Sunday, September 6, 2009

ਮੇਰੀ ਇੰਗਲੈਂਡ ਫੇਰੀ -ਰਣਜੀਤ ਸਿੰਘ ਦੂਲੇ

ਮੇਰੀ ਇੰਗਲੈਂਡ ਫੇਰੀ    -ਰਣਜੀਤ ਸਿੰਘ ਦੂਲੇ

 
ਮੇਰੇ ਸਾਲਾ ਸਾਹਿਬ ਬਲਿਹਾਰ ਸਿੰਘ ਬਾਸੀ ਦਾ ਰੋਜ਼ ਵਾਂਗ ਹੀ ਫੋਨ ਆਂਉਦਾ ਸੀ, ਭਾਜੀ ਆ ਕਿ ਮੈਂਨੂੰ ਮਿਲ ਜਾਵੋ, ਬਹੁਤ ਦਿਲ ਕਰਦਾ ਹੈ ਜੀ ਮਿਲਣ ਨੂੰ ! ਇਸ ਮੇਰੇ ਵੀਰ ਨੂੰ ਕੈਂਸਰ ਹੈ ਜੋ ਕਿ ਚੰਦ ਕੁ ਮਹੀਨਿਆਂ ਦਾ ਹੀ 'ਪ੍ਰਾਹੁਣਾ' ਹੈ ! ਰੱਬ ਕਰੇ ਉਸ ਦੀ ਉਮਰ ਲੰਬੀ ਹੋਵੇ । ਬੁੱਧਵਾਰ ਸਵੇਰੇ ਹੀ ਉਸ ਦਾ ਫਿਰ ਫੋਨ ਆ ਗਿਆ ਕੁਝ ਉਦਾਸ ਜਿਹਾ ਲੱਗ ਰਿਹਾ ਸੀ । ਮੈਂ ਕਿਹਾ ਤੂੰ ਫਿਕਰ ਨਾਂ ਕਰ ਮੈਂ ਛੇਤੀ ਹੀ ਆਵਾਗਾਂ...! ਸੋ ਮੈਂ ਬੁੱਧਵਾਰ ਨੂੰ ਆਪਣੀ ਦੁਕਾਨ ਦੀ ਖਰੀਦਦਾਰੀ ਕੀਤੀ ਅਤੇ ਵਿਹਲਾ ਹੋ ਕੇ ਸ਼ਾਮ ਨੂੰ ਮੈਂ ਟਿਕਟ ਬੁੱਕ ਕਰਾ ਦਿੱਤੀ ।
ਵੀਰਵਾਰ ਸਵੇਰੇ ਜਾਣੀ 29 ਜਨਵਰੀ 2009 ਨੂੰ ਹੀ ਮੈਂ 12:30 ਤੇ ਫਲਾਈਟ ਫੜੀ ਤੇ ਪਹੁੰਚ ਗਿਆ ਲੰਡਨ ਦੇ ਸਟੈਨਸਟੈਡ ਏਅਰਪੋਰਟ 'ਤੇ! ਕੋਈ ਢਾਈ ਕੁ ਵਜੇ ਉਧਰ ਬਲਿਹਾਰ ਸਿੰਘ ਦੀ ਉਸੇ ਦਿਨ ਹਸਪਤਾਲ 'ਚ ਚੈਕਿੰਗ ਸੀ । ਜਦੋਂ ਮੈ ਏਅਰਪੋਰਟ ਪਹੁੰਚ ਕੇ ਫੋਨ ਕੀਤਾ ਤਾਂ ਭਾਈ ਸਾਹਿਬ ਅਜੇ ਘਰੋਂ ਤੁਰੇ ਹੀ ਸਨ । ਇਸ ਲਈ ਮੈਨੂੰ ਅੱਧਾ ਕੁ ਘੰਟਾ ਬਾਹਰ ਹੀ ਠੰਢ 'ਚ ਖੜਨਾਂ ਪਿਆ । ਧੁੱਪ ਤਾਂ ਸੀ, ਪਰ ਹਵਾ ਬਹੁਤ ਠੰਢੀ ਚੱਲ ਰਹੀ ਸੀ । ਖੈਰ ਉਹ ਅੱਧੇ ਕੁ ਘੰਟੇ ਵਿਚ ਆਪਣੇ ਭਤੀਜੇ ਪਿੰਦਰ ਨਾਲ ਆ ਪਹੁੰਚਿਆ । ਅਸੀਂ ਕਾਰ 'ਚ ਬੈਠੇ ਅਤੇ ਘਰ ਨੂੰ ਚਾਲੇ ਪਾ ਦਿੱਤੇ । ਇੱਲਫ਼ੋਰਡ ਏਅਰਪੋਰਟ ਤੋਂ ਕੋਈ 40 ਕੁ ਮਿੰਟ ਦਾ ਰਸਤਾ ਹੈ । ਕਾਰ 'ਚ ਬੈਠ ਕੇ ਮੈਂ ਆਪਣਾਂ ਸੈਲ ਫੋਨ ਚਾਲੂ ਕੀਤਾ ਤਾਂ ਦੇਖਿਆ ਕਿ ਸਾਡੇ ਹਮ ਪਿਆਲਾ ਹਮ ਨਿਵਾਲਾ ਮਿੱਤਰ ਜੱਗੀ ਕੁੱਸਾ ਦਾ ਫੋਨ ਆਇਆ ਹੋਇਆ ਸੀ । ਸ਼ਾਇਦ ਮੈ ਉਸ ਵੇਲੇ ਜਹਾਜ 'ਚ ਹੋਵਾਂਗਾ ।
"ਫੋਨ ਦੇਈਂ ਜਰਾ...!" ਮੈਂ ਬਲਿਹਾਰ ਨੂੰ ਕਿਹਾ। ਉਸਨੇ ਮੈਨੂੰ ਫੋਨ ਦੇ ਦਿੱਤਾ ਤੇ ਮੈਂ ਜੱਗੀ ਸਾਹਿਬ ਨੂੰ ਉਸ ਦੇ ਮੋਬਾਇਲ ਫ਼ੋਨ 'ਤੇ ਹੀ ਫੋਨ ਘੁੰਮਾ ਦਿੱਤਾ । ਜੱਗੀ ਜੀ ਮਹਾਰਾਜ ਜੀ ਫੋਨ ਚੁੱਕਦੇ ਹੀ ਮੈਨੂੰ ਬੁਰੀ ਸੱਸ ਵਾਂਗ ਪੈ ਨਿਕਲੇ, "ਕਿੱਥੇ ਹੋ...?" ਮੈਂ ਕਿਹਾ, "ਤੱਤਾ ਨਾਂ ਹੋ, ਆ ਰਹੇ ਹਾਂ, ਰਾਹ ਵਿੱਚ ਹੀ ਹਾਂ।" ਫਿਰ ਕਹਿੰਦਾ, "ਜੇ ਅਖਬਾਰ ਵਿੱਚ ਕੁਝ ਲਾਉਣਾਂ ਹੋਵੇ ਤਾਂ ਪੁੱਛ ਤੇ ਲਿਆ ਕਰੋ! ਕਾਹਲੀ ਬਹੁਤ ਕਰਦੇ ਹੋ...।" ਮੈ ਕਿਹਾ, "ਭਾਈ ਹੁਣ ਕੀ ਹੋਇਆ...?" ਕਹਿੰਦਾ, "ਤੇਰੀ ਖਬਰ ਸਹੀ ਨੀ ਲਾਈ ਹੋਈ ਅਖਬਾਰ 'ਚ!" ਮੈਂ ਕਿਹਾ, ਛੋਟੇ ਵੀਰ ਤੁੰ ਲਾਦੇ ਜਿਵੇਂ ਲਾਉਣੀਆਂ ਤੇ ਕਹਿੰਦਾ ਮੈ ਲਾਉਂਦਾ ਫਿਰ ਸਹੀ ਜਿਹੀ ਕਰਕੇ! ਫਿਰ ਕਹਿੰਦਾ ਯਾਰ ਇੱਕ ਫੋਨ ਤੇ ਤੇਰਾ ਲੱਗਾ ਹੋਇਆ ਅਖਬਾਰ 'ਚ ਦੂਜਾ ਸਾਲਾ ਮਿਲਦਾ ਹੀ ਨਹੀਂ! ਮੈ ਕਿਹਾ ਕਿ ਚਾਹ ਚੂਹ ਪੀ ਕੇ ਦੇਖ , ਇੱਹ ਤਾਂ ਤੇਰਾ ਹੀ ਨੰਬਰ ਹੈ, ਮੈ ਦਿੱਤਾ ਹੋਇਆ ਅਖਬਾਰ 'ਚ । ਫਿਰ ਹੱਸ ਕੇ ਕਹਿੰਦਾ ਮੈ ਵੀ ਕਹਾਂ ਕਿ ਨੰਬਰ ਤਾਂ ਜਾਣਿਆ ਪਛਾਣਿਆਂ ਲੱਗਦਾ, ਪਰ ਸਾਲਾ ਮਿਲ ਕਿਉਂ ਨੀ ਰਿਹਾ ? ਕਹਿੰਦਾ ਮੈਂ ਤੇ ਹੁਣ ਕੰਮ ਤੇ ਚੱਲਿਆਂ, ਆਪਾਂ ਸ਼ਨੀਵਾਰ ਨੂੰ ਮਿਲਾਂਗੇ । ਮੈ ਕਿਹਾ ਠੀਕ ਹੈ । ਅਸੀਂ ਘਰੇ ਪਹੁੰਚੇ ਤੇ ਸਾਰਿਆਂ ਨੂੰ ਮਿਲਿਆ ਗਿਲਿਆ ਤੇ ਭਰਜਾਈ ਕਹਿੰਦੀ ਕਿੱਦਾਂ ਚਾਹ ਆਵੇ ਜਾਂ ਰੋਟੀ ਮੈ ਕਿਹਾ ਰੋਟੀ ਦਾ ਟਾਇਮ ਹੈ, ਰੋਟੀ ਹੀ ਖਾਵਾਂਗੇ ਹੁਣ ਤਾਂ। ਬਲਿਹਾਰ ਕਹਿੰਦਾ ਜਦ ਤੱਕ ਰੋਟੀ ਬਣਦੀ ਆ ਲਾਈਏ ਡੱਬਾ ਡੱਬਾ? ਮੈ ਕਿਹਾ ਯਾਰ ਮੈ ਤੇ ਕਦੀ ਦੁਪਹਿਰੇ ਬੀਅਰ ਨੀ ਲਾਈ । ਕਹਿੰਦਾ ਨਖਰੇ ਨਾਂ ਕਰ, ਦੋ ਸਾਲੀਂ ਆਇਆਂ ਤੂੰ, ਜਦੋਂ ਦਾ ਡਾਕਟਰਾਂ ਨੇ ਉਸ ਨੂੰ ਕੈਂਸਰ ਬਾਰੇ ਦੱਸਿਐ ਉਹ ਉਦੋਂ ਤੋਂ ਕੁਝ ਜਿਆਦਾ ਹੀ ਬੀਅਰ ਖਿੱਚਦਾ ਹੈ । ਖੈਰ ਅਸੀਂ ਬੀਅਰ ਪੀਣ ਲੱਗ ਪਏ ਅਤੇ ਨਾਲ ਰੋਟੀ ਵੀ ਆ ਗਈ। ਅਸੀਂ ਲੰਗਰ-ਪਾਣੀ ਛਕਣ ਲੱਗ ਪਏ। ਗੱਪ ਛੱਪ ਵੀ ਲਾਉਂਦੇ ਰਹੇ ।
