Saturday, November 14, 2009

ਹੰਸਲੋ ਵਿਖੇ ਇੰਦਰਜੀਤ ਹਸਨਪੁਰੀ ਦੀ ਯਾਦ 'ਚ ਸਾਹਿਤਕ ਸ਼ਾਮ ਦਾ ਆਯੋਜਨ -ਮਨਦੀਪ ਖੁਰਮੀ ਹਿੰਮਤਪੁਰਾ

ਹੰਸਲੋ ਵਿਖੇ ਇੰਦਰਜੀਤ ਹਸਨਪੁਰੀ ਦੀ ਯਾਦ 'ਚ ਸਾਹਿਤਕ ਸ਼ਾਮ 
-ਮਨਦੀਪ ਖੁਰਮੀ ਹਿੰਮਤਪੁਰਾ




                    ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਹੀ ਸ਼ਾਹਕਾਰ ਗੀਤ, ਕਵਿਤਾਵਾਂ, ਗ਼ਜ਼ਲਾਂ, ਫਿਲਮਾਂ ਪਾਉਣ ਵਾਲੇ ਗੀਤਕਾਰ, ਫਿਲਮਕਾਰ, ਚਿੱਤਰਕਾਰ ਅਤੇ ਅੰਤਾਂ ਦੇ ਨੇਕ ਇਨਸਾਨ ਇੰਦਰਜੀਤ ਹਸਨਪੁਰੀ ਦੀ ਯਾਦ ਵਿੱਚ ਹੰਸਲੋ ਦੇ ਕਿੰਗਜਵੇ ਰੈਸਟੋਰੈਂਟ ਵਿਖੇ ਇੱਕ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇੰਗਲੈਂਡ ਵਿੱਚ ਖਾਣਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਉਮਰਾਓ ਅਟਵਾਲ ਦੀ ਮੇਜ਼ਬਾਨੀ ਵਿੱਚ ਹੋਏ ਸਮਾਗਮ ਦੌਰਾਨ ਬਰਤਾਨੀਆ ਭਰ ਦੇ ਨਾਮਵਾਰ ਸ਼ਾਇਰਾਂ, ਸਾਹਿਤ- ਸੱਭਿਆਚਾਰ ਅਤੇ ਰਾਜਨੀਤੀ ਨਾਲ ਜੁੜੀਆਂ ਸਖਸ਼ੀਅਤਾਂ ਨੇ ਭਾਗ ਲਿਆ। ਲਗਭਗ ਚਾਰ ਘੰਟੇ ਚੱਲੇ ਇਸ ਸਮਾਗਮ ਦੀ ਪ੍ਰਧਾਨਗੀ ਡਾ: ਸਾਥੀ ਲੁਧਿਆਣਵੀ ਅਤੇ ਉੱਘੇ ਪੰਜਾਬੀ ਵਿਉਪਾਰੀ ਮਨਜੀਤ ਲਿੱਟ ਨੇ ਕੀਤੀ। ਸ਼ੁਰੂਆਤੀ ਭਾਸ਼ਣ ਦੌਰਾਨ ਬੋਲਦਿਆਂ ਉਸਤਾਦ ਸ਼ਾਇਰ ਚਮਨ ਲਾਲ ਚਮਨ ਨੇ ਹਸਨਪੁਰੀ ਦੀ ਜੀਵਨੀ 'ਤੇ ਸੰਖੇਪ ਚਾਨਣਾ ਪਾਉਂਦਿਆਂ ਕਿਹਾ ਕਿ ਜੇ ਹਸਨਪੁਰੀ ਨੂੰ ਪੰਜਾਬੀ ਮਾਂ ਬੋਲੀ ਦੇ ਸਿਰ ਸਜੇ ਤਾਜ ਵਿਚਲਾ ਕੋਹਿਨੂਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਆਪਣੀਆਂ ਸਤਰਾਂ
"ਕਿਤੇ ਚਾਂਦੀ ਦਾ ਗੜਵਾ ਹੈ,
ਕਿਤੇ ਕੁੜਤੀ ਹੈ ਮਲਮਲ ਦੀ,
ਤੇਰੇ ਗੀਤਾਂ ਨੇ ਪਿੰਡਾਂ 'ਚ ਪੁਆੜੇ ਪਾਏ ਲਗਦੇ ਨੇ।
ਕਿਸੇ ਨੇ ਡਾਹ ਕੇ ਤ੍ਰਿੰਝਣ 'ਚ ਚਰਖਾ ਰਾਂਗਲਾ,
ਤੇਰੇ ਗੀਤਾਂ ਦੇ ਤੰਦ ਪਾਏ ਲਗਦੇ ਨੇ।"
ਰਾਹੀਂ ਸ਼ਰਧਾ ਪੁਸ਼ਪ ਅਰਪਣ ਕੀਤੇ। ਇਸ ਸਮੇਂ ਉੱਘੇ ਲੋਕ ਗਾਇਕ ਦੀਦਾਰ ਸਿੰਘ ਪ੍ਰਦੇਸੀ ਦੇ ਸਪੁੱਤਰ ਰਾਜੂ ਵੱਲੋਂ ਹਸਨਪੁਰੀ ਨਾਲ ਬਿਤਾਏ ਪਲਾਂ ਦੀਆਂ ਝਲਕੀਆਂ ਵੀ ਹਾਜ਼ਰੀਨ ਦੀ ਨਜ਼ਰ ਕਰਵਾਈਆਂ ਗਈਆਂ। ਇਸ ਉਪਰੰਤ ਹੋਏ ਕਵੀ ਦਰਬਾਰ ਮੌਕੇ ਉੱਘੇ ਸ਼ਾਇਰ ਗੁਲਜ਼ਾਰ ਅੰਮ੍ਰਿਤ, ਗੁਰਨਾਮ ਸਿੰਘ ਢਿੱਲੋਂ, ਨਾਵਲਕਾਰ ਸ਼ਿਵਚਰਨ ਗਿੱਲ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਸ਼ਾਇਰ ਅਜ਼ੀਮ ਸ਼ੇਖਰ, ਪ੍ਰੋਗਰੈਸਿਵ ਰਾਈਟਰਜ ਐਸੋ. ਪਾਕਿਸਤਾਨ ਵੱਲੋਂ ਜਨਾਬ ਸਈਅਦ, ਮਨਜੀਤ ਲਿੱਟ, ਸ਼ਾਇਰ ਮੁਸ਼ਤਾਕ ਸਿੰਘ, ਡਾ: ਸਾਥੀ ਲੁਧਿਆਣਵੀ ਆਦਿ ਨੇ ਆਪੋ ਆਪਣੀਆਂ ਨਜ਼ਮਾਂ ਰਾਹੀਂ ਹਸਨਪੁਰੀ ਨੂੰ ਯਾਦ ਕੀਤਾ। ਇੰਦਰਜੀਤ ਹਸਨਪੁਰੀ ਦੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਉੱਪਰ ਹੋਈ ਵਿਚਾਰ ਚਰਚਾ ਦੌਰਾਨ ਜਨਾਬ ਸਈਅਦ ਨੇ ਕਿਹਾ ਕਿ ਉਹ ਹਸਨਪੁਰੀ ਨੂੰ ਦੇਸ਼ ਪਿਆਰ, ਹੱਕ ਲਈ ਲੜਨ ਜਾਂ ਹਿੰਦ- ਪਾਕਿ ਦੋਸਤੀ ਦੀਆਂ ਗੰਢਾਂ ਪੀਢੀਆਂ ਕਰਨ ਦਾ ਸੁਨੇਹਾ ਦੇਣ ਵਾਲੀਆਂ ਰਚਨਾਵਾਂ ਕਰਕੇ ਤਹਿ ਦਿਲੋਂ ਸੀਸ ਨਿਵਾਉਂਦੇ ਹਨ। ਹਸਨਪੁਰੀ ਦੀ ਲੰਬੀ ਕਾਵਿ ਪੁਸਤਕ 'ਕਿੱਥੇ ਗਏ ਓਹ ਦਿਨ ਓ ਅਸਲਮ' ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਅੱਜ ਉਹਨਾਂ ਦਾ ਬੇਲੀ ਅਸਲਮ ਨਹੀਂ ਹੈ ਪਰ ਅਸਲਮ ਦੀ ਜਗ੍ਹਾ ਸਈਅਦ ਜਰੂਰ ਆਇਆ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ। ਡੋਮੀਨੋਜ ਪੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਯੂ. ਕੇ. ਤੋਂ ਚੇਅਰਮੈਨ ਜਸਵੰਤ ਸਿੰਘ ਗਰੇਵਾਲ ਨੇ ਹਸਨਪੁਰੀ ਦੇ ਅੰਤਲੇ ਸਾਹਾਂ ਵੇਲੇ ਦੇ ਸਾਥ ਦਾ ਭਾਵਪੂਰਤ ਜ਼ਿਕਰ ਕਰਦਿਆਂ ਹਸਨਪੁਰੀ ਨਾਲ ਬਿਤਾਏ ਆਖਰੀ ਪਲਾਂ ਦਾ ਹੂਬਹੂ ਚਿਤਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਮੈਂ ਨਿਰਗੁਣਾ ਕਿੰਨਾ ਭਾਗਾਂ ਵਾਲਾ ਹਾਂ ਕਿ ਮਾਂ ਬੋਲੀ ਦੇ ਲਾਡਲੇ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਦਾ ਮੌਕਾ ਨਸੀਬ ਹੋਇਆ ਹੈ। ਸਮਾਗਮ ਦੇ ਅੰਤਲੇ ਪਲਾਂ ਦੌਰਾਨ ਅਲਾਪ ਗਰੁੱਪ ਦੇ ਚੰਨੀ ਸਿੰਘ ਵੱਲੋਂ ਹਸਨਪੁਰੀ ਦਾ ਗੀਤ 'ਖੰਡ ਤੋਂ ਗੁਆਂਢਣ ਮਿੱਠੀ' ਅਤੇ ਦੀਦਾਰ ਸਿੰਘ ਪ੍ਰਦੇਸੀ ਵੱਲੋਂ 'ਦਾਜ ਦਾ ਗੀਤ' ਗੀਤਾਂ ਰਾਹੀਂ ਸਮਾਗਮ ਨੂੰ ਸੰਪੂਰਨਤਾ ਵੱਲ ਲਿਆਂਦਾ। ਅੰਤ ਵਿੱਚ ਉਮਰਾਓ ਅਟਵਾਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ 'ਪ੍ਰਦੇਸ ਵੀਕਲੀ' ਦੇ ਸੰਪਾਦਕ ਜਸਕਰਨ ਸਿੰਘ, ਰੇਡੀਓ ਪ੍ਰੈਜੈਂਟਰ ਮਹਿੰਦਰ ਮਿੱਡਾ, ਬਹਾਰਾਂ ਪੰਜਾਬ ਦੀਆਂ ਫੇਮ ਸੁਖਬੀਰ ਸੋਢੀ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਰਾਮਦਾਸ ਚਾਹਲ (ਰਣਜੀਤ ਵੀਕਲੀ), ਮਨਪ੍ਰੀਤ ਬੱਧਨੀ (ਬੱਧਨੀ ਪੱਤਰਿਕਾ), ਉਪਿੰਦਰ ਸਿੰਘ, ਤਰਲੋਚਨ ਸਿੰਘ ਗਰੇਵਾਲ, ਕੌਂਸਲਰ ਅਜਮੇਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਸੰਘਾ, ਕੌਂਸਲਰ ਤੇਜਿੰਦਰ ਧਾਮੀ, ਹਰਬੰਸ ਸੰਧੂ, ਜਰਨੈਲ ਸਿੰਘ, ਪ੍ਰੀਤਮ ਸਿੰਘ ਮੱਲ੍ਹੀ, ਅਮਰਜੀਤ ਗਿੱਲ, ਜੌਨੀ ਚੌਹਾਨ, ਲਕਸ਼ਮੀ ਨਾਰਾਇਣ ਮੰਦਰ ਦੇ ਚੇਅਰਮੈਨ ਪ੍ਰੇਮ ਚੰਦ ਸੋਂਧੀ, ਕਿਸਨ ਭਾਟੀਆ, ਜਸਵੰਤ ਸਿੰਘ (ਦੀਪ ਫੈਸ਼ਨ) ਆਦਿ ਸਮੇਤ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
........................

No comments:

Post a Comment