚਿੰਬਡ਼ ਗਿਆ।
ਭਰਾਵਾਂ ਨੂੰ ਮਿਲ਼ ਕੇ ਰੱਬ ਤੋਂ ਸਾਰੇ ਗਿਲੇ-ਸਿ਼ਕਵੇ ਮਿਟ ਗਏ। ਮੇਰੀ ਕੈਨੇਡਾ ਪਹੁੰਚਣ ਦੀ ਖ਼ਬਰ ਵਿਚ ਹਰਜੀਤ ਗਿੱਲ ਦਾ ਫ਼ੋਨ ਨੰਬਰ ਦਿੱਤਾ ਹੋਇਆ ਸੀ। ਹਰਜੀਤ ਦੇ ਦੱਸਣ ਅਨੁਸਾਰ ਕੈਨੇਡਾ ਤੋਂ ਥਾਂ-ਥਾਂ ਤੋਂ ਬਹੁਤ ਫ਼ੋਨ ਆ ਰਹੇ ਹਨ। ਸ਼ਾਮ ਨੂੰ ਪੰਜਾਬ ਗਾਰਡੀਅਨ ਦੇ ਦਫ਼ਤਰ 'ਚੋਂ ਉਠ ਕੇ ਮੈਂ ਅਤੇ ਹਰਜੀਤ ਗਿੱਲ ਇਕ 'ਕੈਫ਼ੇ' ਦੇ ਬਾਹਰ ਆ ਬੈਠੇ। ਉਥੇ ਹੀ ਹਰਜੀਤ ਦਾ ਬਹੁਤ ਹੀ ਨਿੱਘਾ ਯਾਰ ਅਤੇ ਕਬੱਡੀ ਦਾ ਸ਼ਾਹ ਅਸਵਾਰ ਲੱਖਾ ਗਾਜ਼ੀਪੁਰੀਆ ਆ ਮਿਲਿ਼ਆ। ਲੱਖੇ ਨੇ ਕਬੱਡੀ ਇਤਿਹਾਸ ਵਿਚ ਬਡ਼ੀਆਂ ਮੱਲਾਂ ਮਾਰੀਆਂ ਹਨ ਅਤੇ ਕਬੱਡੀ ਅਖਾਡ਼ੇ ਵਿਚ ਭੰਦਰੋਲ਼ ਪਾਈ ਰੱਖਿਆ ਹੈ! ਅੱਜ ਵੀ ਉਸ ਕਬੱਡੀ ਦੇ ਸੂਰਮੇਂ ਨੂੰ ਸਲਾਮਾਂ ਹੁੰਦੀਆਂ ਨੇ!
ਹਰਜੀਤ ਨੇ ਕੌਫ਼ੀ ਅਤੇ ਮੈਂ ਚਾਹ ਪੀਤੀ। ਅਸੀਂ ਅਜੇ ਚਾਹ ਹੀ ਪੀ ਰਹੇ ਸੀ ਕਿ ਸਾਡੇ ਪਿੰਡ ਵਾਲ਼ੀ ਭੈਣ ਮੀਤੋ ਦਾ ਫ਼ੋਨ ਆ ਗਿਆ। ਮੀਤੋ ਮੇਰੀ ਸਭ ਤੋਂ ਵੱਡੀ ਭੈਣ ਨਾਲ਼ ਪਡ਼੍ਹਦੀ ਹੁੰਦੀ ਸੀ। ਸ਼ਾਇਦ 30-35 ਸਾਲ ਤੋਂ ਅਸੀਂ ਇਕ ਦੂਜੇ ਨੂੰ ਕਦੇ ਨਹੀਂ ਦੇਖਿਆ। ਤਾਈ ਨੰਦ ਕੌਰ ਨੂੰ ਤਾਂ ਮੈਂ ਪਿਛਲੇ ਸਾਲ ਬਾਪੂ ਜੀ ਦੀ ਬਰਸੀ ਮੌਕੇ ਪਿੰਡ ਮਿਲ਼ ਆਇਆ ਸੀ। ਮੈਂ ਛੋਟਾ ਜਿਹਾ ਹੁੰਦਾ ਸੀ, ਜਦੋਂ ਭੈਣ ਮੀਤੋ ਵਿਆਹ ਕਰਵਾ ਕੇ ਕੈਨੇਡਾ ਆ ਗਈ ਸੀ ਅਤੇ ਅੱਜ ਕੱਲ੍ਹ ਐਬਟਸਫ਼ੋਰਡ ਰਹਿੰਦੀ ਹੈ। ਉਸ ਭੈਣ ਨਾਲ਼ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਅਸੀਂ ਹਰਜੀਤ ਗਿੱਲ ਦੇ ਘਰ ਆ ਗਏ।
ਜਦ ਅਸੀਂ ਹਰਜੀਤ ਦੇ ਘਰ ਪਹੁੰਚੇ ਤਾਂ ਮੈਨੂੰ ਮਿਲ਼ ਕੇ ਜਿਵੇਂ ਗਿੱਲ ਦੇ ਸਮੁੱਚੇ ਪ੍ਰੀਵਾਰ ਨੂੰ ਚਾਅ ਚਡ਼੍ਹ ਗਿਆ। ਹਰਜੀਤ ਗਿੱਲ ਦੀ ਸਿੰਘਣੀ, ਭੈਣ ਸਤਵਿੰਦਰ ਕੌਰ, ਬੇਟਾ ਬਲਰਾਜ ਸਿੰਘ, ਬੇਟੀ ਰਵਰਾਜ ਕੌਰ, ਬਾਪੂ ਸ. ਮੋਦਨ ਸਿੰਘ ਜੀ ਗਿੱਲ ਅਤੇ ਬੀਜੀ, ਮਾਤਾ ਗੁਰਮੇਲ ਕੌਰ ਗਿੱਲ, ਸਾਰਾ ਪ੍ਰੀਵਾਰ ਮੈਨੂੰ ਇੰਜ ਆਪਣਿਆਂ ਵਾਂਗ ਮਿਲਿ਼ਆ, ਜਿਵੇਂ ਮੈਨੂੰ ਜੁੱਗਡ਼ਿਆਂ ਤੋਂ ਜਾਣਦਾ ਸੀ। ਚਾਹੇ ਇਸ ਸਤਿਯੁਗੀ ਪ੍ਰੀਵਾਰ ਨੂੰ ਮੈਂ ਪਹਿਲੀ ਵਾਰ ਮਿਲ਼ ਰਿਹਾ ਸਾਂ। ਪਰ ਸਾਰੇ ਟੱਬਰ ਦੀ ਦਿਲੀ ਅਪਣੱਤ ਮੈਨੂੰ ਕਾਇਲ ਕਰ ਗਈ ਸੀ। ਮੈਨੂੰ ਰਤੀ ਭਰ ਵੀ ਮਹਿਸੂਸ ਨਾ ਹੋਇਆ ਕਿ ਇਸ ਪ੍ਰੀਵਾਰ ਨਾਲ਼ ਮੇਰੀ ਪਹਿਲੀ ਮਿਲਣੀ ਸੀ। ਮੈਂ ਜਦ ਬਾਪੂ ਜੀ ਅਤੇ ਬੀਜੀ ਦੇ ਪੈਰੀਂ ਹੱਥ ਲਾਏ ਤਾਂ ਉਹਨਾਂ ਦੋਹਾਂ ਨੇ ਮੈਨੂੰ ਪੁੱਤਰਾਂ ਵਾਂਗ ਬੁੱਕਲ਼ ਵਿਚ ਲੈ ਕੇ ਮੇਰੀ ਮਾਂ-ਬਾਪ ਵਾਲ਼ੀ ਘਾਟ ਵਾਲ਼ੀ ਕਸਰ ਪੂਰੀ ਕਰ ਦਿੱਤੀ। ਬੀਜੀ ਦੀ ਬੁੱਕਲ਼ ਵਿਚ ਮਾਂ ਦੀ ਸੁਗੰਧ ਅਤੇ ਬਾਪੂ ਜੀ ਦੀ ਜੱਫ਼ੀ ਵਿਚ ਬਾਪੂ ਵਾਲ਼ਾ ਆਸ਼ੀਰਵਾਦ ਸੀ! ਭੈਣ ਸਤਵਿੰਦਰ ਕੌਰ ਗਿੱਲ ਦੀ ਮਿਲਣੀ ਵਿਚੋਂ ਨਿੱਕੀਆਂ ਭੈਣਾਂ ਵਾਲ਼ੀ ਭਾਵਨਾਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਉਹਨਾਂ ਨੂੰ ਮਿਲ਼ ਕੇ ਮੇਰੀ ਜਿ਼ੰਦਗੀ ਦੀਆਂ ਭਾਵਨਾਵਾਂ ਦੇ ਸਾਰੇ ਘਾਟੇ ਪੂਰੇ ਹੋ ਗਏ ਸਨ। ਹੁਣ ਮੈਂ ਆਪਣੇ ਆਪ ਨੂੰ ਕਿਸੇ ਗੱਲੋਂ 'ਊਣਾਂ' ਨਹੀਂ, ਸਗੋਂ ਸੰਪੂਰਨ ਮਹਿਸੂਸ ਕਰ ਰਿਹਾ ਸਾਂ!
ਪਹਿਲਾਂ ਚਾਹ ਅਤੇ ਫਿ਼ਰ ਰੋਟੀ ਖਾਣ ਤੋਂ ਬਾਅਦ ਹਰਜੀਤ ਮੈਨੂੰ ਹੋਟਲ ਵਿਚ ਛੱਡਣ ਤੁਰ ਪਿਆ। ਮੇਰੇ ਕਹਿਣ 'ਤੇ ਮੇਰੇ ਰਹਿਣ ਦਾ ਪ੍ਰਬੰਧ ਹੋਟਲ ਵਿਚ ਹੀ ਕੀਤਾ ਗਿਆ ਸੀ। ਕੋਈ ਦਸ ਕੁ ਮਿੰਟਾਂ ਬਾਅਦ ਅਸੀਂ "ਸੁਪਰ 8" ਹੋਟਲ ਵਿਚ ਆ ਗਏ। ਇਹ ਹੋਟਲ ਬੱਧਨੀ ਕਲਾਂ ਕੋਲ਼ ਪਿੰਡ ਬੁੱਟਰ ਦੇ ਬਾਈ ਨਛੱਤਰ ਕੂਨਰ ਦਾ ਹੈ। ਇਸ ਹੋਟਲ ਵਿਚ ਉਸ ਦੇ ਨਾਲ਼ ਦਾ ਪਾਰਟਨਰ ਸੁੱਖ ਪੰਧੇਰ ਹੈ। ਜਦ ਸਾਡੇ ਪਿੰਡ ਵੱਲੋਂ ਮੋਗੇ ਨੂੰ ਆਈਏ ਤਾਂ ਬੱਧਨੀ ਕਲਾਂ ਲੰਘ ਕੇ ਬੁੱਟਰ ਵੱਲ ਆਉਂਦਿਆਂ ਖੱਬੇ ਪਾਸੇ ਬੌਰੀਆਂ ਦੇ ਘਰ ਆਉਂਦੇ ਹਨ ਅਤੇ ਇਹ ਬੌਰੀਆਂ ਦੇ ਘਰ ਨਛੱਤਰ ਕੂਨਰ ਹੋਰਾਂ ਦੇ ਖੇਤਾਂ ਵਿਚ ਹੀ ਹਨ। ਬਡ਼ਾ ਮਿਲਣਸਾਰ ਅਤੇ ਦਿਲ ਦਰਿਆ ਬੰਦਾ ਹੈ ਬਾਈ ਨਛੱਤਰ ਕੂਨਰ! ਰਾਤ ਦੇ ਗਿਆਰਾਂ ਵਜੇ ਉਹ ਸਪੈਸ਼ਲ ਸਾਡੇ ਲਈ ਹੋਟਲ ਪਹੁੰਚਿਆ ਅਤੇ ਮੇਰੇ ਲਈ ਵਿਸ਼ੇਸ਼ ਤੌਰ 'ਤੇ ਇਕ 'ਹਨੀਮੂਨ ਸੁਈਟ' ਦਾ ਪ੍ਰਬੰਧ ਕਰਵਾ ਕੇ ਦਿੱਤਾ। ਹਨੀਮੂਨ ਸੁਈਟ ਦੇਖ-ਸੁਣ ਕੇ ਮੈਂ ਮਨ ਹੀ ਮਨ ਅੰਦਰ ਹੱਸ ਪਿਆ ਕਿ 'ਕੱਲਾ ਬੰਦਾ ਅਤੇ ਹਨੀਮੂਨ ਸੁਈਟ..? ਖ਼ੈਰ..! ਧੰਨਵਾਦੀ ਹਾਂ ਬਾਈ ਹੋਰਾਂ ਦਾ! ਇਸ ਸੁਈਟ ਦਾ ਨੰਬਰ 214 ਸੀ ਅਤੇ ਅਗਲੇ ਦਿਨ ਉਹਨਾਂ ਨੇ ਮੈਨੂੰ ਬਦਲ ਕੇ ਸੁਈਟ 218 ਦੇ ਦਿੱਤਾ। ਹਰਜੀਤ ਮੈਨੂੰ ਹੋਟਲ ਛੱਡ ਕੇ ਮੁਡ਼ ਗਿਆ ਅਤੇ ਮੈਂ ਇਕ-ਦੋ ਫ਼ੋਨ ਕੀਤੇ ਅਤੇ ਫ਼ੋਨ ਕਰਨ ਲਈ ਆਪਣੇ ਹੋਟਲ ਅਤੇ ਕਮਰੇ ਦਾ ਨੰਬਰ ਦਿੱਤਾ। ਲੰਡਨ ਅਤੇ ਵੈਨਕੂਵਰ ਦੇ ਸਮੇਂ ਦਾ ਅੱਠ ਘੰਟੇ ਦਾ ਫ਼ਰਕ ਹੋਣ ਕਾਰਨ ਮੈਨੂੰ ਚੱਜ ਨਾਲ਼ ਨੀਂਦ ਨਾ ਆਈ। ਸਮੇਂ ਦੇ ਵਕਫ਼ੇ ਕਾਰਨ ਮੈਂ ਖਿੱਚ-ਧੂਹ ਕੇ ਪਹਿਲੀ ਰਾਤ ਸਿਰਫ਼ ਇਕ-ਦੋ ਘੰਟੇ ਹੀ ਸੌਂ ਸਕਿਆ ਹੋਵਾਂਗਾ।
ਸਵੇਰੇ ਦਸ ਕੁ ਵਜੇ ਹਰਜੀਤ ਹੋਟਲ ਆ ਗਿਆ ਅਤੇ ਮਿਲਣ-ਗਿਲਣ ਦਾ ਸਿਲਸਲਾ ਸਾਰਾ ਦਿਨ ਜੰਗੀ ਪੱਧਰ 'ਤੇ ਜਾਰੀ ਰਿਹਾ। ਰਾਤਾਂ ਛੋਟੀਆਂ ਤੇ ਯਾਰ ਬਥੇਰੇ - ਮੈਂ ਕੀਹਦਾ ਕੀਹਦਾ ਮਾਣ ਰੱਖਲਾਂ ਵਾਲ਼ੀ ਗੱਲ ਮੇਰੇ ਨਾਲ਼ ਹੋ ਰਹੀ ਸੀ। ਦਿਨ ਮੇਰੇ ਕੋਲ਼ ਕੁੱਲ ਮਿਲ਼ਾ ਕੇ ਢਾਈ ਅਤੇ ਮਿਲਣ ਵਾਲ਼ੇ ਬੰਦੇ ਹਜ਼ਾਰਾਂ! ਹਰਜੀਤ ਵਾਲ਼ੇ ਮੋਬਾਇਲ ਫ਼ੋਨ 'ਤੇ ਨਿਰੰਤਰ ਕਾਲਾਂ ਆ ਰਹੀਆਂ ਸਨ। ਸਾਡੇ ਪਿੰਡ ਦੇ ਬੇਲੀ ਗੁੱਸੇ ਹੋ ਰਹੇ ਸਨ, "ਹਰਜੀਤ, ਤੂੰ ਸਾਡਾ ਬੰਦਾ 'ਕਿੱਡਨੈਪ' ਕਰ ਲਿਆ!" ਇਹ ਸਾਡੇ ਪਿੰਡ ਵਾਲ਼ੇ ਬਾਈ ਦਰਸ਼ਣ ਸਿੰਘ ਧਾਲ਼ੀਵਾਲ਼ ਦੇ ਮਜ਼ਾਕ ਭਰੇ ਬੋਲ ਸਨ। ਦਰਸ਼ਣ ਸਿੰਘ ਧਾਲ਼ੀਵਾਲ਼ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਮੇਰੇ ਦੋਸਤ ਜਗਰੂਪ ਸਿੰਘ ਧਾਲ਼ੀਵਾਲ਼ ਦਾ ਵੱਡਾ ਭਰਾ ਹੈ। ਉਸ ਤੋਂ ਬਾਅਦ ਹਰਜੀਤ ਕਿਸੇ ਨੂੰ ਆਖ ਰਿਹਾ ਸੀ, "ਬਾਈ ਜੀ, ਇਹ ਮੰਨਦੇ ਹਾਂ ਕਿ ਜੱਗੀ ਕੁੱਸਾ ਤੁਹਾਡੇ ਪਿੰਡ ਦਾ ਹੈ, ਪਰ ਹੁਣ ਉਹ ਸਮੁੱਚੇ ਪੰਜਾਬੀਆਂ ਦਾ ਸਾਂਝਾ ਲੇਖਕ ਵੀ ਹੈ..!" ਪਰ ਰੋਲ਼-ਘਚੋਲ਼ੇ ਵਿਚ ਮੈਨੂੰ ਪੁੱਛਣ ਦਾ ਚੇਤਾ ਹੀ ਵਿਸਰ ਗਿਆ ਕਿ ਇਹ ਮਿੱਤਰ ਕੌਣ ਸੀ?
ਅਸੀਂ ਅਜੇ ਤੁਰਨ ਹੀ ਲੱਗੇ ਸੀ ਪਹਿਲਾਂ ਸਰੀ ਤੋਂ ਗੁਰਮੇਲ ਬਦੇਸ਼ਾ ਦਾ ਅਤੇ ਫਿ਼ਰ ਇੰਗਲੈਂਡ ਤੋਂ ਮਨਦੀਪ ਖ਼ੁਰਮੀ ਹਿੰਮਤਪੁਰਾ ਦਾ ਫ਼ੋਨ ਆ ਗਿਆ। ਖੁਰਮੀਂ ਨੇ ਮੈਨੂੰ ਦੱਸਿਆ ਕਿ ਬਾਈ ਦੇਵ ਥਰੀਕੇ ਵਾਲ਼ਾ ਇੰਗਲੈਂਡ ਪਹੁੰਚ ਗਿਆ ਹੈ ਅਤੇ ਵਾਰ ਵਾਰ ਤੇਰੇ ਬਾਰੇ ਪੁੱਛ ਰਿਹਾ ਹੈ, ਉਸ ਨੂੰ ਕੀ ਦੱਸੀਏ..? ਦੁਨੀਆਂ ਦਾ ਪ੍ਰਸਿੱਧ ਗੀਤਕਾਰ ਬਾਈ ਦੇਵ ਥਰੀਕੇ ਅਤੇ ਕਲੀਆਂ ਦੇ ਬਾਦਸ਼ਾਹ ਬਾਈ ਕੁਲਦੀਪ ਮਾਣਕ ਨਾਲ਼ ਮੇਰਾ ਪ੍ਰੋਗਰਾਮ ਬਡ਼ੀ ਦੇਰ ਦਾ ਬਣਿਆਂ ਹੋਇਆ ਸੀ। ਪਰ ਪੰਜਾਬ ਗਾਰਡੀਅਨ ਦੀ ਵਰ੍ਹੇ-ਗੰਢ ਕਾਰਨ ਮੈਨੂੰ ਕੈਨੇਡਾ ਆਉਣਾ ਪੈ ਗਿਆ ਸੀ। ਮੈਂ ਖੁਰਮੀਂ ਨੂੰ ਕੁਲਦੀਪ ਮਾਣਕ ਦੇ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬਾਈ ਕੁਲਦੀਪ ਮਾਣਕ ਤਾਂ ਆਇਆ ਨਹੀਂ, ਪਰ ਬਾਈ ਦੇਵ ਥਰੀਕੇ ਦਾ ਮੁੰਡਾ ਅਤੇ ਪੋਤਾ ਨਾਲ਼ ਆਏ ਹਨ। ਮੈਂ ਉਸ ਨੂੰ ਕਿਹਾ ਕਿ ਬਾਈ ਨੂੰ ਆਖ ਦੇਵੀਂ ਕਿ ਮੈਂ 16 ਅਪ੍ਰੈਲ ਨੂੰ ਸ਼ਾਮ ਦੇ ਛੇ ਵਜੇ ਲੰਡਨ ਪਹੁੰਚ ਜਾਊਂਗਾ, ਚਿੰਤਾ ਨਾ ਕਰੇ।
ਜਦ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਮੇਰੇ ਬਾਪੂ ਜੀ ਦੀ ਬਰਸੀ 'ਤੇ ਪਿੰਡ ਆਏ ਸਨ ਤਾਂ ਦੇਵ ਥਰੀਕੇ ਕਹਿ ਬੈਠਾ, "ਜੱਗੀ ਐਤਕੀਂ ਮਾਣਕ ਨੇ ਤੇ ਮੈਂ ਸਾਡਾ ਸੱਤਰਵਾਂ ਜਨਮ ਦਿਨ ਇੰਗਲੈਂਡ ਮਨਾਉਣਾਂ ਹੈ!" ਤਾਂ ਕੁਲਦੀਪ ਮਾਣਕ ਟੁੱਟ ਕੇ ਉਸ ਦੇ ਗਲ਼ ਪੈ ਗਿਆ, "ਕੀ ਬੁਡ਼੍ਹਿਆ ਤੂੰ ਸੱਤਰਵਾਂ ਜਨਮ ਦਿਨ, ਸੱਤਰਵਾਂ ਜਨਮ ਦਿਨ ਲਾਈ ਰੱਖਦੈਂ, ਸੱਠਵਾਂ ਨੀ ਕਹਿ ਸਕਦਾ..?" ਮਾਣਕ ਥਰੀਕੇ ਵਾਲ਼ੇ ਨੂੰ 'ਬੁਡ਼੍ਹਾ' ਅਤੇ ਸੁਰਿੰਦਰ ਛਿੰਦਾ ਦੇਵ ਨੂੰ "ਉਹ ਬੱਲੇ ਛੋਟਿਆ..!" ਆਖ ਕੇ ਬੁਲਾਉਂਦਾ ਹੈ। ਬਾਈ ਥਰੀਕੇ ਵਾਲ਼ਾ ਗੱਲ ਮਰੋਡ਼ ਕੇ ਹੱਸਦਾ ਕਹਿਣ ਲੱਗਿਆ, "ਠੀਕ ਐ ਜੱਗੀ, ਮੇਰਾ ਸੱਤਰਵਾਂ ਤੇ ਮਾਣਕ ਦਾ ਸੱਠਵਾਂ ਮਨਾ ਲਵਾਂਗੇ!" ਤਾਂ ਮੈਂ ਵੀ ਮਾਣਕ ਨੂੰ ਸੰਬੋਧਨ ਹੁੰਦਿਆਂ ਆਖਿਆ, "ਬਾਈ ਤੂੰ ਸੱਠਵਾਂ ਵੀ ਛੱਡ..! ਤੂੰ ਪੰਤਲ਼ੀਵਾਂ ਮੇਰਾ ਲੈ-ਲੈ ਤੇ ਆਬਦਾ ਸੱਤਰਵਾਂ ਮੈਨੂੰ ਦੇ-ਦੇ..! ਅਸੀਂ ਤੇਰਾ ਪੰਤਾਲ਼ੀਵਾਂ ਈ ਮਨਾਂ ਲਵਾਂਗੇ..! ਨਾਲ਼ੇ ਕਲਾਕਾਰ ਤਾਂ ਕਦੇ ਬੁੱਢੇ ਈ ਨੀ ਹੁੰਦੇ, ਜੁਆਨ ਈ ਰਹਿੰਦੇ ਐ..! ਨਾਲ਼ੇ ਬਾਈ ਮਾਣਕਾ ਤੂੰ ਤਾਂ ਅਜੇ ਵੀ ਕਿੱਕਰ ਤੋਂ ਕਾਟੋ ਲਾਹੁੰਣ ਦੀ ਸਮਰੱਥਾ ਰੱਖਦੈਂ..!" ਤਾਂ ਮਾਣਕ ਹੂਰਾ ਲੈ ਕੇ ਮੇਰੇ ਵੱਲ ਨੂੰ ਆਇਆ, "ਤੂੰ ਤਾਂ ਹਟਜਾ ਖਸਮਾਂ..! ਅੱਗੇ ਸਾਥੋਂ ਆਹ ਬੁਡ਼੍ਹਾ ਲੋਟ ਨ੍ਹੀ ਆਉਂਦਾ ਤੇ ਹੁਣ ਤੂੰ ਵੀ ਇਹਦੇ ਨਾਲ਼ ਲੱਗ ਕੇ ਸ਼ੁਰੂ ਹੋ ਗਿਐਂ..!" ਮਾਣਕ ਦੀ ਗੱਲ ਸੁਣ ਕੇ ਮੈਂ ਵੀ ਗੱਲ ਬਦਲੀ। -"ਮੈਂ ਬਾਈ ਤੇਰੀ ਘੈਂਟ ਅਵਾਜ਼ ਦੀ ਗੱਲ ਕਰਦੈਂ..! ਤੂੰ ਕੁਛ ਹੋਰ ਈ ਸਮਝ ਗਿਆ..?"