ਸ਼ਾਮ ਨੂੰ 6 ਕਿ ਵਜੇ ਜੱਗੀ ਬਾਈ ਦਾ ਫੋਨ ਆ ਗਿਆ ਕਹਿੰਦਾ ਬਾਈ ਮੈਂ ਸਿੱਧੂ ਹੋਰਾਂ ਨੁੰ ਫੋਨ ਕਰਕੇ ਟਾਈਮ ਫਿਕਸ ਕਰਦਾਂ, ਆਪਾਂ ਸ਼ਨੀਵਾਰ ਤੇ ਐਤਵਾਰ ਨੂੰ ਬਜੂਰਗਾਂ ਨੂੰ ਮਿਲਣਾਂ ਹੈ । ਤਕਰੀਬਨ 24 ਸਾਲ ਪੁਲੀਸ ਅਤੇ ਸਕਿਊਰਿਟੀ ਵਿਚ ਅਫ਼ਸਰ ਤੁਰਿਆ ਆ ਰਿਹਾ ਬਾਈ ਜੱਗੀ ਆਦਤ ਅਨੁਸਾਰ ਗਾਲ਼ਾਂ ਦੀ ਛਹਿਬਰ ਲਾਈ ਆਵੇ। ਇੱਕ ਤੇ ਪਤੰਦਰ ਦੀ ਅਵਾਜ਼ ਵੀ ਖੜਕਵੀਂ ਹੈ ਤੇ ਉਪਰੋਂ ਗਾਲ਼ ਤੇ ਗਾਲ਼, ਤੇ ਇੱਕ ਮੈ ਬੈਠਾ ਵੀ ਸਹੁਰਿਆਂ ਦੇ ਪ੍ਰੀਵਾਰਕ ਮੈਂਬਰਾਂ ਵਿਚਕਾਰ ਸੀ। ਮੈਂ ਕਿਹਾ ਬਾਈ ਕੰਮ ਜਰਾ ਬੱਤੇ ਰੱਖ, ਕਹਿੰਦਾ ਓ.ਕੇ.! ਪਰ ਫਿਰ ਕਿੱਲੀ ਦੱਬ ਦਿਆ ਕਰੇ! ਆਖਰ ਮੈ ਉਠ ਕੇ ਬਾਹਰ ਚਲੇ ਗਿਆ । ਰਾਤ ਨੂੰ ਛੋਟੇ ਵੀਰ ਮਨਦੀਪ ਖੁਰਮੀਂ ਹਿੰਮਤਪੁਰਾ ਦਾ ਫੋਨ ਆ ਗਿਆ। ਕਹਿੰਦਾ ਤਾਇਆ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਸਾਡੇ ਮੁਲਖ 'ਚ! ਮੈ ਕਿਹਾ ਧੰਨਵਾਦ ਛੋਟੇ ਵੀਰ ਫਿਰ ਦੱਸੋ ਕਦੋਂ ਦਰਸ਼ਨ ਦੇ ਰਹੇ ਹੋ? ਕਹਿੰਦਾ ਮੁਸ਼ਕਲ ਜਿਹਾ ਲੱਗ ਰਿਹਾ, ਵੀਕ-ਐਂਡ ਤੇ ਮੈ ਮਾਨਚੈਸਟਰ ਨੂੰ ਜਾਣਾਂ। ਅਗਲੇ ਹਫਤੇ ਬਣਾਂਉਂਦੇ ਆਂ ਪ੍ਰੋਗਰਾਂਮ। ਮੈ ਕਿਹਾ, ਠੀਕ ਹੈ ਵੀਰ। ਇਸ ਤੋਂ ਇਲਾਵਾ ਮੈਂ ਕਿਹਾ ਕਿ ਅਗਲੇ ਹਫਤੇ ਮੈਂ ਕੋਵੈਂਟਰੀ ਹੋਣਾਂ। ਉਥੇ ਮੇਰਾ ਛੋਟਾ ਭਰਾ ਅਤੇ ਚਾਚਾ ਜੀ ਰਹਿੰਦੇ ਹਨ। ਦੋ ਕੁ ਦਿੱਨ ਉਹਨਾਂ ਨੂੰ ਮਿਲ ਕੇ ਆਉਣਾਂ। ਖੁਰਮੀ ਕਹਿੰਦਾ ਕੋਈ ਨੀ ਤੁਸੀਂ ਮਾਰ ਆਓ ਗੇੜਾ, ਫਿਰ ਮਿਲਦੇ ਹਾਂ । ਪਰ ਸਾਡਾ ਮਿਲਾਪ ਨਹੀਂ ਹੋ ਸਕਿਆ । ਸਾਰੇ ਪ੍ਰੀਵਾਰਕ ਮੈਂਬਰ ਗੱਲਾਂ ਬਾਤਾਂ ਕਰਦੇ ਕੋਈ ਬਾਰਾਂ ਕੁ ਵਜੇ ਅਸੀਂ ਸੌਂਣ ਚਲੇ ਗਏ ।
ਸਵੇਰੇ ਉੱਠੇ ਤਾਂ ਭਰਜਾਈ ਕਹਿੰਦੀ ਭਾਅ ਜੀ ਗੁਰਦੁਵਾਰੇ ਜਾਣਾਂ? ਮੈ ਕਿਹਾ ਜੀ ਜਰੂਰ ਚੱਲਾਂਗੇ!  ਸੋ ਅਸੀਂ ਚਾਹ ਪੀ ਕੇ ਭਰਜਾਈ ਦੀ ਕਾਰ 'ਚ ਬੈਠ ਕੇ ਪਹੁੰਚ ਗਏ ਸਹੁਰਾ ਸਾਹਿਬ ਦੇ ਘਰ! ਉਹ ਆਪਣੇ ਲੜਕੇ ਬਲਿਹਾਰ ਸਿੰਘ ਬਾਸੀ ਦੇ ਘਰ ਤੋਂ ਥੋੜਾ ਫਰਕ ਨਾਲ ਰਹਿੰਦੇ ਹਨ। ਪਰ ਤਕਰੀਬਨ ਹਰ ਰੋਜ਼ ਹੀ ਬਲਿਹਾਰ ਦੇ ਘਰ ਆ ਜਾਂਦੇ ਨੇ। ਉਸ ਦਿਨ ਉਹ ਮੇਰੀ ਉਡੀਕ ਕਰਦੇ ਸਨ ਕਿਉਕਿ ਭਰਜਾਈ ਨੇ ਫੋਨ ਕਰ ਦਿੱਤਾ ਸੀ ਕਿ ਅਸੀਂ ਆ ਰਹੇ ਹਾਂ! ਅਸੀਂ ਪਹੁੰਚ ਕੇ ਕਾਰ ਘਰ ਦੇ ਸਾਹਮਣੇ ਲਾਈ ਤੇ ਤੁਰ ਕੇ ਗੁਰੂ ਘਰ ਜਾ ਪਹੁੰਚੇ । ਗੁਰੂ ਘਰ ਵਾਕਿਆ ਹੀ ਦੇਖਣ ਯੋਗ ਹੈ । ਗੁਰਦੁਆਰਾ ਸੋਹਣਾਂ ਬਣਾਇਆ ਹੋਇਆ ਹੈ । ਪਰ ਸਮੁੱਚੇ ਦਰਬਾਰ ਸਾਹਿਬ ਵਿੱਚ ਨਾਨਕਸਰੀਏ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਜਿਸ ਨੂੰ ਵੇਖ ਕੇ ਮੈ ਸਮਝ ਗਿਆਂ ਬਈ ਕੀ ਮਾਜਰਾ ਹੈ? ਮੇਰੀ ਸੱਸ ਵੀ ਨਾਲ ਹੀ ਸੀ। ਜਦੋਂ ਅਸੀਂ ਮੱਥਾ ਟੇਕ ਤੇ ਪ੍ਰਸ਼ਾਦ ਲੈ ਕੇ ਬਾਹਰ ਨਿਕਲੇ ਤਾਂ ਮੇਰੀ ਸੱਸ ਕਹਿੰਦੀ ਰਣਜੀਤ ਉਪਰ ਜਾਣਾਂ? ਮੈ ਪੁੱਛਿਆ ਕਿ ਉਪਰ ਕੀ ਹੈ? ਕਹਿੰਦੀ ਸੱਚ ਖੰਡ..! ਮੈ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਹੈ, ਫਿਰ ਸੱਚਖੰਡ ਉਪਰ ਕਿਸ ਤਰ੍ਹਾਂ ਹੋ ਸਕਦਾ? ਮੇਰੀ ਸੱਸ ਮੇਰੀ ਤਰਕ ਨੂੰ ਸ਼ਾਇਦ ਭਾਂਪ ਗਈ ਜਾਂ ਵੈਸੇ ਹੀ ਚੁੱਪ ਕਰ ਗਈ? ਖੈਰ ਅਸੀਂ ਮੁੜ ਘਰ ਵੱਲ ਨੂੰ ਤੁਰ ਪਏ । ਘਰੇ ਆ ਕੇ ਪ੍ਰਸ਼ਾਦਾ ਛਕਿਆ ਅਤੇ ਜੱਗੀ ਕੁੱਸਾ ਦਾ ਫ਼ਿਰ ਫੋਨ ਆ ਗਿਆ, "ਯਾਰ ਉਹ ਬਜੁਰਗ ਤੇ ਮਿਲ ਨੀ ਰਹੇ । ਮੈ ਕੋਈ ਦਸ ਬਾਰਾਂ ਵਾਰੀ ਫੋਨ ਕੀਤਾ..!" ਮੈ ਕਿਹਾ, "ਕੋਈ ਨੀ ਆਪਾਂ ਸਵੇਰੇ ਮਿਲਣਾਂ ਹੀ ਹੈ, ਸਵੇਰੇ ਵੇਖਦੇ ਆਂ!" ਕਹਿੰਦਾ, "ਠੀਕ ਹੈ ਸਵੇਰੇ ਕਿੰਨੇ ਕੁ ਵਜੇ ਆਵਾਂ?" ਮੈ ਕਿਹਾ, "ਜਦੋਂ ਮਰਜ਼ੀ ਆਜਾ ਬਾਈ, ਤੇਰਾ ਆਪਣਾ ਘਰ ਹੈ! ਮੈ ਤੇ ਵਿਹਲਾ ਹੀ ਹਾਂ!" ਕਹਿੰਦਾ, "ਮੈ ਬਾਰਾਂ ਕਿ ਵਜ਼ੇ ਆਵਾਂਗਾ ਤੇ ਨਾਲ਼ ਕਬੀਰ ਵੀ ਹੋਵੇਗਾ । ਉਹ ਵੀ ਕਹਿੰਦਾ ਕਿ ਮੈ ਤਾਏ ਨੂੰ ਮਿਲਣਾਂ ਹੈ।"
"ਕੋਈ ਗਲ਼ ਨੀ ਤੁਸੀਂ ਸਾਰੇ ਹੀ ਆਇਓ!" ਮੈਂ ਆਖਿਆ।
"ਠੀਕ ਹੈ।" ਆਖ ਕੇ ਉਸ ਨੇ ਫ਼ੋਨ ਬੰਦ ਕਰ ਦਿੱਤਾ।