-"ਤੂੰ ਕੁਛ ਨਾ ਕਹਿ..! ਮੈਨੂੰ ਸਾਰਾ ਕੁਛ ਈ ਪਤੈ..!" ਮਾਣਕ ਮੇਰੇ ਹੁੱਝ ਜਿਹੀ ਮਾਰ ਹੀ ਗਿਆ।
ਪਿੰਡ ਕੁੱਸੇ ਜਦ ਮੇਰੇ ਪੁੱਤਰ ਕਬੀਰ ਦਾ ਜਨਮ ਦਿਨ ਮਨਾਇਆ ਸੀ ਤਾਂ ਪ੍ਰੋਗਰਾਮ ਦੁਪਿਹਰ ਦੇ ਇਕ ਵਜੇ ਦਾ ਸੀ। ਪਰ ਕੁਲਦੀਪ ਮਾਣਕ ਆਪਣੇ ਲਾਮ-ਲਸ਼ਕਰ ਸਮੇਤ ਸਵੇਰੇ ਨੌਂ ਕੁ ਵਜੇ ਹੀ ਪਿੰਡ ਆ ਗਿਆ। ਮੈਂ ਮਾਣਕ ਨੂੰ ਜੱਫ਼ੀ 'ਚ ਲੈ ਕੇ ਕਿਹਾ, "ਬਾਈ ਮਾਣਕਾ..! ਯਾਰ ਤੂੰ ਲਿੱਸਾ ਨ੍ਹੀ ਹੋ ਗਿਆ..?" ਤਾਂ ਹਾਜ਼ਰ ਜਵਾਬ ਮਾਣਕ ਬੋਲ ਉਠਿਆ, "ਅੱਗੇ ਜੱਗੀ ਕਦੋਂ ਮੈਂ ਮੱਲ ਢਾਹੁੰਦਾ ਹੁੰਦਾ ਸੀ..?" ਬਾਪੂ ਜੀ ਦੀ ਬਰਸੀ ਮੌਕੇ ਇਕੱਠ ਬਹੁਤ ਜਿ਼ਆਦਾ ਸੀ। ਸ੍ਰੀ ਆਖੰਡ ਪਾਠ ਦੇ ਭੋਗ ਮੌਕੇ ਨੌਵੇਂ ਪਾਤਿਸ਼ਾਹ ਦੇ ਸ਼ਲੋਕ ਪਡ਼੍ਹੇ ਜਾ ਰਹੇ ਸਨ। ਬਡ਼ੇ ਵਧੀਆ ਵਧੀਆ ਮਿੱਤਰ ਪਹੁੰਚੇ ਹੋਏ ਸਨ। ਜਗਾਹ ਦੀ ਘਾਟ ਹੋਣ ਕਾਰਨ ਮਾਣਕ ਬਾਹਰ ਘਰ ਦੇ ਗੇਟ ਅੱਗੇ ਡਾਹੀਆਂ ਕੁਰਸੀਆਂ 'ਤੇ ਵਿਚਕਾਰ ਬੈਠਾ ਸੀ। ਉਸ ਦੇ ਨਾਲ਼ ਬਾਈ ਬਲਦੇਵ ਸਿੰਘ ਸਡ਼ਕਨਾਮਾਂ, ਵਿਅੰਗ ਲੇਖਕ ਕੇ. ਐਲ. ਗਰਗ, ਪ੍ਰਸਿੱਧ ਗੀਤਕਾਰ ਮੱਖਣ ਬਰਾਡ਼, ਮੈਂ ਬਣਿਆਂ ਜੱਜ ਦਾ ਅਰਦਲੀ ਦਾ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਸੱਭਿਆਚਾਰ ਦਾ ਨੰਬਰਦਾਰ ਨਿਰਮਲ ਜੌਡ਼ਾ, ਸੂਫ਼ੀ ਗਾਇਕ ਹਾਕਮ ਸੂਫ਼ੀ, ਟੈਲੀ ਐਕਟਰ ਮਨਿੰਦਰ ਮੋਗਾ, ਗੀਤਕਾਰ ਗੋਲੂ ਕਾਲੇ ਕੇ, ਦੁਗਾਣਾਂ ਗਾਇਕੀ ਦੇ ਬਾਦਸ਼ਾਹ ਹਾਕਮ ਬਖਤਡ਼ੀ ਵਾਲ਼ਾ ਆਦਿ ਬੈਠੇ ਸਨ। ਕਿਸੇ ਨੇ ਮਾਣਕ ਦੇ ਗਲ਼ ਵਿਚ ਪਾਏ ਹੋਏ 'ਲੌਕਟ' 'ਤੇ ਟਾਂਚ ਕਰ ਦਿੱਤੀ, "ਮਾਣਕ ਸਾਹਬ ਇਹ ਅਸਲੀ ਐ..?" ਤਾਂ ਤੱਟ-ਫ਼ੱਟ ਉੱਤਰ ਮੋਡ਼ਨ ਵਾਲ਼ਾ ਮਾਣਕ ਝੱਟ ਬੋਲ ਉਠਿਆ, "ਜਿਹਡ਼ਾ ਤੇਰੇ ਸਾਹਮਣੇ ਮੈਂ ਬੈਠੈਂ, ਨਕਲੀ ਬੈਠੈਂ..? ਜਿਹਡ਼ਾ ਮੈਂ ਹੁਣ ਤੱਕ ਗਾਇਐ, ਉਹ ਨਕਲੀ ਗਾਇਐ..?" ਤੇ ਉਸ ਸੱਜਣ ਨੇ ਹੱਥ ਜੋਡ਼ ਕੇ ਮਾਣਕ ਨੂੰ ਬੇਨਤੀ ਕੀਤੀ, "ਬਖ਼ਸ਼ ਲਓ ਮਾਣਕ ਸਾਹਬ, ਮੈਂ ਤਾਂ ਵੈਸੇ ਈ ਪੁੱਛ ਬੈਠਾ..!" ਤੇ ਮਾਣਕ ਵੀ ਆਦਤ ਮੂਜਬ ਮੁਸਕਰਾ ਕੇ ਚੁੱਪ ਕਰ ਗਿਆ। ਮਾਣਕ ਛੇਤੀ ਕੀਤੇ ਕਿਸੇ ਨੂੰ ਕੋਈ ਰਡ਼ਕਵੀਂ ਗੱਲ ਕਹਿੰਦਾ ਨਹੀਂ। ਪਰ ਜੇ ਕੋਈ ਉਸ ਨੂੰ 'ਲਾ' ਕੇ ਗੱਲ ਆਖ ਦੇਵੇ ਤਾਂ ਜਵਾਬ ਮੋਡ਼ਨ ਲੱਗਿਆ ਕੋਈ ਕਸਰ ਬਾਕੀ ਨਹੀਂ ਛੱਡਦਾ ਅਤੇ ਬੰਦੇ ਦੀ ਤਹਿ ਲਾ ਦਿੰਦਾ ਹੈ! ...ਹੁਣ ਬਾਈ ਦੇਵ ਥਰੀਕੇ ਇੰਗਲੈਂਡ ਪਹੁੰਚ ਗਿਆ ਸੀ। ਪਰ ਮਾਣਕ ਨਹੀਂ ਆਇਆ ਸੀ। ਇਸ ਗੱਲ ਦਾ ਮੈਨੂੰ ਦੁੱਖ ਵੀ ਸੀ ਅਤੇ ਅਫ਼ਸੋਸ ਵੀ! ਖ਼ੈਰ! ਦੇਵ ਥਰੀਕੇ ਨੇ 29 ਅਪ੍ਰੈਲ ਤੱਕ ਇੰਗਲੈਂਡ ਰਹਿਣਾ ਸੀ ਅਤੇ ਸਾਡੇ ਕੋਲ਼ ਵਾਧੂ ਸਮਾਂ ਸੀ। ਜਦ ਮੈਂ ਬਾਪੂ ਜੀ ਦੀ ਬਰਸੀ ਤੋਂ ਪਹਿਲਾਂ ਦੇਵ ਥਰੀਕੇ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਮਾਣਕ ਵੀ ਉਸ ਦੇ ਕੋਲ਼ ਹੀ ਬੈਠਾ ਸੀ।
-"ਅੱਜ ਰਾਹੂ-ਕੇਤੂ ਕਿਵੇਂ 'ਕੱਠੇ ਈ ਬੈਠੇ ਐ..?" ਮੈਂ ਥਰੀਕੇ ਵਾਲ਼ੇ ਬਾਈ ਨੂੰ ਮਾਣਕ ਦੇ ਨਾਲ਼ ਸੁਣ ਕੇ ਵਿਅੰਗਮਈ ਆਖਿਆ।
ਥਰੀਕੇ ਵਾਲ਼ਾ ਉੱਚੀ-ਉੱਚੀ ਹੱਸ ਪਿਆ ਅਤੇ ਉਸ ਨੇ "ਲੈ ਮਾਣਕ ਨਾਲ਼ ਗੱਲ ਕਰਲਾ..!" ਆਖ ਕੇ ਫ਼ੋਨ ਮਾਣਕ ਨੂੰ ਫ਼ਡ਼ਾ ਦਿੱਤਾ।
-"ਬਾਈ, ਸਾਸਰੀਕਾਲ...!"
-"ਸਾਸਰੀਕਾਲ, ਕਿਵੇਂ ਐਂ ਜੱਗੀ..?" ਮਾਣਕ ਦਾ ਸੁਆਲ ਸੀ।
-"ਬੱਸ ਸਭ ਗੁਰੂ ਕਿਰਪਾ, ਚਡ਼੍ਹਦੀ ਕਲਾ ਐ ਬਾਈ ਜੀ, ਆਪਣੇ ਬਾਪੂ ਦੀ ਬਰਸੀ ਐ...!" ਮੈਂ ਮਾਣਕ ਨੂੰ ਕਿਹਾ।
-"ਉਹ ਮੈਨੂੰ ਬੁਡ਼੍ਹੇ ਨੇ ਦੱਸਤਾ ਸੀ..!"
-"ਬਾਈ ਦਰਸ਼ਣ ਦੇਣੇ ਐਂ..!"
-"ਦਰਸ਼ਣ ਤਾਂ ਮੇਰੇ ਕੋਲ਼ੇ ਹੈਨ੍ਹੀ, ਮੈਂ 'ਕੱਲਾ ਈ ਆਜੂੰਗਾ..!" ਉਸ ਨੇ ਉੱਤਰ ਦਿੱਤਾ।
-"ਚੱਲ ਇਉਂ ਕਰਲੀਂ..!" ਮੈਂ ਵੀ ਤੇਜ਼ੀ ਵਿਚ ਹੋਣ ਕਾਰਨ ਉਸ ਨਾਲ਼ ਬਹੁਤੀ ਗੱਲ-ਬਾਤ ਵਿਚ ਨਾ ਪਿਆ। ਬਹੁਤ ਲੋਕ ਕਹਿੰਦੇ ਸੁਣੇ ਗਏ ਨੇ ਕਿ ਕੁਲਦੀਪ ਮਾਣਕ 'ਅਡ਼ਬ' ਹੈ। ਪਰ ਸਾਡੀ ਬਡ਼ੀ ਪੁਰਾਣੀ ਯਾਰੀ ਹੈ। ਮੈਂ ਕਦੇ ਵੀ ਮਾਣਕ ਦੀ ਕੋਈ ਅਡ਼ਬਾਈ ਨਹੀਂ ਦੇਖੀ। ਉਹ ਮੈਨੂੰ ਹਮੇਸ਼ਾ ਹੀ ਵੱਡੇ ਭਰਾਵਾਂ ਵਾਂਗ ਮਿਲਿ਼ਆ ਹੈ ਅਤੇ ਬਡ਼ਾ ਪ੍ਰੇਮ ਦਿੱਤਾ ਹੈ। ਹਾਂ, ਮਾਣਕ ਅਡ਼ਬ ਹੈ! ਪਰ ਮਾਣਕ ਅਡ਼ਬ ਉਥੇ ਹੈ, ਜਿੱਥੇ ਕਿਸੇ ਦਾ ਬਿਲਕੁਲ ਹੀ 'ਸਰਦਾ' ਨਹੀਂ! ਇਕ ਵਾਰ ਮਾਣਕ ਕਿਸੇ ਸਟੇਜ਼ ਤੋਂ ਗਾ ਰਿਹਾ ਸੀ। ਕਿਸੇ ਨੇ ਸਟੇਜ਼ ਵੱਲ ਨੂੰ ਭਾਨ ਚਲਾ ਕੇ ਮਾਰੀ ਅਤੇ ਮਾਣਕ ਦੇ ਨਾਲ਼ ਸਟੇਜ਼ 'ਤੇ ਖਡ਼੍ਹੇ ਮਾਣਕ ਦੇ ਸ਼ਾਗਿਰਦ ਪ੍ਰੀਤਮ ਬਰਾਡ਼ ਦੇ ਵੱਜੀ, ਤਾਂ ਮਾਣਕ ਪੈਂਦੀ ਸੱਟੇ ਆਖਣ ਲੱਗਿਆ, "ਭਾਨ ਉਹ ਸਿੱਟਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ..!" ਇਕ ਵਾਰ ਕੋਈ ਉਜੱਡ ਬੰਦਾ ਗਾਉਣ ਵਾਲ਼ੀ ਵੱਲ ਦੇਖ ਕੇ ਹਿੱਕ 'ਤੇ ਹੱਥ ਰੱਖ ਕੇ ਇਸ਼ਾਰੇ ਜਿਹੇ ਕਰਨ ਲੱਗ ਪਿਆ। ਮਾਣਕ ਉਸ ਸੱਜਣ ਨੂੰ ਦੇਖ ਕੇ ਕਹਿੰਦਾ, "ਇਕ ਬਾਈ ਸਾਡੇ ਸਾਹਮਣੇ ਬੈਠੈ..! ਲਾਲ਼ਾਂ ਸਿੱਟ-ਸਿੱਟ ਕੇ ਪਤੰਦਰ ਨੇ ਝੱਗਾ ਗਿੱਲਾ ਕਰ ਲਿਆ..! ਉਹਨੂੰ ਬਾਈ ਨੂੰ ਮੈਂ ਬੇਨਤੀ ਕਰਦੈਂ ਬਈ ਕਾਹਨੂੰ ਲੀਡ਼ੇ ਪਾਡ਼ ਪਾਡ਼ ਸਿੱਟੀ ਜਾਨੈਂ..? ਨਾ ਤਾਂ ਤੇਰੇ ਸੁਪਨੇ 'ਚ ਮੈਂ ਆਵਾਂ, ਤੇ ਨਾਂ ਮੈਂ ਈ ਆਵਾਂ।" ਤੇ ਫ਼ੇਰ ਢੋਲਕੀ ਵਾਲ਼ੇ ਵੱਲ ਹੱਥ ਕਰਕੇ ਕਹਿੰਦਾ, "ਐਹਨੇ ਆ ਜਿਆ ਕਰਨੈਂ, ਦੇਖ ਲੈ ਇਹਦਾ ਬੁੱਲ੍ਹ ਕਿਹੋ ਜਿਐ..!" ਅਤੇ ਇਕ ਵਾਰ ਕਿਸੇ ਅਖਾਡ਼ੇ ਵਿਚ ਕੋਈ ਦਾਰੂ ਨਾਲ਼ ਰੱਜਿਆ ਬਾਈ ਗਾਉਣ ਵਾਲ਼ੀ ਦੇ ਰੋਡ਼ੀਆਂ ਮਾਰਨ ਲੱਗ ਪਿਆ। ਇਹ ਗੱਲ ਮਾਣਕ ਦੇ ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ ਸੀ। ਮਾਣਕ ਗਾਉਣ ਵਾਲ਼ੀ ਬੀਬੀ ਨੂੰ ਰੋਕ ਕੇ ਮਾਈਕ 'ਤੇ ਆ ਕੇ ਤੁਰੰਤ ਗੁੱਸੇ ਵਿਚ ਬੋਲਿਆ, "ਇਕ ਬਾਈ ਸਾਡੇ ਸਾਹਮਣੇ ਬੈਠ ਕੇ ਗਾਉਣ ਆਲ਼ੀ ਬੀਬੀ ਦੇ ਡਲ਼ੀਆਂ ਮਾਰੀ ਜਾਂਦੈ, ਮੈਂ ਉਹਨੂੰ ਬਾਈ ਨੂੰ ਪੁੱਛਣਾ ਚਾਹੁੰਨੈਂ, ਬਈ ਪਤੰਦਰਾ, ਜੇ ਤੈਥੋਂ ਘਰੇ 'ਕੱਖ' ਨ੍ਹੀ ਹੁੰਦਾ, ਤਾਂ ਐਥੇ ਕਾਹਨੂੰ ਫ਼ੁਲਾਈ ਫਿ਼ਰਦੈਂ..?" ਤੇ ਰੋਡ਼ੀਆਂ ਮਾਰਨ ਵਾਲ਼ੇ ਸੱਜਣ ਨੂੰ ਭੱਜਣ ਨੂੰ ਕਿਤੇ ਰਾਹ ਨਾ ਲੱਭੇ!
ਸ਼ਾਮ ਨੂੰ ਛੇ ਵਜੇ ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਦਾ ਪ੍ਰੋਗਰਾਮ ਸੀ।
ਇਕ ਆਲੀਸ਼ਾਨ ਬੈਂਕਿਉਟ ਹਾਲ ਵਿਚ ਸਮਾਗਮ ਸੀ। ਸਮਾਗਮ ਦੀ ਟਿਕਟ ਸੌ ਡਾਲਰ ਰੱਖੀ ਗਈ ਸੀ। ਇਸ ਸੌ ਡਾਲਰ ਵਿਚ ਡਿਨਰ ਅਤੇ ਪੰਜਾਬ ਗਾਰਡੀਅਨ ਹਮੇਸ਼ਾ ਵਾਸਤੇ ਘਰੇ ਪਹੁੰਚਦਾ ਕੀਤਾ ਜਾਣਾ ਸੀ। ਜਦ ਅਸੀਂ ਹਾਲ ਵਿਚ ਪਹੁੰਚੇ ਤਾਂ ਹਾਲ ਫ਼ੁੱਲ ਸੀ। ਸਾਡਾ ਮੇਜ਼ ਬਿਲਕੁਲ ਅੱਗੇ ਸਟੇਜ਼ ਕੋਲ਼ ਸੀ। ਚਾਹ, ਕੋਕ ਅਤੇ ਪਕੌਡ਼ੇ ਵਰਤਾਏ ਜਾ ਰਹੇ ਸਨ। ਇਸ ਮੇਜ਼ 'ਤੇ ਮੇਰੇ ਸਮੇਤ ਹਰਜੀਤ ਗਿੱਲ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸ. ਦਲਬਾਰਾ ਸਿੰਘ ਗਿੱਲ, ਸਾਬਕਾ ਐੱਮ.ਪੀ. ਸ੍ਰੀ ਹਰਭਜਨ ਲਾਖਾ ਬੈਠੇ ਸਾਂ। ਅਜੇ ਸਮਾਗਮ ਸ਼ੁਰੂ ਹੋਇਆ ਹੀ ਸੀ ਕਿ ਸਾਡੇ ਕੋਲ਼ ਪੰਜਾਬੀ ਦੇ ਸਿਰਮੌਰ ਲੇਖਕ ਗੁਰਮੇਲ ਬਦੇਸ਼ਾ ਆ ਗਿਆ। ਗੁਰਮੇਲ ਬਦੇਸ਼ਾ ਨੂੰ ਮੈਂ ਨਿੱਜੀ ਤੌਰ 'ਤੇ ਕਦੇ ਵੀ ਨਹੀਂ ਮਿਲਿ਼ਆ ਸੀ। ਜਦ ਉਸ ਨੇ ਆ ਕੇ ਆਪਣੀ ਜਾਣ-ਪਹਿਚਾਣ ਦੱਸੀ ਤਾਂ ਮੈਂ ਉਠ ਕੇ ਉਸ ਨੂੰ ਜੱਫ਼ੀ 'ਚ ਲੈ ਲਿਆ। ਸਮਾਗਮ ਦੌਰਾਨ ਸਭ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਪੀਚਾਂ ਹੋਈਆਂ। ਇੱਥੇ ਵੀ ਮੈਨੂੰ ਨਾਂ ਪੱਖੋਂ ਜਾਣੇ-ਪਹਿਚਾਣੇ ਮਿੱਤਰ-ਬੇਲੀ ਮਿਲ਼ੇ, ਜਿਹਨਾਂ ਵਿਚ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਵੀ ਸੀ। ਉਸ ਨਾਲ਼ ਫ਼ੋਨ 'ਤੇ ਤਾਂ ਬਹੁਤ ਵਾਰ ਗੱਲ ਹੋਈ ਸੀ। ਪਰ ਮਿਲ਼ ਮੈਂ ਉਸ ਨੂੰ ਪਹਿਲੀ ਵਾਰ ਰਿਹਾ ਸੀ। ਗੁਰਚਰਨ ਟੱਲੇਵਾਲ਼ੀਆ ਦੇ ਗਰਾਈਂ, ਇੰਗਲੈਂਡ ਵਸਦਾ ਹਰਚੰਦ ਟੱਲੇਵਾਲ਼ੀਆ ਅਤੇ ਬਰੈਂਪਟਨ ਵਸਦਾ ਅਜਾਇਬ ਟੱਲੇਵਾਲ਼ੀਆ ਮੇਰੇ ਜਿਗਰੀ ਮਿੱਤਰ ਹਨ। ਜਦ ਮੈਂ ਆਸਟਰੀਆ ਤੋਂ ਇੰਗਲੈਂਡ 'ਮੂਵ' ਹੋਇਆ ਸੀ ਤਾਂ ਹਰਚੰਦ ਟੱਲੇਵਾਲ਼ ਨੇ ਮੇਰੀ ਬਡ਼ੀ ਮੱਦਦ ਕੀਤੀ ਸੀ। ਉਸ ਵਕਤ ਇੰਗਲੈਂਡ ਵਿਚ ਹਰਚੰਦ ਟੱਲੇਵਾਲ਼ੀਆ ਇੱਕੋ-ਇਕ ਬੰਦਾ ਸੀ, ਜੋ ਮੇਰੇ ਇੰਗਲੈਂਡ ਵਸੇਬੇ ਵੇਲ਼ੇ ਕੰਮ ਆਇਆ ਸੀ।
ਅਜੇ ਹਾਲ ਵਿਚ ਗੁਰਚਰਨ ਟੱਲੇਵਾਲ਼ੀਆ ਦੇ ਗਰੁੱਪ ਵੱਲੋਂ ਭੰਗਡ਼ਾ ਅਤੇ ਬੋਲੀਆਂ ਪਾਈਆਂ ਜਾ ਰਹੀਆਂ ਸਨ। ਉਸ ਦੇ ਗਰੁੱਪ ਦੇ ਹੱਥਾਂ ਵਿਚ ਪੰਜਾਬ ਦਾ ਹਰ ਤਰ੍ਹਾਂ ਦਾ ਸਾਜ਼ ਸੀ। ਸੱਪ ਤੋਂ ਲੈ ਕੇ ਕਾਟੋ ਤੱਕ! ਪਰ ਗੁਰਚਰਨ ਟੱਲੇਵਾਲ਼ੀਆ ਦੇ ਹੱਥ ਵਿਚ ਪੱਕੀ ਬੰਦੂਕ ਫ਼ਡ਼ੀ ਹੋਈ ਸੀ। ਧੂੰਅਵਾਂ ਚਾਦਰਾ ਬੰਨ੍ਹੀਂ ਜਦ ਗੁਰਚਰਨ ਨੇ ਮੋਰ ਵਾਂਗ ਪੈਹਲ ਪਾ ਕੇ, ਬੰਦੂਕ ਹੱਥ ਵਿਚ ਲੈ ਸਾਡੇ ਵੱਲ ਨੂੰ ਗੇਡ਼ਾ ਦਿੱਤਾ ਤਾਂ ਮੈਂ ਵਿਅੰਗ ਨਾਲ਼ ਆਖਿਆ, "ਐਧਰ ਨਾ ਕੋਈ ਜਾਹ ਜਾਂਦੀ ਕਰਦੀਂ ਬਾਈ..! ਹੋਰ ਨਾ ਕੱਲ੍ਹ ਨੂੰ ਐਥੇ ਮੇਰਾ ਆਖੰਡ ਪਾਠ ਖੋਲ੍ਹਦੇ ਫਿ਼ਰਨ..!" ਪਰ ਰੌਲ਼ੇ ਵਿਚ ਉਸ ਨੂੰ ਕੁਝ ਸੁਣਿਆਂ ਨਹੀਂ ਸੀ। ਉਹ ਹੱਸਦਾ ਅਤੇ ਪੈਹਲਾਂ ਪਾਉਂਦਾ, ਫਿ਼ਰ ਆਪਣੇ ਗਰੁੱਪ ਨਾਲ਼ ਜਾ ਰਲਿ਼ਆ। ਉਸ ਦੀ ਪੱਗ ਦਾ 'ਤੁਰਲ੍ਹਾ' ਵੀ ਉਸ ਨਾਲ਼ ਹੀ 'ਬਾਘੀਆਂ' ਪਾ ਰਿਹਾ ਸੀ। ਭੰਗਡ਼ਾ ਅਜੇ ਚੱਲ ਹੀ ਰਿਹਾ ਸੀ ਕਿ ਗੁਰਮੇਲ ਬਦੇਸ਼ਾ ਮੈਨੂੰ ਪੁੱਛਣ ਲੱਗਿਆ, "ਤਮੰਨਾਂ ਭੈਣ ਜੀ ਨਾਲ਼ ਗੱਲ ਕਰਵਾਵਾਂ ਬਾਈ ਜੀ ..?"
-"ਕਰਵਾ ਦੇਹ..!" ਮੈਂ ਸੰਖੇਪ ਆਖਿਆ।
-"ਅੱਜ ਅਸੀਂ ਕਿਸੇ ਪ੍ਰੋਗਰਾਮ 'ਤੇ 'ਕੱਠੇ ਗਏ ਸੀ..!" ਉਹ ਫ਼ੋਨ ਮਿਲ਼ਾਉਂਦਾ ਦੱਸ ਰਿਹਾ ਸੀ। ਤਨਦੀਪ ਤਮੰਨਾਂ 'ਆਰਸੀ' ਵੈੱਬ-ਸਾਈਟ ਦੀ ਸੰਪਾਦਕਾ ਹੈ। ਮੇਰੇ 'ਸੰਪਾਦਕਾ' ਆਖੇ ਤੋਂ ਉਹ ਗੁੱਸਾ ਕਰਦੀ ਹੈ, ਪਰ ਇਹ ਸੱਚ ਹੈ! ਚਲੋ 'ਸੰਪਾਦਕਾ' ਨਹੀਂ, ਆਪਾਂ 'ਕਰਤਾ-ਧਰਤਾ' ਆਖ ਲੈਂਦੇ ਹਾਂ। ਪ੍ਰਸਿੱਧ ਗ਼ਜ਼ਲਗੋ ਗੁਰਦਰਸ਼ਨ ਬਾਦਲ ਜੀ ਦੀ ਇਹ ਸਪੁੱਤਰੀ ਪੰਜਾਬੀ ਸਾਹਿਤ ਵਿਚ ਬਡ਼ਾ ਵਧੀਆ ਕੰਮ ਕਰ ਰਹੀ ਹੈ। ਫ਼ੋਨ ਮਿਲ਼ਾ ਕੇ ਬਦੇਸ਼ਾ ਨੇ ਉਸ ਨਾਲ਼ ਸੰਖੇਪ ਜਿਹੀ ਗੱਲ ਕੀਤੀ ਅਤੇ ਫ਼ੋਨ ਮੈਨੂੰ ਫ਼ਡ਼ਾ ਦਿੱਤਾ।
-"ਹਾਂ ਜੀ ਨੀਨਾਂ ਜੀ...! ਮੱਥਾ ਟੇਕਦੇ ਐਂ ਜੀ..!" ਮੈਂ ਹਮੇਸ਼ਾ ਵਾਂਗ ਮਜ਼ਾਕ ਨਾਲ਼ ਆਖਿਆ। ਹਾਲ ਵਿਚ ਰੌਲ਼ਾ ਪੈਂਦਾ ਹੋਣ ਕਰਕੇ ਮੇਰਾ ਇਕ ਕੰਨ ਬੰਦ ਕੀਤਾ ਹੋਇਆ ਸੀ ਅਤੇ ਦੂਜਾ ਫ਼ੋਨ ਨੂੰ ਲੱਗਿਆ ਹੋਇਆ ਸੀ।
-"ਸਾਸਰੀਕਾਲ ਸਿ਼ਵਚਰਨ ਜੀ..!" ਤਨਦੀਪ ਸਦਾ ਮੈਨੂੰ 'ਸਿ਼ਵਚਰਨ ਜੀ' ਕਰਕੇ ਸੰਬੋਧਨ ਕਰਦੀ ਹੈ। ਮੈਂ ਉਸ ਨੂੰ ਉਸ ਦੇ ਲਾਡਲੇ ਨਾਂ 'ਨੀਨਾਂ' ਨਾਲ਼ ਹੀ ਬੁਲਾਉਂਦਾ ਹਾਂ।
-"ਸਾਸਰੀਕਾਲ..! ਕੀ ਹਾਲ ਐ ਬਾਬਾ ਜੀ ਦਾ...?"
-"ਹਾਲ ਠੀਕ ਐ..! ਤੁਸੀਂ ਸੰਸਾਰ ਪ੍ਰਸਿੱਧ ਨਾਵਲਕਾਰ...!" ਪਤਾ ਨਹੀਂ ਇਹ ਗੱਲ ਉਸ ਨੇ ਮੈਨੂੰ 'ਰਡ਼ਕਾਉਣ' ਜਾਂ ਕਿਸੇ 'ਸਿ਼ਕਵੇ' ਵਜੋਂ ਕਹੀ ਸੀ? ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਉਹ ਤਨਦੀਪ, ਜਿਹਡ਼ੀ ਅੱਠੇ ਪਹਿਰ ਰੱਬ ਤੋਂ ਮੇਰੀ ਸੁੱਖ ਹੀ ਮੰਗਦੀ ਸੀ, ਅੱਜ ਮੈਨੂੰ 'ਬਿੱਟਰੀ-ਬਿੱਟਰੀ' ਲੱਗ ਰਹੀ ਸੀ।
-"ਚੱਲ ਤੂੰ ਕੈਨੇਡਾ ਪ੍ਰਸਿੱਧ ਈ ਮੰਨ ਲੈ..! ਤੇਰੇ ਵਸਦੇ ਗਰਾਂ 'ਚ ਫ਼ੱਕਰ-ਫ਼ਕੀਰ ਆਏ ਹੋਣ ਤੇ ਤੂੰ ਚਾਹ ਪਾਣੀਂ ਵੀ ਨਾ ਪੁੱਛੇਂ? ਮਾਡ਼ੀ ਗੱਲ ਐ..!" ਮੈਂ ਕਿਹਾ।
-"ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ ਸਿ਼ਵਚਰਨ ਜੀ...!"
-"ਕਿਹਡ਼ੀ ਗਲਤੀ ਹੋ ਗਈ, ਜਿਹਡ਼ਾ ਬਾਬਾ ਜੀ ਨੇ ਮੂੰਹ ਵੱਟਿਐ...?" ਮੈਂ ਜੋਰ ਦੇ ਕੇ ਆਖਿਆ।
-"ਤੁਸੀਂ ਮੇਰਾ ਬਿਮਾਰ ਪਈ ਦਾ ਤਾਂ ਪਤਾ ਨਹੀਂ ਲਿਆ..!" ਉਸ ਨੇ ਉਹੀ ਪੁਰਾਣਾ ਸਿ਼ਕਵਾ ਮੇਰੇ ਸਿਰ 'ਚ ਇੱਟ ਵਾਂਗ ਵਗਾਹ ਮਾਰਿਆ।
-"ਹਾਏ ਰੱਬਾ...! ਬਾਬਾ ਜੀ, ਮੈਂ ਅੱਗੇ ਵੀ ਕਹਿ ਚੁੱਕਿਐਂ ਕਿ ਅਗਰ ਜੇ ਮੈਂ ਬ੍ਰਹਮਗਿਆਨੀ ਹੁੰਦਾ ਤਾਂ ਮੈਂ ਅੰਤਰਦ੍ਰਿਸ਼ਟੀ ਨਾਲ਼ ਦੇਖ ਲੈਣਾਂ ਸੀ ਕਿ ਸਾਡੇ ਬਾਬਾ ਜੀ ਢਿੱਲੇ ਨੇ..! ਤੇ ਫ਼ੇਰ ਮੈਂ ਤੁਹਾਡਾ ਪਤਾ ਵੀ ਕਰ ਲੈਣਾਂ ਸੀ..! ਦੁਆਈ ਬੂਟੀ ਵੀ ਦਿੰਦਾ, ਰੱਬ ਅੱਗੇ ਤੁਹਾਡੀ ਸਿਹਤਯਾਬੀ ਦੀ ਦੁਆ ਵੀ ਕਰਦਾ..!"
-"ਵੈੱਬ ਸਾਈਟ 'ਤੇ ਮੈਂ ਲਾਇਆ ਤਾਂ ਸੀ ਕਿ ਮੈਂ ਬਿਮਾਰ ਹਾਂ..!"
-"ਇਹ ਜ਼ਰੂਰੀ ਨਹੀਂ ਕਿ ਹਰ ਬੰਦਾ, ਹਰ ਰੋਜ਼ ਤੇਰੀ ਵੈੱਬ-ਸਾਈਟ ਖੋਲ੍ਹ ਕੇ ਦੇਖਦਾ ਹੋਵੇ..!" ਆਪਣੀ ਜਗਾਹ ਮੈਂ ਵੀ ਸੱਚਾ ਸੀ। ਇਕ ਸਮੇਂ ਜਦ ਮੇਰੇ 'ਤੇ ਬਡ਼ਾ ਬੁਰਾ ਵਕਤ ਆਇਆ ਤਾਂ ਤਨਦੀਪ ਤਮੰਨਾਂ ਨੇ ਹਰ ਪੱਖੋਂ ਮੇਰੀ ਬਡ਼ੀ ਮੱਦਦ ਕੀਤੀ, ਅਰਦਾਸਾਂ ਕੀਤੀਆਂ, ਰੱਬ ਅੱਗੇ ਹਾਡ਼੍ਹੇ ਵੀ ਕੱਢੇ ਅਤੇ ਮੇਰੇ ਉਸ ਭਵਸਾਗਰ ਵਿਚੋਂ ਬਾਹਰ ਆਉਣ ਤੱਕ ਮੇਰੀ ਬਾਂਹ ਘੁੱਟ ਕੇ ਫ਼ਡ਼ੀ ਰੱਖੀ ਅਤੇ ਆਪਣੇ ਅਟੱਲ ਵਿਸ਼ਵਾਸ ਅਤੇ ਫ਼ੌਲਾਦੀ ਜਿਗਰੇ ਆਸਰੇ ਮੈਨੂੰ ਘਾਤਕ ਘੁੰਮਣਘੇਰੀਆਂ ਵਿਚੋਂ ਧੂਹ ਕੇ ਬਾਹਰ ਕੱਢਿਆ। ਉਸ ਸਮੇਂ ਤਨਦੀਪ ਤਮੰਨਾਂ ਹੀ ਸੀ, ਜੋ ਰੱਬ ਅੱਗੇ ਡੰਡਾਉਤਾਂ ਕਰ-ਕਰ ਕੇ ਮੈਨੂੰ ਬਚਾ ਗਈ। ਇਸ ਲਈ ਮੈਂ ਇਸ ਦੇਵਤਾ-ਬਿਰਤੀ ਕੁਡ਼ੀ ਦਾ ਜਿ਼ੰਦਗੀ ਭਰ ਧੰਨਵਾਦੀ ਅਤੇ ਰਿਣੀਂ ਰਹਾਂਗਾ। ਉਸ ਦੇ ਮਨ ਵਿਚ ਭਰਮ ਹੈ ਕਿ ਮੈਂ ਉਸ ਨੂੰ ਦਿਲੋਂ ਭੁਲਾ ਦਿੱਤਾ ਅਤੇ ਉਸ ਦਾ ਬਿਮਾਰ ਪਈ ਦਾ ਪਤਾ ਤੱਕ ਨਹੀਂ ਲਿਆ। ਪਰ ਮੈਂ ਉਸ ਨੂੰ ਕਦੇ ਵੀ ਦਿਲੋਂ ਨਹੀਂ ਭੁਲਾਇਆ। ਉਹ ਸਿਰਫ਼ ਮੇਰੇ ਨਾਲ਼ ਇਸ ਗੱਲੋਂ ਆਕਡ਼ੀ ਹੋਈ ਹੈ ਕਿ ਜਦ ਉਹ ਬਿਮਾਰ ਸੀ, ਮੈਂ ਉਸ ਦਾ ਪਤਾ ਨਹੀਂ ਲਿਆ। ਖ਼ੈਰ, ਇਹ ਉਸ ਦਾ ਗਿ਼ਲਾ ਬਿਲਕੁਲ ਜਾਇਜ਼ ਹੈ! ਗੁੱਸਾ ਹਮੇਸ਼ਾ ਆਪਣਿਆਂ 'ਤੇ ਹੀ ਹੁੰਦੈ! ਇਸ ਪੱਖੋਂ ਮੈਂ ਬਿਨਾਂ ਸ਼ਰਤ ਤਨਦੀਪ ਤਮੰਨਾਂ ਤੋਂ ਖੁੱਲ੍ਹੇਆਮ ਮੁਆਫ਼ੀ ਮੰਗਦਾ ਹਾਂ! ਪਰ ਮੈਨੂੰ ਉਸ ਦੇ ਬਿਮਾਰ ਹੋਣ ਦਾ ਵਾਕਿਆ ਹੀ ਪਤਾ ਨਹੀਂ ਸੀ। ਹੁਣ ਮੈਂ ਅਗਸਤ 2010 ਵਿਚ ਫਿ਼ਰ ਇਕ ਹੋਰ ਸੱਦੇ 'ਤੇ ਵੈਨਕੂਵਰ ਆਉਣਾ ਹੈ। ਉਦੋਂ ਆ ਕੇ ਨਿੱਜੀ ਤੌਰ 'ਤੇ ਵੀ ਮੁਆਫ਼ੀ ਮੰਗ ਲਵਾਂਗਾ, ਠੀਕ ਐ ਬਾਬਾ ਜੀ..? ਹੁਣ ਗੁੱਸਾ ਥੁੱਕ ਦਿਓ..! ਸਿੱਧੇ ਪਏ ਬੰਦੇ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ..! ਤੁਸੀਂ ਤਾਂ ਐਡੇ ਵੱਡੇ ਮਹਾਨ 'ਐਡੀਟਰ ਸਾਹਿਬਾਨ' ਹੋ! ਤੁਹਾਡਾ ਦਿਲ ਤਾਂ ਬਡ਼ਾ ਦਰਿਆ ਚਾਹੀਦਾ ਹੈ! ਹੈ ਨ੍ਹਾਂ...? ਮੈਨੂੰ ਗੱਲ ਯਾਦ ਆ ਗਈ। ਕੋਈ ਮੇਰੇ ਵਰਗਾ ਹਰ ਰੋਜ਼ ਰੱਬ ਅੱਗੇ ਹੱਥ ਜੋਡ਼ਿਆ ਕੇ, "ਰੱਬ ਜੀ, ਮੈਨੂੰ ਬੁੱਧੀ ਬਖ਼ਸ਼ੋ..! ਮਹਾਰਾਜ ਜੀ, ਮੈਨੂੰ ਬੁੱਧੀ ਬਖ਼ਸ਼ੋ..!" ਅਰਦਾਸ ਕਰਿਆ ਕਰੇ! ਬੁੱਧੀ ਤਾਂ ਵਿਚਾਰੇ ਨੂੰ ਪਤਾ ਨਹੀਂ ਮਿਲ਼ੀ, ਪਤਾ ਨੀ, ਨਹੀਂ ਮਿਲ਼ੀ? ਪਰ ਕੁਦਰਤ ਰੱਬ ਦੀ ਉਸ ਦਾ ਵਿਆਹ ਹੋ ਗਿਆ। ਵਿਆਹੀ ਆਈ ਭਾਗਵਾਨ ਬਡ਼ੀ ਅਡ਼ਬ! ਚੌਵੀ ਘੰਟੇ ਘਰੇ ਸੂਹਣ ਖਡ਼੍ਹੀ ਰੱਖ ਕੇ ਵੰਝ 'ਤੇ ਚਡ਼ਾਉਣ ਵਾਲ਼ੀ ਔਰਤ! ਇਕ ਦਿਨ ਉਹ ਅੱਕਿਆ ਹੋਇਆ ਰੱਬ ਨਾਲ਼ ਗਿ਼ਲਾ ਕਰਦਾ ਪਿੱਟੀ ਜਾਵੇ, "ਰੱਬਾ..! ਮੈਂ ਤੇਰੇ ਕੋਲ਼ੋਂ ਬੁੱਧੀ ਮੰਗੀ ਸੀ, ਬੁੱਢੀ ਨੀ ਸੀ ਮੰਗੀ..!"