ਸ਼ਨਿਚਰਵਾਰ ਸਵੇਰੇ 11 ਕੁ ਵਜੇ ਜੱਗੀ ਕੁੱਸਾ ਤੇ ਉਸ ਦਾ ਪੁੱਤਰ ਕਬੀਰ ਆ ਪਹੁੰਚੇ। ਕਬੀਰ ਵੀ ਆਪਣੇ ਬਾਪ ਵਾਂਗ ਬੜਾ ਰਲਾਉਟਾ ਮੁੰਡਾ ਹੈ। ਹਰ ਇਕ ਨਾਲ ਮਿੰਟਾਂ Ḕਚ ਬਣਾ ਲੈਣ ਵਾਲਾ! ਉਹ ਬਲਿਹਾਰ ਸਿੰਘ ਦੇ ਮੁੰਡੇ ਨਾਲ਼ ਪਲਾਂ ਵਿਚ ਹੀ ਘੁਲ਼ ਮਿਲ਼ ਗਿਆ ਸੀ। ਉਸ ਨੇ ਇਹ ਮਹਿਸੂਸ ਵੀ ਨਾ ਕੀਤਾ ਕਿ ਉਹ ਪਹਿਲੀ ਵਾਰ ਕਿਸੇ ਦੇ ਘਰ ਆਇਆ ਸੀ। ਚਾਹ ਪਾਣੀ ਪੀ ਕੇ ਜੱਗੀ ਕੁੱਸਾ ਤੇ ਮੈਂ ਸਿੰਘ ਸਭਾ ਗੁਰਦੁਆਰਾ ਸੈਵਨ ਕਿੰਗਜ਼, ਜਿੱਥੇ ਗੁਰਦੁਆਰਾ ਬਾਰਕਿੰਗ ਤੇ ਸੈਵਨ ਕਿੰਗਜ਼ ਇਲਫੋਰਡ ਦੇ ਜਰਨਲ਼ ਸਕੱਤਰ ਸਰਦਾਰ ਸਵਰਨ ਸਿੰਘ ਕੰਦੋਲਾ ਨੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ । ਉਥੇ ਡਾਕਟਰ ਗੁਰਦੀਪ ਸਿੰਘ ਢਿੱਲੋਂ, ਬਲਵਿੰਦਰ ਸਿੰਘ ਵਿਰਕ, ਸਵਰਨ ਸਿੰਘ ਕੰਦੋਲਾ, ਮੁਹਿੰਦਰ ਸਿੰਘ ਸੰਘਾ ਅਤੇ ਅਵਤਾਰ ਸਿੰਘ ਸਿੱਧੂ ਹੋਰਾਂ ਨੇ ਸਨਮਾਨਿਤ ਕੀਤਾ ਤੇ ਅਥਾਹ ਮਾਣ ਬਖਸ਼ਿਆ। ਸਾਡੇ ਮਿਊਨਕ ਗੁਰੂ ਘਰ ਦਾ ਸਿਧਾਂਤ ਹੈ ਕਿ ਅਸੀਂ ਨਾ ਤਾਂ ਕਿਸੇ ਤੋਂ ਸਿਰੋਪਾ ਲੈਂਦੇ ਹਾਂ ਅਤੇ ਨਾ ਹੀ ਕਿਸੇ ਨੂੰ ਦਿੰਦੇ ਹਾਂ। ਇਸ ਲਈ ਕੰਦੋਲਾ ਸਾਹਿਬ ਨੇ ਮੈਨੂੰ ਟਰਾਫ਼ੀ ਦੇ ਕੇ ਹੀ ਮਾਣ ਸਤਿਕਾਰ ਬਖ਼ਸ਼ਿਆ।