ਬੈਂਕਿਉਟ ਹਾਲ ਵਿਚ ਬਹੁਤ ਸ਼ੋਰ-ਸ਼ਰਾਬਾ ਹੋਣ ਕਾਰਨ ਮੇਰੀ ਅਤੇ ਤਨਦੀਪ ਦੀ ਫ਼ੋਨ 'ਤੇ ਬਹੁਤੀ ਗੱਲ ਨਹੀਂ ਹੋ ਸਕੀ ਅਤੇ ਮੈਂ ਫਿ਼ਰ ਫ਼ੋਨ ਕਰਨ ਦਾ ਵਾਅਦਾ ਕਰ ਕੇ ਫ਼ੋਨ ਰੱਖ ਦਿੱਤਾ। ਪਰ ਜਦ ਸਮਾਗਮ ਖ਼ਤਮ ਹੋਇਆ ਤਾਂ ਉਦੋਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਸਮਾਂ ਬਹੁਤ ਹੋ ਚੁੱਕਿਆ ਸੀ।


ਅਗਲੇ ਦਿਨ ਦੁਪਿਹਰੇ ਬਾਰਾਂ ਵਜੇ ਮੇਰੀ ਸ਼ੇਰੇ-ਪੰਜਾਬ ਰੇਡੀਓ ਵੈਨਕੂਵਰ 'ਤੇ ਹਰਜੀਤ ਗਿੱਲ ਨਾਲ਼ ਇੰਟਰਵਿਊ ਸੀ। ਛੋਟੇ ਵੀਰ ਗੁਰਮੇਲ ਬਦੇਸ਼ਾ ਦੀ ਹਰਜੀਤ ਗਿੱਲ ਵੱਲੋਂ ਡਿਊਟੀ ਲਾਈ ਗਈ ਸੀ ਕਿ ਬਾਈ ਜੱਗੀ ਕੁੱਸਾ ਨੂੰ ਹੋਟਲ 'ਸੁਪਰ-8' ਵਿਚੋਂ ਚੁੱਕ ਕੇ ਸਾਢੇ ਕੁ ਗਿਆਰਾਂ ਵਜੇ ਰੇਡੀਓ ਸਟੇਸ਼ਨ ਪਹੁੰਚਾਉਣਾ ਹੈ। ਗੁਰਮੇਲ ਬਦੇਸ਼ਾ ਮੇਰੇ ਕੋਲ਼ ਹੋਟਲ ਸੁਪਰ-8 ਪੂਰੇ ਗਿਆਰਾਂ ਵਜੇ ਹੀ ਪਹੁੰਚ ਗਿਆ। ਉਸ ਦੇ ਫ਼ੋਨ 'ਤੇ ਮੇਰੇ ਪੁਰਾਣੇਂ ਬੇਲੀ ਤੇਜ ਸੇਖੋਂ ਦਾ ਫ਼ੋਨ ਆ ਗਿਆ। ਤੇਜ ਸੇਖੋਂ ਮੇਰੇ ਜਿਗਰੀ ਮਿੱਤਰ ਸੁਖਮਿੰਦਰ ਸਿੰਘ ਚੀਮਾਂ ਨਾਲ਼ 'ਰੇਡੀਓ ਇੰਡੀਆ' 'ਤੇ ਪ੍ਰੋਗਰਾਮ ਦਿੰਦਾ ਹੈ। ਤੇਜ ਸੇਖੋਂ ਮਿਲਣ ਬਾਰੇ ਪੁੱਛ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਰੇਡੀਓ ਇੰਟਰਵਿਊ ਤੋਂ ਬਾਅਦ ਮੈਂ ਤੈਨੂੰ ਫ਼ੋਨ ਕਰਦਾ ਹਾਂ। ਇੰਟਰਵਿਊ ਤੋਂ ਬਾਅਦ ਪ੍ਰਸਿੱਧ ਆਰਟਿਸਟ ਸ. ਜਰਨੈਲ ਸਿੰਘ  ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ ਦੇ ਸਪੈਸ਼ਲ ਰੱਖੇ ਪ੍ਰੋਗਰਾਮ 'ਤੇ ਜਾਣਾ ਸੀ। ਪਿਛਲੇ ਦਿਨ ਸਮਾਗਮ ਹਾਲ ਵਿਚ ਹੀ ਬਾਈ ਗੁਰਚਰਨ ਟੱਲੇਵਾਲ਼ੀਆ ਅਤੇ ਜਰਨੈਲ ਸਿੰਘ ਆਰਟਿਸਟ ਨੇ ਮੈਨੂੰ ਵੱਡੇ ਭਰਾਵਾਂ ਵਾਲ਼ੇ 'ਦਬਕੇ' ਨਾਲ਼ ਕਿਹਾ ਸੀ, "ਜੱਗੀ ਕੱਲ੍ਹ ਨੂੰ ਆਉਣੈਂ!" ਅਤੇ ਮੈਂ "ਪੱਕਾ ਆਊਂਗਾ ਬਾਈ ਜੀ!" ਆਖ ਕੇ ਹੁੰਗਾਰਾ ਦੇ ਦਿੱਤਾ ਸੀ। ਉਹਨਾਂ ਦੇ ਪ੍ਰੋਗਰਾਮ ਤੋਂ ਬਾਅਦ 'ਪ੍ਰੈੱਸ-ਮਿਲਣੀ' ਸੀ ਅਤੇ ਅਸੀਂ ਬਾਈ ਜਗਦੀਪ ਸਿੰਘ ਸਿਵੀਆ ਦੇ ਹੁਕਮ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਵੀ ਮਿਲਣਾ ਸੀ। ਉਥੇ ਸਾਡੇ ਪਿੰਡਾਂ ਦੇ ਲੇਖਕ ਅਤੇ 'ਲੋਹਮਣੀਂ ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਮੇਲਾ-ਗੇਲਾ ਰੱਖਿਆ ਹੋਇਆ ਸੀ।

ਜਦ ਮੈਂ ਅਤੇ ਗੁਰਮੇਲ ਬਦੇਸ਼ਾ ਉਸ ਦੀ ਕਾਰ ਵਿਚ ਹੋਟਲ 'ਸੁਪਰ-8' ਤੋਂ ਚੱਲੇ ਤਾਂ ਉਸ ਦੀ ਕਾਰ ਵਿਚ ਸ਼ੇਰੇ ਪੰਜਾਬ ਰੇਡੀਓ ਵੱਜ ਰਿਹਾ ਸੀ ਅਤੇ ਹਰਜੀਤ ਗਿੱਲ ਗੱਜ ਰਿਹਾ ਸੀ, "ਤੁਹਾਡੀ ਸੇਵਾ ਵਿਚ ਹਾਜ਼ਰ ਐ ਤੁਹਾਡਾ ਆਪਣਾ, ਹਰਜੀਤ ਸਿੰਘ ਗਿੱਲ...! ਸੁਆਗਤ ਕਰਦੈਂ ਮੈਂ ਤੁਹਾਡਾ ਸਾਡੇ ਪ੍ਰੋਗਰਾਮ 'ਚ...! ਅੱਜ ਆ ਰਿਹੈ ਇੰਟਰਵਿਊ ਦੇਣ ਪੰਜਾਬੀ ਨਾਵਲਕਾਰੀ ਦਾ ਹਰੀ ਸਿੰਘ ਨਲੂਆ, ਪੰਜਾਬ ਦਾ ਸਾਂਝਾ ਪੁੱਤ, ਬਾਈ ਸਿ਼ਵਚਰਨ ਜੱਗੀ ਕੁੱਸਾ...! ਬੱਸ ਬਾਰਾਂ ਵਜੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿਆਂਗੇ ਬਾਈ ਜੱਗੀ ਕੁੱਸਾ ਨੂੰ..! ਜੀਹਦੀਆਂ ਰਚਨਾਵਾਂ 'ਚ ਸੱਘੇ ਅਮਲੀ, ਸੁੱਚੇ ਛਡ਼ੇ ਤੇ ਨਹਿੰਗ ਅਰਗੇ ਜਿਉਂਦੇ ਜਾਗਦੇ ਪਾਤਰ ਗਡ਼੍ਹਕਦੇ ਨੇ...!" ਹਰਜੀਤ ਗਿੱਲ ਮੇਰੇ ਹਨੂਮਾਨ ਵਾਲ਼ੀ 'ਪੂਛ' ਲਾ ਕੇ ਸਰੋਤਿਆਂ ਦਾ ਕਾਲ਼ਜਾ ਕੱਢੀ ਜਾ ਰਿਹਾ ਸੀ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਹਰਜੀਤ ਗਿੱਲ ਦਾ ਬੋਲਣ ਦਾ ਅੰਦਾਜ਼ ਬੰਦੇ ਨੂੰ ਕੀਲ ਕੇ ਪਟਾਰੀ ਵਿਚ ਸੁੱਟਦਾ ਹੈ। ਉਸ ਦਾ ਗੱਲ ਕਰਨ ਦਾ ਅੰਦਾਜ਼ ਹੀ ਵੱਖਰਾ ਹੈ। ਪੰਜਾਬੀਆਂ ਵਾਲ਼ਾ ਖਾਡ਼ਕੂ ਲਹਿਜਾ! ਮੈਂ ਹੈਰਾਨ ਹਾਂ ਕਿ ਹਰਜੀਤ ਨੂੰ ਮੇਰੇ ਨਾਵਲਾਂ, ਵਿਅੰਗ ਅਤੇ ਕਹਾਣੀਆਂ ਦੇ ਪਾਤਰਾਂ ਦੇ ਨਾਂ ਜੁਬਾਨੀ ਯਾਦ ਹਨ ਅਤੇ ਹਰ ਕਹਾਣੀ ਦੇ 'ਪਲਾਟ' ਦਾ ਪਤਾ ਹੈ। ਉਸ ਦੀ ਇਸ ਸੁਰਤ-ਸੇਧ ਅਤੇ ਯਾਦਾਸ਼ਤ 'ਤੇ ਮੈਂ ਘੋਰ ਹੈਰਾਨ ਹਾਂ।
ਮੈਂ ਅਤੇ ਗੁਰਮੇਲ ਬਦੇਸ਼ਾ ਦੁਪਿਹਰ 11:50 'ਤੇ ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਪਹੁੰਚ ਗਏ ਅਤੇ ਰਿਸੈਪਸ਼ਨ 'ਤੇ ਬੈਠੀ ਕੁਡ਼ੀ ਜੈਸ ਗਿੱਲ ਅਤੇ ਜਸਬੀਰ ਸਿੰਘ ਰੋਮਾਣਾਂ ਸਾਨੂੰ ਉਸ ਕੈਬਨ ਵਿਚ ਛੱਡ ਆਏ, ਜਿੱਥੇ ਹਰਜੀਤ ਗਿੱਲ ਬੈਠਾ ਪ੍ਰੋਗਰਾਮ ਦੇ ਰਿਹਾ ਸੀ। ਸਾਨੂੰ ਦੇਖਣ ਸਾਰ ਹੀ ਹਰਜੀਤ ਗਿੱਲ ਆਪਣੇ ਸਰੋਤਿਆਂ ਨੂੰ ਫਿ਼ਰ ਸੰਬੋਧਨ ਹੋਇਆ, "ਰੱਖ ਲਓ ਦਿਲਾਂ 'ਤੇ ਹੱਥ..! ਪਹੁੰਚ ਗਿਐ ਬਾਈ ਜੱਗੀ ਕੁੱਸਾ ਸਾਡੇ ਸਟੂਡੀਓ ਵਿਚ ...! ਬੈਠੈ ਮੇਰੇ ਸਾਹਮਣੇ..! ਵੱਡੀਆਂ ਵੱਡੀਆਂ ਸੁਨੱਖੀਆਂ ਅੱਖਾਂ ਪਾਉਂਦੀਐਂ ਦਿਲ ਨੂੰ ਹੌਲ...! ਸਿਜਦਾ ਕਰਦੈਂ ਓਸ ਸਵਰਗਵਾਸੀ ਮਾਂ ਨੂੰ..! ਜਿਸ ਨੇ ਐਹੋ ਜਿਆ ਸੋਹਣਾ ਸੁਣੱਖਾ ਤੇ ਨਿਧਡ਼ਕ ਪੁੱਤ ਜੰਮਿਆਂ..!" ਆਖ ਕੇ ਉਸ ਨੇ ਮੇਰੇ ਨਾਲ਼ ਹੱਥ ਮਿਲ਼ਾਇਆ। "ਸੋਹਣਾ-ਸੁਨੱਖਾ" ਸੁਣ ਕੇ ਮੇਰਾ ਮਨ ਅੰਦਰੋਂ ਹੱਸਿਆ ਕਿ ਹਰਜੀਤ 45 ਸਾਲ ਦੇ ਅੱਧੇ ਬੁੱਢੇ ਨੂੰ ਹਰਜੀਤ ਅਜੇ ਵੀ 'ਸੋਹਣਾ-ਸੁਣੱਖਾ' ਦੱਸੀ ਜਾ ਰਿਹਾ ਸੀ।
ਇਤਨੇ ਨੂੰ ਹਰਜੀਤ ਗਿੱਲ ਦੇ ਫ਼ੋਨ 'ਤੇ ਦੁਨੀਆਂ ਦੇ ਪ੍ਰਸਿੱਧ ਗਾਇਕ ਤੇ ਮੇਰੇ ਛੋਟੇ ਵੀਰ ਗਿੱਲ ਹਰਦੀਪ, ਕੋਕਰੀ ਵਾਲ਼ੇ ਦਾ ਫ਼ੋਨ ਆ ਗਿਆ।
-"ਬਾਈ ਜੀ ਸਾਸਰੀਕਾਲ..!"
-"ਸਾਸਰੀਕਾਲ ਗਿੱਲਾ!"
-"ਕੀ ਹਾਲ ਐ ਬਾਈ..?"
-"ਚਡ਼੍ਹਦੀ ਕਲਾ - ਗੁਰੂ ਕਿਰਪਾ..!"
-"ਸਾਡੇ ਕੋਲ਼ ਕਦੋਂ ਆਉਣੈਂ...?" ਗਿੱਲ ਹਰਦੀਪ ਦਾ ਸੁਆਲ ਸੀ।
-"ਐਡੀ ਦੂਰੋਂ ਤੇਰੇ ਕੋਲ਼ ਚੱਲ ਕੇ ਆ ਗਿਐਂ, ਹੁਣ ਤੂੰ ਭੋਰਾ ਕੁ ਵਾਟ ਚੱਲ ਕੇ ਵੱਡੇ ਬਾਈ ਕੋਲ਼ ਨੀ ਆ ਸਕਦਾ..?" ਮੈਂ ਠੁਣਾਂ ਗਿੱਲ ਸਿਰ ਹੀ ਭੰਨਿਆਂ।
-"ਦੱਸ ਬਾਈ ਕਿੱਥੇ ਮਿਲ਼ਦੈਂ..?" ਉਸ ਨੇ ਵੀ ਬਡ਼੍ਹਕ ਮਾਰੀ।
-"ਮੇਰੀ ਹੁਣ ਇੰਟਰਵਿਊ ਐ ਸ਼ੇਰੇ ਪੰਜਾਬ ਰੇਡੀਓ 'ਤੇ..!"
-"ਉਹ ਤਾਂ ਅਸੀਂ ਵੀ ਸੁਣੀਂ ਜਾਨੇ ਐਂ..!"
-"ਇੰਟਰਵਿਊ ਤੋਂ ਬਾਅਦ ਸਾਡੇ ਤਿੰਨ ਹੋਰ ਪ੍ਰੋਗਰਾਮ ਐਂ, ਉਸ ਤੋਂ ਬਾਅਦ ਪ੍ਰੋਗਰਾਮ ਬਣਾਉਨੇ ਆਂ ਗਿੱਲਾ..! ਮੈਂ ਤੈਨੂੰ ਇੰਟਰਵਿਊ ਤੋਂ ਬਾਅਦ ਫ਼ੋਨ ਕਰਦੈਂ..!" ਮੈਂ ਕਿਹਾ। ਮੈਂ ਤੇਜ਼ੀ ਵਿਚ ਇਸ ਕਰਕੇ ਸੀ ਕਿਉਂਕਿ ਮੇਰੀ ਇੰਟਰਵਿਊ ਸ਼ੁਰੂ ਹੋਣ ਵਾਲ਼ੀ ਸੀ।
-"ਓ.ਕੇ. ਬਾਈ..! ਬਾਅਦ 'ਚ ਮਿਲ਼ਦੇ ਐਂ ਫ਼ੇਰ..!" ਆਖ ਕੇ ਗਿੱਲ ਨੇ ਫ਼ੋਨ ਕੱਟ ਦਿੱਤਾ।
ਪਰ ਹੱਦੋਂ ਵੱਧ ਹੀ ਮਸ਼ਰੂਫ਼ ਹੋਣ ਕਾਰਨ ਮੈਂ ਗਿੱਲ ਹਰਦੀਪ ਨੂੰ ਫ਼ੋਨ ਨਾ ਕਰ ਸਕਿਆ। ਜਿੰਨੇ ਦਿਨ ਵੀ ਮੈਂ ਵੈਨਕੂਵਰ ਰਿਹਾ, ਬਡ਼ਾ ਹੀ ਬੁਰੀ ਤਰ੍ਹਾਂ ਉਲ਼ਝਿਆ ਅਤੇ ਰੁੱਝਿਆ਼ ਰਿਹਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਐਡਮਿੰਟਨ, ਵੈਨਕੂਵਰ ਅਤੇ ਸਰੀ ਦੇ ਪਾਠਕ-ਪ੍ਰਸ਼ੰਸਕ, ਦੋਸਤ ਅਤੇ ਭਰਾ, ਜਿੰਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਅੰਤਾਂ ਦਾ ਪ੍ਰੇਮ ਸਤਿਕਾਰ ਬਖ਼ਸਿ਼ਆ। ਸਵੇਰੇ ਛੇ ਕੁ ਵਜੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਅਤੇ ਇਹਨਾਂ ਫ਼ੋਨਾਂ ਦਾ ਸਿਲਸਲਾ ਰਾਤ ਦੇ ਦਸ-ਗਿਆਰਾਂ ਵਜੇ ਤੱਕ ਚੱਲਦਾ ਰਹਿੰਦਾ। ਕਈ ਵਾਰ ਤਾਂ ਮੈਨੂੰ ਰੋਟੀ ਖਾਣ ਦਾ ਟਾਈਮ ਵੀ ਨਹੀਂ ਮਿਲਿ਼ਆ। ਇਹਨਾਂ ਦੇ ਪ੍ਰੇਮ-ਭਾਵਨਾਂ ਵਾਲ਼ੇ ਫ਼ੋਨ ਸੁਣ ਕੇ ਮੈਂ ਕਈ ਵਾਰ ਭਾਵੁਕ ਹੋ ਜਾਂਦਾ ਅਤੇ ਗੁਰੂ ਬਾਬੇ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਿਸ਼ਾਹ! ਐਨਾਂ ਪ੍ਰੇਮ-ਪਿਆਰ ਹਰ ਕਿਸੇ ਲੇਖਕ ਦੇ ਹਿੱਸੇ ਆਵੇ, ਜਿੰਨਾਂ ਮੇਰੇ ਪਾਠਕ ਅਤੇ ਪ੍ਰਸ਼ੰਸਕ ਮੈਨੂੰ ਬਖ਼ਸ਼ ਰਹੇ ਹਨ!
ਤਕਰੀਬਨ ਇਕ ਘੰਟਾ ਰੇਡੀਓ ਇੰਟਰਵਿਊ ਚੱਲੀ।
ਉਸ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਸ. ਜਰਨੈਲ ਸਿੰਘ ਆਰਟਿਸਟ ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਦੇ ਉਲ਼ੀਕੇ ਪ੍ਰੋਗਰਾਮ ਉਪਰ 'ਜਰਨੈਲ ਆਟਰਸ ਸਟੂਡੀਓ' ਅਤੇ 'ਗੁਰਦੀਪ ਆਰਟਸ ਅਕੈਡਮੀ' ਸਰੀ ਗਏ। ਉਥੇ ਬਡ਼ੀਆਂ ਸਤਿਕਾਰਤ ਹਸਤੀਆਂ ਦੇ ਦਰਸ਼ਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਿੱਖ ਮਹਾਨ ਕੋਸ਼ ਦੇ ਕਰਤਾ ਡਾਕਟਰ ਰਘਬੀਰ ਸਿੰਘ ਬੈਂਸ, ਪ੍ਰਸਿੱਧ ਸ਼ਾਇਰ ਸ੍ਰੀ ਨਦੀਮ ਪਰਮਾਰ, ਸ. ਜਰਨੈਲ ਸਿੰਘ ਸੇਖਾ, ਡਾਕਟਰ ਦਰਸ਼ਣ ਸਿੰਘ ਗਿੱਲ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਸ. ਸੁਖਮਿੰਦਰ ਸਿੰਘ ਚੀਮਾਂ, ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ, ਸ. ਦਰਸ਼ਣ ਸਿੰਘ ਮਾਨ, ਬੀਬੀ ਰਾਜਵੰਤ ਕੌਰ ਮਾਨ, ਟੈਲੀ ਅਦਾਕਾਰਾ ਅੰਮ੍ਰਿਤ ਕੌਰ ਮਾਨ, ਸ. ਗੁਰਦੀਪ ਸਿੰਘ ਭੁੱਲਰ, ਸ. ਗੁਰਮੇਲ ਬਦੇਸ਼ਾ, ਸ. ਹਰਦੇਵ ਸਿੰਘ ਗਰੇਵਾਲ਼ ਅਤੇ ਹੋਰ ਸਾਹਿਤਕ ਮਿੱਤਰ ਸ਼ਾਮਲ ਸਨ। ਇਸ ਸਮਾਗਮ ਮੌਕੇ ਸ. ਗਿਆਨ ਸਿੰਘ ਕੋਟਲ਼ੀ ਨੇ ਮੈਨੂੰ ਆਪਣੀਆਂ ਦੋ ਕਿਤਾਬਾਂ, "ਨਾਨਕ ਦੁਨੀਆਂ ਕੈਸੀ ਹੋਈ" ਅਤੇ "ਨਾਨਕ ਸ਼ਾਇਰ ਇਵ ਕਹਿਆ" ਅਤੇ ਦੋ ਡੀ.ਵੀ.ਡੀਜ਼ ਭੇਂਟ ਕੀਤੀਆਂ ਗਈਆਂ।
ਇਹਨਾਂ ਪ੍ਰਮੁੱਖ ਹਸਤੀਆਂ ਦੇ ਦਰਸ਼ਣ ਕਰਨ ਅਤੇ ਆਸ਼ੀਰਵਾਦ ਲੈਣ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਬਾਈ ਜਗਦੀਪ ਸਿੰਘ ਸਿਵੀਆ ਦੇ ਸੱਦੇ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਮਿਲਣ ਲਈ ਚੱਲ ਪਏ। ਉਥੇ ਜਾ ਕੇ ਅਸੀਂ ਚਾਹ ਪਾਣੀ ਪੀਤਾ, ਗੱਲਾਂ ਬਾਤਾਂ ਕੀਤੀਆਂ ਅਤੇ 'ਲੋਹਮਣੀਂ' ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਵਿਚਾਰ ਵਟਾਂਦਰਾ ਕਰਨ ਦਾ ਸਬੱਬ ਬਣਿਆਂ। ਇੱਥੇ ਬਾਈ ਨਛੱਤਰ ਸਿੰਘ ਗਿੱਲ ਨੇ ਮੈਨੂੰ 'ਲੋਹਮਣੀਂ' ਦੇ ਦੋ ਅੰਕ ਅਤੇ ਆਪਣੀਆਂ ਪੰਜ ਕਿਤਾਬਾਂ ਮੈਨੂੰ ਭੇਂਟ ਕੀਤੀਆਂ ਅਤੇ ਵੱਡੇ ਭਰਾਵਾਂ ਵਾਲ਼ੀ ਅਸੀਸ ਅਤੇ ਥਾਪਡ਼ਾ ਦਿੱਤਾ।
ਇਸ ਤੋਂ ਬਾਅਦ ਮੇਰੀ ਕੈਨੇਡਾ ਦੀ ਪ੍ਰੈੱਸ ਕਲੱਬ ਨਾਲ਼ 'ਗਰੈਂਡ ਤਾਜ ਬੈਂਕਿਉਟ ਹਾਲ' ਵਿਚ ਮਿਲਣੀ ਸੀ। ਮੈਂ ਅਤੇ ਹਰਜੀਤ ਗਿੱਲ ਉਥੇ ਪਹੁੰਚੇ। ਇੱਥੇ ਸ਼ੇਰੇ-ਪੰਜਾਬ ਦੀ ਹੋਸਟ ਕਿਰਨ ਕੌਰ ਔਲਖ, ਕੁਲਦੀਪ ਸਿੰਘ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਰੇਡੀਓ ਇੰਡੀਆ ਦੇ ਹੋਸਟ ਸ. ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸ. ਗੁਰਲਾਲ ਸਿੰਘ, ਰਛਪਾਲ ਸਿੰਘ ਗਿੱਲ, ਸੱਚ ਦੀ ਅਵਾਜ਼ ਤੋਂ ਰਾਜਿੰਦਰ ਸਿੰਘ ਪੰਧੇਰ, ਖ਼ੁਸ਼ਪਾਲ ਸਿੰਘ ਗਿੱਲ, ਇੰਡੋ-ਕੈਨੇਡੀਅਨ ਟਾਈਮਜ਼ ਤੋਂ ਸੰਤੋਖ ਸਿੰਘ ਮੰਡੇਰ, ਰੇਡੀਓ ਪੰਜਾਬ ਤੋਂ ਕੁਲਜੀਤ ਕੌਰ, ਅਜਾਇਬ ਸਿੰਘ ਸਿੱਧੂ, ਜਰਨੈਲ ਸਿੰਘ ਆਰਟਿਸਟ, ਚਡ਼੍ਹਦੀ ਕਲਾ ਤੋਂ ਲੱਕੀ ਸਹੋਤਾ, ਅਕਾਲ ਗਾਰਡੀਅਨ ਤੋਂ ਗੁਰਸੇਵ ਸਿੰਘ ਪੰਧੇਰ, ਫ਼ੁੱਲਵਾਡ਼ੀ ਤੋਂ ਕੁਲਦੀਪ ਮੱਲ੍ਹੀ, ਡਾਕਟਰ ਮੇਜਰ ਸਿੰਘ ਰੰਧਾਵਾ 'ਦ੍ਰਿਸ਼ਟੀਕੋਣ', ਕੈਨੇਡਾ ਪੰਜਾਬ ਟਾਈਮਜ਼ ਤੋਂ ਅਮਰਪਾਲ ਸਿੰਘ ਸਸ਼ੋਭਿਤ ਸਨ। ਤਕਰੀਬਨ ਡੇਡ਼੍ਹ ਘੰਟਾ ਉਹਨਾਂ ਨਾਲ਼ ਖੁੱਲ੍ਹਾ ਵਿਚਾਰ ਵਟਾਂਦਾਰਾ ਹੋਇਆ। ਮੇਰੀ ਨਿੱਜੀ ਜਿ਼ੰਦਗੀ ਤੋਂ ਲੈ ਕੇ ਨਾਵਲਾਂ ਦੀ ਸਿਰਜਣਾ ਪ੍ਰਤੀ ਸੱਜਣਾਂ ਨੇ ਸੁਆਲ ਕੀਤੇ। ਇਹਨਾਂ ਨਾਲ਼ ਬੈਠ ਕੇ ਚਾਹ ਪੀਣ ਅਤੇ ਪਕੌਡ਼ੇ ਛਕਣ ਦਾ ਆਨੰਦ ਹੀ ਵੱਖਰਾ ਆਇਆ। ਇਸ ਪ੍ਰੈੱਸ ਕਲੱਬ ਦੇ ਰੂ-ਬ-ਰੂ ਹੋਣ ਤੋਂ ਬਾਅਦ ਕਿਰਨ ਕੌਰ ਔਲਖ ਨੇ ਮੈਨੂੰ ਪਾਸੇ ਲਿਜਾ ਕੇ ਕੁਝ ਨਿੱਜੀ ਸੁਆਲ ਵੀ ਕੀਤੇ ਅਤੇ ਕੁਲਜੀਤ ਕੌਰ ਨੇ ਮੇਰੇ ਭਾਸ਼ਣ ਦੀ ਸ਼ਲਾਘਾ ਵੀ ਕੀਤੀ।
ਅਗਲੇ ਦਿਨ ਮੈਨੂੰ 'ਚਡ਼੍ਹਦੀ ਕਲਾ' ਦੇ ਮੁੱਖ ਸੰਪਾਦਕ, ਜੱਥੇਦਾਰ ਸਤਿੰਦਰਪਾਲ ਸਿੰਘ ਗਿੱਲ ਵੱਲੋਂ ਗੁਰੂ ਘਰ 'ਦਸ਼ਮੇਸ਼ ਦਰਬਾਰ' ਪਹੁੰਚਣ ਲਈ ਸੱਦਾ ਆ ਗਿਆ। ਉਥੇ ਵਿਸਾਖੀ ਦਾ ਪ੍ਰੋਗਰਾਮ ਸੀ। ਖ਼ਾਲਸੇ ਦਾ ਸਿਰਜਣਾ ਦਿਵਸ ਹੋਣ ਕਾਰਨ ਬੇਥਾਹ ਸੰਗਤ ਸੀ। ਉਸ ਗੁਰੂ ਘਰ ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਥੇ ਹੀ ਇੰਟਰਨੈਸ਼ਨਲ ਪੰਥਕ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾਂ ਦੇ ਜੱਥੇ ਦੇ ਦਰਸ਼ਣ ਕਰਨ ਦਾ ਮੌਕਾ ਮਿਲਿ਼ਆ। ਉਹਨਾਂ ਨਾਲ਼ ਉਹਨਾਂ ਦੇ ਸਾਥੀ ਸ. ਲਖਵੀਰ ਸਿੰਘ ਪ੍ਰੀਤ, ਰਛਪਾਲ ਸਿੰਘ ਖ਼ੁਸ਼ਦਿਲ ਅਤੇ ਸਾਰੰਗੀ ਮਾਸਟਰ ਹਰਦੀਪ ਸਿੰਘ ਦੀਪ ਨਾਲ਼ ਵਿਚਾਰ ਵੀ ਸਾਂਝੇ ਹੋਏ। ਇਸ ਗੁਰੂ ਘਰ ਮੈਨੂੰ ਦਸ ਕੁ ਮਿੰਟ ਲਈ ਸਟੇਜ਼ ਤੋਂ ਬੋਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਗੁਰੂ ਘਰ ਮੈਨੂੰ ਮੇਰੇ ਪੁਰਾਣੇ ਬੇਲੀ ਅਤੇ ਅੱਜ ਕੱਲ੍ਹ ਇਟਲੀ ਵੱਸਦੇ ਮਿੱਤਰ ਅਵਤਾਰ ਸਿੰਘ ਸਿੱਧੂ ਦੇ ਮਾਤਾ ਜੀ ਅਤੇ ਮੇਰੇ ਭੂਆ ਜੀ, ਭੈਣ ਮੀਤੂ, ਪ੍ਰਾਹੁੰਣਾ ਸਾਹਿਬ ਅਤੇ ਬੱਚੇ ਵੀ ਆ ਮਿਲ਼ੇ। ਉਹਨਾਂ ਨਾਲ਼ ਚਾਹ ਪੀਤੀ ਗਈ ਅਤੇ ਜਲੇਬੀਆਂ ਵੀ ਖਾਧੀਆਂ ਗਈਆਂ। ਉਸ ਤੋਂ ਬਾਅਦ ਨਿਊ ਵੈਸਟ ਮਿਨਸਟਰ ਦੇ ਗੁਰਦੁਆਰਾ 'ਸੁਖ ਸਾਗਰ' ਸਾਹਿਬ ਲਿਜਾ ਕੇ ਵੀ ਮੈਨੂੰ ਉਥੋਂ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਟਵਾਲ਼ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਟੇਜ਼ ਤੋਂ ਬੋਲਣ ਲਈ ਸਮਾਂ ਦਿੱਤਾ ਗਿਆ। ਮੇਰੇ ਕੋਲ਼ ਸਮਾਂ ਬਹੁਤ ਘੱਟ ਹੋਣ ਕਾਰਨ ਸਾਰੇ ਸਮਾਗਮ ਬਡ਼ੀ ਤੇਜ਼ੀ ਨਾਲ਼ ਨਿਪਟਾਏ ਜਾ ਰਹੇ ਸਨ। ਹਰਜੀਤ ਗਿੱਲ ਮੇਰੇ ਨਾਲ਼ 'ਊਰੀ' ਬਣਿਆਂ ਫਿ਼ਰਦਾ ਸੀ।
ਅਗਲੇ ਦਿਨ 13 ਅਪ੍ਰੈਲ ਨੂੰ ਮੇਰੀ ਵੈਨਕੂਵਰ ਤੋਂ ਟੋਰੌਂਟੋ ਦੀ ਫ਼ਲਾਈਟ ਸੀ। ਫ਼ਲਾਈਟ ਦੁਪਿਹਰ 12:30 'ਤੇ ਚੱਲਣੀ ਸੀ ਅਤੇ ਟੋਰੌਂਟੋ ਦੇ ਸਮੇਂ ਅਨੁਸਾਰ ਸ਼ਾਮ 7:53 'ਤੇ ਉਤਰਨੀ ਸੀ।
ਰਾਤ ਨੂੰ ਮੈਂ ਅਤੇ ਹਰਜੀਤ ਗਿੱਲ ਨੇ ਪ੍ਰੋਗਰਾਮ ਬਣਾਇਆ ਕਿ ਸਵੇਰੇ ਨੌਂ ਵਜੇ ਮੈਂ ਤਿਆਰ ਰਹਾਂ। ਹਰਜੀਤ ਮੈਨੂੰ ਸਵੇਰੇ ਨੌਂ ਵਜੇ ਹੋਟਲ 'ਸੁਪਰ-8' ਵਿਚੋਂ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਛੱਡ ਆਵੇਗਾ ਅਤੇ ਅੱਗੇ ਮੈਨੂੰ ਬਾਈ ਕਮਲਜੀਤ ਸਿੰਘ ਵੈਨਕੂਵਰ ਏਅਰਪੋਰਟ ਤੋਂ ਫ਼ਲਾਈਟ ਕਰਵਾ ਆਵੇਗਾ। ਹਰਜੀਤ ਨੇ ਦੁਪਿਹਰ ਗਿਆਰਾਂ ਵਜੇ ਤੋਂ ਇਕ ਵਜੇ ਤੱਕ ਰੇਡੀਓ 'ਤੇ ਪ੍ਰੋਗਰਾਮ ਦੇਣਾ ਸੀ।

ਸੋ ਅਗਲੇ ਦਿਨ ਮੈਂ ਸਵੇਰੇ ਪੂਰੇ ਨੌਂ ਵਜੇ ਤਿਆਰ ਹੋ ਕੇ ਹੇਠਾਂ ਹੋਟਲ ਦੇ 'ਲੌਂਜ' ਵਿਚ ਆ ਗਿਆ ਅਤੇ ਹਰਜੀਤ ਵੀ ਸਹੀ ਟਾਈਮ 'ਤੇ ਹੀ ਪੁੱਜ ਗਿਆ। ਜਦ ਹਰਜੀਤ ਹੋਟਲ਼ ਦੀ ਰਿਸੈਪਸ਼ਨ 'ਤੇ 'ਹਿਸਾਬ-ਕਿਤਾਬ' ਕਰਨ ਲੱਗਿਆ ਤਾਂ ਰਿਸੈਪਸਨਿਸਟ ਚੀਨੀ ਮੂਲ ਦੀ ਕੁਡ਼ੀ ਆਖਣ ਲੱਗੀ ਕਿ ਤੁਹਾਡਾ ਸੁਈਟ ਤਾਂ 'ਕੰਪਲੀਮੈਂਟਰੀ' ਹੈ, ਸੋ ਅਸੀਂ ਕੋਈ ਪੈਸਾ ਨਹੀਂ ਲੈਣਾਂ! ਹਰਜੀਤ ਨੇ ਹੋਟਲ ਦੇ ਮਾਲਕ ਬਾਈ ਨਛੱਤਰ ਕੂਨਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਜੱਗੀ ਕੁੱਸਾ ਸਾਡੇ ਪਿੰਡਾਂ ਦਾ ਹੀ ਮੁੰਡਾ ਹੈ, ਅਸੀਂ ਇਹਦੀਆਂ ਰਚਨਾਵਾਂ ਪਡ਼੍ਹਦੇ ਹੀ ਰਹਿੰਦੇ ਹਾਂ, ਅਸੀਂ ਕੋਈ ਪੈਸਾ ਨਹੀਂ ਲੈਣਾ! ਸਾਨੂੰ ਤਾਂ ਸਗੋਂ ਖ਼ੁਸ਼ੀ ਹੈ ਕਿ ਇਹ ਬੰਦਾ ਸਾਡੇ ਹੋਟਲ ਵਿਚ ਆ ਕੇ ਰਿਹਾ। ਹਰਜੀਤ ਗਿੱਲ ਨੇ ਬਾਈ ਨਛੱਤਰ ਕੂਨਰ ਦਾ ਧੰਨਵਾਦ ਕੀਤਾ ਅਤੇ ਅਸੀਂ ਮੇਰਾ ਸਮਾਨ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਇੱਥੇ ਬਾਈ ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ, ਐਡਵੋਕੇਟ ਡੀ.ਐੱਸ. ਗਿੱਲ, ਬਾਈ ਕਮਲਜੀਤ ਸਿੰਘ ਅਤੇ ਹੋਰ ਸੱਜਣ ਮਿੱਤਰ ਹਾਜ਼ਰ ਸਨ। ਉਥੋਂ ਯਾਰਾਂ ਮਿੱਤਰਾਂ ਨਾਲ਼ ਚਾਹ ਪੀ ਕੇ ਗਲਵਕਡ਼ੀਆਂ ਪਾਈਆਂ, ਬਾਈ ਹਰਕੀਰਤ ਸਿੰਘ ਕੁਲਾਰ, ਮੁੱਖ ਸੰਪਾਦਕ ਪੰਜਾਬ ਗਾਰਡੀਅਨ ਦਾ ਧੰਨਵਾਦ ਕੀਤਾ ਅਤੇ ਬਾਈ ਕਮਲਜੀਤ ਸਿੰਘ ਅਤੇ ਮੈਂ ਵੈਨਕੂਵਰ ਏਅਰਪੋਰਟ ਨੂੰ ਤੁਰ ਪਏ। ਕਾਰ ਵਿਚ ਫਿ਼ਰ ਰੇਡੀਓ ਸ਼ੇਰੇ ਪੰਜਾਬ ਚੱਲ ਰਿਹਾ ਸੀ ਅਤੇ ਹਰਜੀਤ ਬੋਲ ਰਿਹਾ ਸੀ, "ਤਿੰਨ ਦਿਨ ਬਾਈ ਜੱਗੀ ਕੁੱਸਾ ਰਿਹਾ ਵੈਨਕੂਵਰ ਤੇ ਸਰੀ ਵਿਚ..! ਭੂਤਨੀ ਭੁੱਲੀ ਰਹੀ ਸਾਡੀ..! ਛਡ਼ਿਆਂ ਦੇ ਘਰੇ ਮਸਾਂ ਜੰਮੇ ਜੁਆਕ ਵਾਂਗੂੰ ਚੱਟ-ਚੱਟ ਕੇ ਲਾਲ ਰੱਤਾ ਕਰਤਾ ਉਹਦੇ ਪ੍ਰਸ਼ੰਸਕਾਂ ਨੇ..! ਭਾਲਿ਼ਆ ਨੀ ਥਿਆਇਆ ਕਿਤੇ..! ਉਹਦੇ ਪੇਂਡੂ ਮੈਨੂੰ ਉਲਾਂਭਾ ਦਿੰਦੇ ਰਹੇ..! ਅਖੇ ਮੈਂ ਜੱਗੀ ਕੁੱਸਾ ਨੂੰ 'ਕਿੱਡਨੈਪ' ਕਰ ਲਿਐਂ..! ਉਹਨੂੰ ਤਾਂ ਮੈਂ ਖ਼ੁਦ ਰਾਤ ਨੂੰ ਮਸਾਂ ਭਾਲ਼ਦਾ ਸੀ..! ਬਾਈ ਆਪ ਤਾਂ ਜਾ ਰਿਹੈ ਅੱਜ ਟੋਰੌਂਟੋ ਨੂੰ..! ਪਰ ਮੇਰਾ ਅੱਧਾ ਵੈਨਕੂਵਰ ਤੇ ਸਰੀ ਵੈਰੀ ਬਣਾ ਗਿਐ..! ਹੁਣ ਲਿਖੂਗਾ ਜਾ ਕੇ ਕੈਨੇਡਾ ਫ਼ੇਰੀ...!" ਮੈਂ ਅਤੇ ਕਮਲਜੀਤ ਉਸ ਦੇ ਇਹ ਬੋਲ ਸੁਣਦੇ ਉਚੀ-ਉਚੀ ਹੱਸ ਰਹੇ ਸਾਂ!
ਸਵੇਰੇ ਗਿਆਰਾਂ ਕੁ ਵਜੇ ਵੈਨਕੂਵਰ ਏਅਰਪੋਰਟ ਪਹੁੰਚ ਕੇ ਮੈਂ 'ਚੈੱਕ-ਇੰਨ' ਕਰਵਾਈ। ਏਅਰ ਕੈਨੇਡਾ ਦੀ 064 ਫ਼ਲਾਈਟ ਗੇਟ 'ਸੀ-50' ਤੋਂ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਬਾਈ ਕਮਲਜੀਤ ਸਿੰਘ ਨਾਲ਼ ਅਪਣੱਤ ਦੀਆਂ ਗਲਵਕਡ਼ੀਆਂ ਪਈਆਂ। ਕਮਲਜੀਤ ਦੇ ਫ਼ੋਨ ਤੋਂ ਹੀ ਮਿੰਟੂ ਚਾਹਲ ਨੂੰ ਫ਼ੋਨ ਕੀਤਾ ਅਤੇ ਮੈਂ ਬਾਈ ਕਮਲਜੀਤ ਨੂੰ ਫਿ਼ਰ ਜੱਫ਼ੀ ਵਿਚ ਲੈ ਕੇ ਧੰਨਵਾਦ ਕੀਤਾ ਅਤੇ ਏਅਰਪੋਰਟ ਦੇ ਅੰਦਰ ਤੁਰ ਪਿਆ...।



ਸ਼ਾਮ ਅੱਠ ਵੱਜ ਕੇ ਵੀਹ ਕੁ ਮਿੰਟ 'ਤੇ ਫ਼ਲਾਈਟ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਦੇ ਟਰਮੀਨਲ ਇਕ 'ਤੇ ਜਾ ਉਤਰੀ। ਵੀਹ ਕੁ ਮਿੰਟ ਬਾਅਦ ਮੈਂ ਬਾਹਰ ਆ ਗਿਆ। ਮਿੰਟੂ ਚਾਹਲ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ, ਬਾਈ ਅਮਰਜੀਤ ਸਿੰਘ ਚਾਹਲ ਅੱਗੇ ਖਡ਼੍ਹੇ ਉਡੀਕ ਰਹੇ ਸਨ। ਬਾਈ ਅਮਰਜੀਤ ਸਿੰਘ ਚਾਹਲ ਦੇ ਪਿੰਡ ਰਾਮਗਡ਼੍ਹ, ਜਿਲ੍ਹਾ ਬਰਨਾਲ਼ਾ ਮੇਰੇ ਨਾਨਕੇ ਹਨ। ਇਹ ਪਿੰਡ ਪਹਿਲਾਂ ਸੰਗਰੂਰ ਜਿਲ੍ਹੇ ਵਿਚ ਪੈਂਦਾ ਸੀ। ਅਸੀਂ ਏਅਰਪੋਰਟ ਤੋਂ ਤਕਰੀਬਨ ਅੱਧੇ ਕੁ ਘੰਟੇ ਵਿਚ ਘਰ ਪਹੁੰਚ ਗਏ। ਸਾਡੇ ਜਾਣ ਤੋਂ ਪਹਿਲਾਂ ਹੀ ਘਰੇ ਬਾਈ ਦਾ ਛੋਟਾ ਮੁੰਡਾ ਪੀਟਰ ਅਤੇ ਜਵਾਈ ਪੂਰਨ ਸਿੰਘ ਧਾਲ਼ੀਵਾਲ਼ ਉਡੀਕ ਰਹੇ ਸਨ। ਪੂਰਨ ਧਾਲ਼ੀਵਾਲ਼ ਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਨਾਲ਼ 'ਰਾਮਾਂ' ਹੈ। ਪੰਮਾਂ ਟਰੱਕ ਲੈ ਕੇ ਕਿਸੇ ਲੰਬੇ ਟੂਰ 'ਤੇ ਦੂਰ ਨਿਕਲਿ਼ਆ ਹੋਇਆ ਸੀ। ਘਰ ਜਾ ਕੇ ਮਿੰਟੂ ਨੇ ਦੱਸਿਆ ਕਿ ਬਹੁਤ ਪ੍ਰਸ਼ੰਸਕ ਮਿੱਤਰਾਂ ਦੇ ਫ਼ੋਨ ਆ ਚੁੱਕੇ ਹਨ ਅਤੇ ਆਈ ਜਾ ਰਹੇ ਹਨ। ਦੋ ਵਾਰ 'ਅਜੀਤ ਵੀਕਲੀ' ਦੇ ਐਡੀਟਰ ਡਾਕਟਰ ਦਰਸ਼ਣ ਸਿੰਘ ਬੈਂਸ ਹੋਰਾਂ ਦਾ ਵੀ ਫ਼ੋਨ ਆ ਚੁੱਕਿਆ ਹੈ, ਪਰ ਹੁਣ ਆਪਾਂ ਸਾਰਿਆਂ ਨਾਲ਼ ਗੱਲ ਕੱਲ੍ਹ ਨੂੰ ਹੀ ਕਰਾਂਗੇ। ਪੂਰਨ, ਪੀਟਰ, ਮਿੰਟੂ ਅਤੇ ਬਾਈ ਅਮਰਜੀਤ ਸਿੰਘ ਚਾਹਲ ਨੇ ਬੋਤਲ ਖੋਲ੍ਹ ਲਈ ਅਤੇ ਮੇਰੇ ਲਈ ਚਾਹ ਆ ਗਈ। ਮੈਂ ਖ਼ਾਸ ਤੌਰ 'ਤੇ ਬਰੈਂਪਟਨ ਵਿਚ ਮਿੰਟਾ ਧਾਲ਼ੀਵਾਲ਼, ਅਜਾਇਬ ਟੱਲੇਵਾਲ਼ੀਆ, ਬਲਰਾਜ ਬਰਾਡ਼ ਅਤੇ ਸਾਡੇ ਪਿੰਡ ਦੇ ਬਾਈ ਗੁਰਮੀਤ ਬਰਾਡ਼ ਨੂੰ ਜ਼ਰੂਰ ਮਿਲਣਾ ਸੀ।
ਅਗਲੇ ਦਿਨ ਅਸੀਂ ਮਿੰਟੂ ਚਾਹਲ ਦੇ ਸਹੁਰੀਂ, ਗਿਆਨੀ ਮੋਹਣ ਸਿੰਘ ਮਾਨ ਦੇ ਘਰ ਚਲੇ ਗਏ। ਗਿਆਨੀ ਮੋਹਣ ਸਿੰਘ ਮਾਨ ਗਲਿੱਡਨ ਗੁਰੂ ਘਰ ਦੇ ਸਾਬਕਾ ਹੈੱਡ-ਗ੍ਰੰਥੀ ਹਨ ਅਤੇ ਨਾਲ਼ ਦੀ ਨਾਲ਼ ਉਹ ਸੁਹਿਰਦ ਲੇਖਕ ਵੀ ਹਨ। ਇਕ 'ਸਡ਼ਕਨਾਮਾਂ' ਬਾਈ ਬਲਦੇਵ ਸਿੰਘ ਮੋਗਾ ਨੇ ਲਿਖਿਆ ਸੀ ਅਤੇ ਪ੍ਰਸਿੱਧ ਕਾਵਿੱਤਰੀ, ਮਰਹੂਮ ਅੰਮ੍ਰਿਤਾ ਪ੍ਰੀਤਮ ਜੀ ਨੇ 'ਨਾਗਮਣੀ' ਵਿਚ ਛਾਪਿਆ ਸੀ ਅਤੇ ਦੂਜਾ ਕੈਨੇਡਾ ਦਾ 'ਸਡ਼ਕਨਾਮਾਂ' ਸਤਿਕਾਰਯੋਗ ਗਿਆਨੀ ਮੋਹਣ ਸਿੰਘ ਜੀ ਮਾਨ ਨੇ ਲਿਖਿਆ ਸੀ ਅਤੇ ਕੈਨੇਡਾ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਲਡ਼ੀਵਾਰ ਛਪਿਆ ਸੀ। ਗਿਆਨੀ ਮੋਹਣ ਸਿੰਘ ਮਾਨ ਹੋਰਾਂ ਦੀ ਲਡ਼ਕੀ ਮਨਜੀਤ ਕੌਰ, ਮਿੰਟੂ ਚਾਹਲ ਦੀ ਸੁਪਤਨੀ ਹੈ। ਮਨਜੀਤ ਕੌਰ ਚਾਹਲ ਦੀ ਸ਼ਕਲ ਬਿਲਕੁਲ ਮੇਰੇ ਵੱਡੇ ਭੈਣ ਜੀ ਨਾਲ਼ ਮਿਲ਼ਦੀ ਹੋਣ ਕਾਰਨ ਮੈਂ ਮਨਜੀਤ ਕੌਰ ਚਾਹਲ ਨੂੰ 'ਭੈਣ ਜੀ' ਆਖ ਕੇ ਬੁਲਾਉਂਦਾ ਅਤੇ ਸਤਿਕਾਰਦਾ ਹਾਂ ਅਤੇ ਉਹ ਵੀ ਮੈਨੂੰ ਵੱਡੇ ਭਰਾਵਾਂ ਵਾਂਗ ਹੀ ਸਨੇਹ-ਸਤਿਕਾਰ ਦਿੰਦੀ ਹੈ। ਉਸ ਤੋਂ ਬਾਅਦ ਅਸੀਂ ਅਜਾਇਬ ਸਿੰਘ ਟੱਲੇਵਾਲ਼ੀਆ ਦੇ ਘਰ ਚਲੇ ਗਏ। ਅਜਾਇਬ ਦੇ ਘਰ ਅੰਦਰ ਜਦ ਦਾਖ਼ਲ ਹੋਣ ਲੱਗੇ ਤਾਂ ਮੈਨੂੰ ਇਕ ਪਲਾਸਟਿਕ ਦਾ ਪਿੰਜਰ ਜਿਹਾ ਟੰਗਿਆ ਨਜ਼ਰ ਆਇਆ। ਮੈਂ ਅਜਾਇਬ ਨੂੰ ਮਜ਼ਾਕ ਨਾਲ਼ ਪੁੱਛਿਆ, "ਬਾਈ..! ਕਿਤੇ ਭੂਤਾਂ ਤਾਂ ਨੀ ਕੱਢਣ ਲੱਗ ਪਿਆ..?" ਅਜਾਇਬ ਮੈਨੂੰ ਗਲਵਕਡ਼ੀ ਵਿਚ ਲੈਂਦਾ ਬੋਲਿਆ, "ਕਾਹਨੂੰ ਜੱਗੀ..! ਇਹ ਤਾਂ ਜੁਆਕਾਂ ਨੇ ਲਿਆ ਕੇ ਟੰਗ ਦਿੱਤਾ..!" ਅਸੀਂ ਚਾਹ ਪੀਂਦੇ ਪੀਂਦੇ ਅੱਜ ਦੇ ਅਤੇ ਪੁਰਾਣੇ ਸਾਹਿਤ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ।
ਰਾਤ ਨੂੰ ਪੀਟਰ ਦੇ ਘਰੇ ਫਿ਼ਰ ਮਹਿਫ਼ਲ ਜੰਮੀ ਹੋਈ ਸੀ। ਪੀਟਰ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ. ਬਲਵੰਤ ਸਿੰਘ ਰਾਮੂਵਾਲ਼ੀਆ ਦੀਆਂ 'ਰੀਸਾਂ' ਲਾ ਕੇ ਸਾਡੀਆਂ ਸਭ ਦੀਆਂ ਵੱਖੀਆਂ ਤੁਡ਼ਾ ਰਿਹਾ ਸੀ। ਪੀਟਰ ਵਿਚ ਅਗਲੇ ਦੀ 'ਸਾਂਗ' ਲਾਉਣ ਦੀ ਐਨੀ ਕਲਾ ਹੈ ਕਿ ਜੇ ਉਹ ਕਿਸੇ ਸਮਰੱਥ ਕਮੇਡੀਅਨ ਦੇ ਹੱਥ ਲੱਗ ਜਾਵੇ ਤਾਂ ਮੇਰਾ ਦਾਅਵਾ ਅਤੇ ਗਰੰਟੀ ਹੈ ਕਿ ਕਮੇਡੀ ਦੇ ਖ਼ੇਤਰ ਵਿਚ ਤਡ਼ਥੱਲ ਮਚਾ ਦੇਵੇ! ਜਿਵੇਂ ਭਗਵੰਤ ਮਾਨ 'ਬੀਬੋ ਭੂਆ' ਅਤੇ ਭੋਟੂ ਸ਼ਾਹ 'ਭੱਈਆਂ' ਦੀ ਸਾਂਗ ਲਾਉਂਦੇ ਹਨ। ਉਸ ਤਰ੍ਹਾਂ ਪੀਟਰ ਬਲਵੰਤ ਸਿੰਘ ਰਾਮੂਵਾਲ਼ੀਆ ਦੀ 'ਰੀਸ' ਲਾ ਕੇ ਬੱਲੇ-ਬੱਲੇ ਕਰਵਾ ਦੇਵੇ! ਸ. ਬਲਵੰਤ ਸਿੰਘ ਰਾਮੂਵਾਲ਼ੀਆ ਮੇਰਾ ਜਿਗਰੀ ਮਿੱਤਰ ਹੈ ਅਤੇ ਮੈਂ ਬਲਵੰਤ ਸਿੰਘ ਰਾਮੂਵਾਲ਼ੀਆ ਨੂੰ ਫ਼ੁਰਮਾਇਸ਼ ਕਰੂੰਗਾ ਕਿ ਜਦ ਉਹ ਕੈਨੇਡਾ ਗੇਡ਼ਾ ਮਾਰੇ ਤਾਂ ਪੀਟਰ ਤੋਂ ਆਪਣੀ ਅਵਾਜ਼ ਜ਼ਰੂਰ ਸੁਣੇ!
ਉਸੇ ਰਾਤ ਮੈਂ ਬਲਵੰਤ ਰਾਮੂਵਾਲੀਆ ਦੀ ਤਖ਼ਤੂਪੁਰੇ ਦੇ ਮੇਲੇ 'ਤੇ ਸੁਣਾਈ ਇਕ ਗੱਲ ਪੀਟਰ ਨੂੰ ਸੁਣਾਈ।
ਤਖ਼ਤੂਪੁਰਾ ਦੇ ਮਾਘੀ ਮੇਲੇ 'ਤੇ ਬਲਵੰਤ ਸਿੰਘ ਰਾਮੂਵਾਲ਼ੀਆ ਸਟੇਜ਼ 'ਤੇ ਖਡ਼੍ਹਾ ਭਾਸ਼ਣ ਦੇ ਰਿਹਾ ਸੀ, ਤਾਂ ਉਸ ਨੇ ਸਾਹਮਣੇ ਬੈਠੇ ਲੋਕਾਂ ਨੂੰ ਤਾਹਨਾਂ ਮਾਰਿਆ।
-"ਉਏ ਪੰਜਾਬ ਦੇ ਲੋਕੋ..! ਜੇ ਕਿਸੇ ਕੁਡ਼ੀ ਦਾ ਪਹਿਲਾ ਜਣੇਪਾ ਕੁਦਰਤੀਂ ਕਿਤੇ ਸਹੁਰੇ ਘਰ ਹੋ ਜਾਵੇ ਤਾਂ ਮੁੰਡਾ ਸਵਾ ਮਹੀਨੇ ਦਾ ਹੋਣ 'ਤੇ ਉਹ ਆਪਣਾ ਮੁੰਡਾ ਦਿਖਾਉਣ ਆਪਣੇ ਪੇਕੀਂ ਜਾਂਦੀ ਐ..! ਘਰੇ ਕੁਡ਼ੀ ਦਾ ਸੱਤਰ ਸਾਲਾਂ ਦਾ ਪਿਉ ਮੰਜੇ 'ਤੇ ਬੈਠਾ ਹੁੰਦੈ..! ਤੇ ਕੁਡ਼ੀ ਦਾ ਪਿਉ ਬਡ਼ੇ ਚਾਅ ਨਾਲ਼ ਕਹਿੰਦੈ, ਵਾਹ ਜੀ ਵਾਹ..! ਮੇਰਾ ਦੋਹਤਾ ਆ ਗਿਆ..! ਲਿਆ ਕੁਡ਼੍ਹੇ ਕੁਡ਼ੀਏ...! ਫ਼ਡ਼ਾ ਮੈਨੂੰ ਮੇਰਾ ਦੋਹਤਾ..! ਪਿਆਰ ਦੇਵਾਂ ਇਹਨੂੰ ਬੁੱਕਲ਼ 'ਚ ਲੈ ਕੇ..! ਤੇ ਉਹਦੀ ਕੁਡ਼ੀ ਪਤਾ ਕੀ ਕਹਿੰਦੀ ਐ..? ਨਹੀਂ ਬਾਪੂ..! ਤੂੰ ਸੱਤਰਾ ਬਹੱਤਰਾ ਹੋਇਆ ਪਿਐਂ..! ਮੈਂ ਨੀ ਫ਼ਡ਼ਾਉਣਾ ਤੈਨੂੰ ਮੁੰਡਾ..! ਸਿੱਟਦੇਂਗਾ..! ਕੋਈ ਸੱਟ ਫ਼ੇਟ ਵੱਜੂ ਜੁਆਕ ਦੇ...! ਕੁਡ਼ੀ ਆਪਣਾ ਨਿਆਣਾ ਜੁਆਕ ਆਪਣੇ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਡਰਦੀ ਫ਼ਡ਼ਾਉਂਦੀ...! ਉਏ ਪੰਜਾਬੀਓ...!! ਤੇ ਤੁਸੀਂ...?? ਤੇ ਤੁਸੀਂ, ਪੂਰੇ ਦਾ ਪੂਰਾ ਪੰਜਾਬ ਬਿਆਸੀ ਸਾਲਾਂ ਦੇ ਬਾਦਲ ਨੂੰ ਚੱਕ ਕੇ ਫ਼ਡ਼ਾ ਦਿੱਤਾ..! ਕੁਡ਼ੀ ਆਪਣਾ ਜੁਆਕ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਫ਼ਡ਼ਾਉਂਦੀ ਤੇ ਤੁਸੀਂ ਸਾਰਾ ਪੰਜਾਬ ਈ ਉਹਦੇ ਹੱਥਾਂ 'ਚ ਦੇਅਤਾ..!" ਉਸ ਦੀ ਇਸ ਗੱਲ 'ਤੇ ਹਾਸਡ਼ ਪੈ ਗਈ।
ਅਗਲੇ ਦਿਨ ਸਾਨੂੰ ਬੌਡਿਆਂ ਵਾਲ਼ਾ ਭੋਲਾ ਮਿਲਣ ਆ ਗਿਆ। ਮੀਨੀਆਂ ਵਾਲ਼ੇ ਬੇਲੀ ਨੇ ਇਕ ਹੋਰ ਗੱਲ ਸੁਣਾਈ। ਉਸ ਦਾ ਕਹਿਣਾ ਸੀ ਕਿ ਬਾਈ ਜੀ ਜਦ ਅੱਗੇ ਕੋਈ ਸਾਡੇ ਪਿੰਡ ਬਾਰੇ ਪੁੱਛਦਾ ਸੀ, ਤਾਂ ਸਾਨੂੰ ਦੱਸਣ ਬਾਰੇ ਬਹੁਤ ਜੱਦੋਜਹਿਦ ਕਰਨੀ ਪੈਂਦੀ ਸੀ। ਪਰ ਹੁਣ ਜਦ ਅਗਲਾ ਪਿੰਡ ਪੁੱਛਦਾ ਹੈ, ਤਾਂ ਅਗਲੇ ਨੂੰ ਇੱਕੋ ਗੱਲ ਪੁੱਛ ਲਈਦੀ ਹੈ, ਜੱਗੀ ਕੁੱਸਾ ਨੂੰ ਜਾਣਦੇ ਹੋ..? ਜੇ ਅਗਲਾ 'ਹਾਂ' ਕਹਿੰਦਾ ਹੈ ਤਾਂ ਮੈਂ ਨਾਲ਼ ਦੀ ਨਾਲ਼ ਉੱਤਰ ਦੇ ਦਿੰਦਾ ਹਾਂ ਕਿ ਜੱਗੀ ਕੁੱਸਾ ਦੇ ਪਿੰਡ ਕੁੱਸਾ ਤੋਂ ਅਗਲਾ ਪਿੰਡ ਸਾਡੈ, ਮੀਨੀਆਂ..!
ਦੁਪਿਹਰ ਵੇਲ਼ੇ ਮੈਂ ਅਤੇ ਮਿੰਟੂ ਗਿਆਨੀ ਮੋਹਣ ਸਿੰਘ ਮਾਨ ਦੇ ਘਰ ਫਿ਼ਰ ਚਲੇ ਗਏ। ਪੰਜਾਬ ਦੀ ਸਿਆਸਤ ਤੋਂ ਲੈ ਕੇ ਪਵਿੱਤਰ ਗੁਰਬਾਣੀ ਤੱਕ ਵਿਚਾਰ ਚਰਚਾ ਚੱਲੀ। ਜਦ ਅਸੀਂ ਮੁਡ਼ਨ ਲੱਗੇ ਤਾਂ ਉਹਨਾਂ ਨੇ ਮੈਨੂੰ ਸੌ ਡਾਲਰ ਦਾ 'ਸ਼ਗਨ' ਵੀ ਦਿੱਤਾ। ਇਕ ਗੱਲ ਹੋਰ ਸੀ। ਮੇਰੇ ਬਰੈਂਪਟਨ ਹੁੰਦਿਆਂ-ਹੁੰਦਿਆਂ ਦੋ ਗੁਰੂ ਘਰਾਂ ਵਿਚ ਗਹਿਗੱਚ ਲਡ਼ਾਈ ਹੋ ਚੁੱਕੀ ਸੀ। ਪੱਗਾਂ ਲੱਥੀਆਂ, ਸਿੰਘਾਂ ਦੇ ਸਿਰ ਵੀ ਪਾਟੇ ਸਨ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਸਨ। ਮੈਨੂੰ ਨਹੀਂ ਪਤਾ ਕਿ ਕੌਣ ਚੰਗਾ ਅਤੇ ਕੌਣ ਮਾਡ਼ਾ ਸੀ...? ਜਾਂ ਕਸੂਰ ਕਿਸ ਦਾ ਸੀ...? ਜਾਂ ਅਸਲ ਗੱਲ ਕੀ ਸੀ..? ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 763 'ਤੇ ਸੂਹੀ ਮਹਲਾ ਪੰਜਵਾਂ ਗੁਣਵੰਤੀ ਵਿਚ ਪੰਜਵੇਂ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ, "ਜੋ ਦੀਸੈ ਗੁਰਸਿਖਡ਼ਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।।" ਪਵਿੱਤਰ ਗੁਰਬਾਣੀ ਦੀ ਇਹ ਪੰਗਤੀ ਮੇਰੇ ਜਿਹਨ ਵਿਚ ਵਾਰ ਵਾਰ ਚੱਕਰ ਕੱਟ ਰਹੀ ਸੀ। ਗੁਰੂ ਮਹਾਰਾਜ ਨੇ ਤਾਂ ਇੱਥੋਂ ਤੱਕ ਹੁਕਮ ਫ਼ੁਰਮਾਇਆ ਹੈ ਕਿ ਜੋ ਵੀ ਗੁਰੂ ਦਾ ਸਿੱਖ ਦਿਸੇ, ਉਸ ਦੇ ਨਿਉਂ ਨਿਉਂ ਕੇ ਪੈਰੀਂ ਲੱਗੋ! ਪਰ ਇਹ ਵੱਢ-ਟੁੱਕ...? ਆਪਣੇ ਹੀ ਗੁਰਸਿੱਖ ਭਰਾਵਾਂ ਦੀ...? ਫਿ਼ਰ ਕਿਸ ਗੁਰੂ ਨੂੰ ਮੰਨਦੇ ਹਾਂ ਅਸੀਂ..? ਗੁਰੂ ਮਹਾਰਾਜ ਦੇ ਉਪਦੇਸ਼ ਦਾ ਫ਼ਾਇਦਾ ਕੀ ਹੋਇਆ..? ਜੇ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਉਸ ਦੇ ਇਲਾਹੀ ਹੁਕਮ ਦੀ ਕੁਤਾਹੀ ਕਿਉਂ..? ਮੀਡੀਆ ਵਿਚ ਚੱਲਦੀ 'ਬਹਿਸ' ਅਤੇ 'ਚਰਚਾ' ਪਡ਼੍ਹ-ਸੁਣ ਕੇ ਮਨ ਅਤੀਅੰਤ ਪ੍ਰੇਸ਼ਾਨ ਹੋ ਉਠਿਆ। ਮੈਨੂੰ ਕਾਫ਼ੀ ਅਰਸਾ ਪਹਿਲਾਂ ਕਿਸੇ ਵਿਅਕਤੀ ਵੱਲੋਂ ਕਹੀ ਗੱਲ ਚੇਤੇ ਆਈ, "ਹਿੰਦੋਸਤਾਨ ਗੌਰਮਿੰਟ ਨੂੰ ਪੰਜਾਬ 'ਚ ਮਿਲਟਰੀ ਜਾਂ ਸੀ.ਆਰ.ਪੀ. ਲਾਉਣ ਦੀ ਕੀ ਲੋਡ਼ ਐ..? ਉਹ ਖੁੱਲ੍ਹਾ ਐਲਾਨ ਕਰ ਦੇਵੇ ਕਿ ਸਰਕਾਰ ਸਿੱਖਾਂ ਨੂੰ ਖ਼ਾਲਿਸਤਾਨ ਦੇਣ ਲਈ ਬਿਲਕੁਲ ਤਿਆਰ ਐ..! ਤੇ ਖ਼ਾਲਿਸਤਾਨੀ ਵੀਰ ਆਪਣੇ ਬਣਨ ਵਾਲ਼ੇ ਲੀਡਰਾਂ ਦੀ ਸੂਚੀ ਸਾਨੂੰ ਦੋ ਸਾਲਾਂ ਦੇ ਵਿਚ ਵਿਚ ਪੇਸ਼ ਕਰ ਦੇਣ..! ਲੈ ਦੇਖ ਫ਼ੇਰ ਸੂਚੀ ਤਿਆਰ ਕਰਦੇ ਕਰਦੇ ਦੋ ਸਾਲਾਂ 'ਚ ਇਹ ਕਿਵੇਂ ਆਪਣਿਆਂ ਨੂੰ ਵੱਢ ਕੇ, ਖਿਲਾਰ ਖਿਲਾਰ ਸਿੱਟਦੇ ਐ..!" ਉਸ ਆਦਮੀ ਦੀ ਗੱਲ ਮੈਨੂੰ ਬਰੈਂਪਟਨ ਗੁਰੂ ਘਰਾਂ ਵਿਚ ਹੋਣ ਵਾਲ਼ੀ ਲਡ਼ਾਈ ਤੋਂ ਇਕ ਦਮ ਫਿ਼ਰ ਚੇਤੇ ਆਈ, ਕਿ ਕੀ ਉਸ ਬੰਦੇ ਨੇ ਇਹ ਗੱਲ ਸੱਚ ਆਖੀ ਸੀ ਕਿ ਝੂਠ..? ਇਕ ਹੋਰ ਇਤਿਹਾਸਕ ਉਦਾਹਰਣ ਦੇਣੀਂ ਚਾਹਾਂਗਾ ਕਿ ਇਤਿਹਾਸ ਦੇ ਇਕ ਹੋਰ ਕਾਂਡ ਨਾਲ਼ ਜੁਡ਼ ਕੇ ਅਜੋਕੇ ਸਮੇਂ ਵਿਚ ਸੋਚਣ, ਸਮਝਣ ਅਤੇ ਸਿੱਖਣਯੋਗ ਗੱਲ ਹੈ ਕਿ ਸੰਨ 1710 ਵਿਚ ਸਥਾਪਤ ਹੋਇਆ 'ਖ਼ਾਲਸਾ ਰਾਜ' ਬਹੁਤੀ ਦੇਰ ਕਾਇਮ ਕਿਉਂ ਨਾ ਰਹਿ ਸਕਿਆ..? ਲੱਖਾਂ ਕੁਰਬਾਨੀਆਂ ਦੇਣ ਉਪਰੰਤ ਵੀ 'ਸਰਹਿੰਦ ਫ਼ਤਹਿ' ਤੋਂ 'ਦਿੱਲੀ ਫ਼ਤਹਿ' ਤੱਕ ਪੁੱਜਣ ਲਈ 73 ਸਾਲ ਦੀ ਲੰਬੀ ਉਡੀਕ ਕਿਉਂ ਕਰਨੀ ਪਈ..? ਸਿੱਖ ਕੌਮ ਦੀਆਂ ਪੂਰੀਆਂ ਦੋ ਪੀਡ਼੍ਹੀਆਂ ਇਸ ਸੰਘਰਸ਼ ਦੇ ਲੇਖੇ ਲਾ ਕੇ ਕੌਮੀ ਤੌਰ 'ਤੇ ਸ਼ਕਤੀ ਅਤੇ ਸਮਰੱਥਾ ਹੋਣ ਦੇ ਬਾਵਜੂਦ ਵੀ ਅਸੀਂ ਦੋ ਮਹੀਨੇ ਵੀ ਦਿੱਲੀ ਦੇ ਲਾਲ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਰੱਖ ਸਕੇ..? ਕੀ ਇਹ 'ਆਪਸੀ ਯੁੱਧ' ਦਾ ਨਤੀਜਾ ਨਹੀਂ? ਸੋ ਸਾਨੂੰ ਇਸ ਗੱਲੋਂ ਜ਼ਰੂਰ ਸੁਚੇਤ ਹੋਣ ਦੀ ਲੋਡ਼ ਹੈ ਅਤੇ ਆਪਸੀ ਜੰਗ ਤੋਂ ਗੁਰੇਜ਼ ਕਰਨੀ ਚਾਹੀਦੀ ਹੈ!
ਅਗਲੇ ਦਿਨ ਸਵੇਰੇ 8:50 'ਤੇ ਮੇਰੀ ਲੰਡਨ ਦੀ ਵਾਪਸੀ ਸੀ। ਪਰ ਪੀਟਰ ਨੇ ਇਕ ਨਵੀਂ ਹੀ ਗੱਲ ਸਾਡੇ ਕੰਨ 'ਚ ਪਾਈ।
-"ਬਾਈ..! ਆਈਸਲੈਂਡ ਵਿਚ 'ਵੋਲਕੈਨੋ' ਫ਼ਟਣ ਕਾਰਨ ਯੂਰਪ ਦੇ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਐ!" ਪੀਟਰ ਨੇ ਕਿਹਾ ਸੀ।
-"ਕਦੋਂ..?"
-"ਅੱਜ..!"
-"ਪਰ ਪੀਟਰ..! ਅਜੇ ਆਪਣੀ ਫ਼ਲਾਈਟ ਚੱਲਣ 'ਚ ਤਕਰੀਬਨ 24 ਘੰਟੇ ਬਾਕੀ ਐ, ਸਾਇੰਸ ਦਾ ਯੁੱਗ ਐ, ਉਦੋਂ ਤੱਕ ਕੋਈ ਨਾ ਕੋਈ ਸੱਪ ਸਾਇੰਸਦਾਨ ਕੱਢ ਲੈਣਗੇ!" ਮੈਂ ਨਿਸ਼ਚਿੰਤ ਹੁੰਦਿਆਂ ਕਿਹਾ। ਉਸ ਸ਼ਾਮ ਨੂੰ ਹੀ ਜਗਤ-ਪ੍ਰਸਿੱਧ ਗੀਤਕਾਰ ਮੱਖਣ ਬਰਾਡ਼ ਵੀ ਮੈਨੂੰ ਮਿਲਣ ਲਈ ਆਇਆ। ਗੱਲਾਂ ਬਾਤਾਂ ਕਰਦੇ ਰਹੇ। ਪੰਜਾਬੀਆਂ ਵਿਚ ਹਰ ਜਗਾਹ ਗੁਰੂ ਘਰਾਂ ਵਿਚ ਹੋਈਆਂ ਲਡ਼ਾਈਆਂ ਬਾਰੇ ਹੀ 'ਚੁੰਝ-ਚਰਚਾ' ਚੱਲ ਰਹੀ ਸੀ। ਅਗਲੇ ਦਿਨ 16 ਅਪ੍ਰੈਲ ਨੂੰ ਮਿੰਟੂ ਮੈਨੂੰ ਅਤੇ ਅਜਾਇਬ ਟੱਲੇਵਾਲ਼ੀਆ ਨੂੰ ਏਅਰਪੋਰਟ 'ਤੇ ਉਤਾਰ ਗਿਆ। ਜਦ ਮੈਂ ਅਤੇ ਅਜਾਇਬ ਨੇ ਏਅਰ ਕੈਨੇਡਾ ਦੇ ਕਾਊਂਟਰ 'ਤੇ ਜਾ ਕੇ ਦੇਖਿਆ ਤਾਂ ਉਥੇ ਨਾ ਮੁੱਕਣ ਵਾਲ਼ੀ ਲੰਮੀ ਲਾਈਨ ਲੱਗੀ ਹੋਈ ਸੀ। ਤਮਾਮ ਫ਼ਲਾਈਟਾਂ ਬੰਦ ਸਨ ਅਤੇ ਯੂਰਪ ਭਰ ਦੇ 130 ਏਅਰਪੋਰਟ ਬੰਦ ਕਰ ਦਿੱਤੇ ਗਏ ਸਨ। ਮੀਡੀਆ ਵਾਲ਼ੇ ਤੋਪਾਂ ਵਾਂਗ ਆਪਣੇ ਕੈਮਰੇ ਗੱਡੀ ਖਡ਼੍ਹੇ ਸਨ ਅਤੇ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਦੀਆਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਸਨ। ਕੋਈ ਆਖ ਰਿਹਾ ਸੀ ਕਿ ਉਸ ਦੇ ਦਿਲ ਦੀ ਸਰਜਰੀ ਦੀ 'ਅਪਾਇੰਟਮੈਂਟ' ਸੀ। ਕੋਈ ਆਪਣੀ ਦੁਆਈ ਖ਼ਤਮ ਹੋ ਜਾਣ ਦੀ ਬਾਤ ਪਾ ਰਿਹਾ ਸੀ। ਇਕ 27-28 ਸਾਲ ਦੀ ਗੋਰੀ ਬੀਬੀ ਰੋ ਰਹੀ ਸੀ, "ਮੇਰੀ ਤਾਂ 18 ਅਪ੍ਰੈਲ ਨੂੰ ਸ਼ਾਦੀ ਹੈ..!" ਪਰ ਏਅਰਲਾਈਨਜ਼ ਵਾਲ਼ੇ ਬੇਵੱਸੀ ਜ਼ਾਹਿਰ ਕਰ ਰਹੇ ਸਨ। ਕਰ ਉਹ ਵੀ ਕੁਝ ਨਹੀਂ ਸਕਦੇ ਸਨ। ਜਦ ਯੂਰਪ ਦੇ ਕਿਸੇ ਏਅਰਪੋਰਟ ਨੂੰ ਫ਼ਲਾਈਟ ਹੀ ਨਹੀਂ ਜਾ ਰਹੀ ਸੀ, ਤਾਂ ਉਹ ਫ਼ਲਾਈਟ ਕਿੱਧਰ ਨੂੰ ਚਾਡ਼੍ਹ ਦਿੰਦੇ..?
ਦੋ ਕੁ ਘੰਟੇ ਦੀ ਉਡੀਕ ਮਗਰੋਂ ਏਅਰ ਕੈਨੇਡਾ ਦੀ ਇਕ ਕਰਮਚਾਰੀ ਨੇ ਉਂਗਲ਼ ਹੇਠਾਂ ਵੱਲ ਕਰ ਦਿੱਤੀ ਕਿ ਹੇਠਾਂ ਜਾ ਕੇ ਜਾਣਕਾਰੀ ਲਵੋ! ਥੱਕੀ ਹਾਰੀ ਜਨਤਾ ਭੇਡਾਂ ਦੇ ਇੱਜਡ਼ ਵਾਂਗੂੰ ਥੱਲੇ ਨੂੰ ਤੁਰ ਪਈ। ਹੇਠਾਂ ਜਾ ਕੇ ਏਅਰ ਕੈਨੇਡਾ ਨੇ ਦੋ ਟੁੱਕ ਫ਼ੈਸਲਾ ਸੁਣਾਇਆ ਕਿ ਖ਼ਬਰਾਂ ਦੇਖੀ ਚੱਲੋ ਅਤੇ ਜਦ ਏਅਰਪੋਰਟ ਖੁੱਲ੍ਹ ਗਏ ਤਾਂ ਫਿ਼ਰ ਫ਼ਲਾਈਟਾਂ ਚੱਲ ਪੈਣਗੀਆਂ। ਕੁਝ ਮੁਸਾਫਿ਼ਰ ਆਖ ਰਹੇ ਸਨ ਕਿ ਸਾਡੇ ਕੋਲ਼ ਕੋਈ ਪੈਸਾ ਨਹੀਂ। ਅਸੀਂ ਤਾਂ ਸੋਚਿਆ ਸੀ ਕਿ ਜਾਵਾਂਗੇ ਅਤੇ ਆਪਣੇ ਟਰਿੱਪ ਦਾ ਆਨੰਦ ਲੈ ਕੇ ਮੁਡ਼ ਆਵਾਂਗੇ। ਉਹ ਕਿਸੇ ਹੋਟਲ ਵਿਚ ਕਮਰੇ ਦੀ ਮੰਗ ਕਰ ਰਹੇ ਸਨ। ਪਰ ਏਅਰ ਕੈਨੇਡਾ ਦੀ ਕਰਮਚਾਰੀ ਲੱਤ ਨਹੀਂ ਲਾ ਰਹੀ ਸੀ। ਉਸ ਦਾ ਕਹਿਣਾ ਸੀ ਕਿ ਨਾਂ ਤਾਂ ਇਹ "ਮੌਸਮ ਮਸਲਾ" ਸੀ ਅਤੇ ਨਾ ਹੀ ਕੋਈ "ਤਕਨੀਕੀ ਨੁਕਸ"! ਫਿ਼ਰ ਕਮਰਾ ਤੁਹਾਨੂੰ ਕਿਸ ਕਾਰਨ ਦੇਈਏ..? ਇਹਦੇ ਵਿਚ ਸਾਡਾ ਕਸੂਰ ਹੀ ਕੋਈ ਨਹੀਂ! ਉਸ ਨੇ ਇਹ ਵੀ ਦੱਸਿਆ ਕਿ 55000 ਤੋਂ ਵੀ ਉਪਰ ਮੁਸਾਫਿ਼ਰ ਲੰਡਨ ਜਾਣ ਦੀ ਉਡੀਕ ਵਿਚ ਹਨ। ਸਾਡੇ ਜੰਬੋ ਜਹਾਜ ਤਿਆਰ ਖਡ਼੍ਹੇ ਹਨ। ਜਦ ਵੀ ਲੰਡਨ ਏਅਰਪੋਰਟ ਖੁੱਲ੍ਹ ਗਿਆ, ਅਸੀਂ ਕੁਝ ਕੁ ਫ਼ਾਲਤੂ ਫ਼ਲਾਈਟਾਂ ਵੀ ਚਾਡ਼੍ਹਾਂਗੇ। ਹਾਰੇ ਹੁੱਟੇ ਸਾਹਣ ਵਾਂਗ ਮੈਂ ਅਤੇ ਅਜਾਇਬ ਟੱਲੇਵਾਲ਼ੀਆ ਉਸ ਦੇ ਘਰ ਮੁਡ਼ ਆਏ। ਨਿਰਾਸ਼ਾ ਬੂਹੇ ਮੱਲ ਬੈਠੀ ਸੀ।
ਖ਼ਬਰਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ ਸਨ। 'ਵੋਲਕੈਨੋ' ਅਜੇ ਵੀ ਧੂੰਆਂ ਅਤੇ ਧੂਡ਼ ਲੂੰਬੇ ਵਾਂਗ ਛੱਡੀ ਜਾ ਰਿਹਾ ਸੀ। ਦੱਸਿਆ ਜਾ ਰਿਹਾ ਸੀ ਕਿ 1819 ਵਿਚ ਵੀ ਇਕ 'ਵੋਲਕੈਨੋ' ਉਛਲਿ਼ਆ ਸੀ। ਉਸ ਦਾ ਮੂੰਹ ਦੋ ਸਾਲ ਬਾਅਦ ਬੰਦ ਹੋਇਆ ਸੀ। ਅਜਿਹੀਆਂ ਖ਼ਬਰਾਂ ਦੇ-ਦੇ ਕੇ ਵੱਖੋ-ਵੱਖ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਨੂੰ ਹੌਲ ਪਾਏ ਜਾ ਰਹੇ ਸਨ। ਮੀਡੀਆ ਦਾ ਪ੍ਰਾਪੇਗੰਡਾ ਸੀ। ਖ਼ਬਰਾਂ ਵਿਚ ਰਾਤ ਨੂੰ ਏਅਰਪੋਰਟਾਂ 'ਤੇ ਪਏ ਲੋਕ ਦਿਖਾਏ ਜਾ ਰਹੇ ਸਨ। ਪਰ ਮੈਂ ਫਿ਼ਰ ਵੀ ਅਰਾਮ ਵਿਚ ਸਾਂ। ਬਾਈ ਅਮਰਜੀਤ ਸਿੰਘ ਚਾਹਲ ਮੈਨੂੰ ਵਾਰ ਵਾਰ ਹਿੱਕ ਥਾਪਡ਼ ਕੇ ਕਹਿ ਰਿਹਾ ਸੀ, "ਚਿੰਤਾ ਕਾਹਦੀ ਕਰਦੈਂ ਜੱਗੀ, ਤੇਰਾ ਆਪਣਾ ਨਾਨਕਾ ਘਰ ਐ..!" ਪਰ ਮੈਂ ਸਹੇ ਨਾਲ਼ੋਂ ਪਹੇ ਨੂੰ ਵੱਧ ਰੋ ਰਿਹਾ ਸੀ। ਪਤਾ ਨਹੀਂ ਸੀ ਕਿ ਇਹ ਧੰਦੂਕਾਰਾ ਕਿੰਨਾਂ ਚਿਰ ਚੱਲੇਗਾ..? ਇਸ ਲਈ ਮੈਂ ਹੀ ਨਹੀਂ, ਸਭ ਯਾਤਰੀ ਪ੍ਰੇਸ਼ਾਨ ਸਨ। ਮੈਂ ਅਤੇ ਮਿੰਟੂ ਟੈਲੀ ਦੁਆਲ਼ੇ ਹੀ ਬੈਠੇ ਰਹਿੰਦੇ। ਇਕ ਗੱਲ ਦਾਅਵੇ ਨਾਲ਼ ਕਹਾਂਗਾ ਕਿ ਜਿਤਨਾ ਮੇਰਾ ਮਿੰਟੂ ਚਾਹਲ ਨੇ ਕੀਤਾ ਹੈ, ਕੋਈ ਨਹੀਂ ਕਰ ਸਕਦਾ! ਇਸ ਲਈ ਮੈਂ ਇਸ ਵੀਰ ਦਾ, ਭੈਣ ਮਨਜੀਤ ਕੌਰ, ਪੀਟਰ ਅਤੇ ਇਸ ਦੇ ਸਮੁੱਚੇ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮਿੰਟੂ ਮੇਰੇ ਨਾਲ਼ ਸਵੇਰੇ ਦਸ ਕੁ ਵਜੇ ਬਾਹਰ ਨਿਕਲ਼ ਪੈਂਦਾ ਅਤੇ ਅਸੀਂ ਏਅਰਪੋਰਟ 'ਤੇ ਧੱਕੇ ਜਿਹੇ ਖਾ ਕੇ ਸ਼ਾਮ ਨੂੰ ਘਰੇ ਵਡ਼ਦੇ। ਮੇਰੇ ਕਰਕੇ ਉਸ ਨੇ ਕੰਮ ਕਾਰ ਵੀ ਛੱਡਿਆ ਹੋਇਆ ਸੀ। ਨਹੀਂ ਤਾਂ ਬਾਹਰਲੇ ਦੇਸ਼ਾਂ ਵਿਚ ਕੰਮ ਕਾਰ ਛੱਡਣਾ ਇਕ ਕਲੰਕ ਵਾਂਗ ਹੈ!
ਅਗਲੇ ਦਿਨ ਅਸੀਂ 'ਹਮਦਰਦ ਵੀਕਲੀ' ਦੇ ਦਫ਼ਤਰ ਚਲੇ ਗਏ। ਅੰਦਰ ਵਡ਼ਦਿਆਂ ਸਾਰ ਮਿੰਟੂ ਕੁਝ ਬੋਲਣ ਹੀ ਲੱਗਿਆ ਸੀ ਕਿ ਉਥੇ ਕੰਮ ਕਰਦੀ ਕੁਡ਼ੀ ਕਿਰਨ ਬੋਲ ਉਠੀ, "ਤੁਸੀਂ ਜਿਹਨਾਂ ਬਾਰੇ ਕੁਛ ਕਹਿਣਾਂ ਚਾਹੁੰਦੇ ਸੀ ਭਾਅ ਜੀ, ਅਸੀਂ ਉਹਨਾਂ ਨੂੰ ਪਹਿਲਾਂ ਹੀ ਪਛਾਣ ਲਿਆ..!" ਕਿਰਨ ਮੈਨੂੰ ਪਹਿਚਾਣ ਕੇ ਉਠ ਖਡ਼੍ਹੀ ਹੋਈ। ਹਮਦਰਦ ਵੀਕਲੀ ਦਾ ਮੁੱਖ ਸੰਪਾਦਕ ਬਾਈ ਅਮਰ ਸਿੰਘ ਭੁੱਲਰ ਭਾਰਤ ਗਿਆ ਹੋਇਆ ਸੀ। ਅਸੀਂ ਵੱਡੇ ਵੀਰ ਢਿੱਲੋਂ ਸਾਹਿਬ ਨਾਲ਼ ਵਿਚਾਰ ਵਟਾਂਦਰਾ ਕੀਤਾ ਅਤੇ ਢਿੱਲੋਂ ਸਾਹਿਬ ਦੇ ਆਖਣ 'ਤੇ ਰੂਬੀ ਨੇ ਸਾਡੀਆਂ ਫ਼ੋਟੋਆਂ ਖਿੱਚੀਆਂ ਅਤੇ ਅਸੀਂ ਵਾਪਸ ਆ ਗਏ। ਅਮਰ ਸਿੰਘ ਭੁੱਲਰ ਦੀ ਗ਼ੈਰਹਾਜ਼ਰੀ ਵਿਚ ਵੀਰ ਢਿੱਲੋਂ ਸਾਹਿਬ ਹੀ ਹਮਦਰਦ ਵੀਕਲੀ ਦੇ ਕਰਤਾ ਧਰਤਾ ਹੁੰਦੇ ਹਨ। ਉਸ ਤੋਂ ਬਾਅਦ ਅਸੀਂ 'ਅਜੀਤ ਵੀਕਲੀ' ਦੇ ਦਫ਼ਤਰ ਪਹੁੰਚ ਗਏ। ਅੰਦਰ ਵਡ਼ਦਿਆਂ ਹੀ ਡਾਕਟਰ ਦਰਸ਼ਣ ਸਿੰਘ ਬੈਂਸ ਨੇ ਨਿੱਘਾ ਸੁਆਗਤ ਕੀਤਾ। ਡਾਕਟਰ ਦਰਸ਼ਣ ਸਿੰਘ ਬੈਂਸ ਮਿੰਟੂ ਚਾਹਲ ਵੱਲ ਦੇਖ ਕੇ ਹੱਸਦਿਆਂ ਬੋਲੇ, "ਸਟਾਰ ਬੰਦਿਆਂ ਦੇ ਨਾਲ਼ ਪ੍ਰਮੋਟਰ ਹੁੰਦੇ ਨੇ, ਕਿਤੇ ਤੁਸੀਂ ਜੱਗੀ ਕੁੱਸਾ ਦੇ ਪ੍ਰਮੋਟਰ ਤਾਂ ਨਹੀਂ..?" ਪਰ ਮਿੰਟੂ ਚੁੱਪ ਰਿਹਾ। ਡਾਕਟਰ ਸਾਹਿਬ ਆਖਣ ਲੱਗੇ ਕਿ ਆਓ ਤੁਹਾਨੂੰ ਹੋਰ ਕੰਮ ਦੇ ਬੰਦੇ ਮਿਲਾਈਏ। ਜਦ ਅਸੀਂ ਅੰਦਰ ਗਏ ਤਾਂ ਸਤਿਕਾਰਯੋਗ ਬਜ਼ੁਰਗ ਲੇਖਕ ਸ੍ਰੀ ਲੱਖ ਕਰਨਾਲਵੀ ਅਤੇ ਜਸਵੰਤ ਦੀਦ ਬੈਠੇ ਸਨ। ਮੈਂ ਸ੍ਰੀ ਲੱਖ ਕਰਨਾਲਵੀ ਦੇ ਗੋਡੀਂ ਹੱਥ ਲਾਏ ਅਤੇ ਜਸਵੰਤ ਦੀਦ ਨੂੰ ਜੱਫ਼ੀ ਪਾਈ। ਚਾਹ ਪੀਂਦਿਆਂ ਨੇ ਅਸੀਂ ਤਕਰੀਬਨ ਘੰਟਾ ਕੁ ਗੱਲਾਂ ਬਾਤਾਂ ਕੀਤੀਆਂ। ਉਸ ਤੋਂ ਬਾਅਦ ਜਰਮਨ ਵਸਦੇ ਲੇਖਕ ਅਤੇ ਮੇਰੇ ਪ੍ਰਮ-ਮਿੱਤਰ ਅਮਨਦੀਪ ਕਾਲਕਟ ਦੇ ਭਰਾ ਨੇ ਸਾਨੂੰ ਮਿਲਣ ਆਉਣਾ ਸੀ। ਅਸੀਂ ਡਾਕਟਰ ਸਾਹਿਬ ਤੋਂ ਇਜਾਜ਼ਤ ਲੈ ਕੇ 'ਅਜੀਤ' ਦੇ ਦਫ਼ਤਰ 'ਚੋਂ ਬਾਹਰ ਆ ਗਏ ਅਤੇ ਇਤਨੇ ਨੂੰ ਅਮਨਦੀਪ ਕਾਲਕਟ ਦਾ ਭਰਾ ਅਰਮਿੰਦਰ ਸਿੰਘ ਕਾਲਕਟ ਵੀ ਆ ਬਹੁਡ਼ਿਆ। ਤਕਰੀਬਨ ਅੱਧਾ ਕੁ ਘੰਟਾ ਸਾਡੀਆਂ ਉਸ ਨਾਲ਼ ਗੱਲਾਂ ਬਾਤਾਂ ਚੱਲਦੀਆਂ ਰਹੀਆਂ।
ਸ਼ਨੀਵਾਰ ਨੂੰ ਦੁਪਿਹਰੇ ਅਸੀਂ ਅਜਾਇਬ ਟੱਲੇਵਾਲ਼ ਕੋਲ਼ ਆ ਗਏ। ਅੱਜ ਅਜਾਇਬ ਵਿਹਲਾ ਸੀ। ਉਸ ਦੇ ਘਰ ਅਸੀਂ ਦੋ ਕੁ ਘੰਟੇ ਗੁਜ਼ਾਰੇ ਅਤੇ ਅਜਾਇਬ ਸਾਨੂੰ ਚਾਹਲਾਂ ਦੇ ਰੈਸਟੋਰੈਂਟ ਤੋਂ ਛੋਲੇ ਭਟੂਰੇ ਖੁਆਉਣ ਤੁਰ ਪਿਆ। ਜਦ ਅਸੀਂ ਛੋਲੇ ਭਟੂਰੇ ਖਾ ਕੇ ਵਿਹਲੇ ਜਿਹੇ ਹੋਏ ਤਾਂ ਅਚਾਨਕ ਸਾਨੂੰ 'ਸੀਰਤ' ਦੇ ਸੰਪਾਦਕ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਮਿਲ਼ ਪਏ। ਮੈਂ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਦੇ ਗੋਡੀਂ ਹੱਥ ਲਾਏ ਅਤੇ ਉਹਨਾਂ ਨੇ ਮੈਨੂੰ ਜੱਫ਼ੀ ਵਿਚ ਲੈ ਲਿਆ। ਬਾਈ ਹਰਚਰਨ ਸਿੰਘ ਬਾਪੂ ਦੀ ਬਰਸੀ 'ਤੇ ਤਾਂ ਨਹੀਂ ਆ ਸਕੇ। ਪਰ ਉਹ ਮੈਨੂੰ ਭੋਗ ਤੋਂ ਇਕ ਦਿਨ ਪਹਿਲਾਂ ਪਿੰਡ ਜ਼ਰੂਰ ਮਿਲ਼ ਗਏ ਸਨ। ਉਹਨਾਂ ਨੇ ਸਾਡਾ ਫ਼ੋਨ ਨੰਬਰ ਲਿਆ ਅਤੇ ਆਪਣਾ ਦਿੱਤਾ। 'ਜ਼ਰੂਰ ਮਿਲਿ਼ਓ' ਦਾ ਵਾਅਦਾ ਲੈ ਕੇ ਉਹ ਚਲੇ ਗਏ ਅਤੇ ਅਸੀਂ ਫਿ਼ਰ ਅਜਾਇਬ ਟੱਲੇਵਾਲ਼ ਦੇ ਘਰ ਆ ਗਏ।
ਚਾਹ ਪਾਣੀ ਪੀਣ ਤੋਂ ਬਾਅਦ ਜਦ ਅਸੀਂ ਤੁਰਨ ਲੱਗੇ ਤਾਂ ਅਜਾਇਬ ਆਖਣ ਲੱਗਿਆ, "ਤੇਰੀ ਭਰਜਾਈ ਆਉਣ ਵਾਲ਼ੀ ਐ ਜੱਗੀ, ਉਹਨੂੰ ਤਾਂ ਮਿਲ਼ਦਾ ਜਾਹ..!"
-"ਗੋਰੇ ਰੰਗ ਦੀ ਵਾਸ਼ਨਾ ਆ ਕੇ ਜੇਠ ਨੂੰ ਕਿਤੇ ਜ਼ੁਕਾਮ ਨਾ ਹੋ ਜਾਵੇ..?" ਮੈਂ ਟਾਂਚ ਕੀਤੀ।
-"ਐਨਾਂ ਵੀ ਗੋਰਾ ਰੰਗ ਹੈਨ੍ਹੀ..! ਆਮ ਔਰਤਾਂ ਵਰਗਾ ਭੂਸਲ਼ਾ ਜਿਆ ਈ ਐ..!" ਅਜਾਇਬ ਨੇ ਅੱਗਾ ਵਲਿ਼ਆ।
ਇਤਨੇ ਨੂੰ ਕਾਰ ਲੈ ਕੇ ਭਰਜਾਈ ਜੀ ਵੀ ਆ ਗਏ। ਅਜਾਇਬ ਨੇ ਮੇਰਾ ਤੁਅੱਰਫ਼ ਕਰਵਾਇਆ। ਪੰਜਾਬੀ ਨਾਰੀ ਦੇ ਸੁਭਾਅ ਮੁਤਾਬਿਕ ਭਰਜਾਈ ਜੀ ਮੈਨੂੰ ਬਡ਼ੇ ਖਿਡ਼ੇ ਮੱਥੇ ਮਿਲ਼ੇ। ਮਿੰਟੂ ਨੂੰ ਉਹ ਪਹਿਲਾਂ ਤੋਂ ਹੀ ਜਾਣਦੇ ਸਨ। ਉਹ ਸਵੇਰ ਦੇ ਕੰਮ 'ਤੇ ਗਏ ਹੋਣ ਕਾਰਨ ਸਾਡਾ ਹਾਲ ਚਾਲ ਪੁੱਛ ਕੇ ਹੀ ਅੰਦਰ ਚਲੇ ਗਏ। ਅਸੀਂ ਫਿ਼ਰ ਲੰਡਨ ਦੀਆਂ ਫ਼ਲਾਈਟਾਂ ਮਗਰ ਪੈ ਗਏ। ਲੈਪਟੌਪ 'ਤੇ ਬੈਠੇ ਅਸੀਂ ਏਅਰ ਕੈਨੇਡਾ ਅਤੇ ਲੰਡਨ ਫ਼ਲਾਈਟਸ 'ਤੇ ਹੀ ਸਿ਼ਸ਼ਤ ਬੰਨ੍ਹ ਕੇ ਬੈਠ ਜਾਂਦੇ। ਲੰਡਨ ਏਅਰਪੋਰਟ ਅਥੌਰਟੀ ਕਦੇ ਸ਼ਾਮ ਸੱਤ ਵਜੇ ਅਤੇ ਕਦੇ ਦੁਪਿਹਰ ਇਕ ਵਜੇ ਤੱਕ ਉਡੀਕ ਕਰਨ ਦੀ ਅਨਾਊਂਸਮੈਂਟ ਕਰ ਦਿੰਦੀ। ਸਾਡੇ ਦਿਨ, ਦਿਨੋਂ-ਦਿਨ ਦੁੱਭਰ ਹੁੰਦੇ ਜਾ ਰਹੇ ਸਨ। ਲੰਡਨ ਏਅਰਪੋਰਟ ਅਥੌਰਟੀ ਇਸ ਕਰਕੇ ਇਕ ਅਤੇ ਸੱਤ ਵਜੇ ਦਾ 'ਲਾਰਾ' ਜਿਹਾ ਲਾ ਰਹੀ ਸੀ ਕਿ ਦੁਨੀਆਂ ਕਿਤੇ ਹਫ਼ਡ਼ਾ-ਦਫ਼ਡ਼ੀ 'ਤੇ ਨਾ ਆ ਜਾਵੇ। ਖ਼ੈਰ ਵੱਸ ਤਾਂ ਕਿਸੇ ਦੇ ਵੀ ਕੁਝ ਨਹੀਂ ਸੀ। ਪਰ ਖ਼ੁਆਰ ਹੁੰਦੇ ਮੁਸਾਫਿ਼ਰ ਬਡ਼ੇ ਅੱਕੇ ਪਏ ਸਨ।
ਅਖ਼ੀਰ 21 ਅਪ੍ਰੈਲ ਨੂੰ ਖ਼ਬਰਾਂ ਵਿਚ ਕੁਝ ਏਅਰਪੋਰਟ ਖੁੱਲ੍ਹਣ ਦੀ ਘੋਸ਼ਣਾਂ ਹੋ ਗਈ ਅਤੇ ਲੋਕ ਭੇਡਾਂ-ਬੱਕਰੀਆਂ ਵਾਂਗ ਫਿ਼ਰ ਏਅਰਲਾਈਨਜ਼ ਵਾਲਿ਼ਆਂ ਦੀ ਜਾਨ ਦਾ ਸਿਆਪਾ ਕਰਨ ਲੱਗ ਪਏ। ਜਦ ਮੈਂ ਏਅਰਪੋਰਟ 'ਤੇ ਪਹੁੰਚਿਆ ਤਾਂ ਏਅਰ ਕੈਨੇਡਾ ਦੀ ਅੱਕੀ ਹੋਈ ਕਰਮਚਾਰੀ ਨੇ ਇਕ ਫ਼ੋਨ ਨੰਬਰ ਮੇਰੇ ਹੱਥ ਥੰਮਾ ਦਿੱਤਾ ਅਤੇ 'ਬੁੱਕਿੰਗ' ਕਰਵਾਉਣ ਲਈ ਆਖਿਆ। ਮੈਂ ਇਕ ਤਰ੍ਹਾਂ ਨਾਲ਼ ਹਾਰਿਆ ਹੰਭਿਆ ਪਿਆ ਸੀ। ਜਦ ਮੈਂ ਮੁਡ਼ ਕੇ ਮਿੰਟੂ ਦੀ ਕਾਰ 'ਚ ਬੈਠਾ ਤਾਂ ਮੈਂ ਉਸ ਨੂੰ ਇੱਕੋ ਹੀ ਗੱਲ ਆਖੀ, "ਮਿੰਟੂ..! ਮਿੱਤਰਾ ਫ਼ਲਾਈਟਾਂ ਤਾਂ ਪਈਐਂ ਚੱਲ..! ਪਰ ਦੁਨੀਆਂ ਈ ਐਨੀ 'ਕੱਠੀ ਹੋਈ ਬੈਠੀ ਐ, ਹਫ਼ਤਾ ਆਪਣੀ ਵਾਰੀ ਆਉਣੀ ਮੁਸ਼ਕਿਲ ਈ ਲੱਗਦੀ ਐ..!" ਮੇਰੇ ਅੰਦਰ ਅਤੀਅੰਤ ਨਿਰਾਸ਼ਾ ਫ਼ੈਲੀ ਹੋਈ ਸੀ।
-"ਹੁਣ ਕੀ ਕਰ ਸਕਦੇ ਐਂ ਬਾਬਾ..?" ਅੱਗਿਓਂ ਮਿੰਟੂ ਵੀ ਉਤਸ਼ਾਹਿਤ ਨਹੀਂ ਸੀ।
-"ਇਕ ਹੱਲ ਐਂ..!"
-"ਉਹ ਕੀ..?"
-"ਮੈਨੂੰ ਅੱਜ ਗੁਰਮੀਤੇ ਕੋਲ਼ੇ ਛੱਡ..! ਜੇ ਕੋਈ ਬੇਡ਼ਾ ਬੰਨੇ ਲਾ ਸਕਦੈ ਤਾਂ ਗੁਰਮੀਤਾ ਹੀ ਲਾ ਸਕਦੈ..!" ਗੁਰਮੀਤਾ ਮੇਰੇ ਪਿੰਡੋਂ ਮੇਰੇ ਤਾਇਆ ਜੀ ਦਾ ਲਡ਼ਕਾ ਹੈ। ਨਾਂ ਤਾਂ ਉਸ ਦਾ ਗੁਰਮੀਤ ਬਰਾਡ਼ ਹੈ। ਪਰ ਅਸੀਂ ਸ਼ੁਰੂ ਤੋਂ ਹੀ ਉਸ ਨੂੰ 'ਗੁਰਮੀਤਾ' ਆਖ ਕੇ ਬੁਲਾਉਂਦੇ ਹਾਂ। ਆਪਣੇ ਸਮੇਂ ਵਿਚ ਗੁਰਮੀਤਾ ਕਬੱਡੀ ਦਾ ਬਡ਼ਾ ਘੈਂਟ ਖਿਡਾਰੀ ਰਿਹਾ ਹੈ ਅਤੇ ਅੱਜ ਸੱਠਾਂ ਕੁ ਸਾਲਾਂ ਦਾ ਹੋ ਕੇ ਵੀ ਉਹ ਛੇ ਫ਼ੁੱਟੀ ਕੰਧ ਟੱਪਣ ਦੀ ਜੁਅਰਤ ਰੱਖਦੈ! ਸਾਡੀਆਂ ਪਿਛਲੀਆਂ ਤਿੰਨ ਪੀਡ਼੍ਹੀਆਂ ਉਹਨਾਂ ਨਾਲ਼ ਘਰਦਿਆਂ ਵਾਂਗ ਵਰਤਦੀਆਂ ਆ ਰਹੀਆਂ ਹਨ ਅਤੇ ਉਹ ਤਕਰੀਬਨ 30-32 ਸਾਲ ਤੋਂ ਏਅਰ ਕੈਨੇਡਾ ਵਿਚ ਕੰਮ ਕਰਦਾ ਆ ਰਿਹਾ ਹੈ। ਮੈਂ ਆਪਣੇ ਮੋਬਾਇਲ ਤੋਂ ਗੁਰਮੀਤੇ ਨੂੰ ਫ਼ੋਨ ਕੀਤਾ ਤਾਂ ਉਹ ਪੈਂਦੀ ਸੱਟੇ ਬੋਲਿਆ, "ਕਿੱਥੇ ਸੀ ਤੂੰ ਬਦਮਾਸ਼ਾ..? ਤੈਨੂੰ ਤਾਂ ਮੈਂ ਹਫ਼ਤੇ ਦਾ ਭਾਲ਼ਦਾ ਫਿ਼ਰਦੈਂ..! ਬਾਈ ਕਮਿੱਕਰ ਦਾ ਇੰਗਲੈਂਡ ਤੋਂ ਕਈ ਵਾਰੀ ਫ਼ੋਨ ਆ ਚੁੱਕਿਐ ਬਈ ਉਹਨੂੰ ਭਾਲ਼ ਕੇ ਘਰੇ ਲੈ ਕੇ ਆ..!"
-"ਬਾਈ ਗੁਰਮੀਤਿਆ..! ਮੈਂ ਤਾਂ ਬਹੁਤ ਕਸੂਤਾ ਫ਼ਸ ਗਿਆ ਯਾਰ..!" ਤੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ।
-"ਤੂੰ ਮੇਰੇ ਕੋਲ਼ ਆ ਜਾਹ ਕੇਰਾਂ..! ਤੇਰੀ ਫ਼ਲਾਈਟ ਅੱਜ ਕੱਲ੍ਹ 'ਚ ਹੀ ਕਰਵਾ ਦਿੰਨੇ ਐਂ..!" ਉਸ ਦੀ ਆਖੀ ਗੱਲ ਤੋਂ ਮੈਂ ਕਾਫ਼ੀ ਸੁਖ਼ਾਲ਼ਾ ਜਿਹਾ ਹੋ ਗਿਆ।
ਅਸੀਂ ਗੱਡੀ ਗੁਰਮੀਤੇ ਦੇ ਘਰ ਨੂੰ ਸਿੱਧੀ ਕਰ ਲਈ। ਮੇਰਾ ਸਮਾਨ ਅਜੇ ਵੀ ਮਿੰਟੂ ਦੇ ਘਰ ਹੀ ਪਿਆ ਸੀ। ਅਸੀਂ ਤਾਂ ਫ਼ਲਾਈਟਾਂ ਦੀ ਕਨਸੋਅ ਜਿਹੀ ਲੈਂਦੇ ਫਿ਼ਰਦੇ ਸਾਂ। ਮਿੰਟੂ ਨੇ ਇੱਕੋ ਗੱਲ ਹੀ ਆਖੀ ਸੀ, "ਜੇ ਫ਼ਲਾਈਟ ਜਾਂਦੀ ਹੋਈ ਬਾਬਾ, ਆਪਾਂ ਪਾਪਾ ਜੀ ਨੂੰ ਜਾਂ ਪੀਟਰ ਨੂੰ ਫ਼ੋਨ ਕਰ ਦਿਆਂਗੇ, ਅੱਧੇ ਘੰਟੇ ਦੇ ਵਿਚ ਵਿਚ ਆ ਕੇ ਉਹ ਸਮਾਨ ਫ਼ਡ਼ਾ ਜਾਣਗੇ..!"
ਅੱਧੇ ਕੁ ਘੰਟੇ ਦੇ ਵਿਚ ਹੀ ਅਸੀਂ ਗੁਰਮੀਤੇ ਦੇ ਘਰੇ ਆ ਗਏ। ਚਾਹ ਪੀਂਦਿਆਂ ਪੀਂਦਿਆਂ ਹੀ ਗੁਰਮੀਤਾ ਫ਼ੋਨ ਨੂੰ ਚਿੰਬਡ਼ ਗਿਆ ਅਤੇ ਉਸ ਨੇ ਏਅਰ ਕੈਨੇਡਾ ਦੀ ਕਰਮਚਾਰੀ ਵੱਲੋਂ ਦਿੱਤਾ ਨੰਬਰ ਘੁੰਮਾ ਲਿਆ। ਫ਼ੋਨ ਪਹਿਲਾਂ ਤਾਂ ਬਿਜ਼ੀ ਆ ਰਿਹਾ ਸੀ। ਪਰ ਫਿ਼ਰ 'ਆਨਸਰਿੰਗ ਮਸ਼ੀਨ' ਚੱਲ ਪਈ ਅਤੇ 'ਹੋਲਡ' ਕਰਨ ਦੀ ਰਟ ਲਾਉਣ ਲੱਗ ਪਈ। ਅਖੀਰ ਵੀਹ ਕੁ ਮਿੰਟ ਬਾਅਦ ਫ਼ੋਨ ਮਿਲ਼ ਗਿਆ। ਫ਼ਲਾਈਟਾਂ 'ਫ਼ੁੱਲ' ਜਾ ਰਹੀਆਂ ਸਨ। ਬਜ਼ੁਰਗ, ਬੱਚੇ ਅਤੇ ਬਿਮਾਰ ਲੋਕ ਚਾਡ਼੍ਹੇ ਜਾ ਰਹੇ ਸਨ। ਮੈਂ ਫ਼ਰਾਂਸ ਜਾਂ ਜਰਮਨ ਜਾਣ ਲਈ ਵੀ ਤਿਆਰ ਸੀ। ਸੋਚ ਰਿਹਾ ਸੀ ਕਿ ਉਥੋਂ ਟਰੇਨ ਜਾਂ 'ਫ਼ੈਰੀ' ਲੈ ਕੇ ਵੀ ਇੰਗਲੈਂਡ ਪਹੁੰਚ ਜਾਵਾਂਗਾ। ਪਰ ਜਰਮਨ ਅਤੇ ਫ਼ਰਾਂਸ ਜਾਣ ਵਾਲ਼ੇ ਲੋਕ ਕਿਹਡ਼ਾ ਘੱਟ ਸਨ? ਹਾਹਾਕਾਰ ਤਾਂ ਮੱਚੀ ਪਈ ਸੀ।
ਗੱਲ ਗੁਰਮੀਤੇ ਨੇ ਕੱਲ੍ਹ 'ਤੇ ਛੱਡ ਦਿੱਤੀ।
ਸ਼ਾਮ ਨੂੰ ਪੀਟਰ ਮੇਰਾ ਸਮਾਨ ਗੁਰਮੀਤੇ ਦੇ ਘਰ ਛੱਡ ਗਿਆ ਅਤੇ ਉਹ ਰਾਤ ਮੈਂ ਗੁਰਮੀਤੇ ਕੋਲ਼ ਹੀ ਰਿਹਾ।
ਜਦ ਅਗਲੇ ਦਿਨ ਸਵੇਰੇ ਸਵੇਰੇ ਗੁਰਮੀਤੇ ਨੇ ਫ਼ੋਨ ਕੀਤਾ ਅਤੇ ਮੇਰੀਆਂ 'ਡੀਟੇਲਜ਼' ਦੇ ਦਿੱਤੀਆਂ, ਤਾਂ ਕੰਪਿਊਟਰ 'ਤੇ ਹੱਥ ਮਾਰਦਾ ਅੱਗਿਓਂ ਕੋਈ ਕਰਮਚਾਰੀ ਆਖ ਰਿਹਾ ਸੀ ਕਿ ਤੁਹਾਡੇ ਬੰਦੇ ਨੂੰ ਅਸੀਂ ਵਾਇਆ ਓਟਾਵਾ ਭੇਜ ਦਿੰਦੇ ਹਾਂ, ਤਾਂ ਗੁਰਮੀਤਾ ਆਖਣ ਲੱਗਿਆ ਕਿ ਓਟਾਵਾ ਤੁਸੀਂ ਕਿਸੇ ਨੂੰ ਹੋਰ ਭੇਜ ਦਿਓ। ਕਿਰਪਾ ਕਰਕੇ ਸਾਡਾ ਬੰਦਾ ਸਿੱਧਾ ਲੰਡਨ ਚਾਡ਼੍ਹੋ! ਖ਼ੈਰ, ਉਸ ਦੀ ਮਿਹਨਤ ਨੂੰ ਫ਼ਲ ਪੈ ਗਿਆ। ਉਸ ਆਦਮੀ ਨੇ ਗੁਰਮੀਤੇ ਦੀ 'ਈ-ਮੇਲ' ਆਈ.ਡੀ. ਮੰਗੀ ਅਤੇ ਆਖਿਆ ਕਿ ਮੈਂ ਤੁਹਾਨੂੰ ਨਵੀਂ ਟਿਕਟ ਮੇਲ ਕਰ ਦਿੰਦਾ ਹਾਂ ਅਤੇ ਤੁਸੀਂ ਸ਼ਾਮ ਚਾਰ ਵਜੇ ਏਅਰਪੋਰਟ ਪਹੁੰਚੋ, ਫ਼ਲਾਈਟ ਸ਼ਾਮ ਸਵਾ ਛੇ ਵਜੇ ਜਾ ਰਹੀ ਹੈ। ਪੰਜ ਕੁ ਮਿੰਟ ਬਾਅਦ ਜਦ ਗੁਰਮੀਤੇ ਨੇ ਆਪਣੀ ਈਮੇਲ ਖੋਲ੍ਹੀ ਤਾਂ ਟਿਕਟ ਆਈ ਪਈ ਸੀ। ਟਿਕਟ ਪ੍ਰਿੰਟ ਕਰਕੇ ਉਸ ਨੇ ਨਾਂ ਬਗੈਰਾ ਚੈੱਕ ਕੀਤਾ। ਸਭ ਠੀਕ ਸੀ।
-"ਲੈ ਬਈ ਛੋਟੇ ਭਾਈ..! ਹੁਣ ਦਸ ਵੱਜੇ ਐ, ਤੇ ਤੂੰ ਆਬਦਾ ਨਹਾ ਧੋ ਕੇ ਤਿਆਰ ਹੋ ਜਾਹ, ਆਪਾਂ ਐਥੋਂ ਢਾਈ ਵਜੇ ਤੁਰ ਪੈਣੈਂ..!"
ਇਹ ਜਾਣਕਾਰੀ ਮੈਂ ਮਿੰਟੂ ਨੂੰ ਫ਼ੋਨ ਕਰਕੇ ਦੇ ਦਿੱਤੀ ਕਿ ਅੱਜ ਸ਼ਾਮ ਨੂੰ ਮੈਂ ਲੰਡਨ ਜਾ ਰਿਹਾ ਹਾਂ।
ਜਦ ਅਸੀਂ ਸ਼ਾਮ ਤਿੰਨ ਵਜੇ ਘਰੋਂ ਤੁਰਨ ਲੱਗੇ ਤਾਂ ਗੁਰਮੀਤੇ ਨੇ ਦੱਸਿਆ ਕਿ ਦੌਧਰ ਪਿੰਡ ਦਾ ਬਾਈ ਸੁਰਿੰਦਰ ਸਿੰਘ ਆਪਣੀ ਖ਼ਾਤਰ ਲਾਈਨ ਵਿਚ ਲੱਗਿਆ ਹੋਵੇਗਾ ਅਤੇ ਆਪਣੀ ਵਾਰੀ ਜਲਦੀ ਹੀ ਆ ਜਾਵੇਗੀ। ਜਦ ਮੈਂ ਬਾਈ ਦੀ ਪਹਿਚਾਣ ਪੁੱਛੀ ਤਾਂ ਗੁਰਮੀਤਾ ਆਖਣ ਲੱਗਿਆ ਕਿ ਦਾਹਡ਼ੀ ਰੱਖੀ ਹੋਈ ਹੈ ਅਤੇ ਬਾਈ ਪੱਗ ਬੰਨ੍ਹਦੈ। ਉਸ ਨੇ ਤੈਨੂੰ ਆਪੇ ਹੀ ਪਛਾਣ ਲੈਣਾ ਹੈ। ਗੁਰਮੀਤਾ ਮੈਨੂੰ ਏਅਰਪੋਰਟ ਦੇ ਬਾਹਰ ਲਾਹ ਕੇ ਕਾਰ ਪਾਰਕ ਕਰਨ ਚਲਾ ਗਿਆ।
ਜਦ ਮੈਂ ਚਾਰ ਵੱਜ ਕੇ ਸੱਤ ਕੁ ਮਿੰਟ 'ਤੇ ਲਿਫ਼ਟ 'ਚੋਂ ਨਿਕਲਿ਼ਆ ਤਾਂ ਪਹਿਚਾਣ ਕੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਮੈਨੂੰ ਹੱਥ ਮਾਰਨਾ ਸ਼ੁਰੂ ਕਰ ਦਿੱਤਾ। ਬਾਈ ਸੁਰਿੰਦਰ ਸਿੰਘ ਵੀ ਏਅਰ ਕੈਨੇਡਾ ਵਿਚ ਹੀ ਕੰਮ ਕਰਦਾ ਹੈ। ਅਸੀਂ ਗਲਵਕਡ਼ੀ ਪਾ ਕੇ ਮਿਲ਼ੇ ਅਤੇ ਪੰਜ ਕੁ ਮਿੰਟ ਬਾਅਦ ਮੇਰੀ ਵਾਰੀ ਆ ਗਈ। ਚੈੱਕ-ਇੰਨ ਹੋ ਗਈ ਅਤੇ ਮੈਂ ਬੋਰਡਿੰਗ ਪਾਸ ਫ਼ਡ਼ਦੇ ਨੇ ਫ਼ਲਾਈਟ ਦੇ ਸਮੇਂ ਬਾਰੇ ਪੁੱਛਿਆ।
-"ਔਨ ਟਾਈਮ..!" ਆਖ ਕੇ ਗੋਰਾ ਹੱਸ ਪਿਆ। ਜਿਵੇਂ ਮਾਲਵੇ ਵਿਚ ਕਹਾਵਤ ਹੈ ਕਿ ਗਧੀ ਡਿੱਗ ਪਈ ਸੀ ਭੱਠੇ 'ਚ ਤੇ ਦੀਵੇ ਵਾਲ਼ੇ ਘਰੇ ਨਹੀਂ ਸੀ ਵਡ਼ਦੀ! ਉਸੀ ਤਰ੍ਹਾਂ ਹਰ ਮੁਸਾਫਿ਼ਰ ਏਅਰ ਕੈਨੇਡਾ ਦੇ ਕਰਮਚਾਰੀਆਂ ਨੂੰ "ਫ਼ਲਾਈਟ ਸੱਚੀਂ ਜਾ ਰਹੀ ਐ ਨ੍ਹਾਂ..?" ਪੁੱਛ ਰਿਹਾ ਸੀ ਅਤੇ ਕਰਮਚਾਰੀ ਹੱਸ ਕੇ 'ਹਾਂ' ਵਿਚ ਉੱਤਰ ਦੇ ਰਹੇ ਸਨ। ਅਸਲ ਵਿਚ ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ ਕਿ ਫ਼ਲਾਈਟਾਂ ਵਾਕਿਆ ਹੀ ਚੱਲ ਪਈਆਂ ਸਨ? ਹਰ ਬੰਦਾ ਸ਼ੱਕੀ ਹੋਇਆ ਪਿਆ ਸੀ ਅਤੇ ਰੱਬ ਦਾ ਨਾਂ ਜਪ ਰਿਹਾ ਸੀ। ਬੋਰਡਿੰਗ ਕਾਰਡ ਲੈਣ ਤੋਂ ਬਾਅਦ ਮੈਂ, ਗੁਰਮੀਤੇ ਅਤੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਚਾਹ ਪੀਤੀ।
ਗੱਲਾਂ ਬਾਤਾਂ ਕਰਦਿਆਂ ਪੌਣੇ ਪੰਜ ਹੋ ਗਏ।
-"ਬਾਈ ਜੀ..! ਤੋਰਨ ਨੂੰ ਤਾਂ ਮਨ ਨਹੀਂ ਕਰਦਾ, ਪਰ ਥੋਡਾ ਟਾਈਮ ਹੋ ਚੱਲਿਆ..! ਆਪਾਂ ਚੱਲੀਏ..!" ਬਾਈ ਸੁਰਿੰਦਰ ਸਿੰਘ ਦੌਧਰ ਨੇ ਆਖਿਆ।
ਮੇਰੀ ਟੋਰੌਂਟੋ-ਲੰਡਨ ਏ.ਸੀ.0856 ਫ਼ਲਾਈਟ ਗੇਟ ਨੰਬਰ 172 ਤੋਂ ਜਾ ਰਹੀ ਸੀ। ਅਸੀਂ ਉਠ ਕੇ ਗੇਟ ਵੱਲ ਨੂੰ ਤੁਰ ਪਏ। ਸਕਿਊਰਿਟੀ ਗੇਟ ਕੋਲ਼ ਆ ਕੇ ਅਸੀਂ ਫਿ਼ਰ ਭਰਾਵਾਂ ਵਾਲ਼ੀਆਂ ਗਲਵਕਡ਼ੀਆਂ ਪਾਈਆਂ ਅਤੇ ਵਿਦਾਈ ਲੈ ਕੇ ਮੈਂ ਅੰਦਰ ਚਲਾ ਗਿਆ। ਮੇਰੇ ਨਾਲ਼ ਹੀ ਜਰਮਨ ਦੀ ਏਅਰਲਾਈਨ 'ਲੁਫ਼ਤਹਾਂਸਾ' ਦੇ ਸਟਾਫ਼ ਦੀ ਸਕਿਊਰਿਟੀ ਹੋ ਰਹੀ ਸੀ। ਮੈਂ ਉਸ ਦੇ ਪਾਇਲਟ ਨੂੰ ਪੁੱਛਿਆ ਕਿ ਕੋਈ ਖ਼ਤਰਾ ਸੀ ਵੀ ਕਿ ਐਵੇਂ ਹੀ ਲੋਕਾਂ ਦਾ ਜੀਣਾ ਹਰਾਮ ਕਰੀ ਰੱਖਿਆ..? ਤਾਂ ਪਾਇਲਟ ਹੱਸ ਕੇ ਕਹਿੰਦਾ, "ਮੈਨੂੰ ਲੱਗਦੈ ਮੀਡੀਆ ਪ੍ਰਾਪੇਗੰਡਾ ਜਿ਼ਆਦਾ ਸੀ..!" ਮੈਂ ਉਸ ਨੂੰ ਕਿਹਾ ਕਿ 'ਜਕਾਰਤਾ' ਵੱਲ ਨਿੱਤ ਦਿਹਾਡ਼ੇ ਅਜਿਹੇ 'ਵੋਲਕੈਨੋ' ਫ਼ਟਦੇ ਹੀ ਰਹਿੰਦੇ ਨੇ, ਉਹ ਫ਼ਲਾਈਟਾਂ ਬੰਦ ਕਿਉਂ ਨਹੀਂ ਕਰਦੇ? ਤਾਂ ਉਸ ਨੇ ਮੋਢੇ ਚੁੱਕ ਕੇ ਬੇਪ੍ਰਵਾਹੀ ਜਿਹੀ ਜ਼ਾਹਿਰ ਕੀਤੀ।
-"ਸਾਡੇ ਨਾਲ਼ ਲੁਫ਼ਤਹਾਂਸਾ 'ਚ ਜਾ ਰਹੇ ਹੋ..?" ਪਾਇਲਟ ਨੇ ਮੈਨੂੰ ਪੁੱਛਿਆ।
-"ਨਹੀਂ, ਮੈਂ ਏਅਰ ਕੈਨੇਡਾ 'ਚ ਲੰਡਨ ਜਾ ਰਿਹੈਂ..!"
-"ਫ਼ੇਰ ਅਸੀਂ ਤੁਹਾਡੇ ਨਾਲ਼ ਗੱਲ ਨਹੀਂ ਕਰਨੀ..!" ਇਕ ਏਅਰ ਹੋਸਟਸ ਮੈਨੂੰ ਵਿਅੰਗਮਈ ਆਖਣ ਲੱਗੀ।
-"ਛੇ ਦਿਨ ਹੋ ਗਏ ਉਡੀਕ ਕਰਦਿਆਂ, ਪਰ ਥੋਡੇ ਲੁਫ਼ਤਹਾਂਸਾ ਨੇ ਵੀ ਨਹੀਂ ਸੀ ਚੁੱਕਿਆ..!" ਮੈਂ ਵੀ ਠੁਣਾਂ ਉਸ ਦੇ ਸਿਰ ਹੀ ਭੰਨਿਆਂ।
-"ਬਦਕਿਸਮਤੀ..!" ਏਅਰ ਹੋਸਟਸ ਹੱਸ ਕੇ ਸਕਿਊਰਿਟੀ ਚੈੱਕ ਲਈ ਅੱਗੇ ਹੋ ਗਈ ਅਤੇ ਮੈਂ ਦੂਜੇ ਪਾਸੇ ਹੋ ਲਿਆ।
ਫ਼ਲਾਈਟ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਪਰ ਲੋਕਾਂ ਦੇ ਮਨ ਸ਼ੱਕੀ ਹੋਏ ਪਏ ਸਨ। ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ।
ਅਖ਼ੀਰ 21 ਅਪ੍ਰੈਲ ਦਿਨ ਬੁੱਧਵਾਰ, ਸ਼ਾਮ 6:25 'ਤੇ ਫ਼ਲਾਈਟ ਚੱਲੀ ਅਤੇ 22 ਅਪ੍ਰੈਲ ਵੀਰਵਾਰ ਨੂੰ ਲੰਡਨ ਦੇ ਟਾਈਮ ਸਵੇਰੇ 6:40 'ਤੇ ਹੀਥਰੋ ਏਅਰਪੋਰਟ ਆ ਉਤਰੀ। ਜਦ ਫ਼ਲਾਈਟ ਨੇ ਪੈਰ ਲੰਡਨ ਦੀ ਧਰਤੀ 'ਤੇ ਲਾਏ ਤਾਂ ਲੋਕਾਂ ਨੇ ਖ਼ੁਸ਼ੀ ਵਿਚ ਤਾਡ਼ੀਆਂ ਮਾਰੀਆਂ ਅਤੇ ਮੈਂ ਸਿਰ ਝੁਕਾ ਕੇ ਧੰਨ ਗੁਰੂ ਨਾਨਕ ਬਾਬਾ ਜੀ ਦਾ ਸ਼ੁਕਰਾਨਾਂ ਅਦਾ ਕੀਤਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਕੈਨਡੇਾ ਵਿਚ ਵਸਦੇ ਪੰਜਾਬੀ, ਜਿੰਨ੍ਹਾਂ ਨੇ ਬਡ਼ਾ ਪਿਆਰ ਅਤੇ ਮਾਣ ਬਖ਼ਸਿ਼ਆ। ਗੁਰੂ ਬਾਬਾ ਨਾਨਕ ਤੁਹਾਡੇ ਵੱਲੋਂ ਠੰਢੀਆਂ ਸੀਤ ਹਵਾਵਾਂ ਹੀ ਭੇਜੇ! ਹੁਣ ਮੈਂ ਗੁਰੂ ਕਿਰਪਾ ਨਾਲ਼ ਲੰਡਨ ਪਹੁੰਚ ਗਿਆ ਹਾਂ ਅਤੇ ਆਪਣਾ ਨਵਾਂ ਨਾਵਲ "ਡਾਚੀ ਵਾਲਿ਼ਆ ਮੋਡ਼ ਮੁਹਾਰ ਵੇ" ਅੱਗੇ ਤੋਰਾਂਗਾ, ਜਿਹਡ਼ਾ ਨੌਵੇਂ ਕਾਂਡ 'ਤੇ ਹੀ ਛੱਡ ਕੇ ਗਿਆ ਸੀ..! ਜਿਉਂਦੇ ਵਸਦੇ ਰਹੋ..!!
**************

No comments:

Post a Comment