ਐਤਵਾਰ ਨੂੰ ਸਰਦਾਰ ਰਘਵੀਰ ਸਿੰਘ ਸਿੱਧੂ ਨੇ "ਐਲਡਰਲੀ ਐਸ਼ੋਸ਼ੀਏਸ਼ਨ ਇੱਲਫ਼ੋਰਡ" ਅਤੇ "ਸਿੱਖ ਵਿਚਾਰ ਮੰਚ ਈਸਟ ਲੰਡਨ" ਵੱਲੋਂ ਮਾਣ ਸਨਮਾਨ ਦਾ ਪ੍ਰੋਗਰਾਮ ਦਾ ਰੱਖਿਆ ਹੋਇਆ ਸੀ। ਇਸ ਪ੍ਰੋਗਰਾਮ 'ਚ ਮੇਰੇ ਤੋਂ ਛੋਟਾ ਭਾਈ ਜਸਵਿੰਦਰ ਸਿੰਘ ਦੂਲੇ (ਭਿੰਦਾ) ਸਾਡੀ ਭਰਜਾਈ ਰਾਣੀ ਅਤੇ ਭਤੀਜੀ ਪਵਨ, ਵਿਸ਼ੇਸ਼ ਤੌਰ 'ਤੇ ਕੋਵੈਂਟਰੀ ਤੋ ਪਹੁੰਚੇ । ਜੱਗੀ ਕੁੱਸਾ ਦੇ ਘਰੋਂ ਲੰਗਰ ਪਾਣੀ ਛਕ ਕੇ ਸਿੱਖ ਵਿਚਾਰ ਮੰਚ ਅਤੇ ਐਲਡਰਲੀ ਐਸੋਸੀਏਸ਼ਨ ਇੱਲਫੋਰਡ ਦੇ ਦਫਤਰ ਨੂੰ ਤੁਰ ਪਏ । ਬਾਜਰੀਨੁਮਾਂ ਬਰਫ ਪੈ ਰਹੀ ਸੀ । ਸਮਾਗਮ ਤੋਂ ਅੱਧਾ ਕੁ ਘੰਟਾ ਲੇਟ ਪਹੁੰਚਣ ਕਾਰਨ ਸ਼ ਰਘਵੀਰ ਸਿੰਘ ਸਿੱਧੂ, ਸੰਤਾ ਸਿੰਘ ਭੰਡਾਲ, ਮਨਜੀਤ ਸਿੰਘ ਵਰਗੇ ਮਿੱਤਰ ਸਾਡੀ ਉਡੀਕ ਕਰ ਰਹੇ ਸਨ। ਜੱਗੀ ਕੁੱਸਾ ਨੇ ਆਪਣੀ ਠੇਠ ਮਲਵਈ ਭਾਸ਼ਾ ਵਿਚ ਆਪਣੇ ਹਸਮੁੱਖ ਹੋਣ ਦਾ ਸਬੂਤ ਦਿੱਤਾ ਅਤੇ ਟੋਟਕੇ ਸੁਣਾ ਕੇ ਸਭ ਨੂੰ ਖੁਸ਼ ਕੀਤਾ। ਖਾਸ ਕਰਕੇ ਉਸਦੇ ਕੱਸੀ ਦੇ ਪਾਣੀ ਵਾਲੇ ਚੁਟਕਲੇ ਨੇ ਬਹੁਤ ਹਾਸਾ ਪਾਇਆ। ਪਤੰਦਰ ਜੱਗੀ ਕੁੱਸਾ ਨੂੰ ਪਤਾ ਨੀ ਗੱਲ ਕਿੱਥੋਂ ਔੜਦੀ ਹੈ? ਇਹ ਵੀ ਰੱਬ ਦੀ ਕਿਸੇ ਕਿਸੇ ਨੂੰ ਹੀ ਦਾਤ ਬਖਸ਼ੀ ਹੁੰਦੀ ਹੈ! ਜੱਗੀ ਨਾਲ ਮਹਿਫ਼ਲ ਵਿਚ ਬੈਠਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਸਾਰੇ ਸੁਹਿਰਦ ਮਿੱਤਰਾਂ ਨਾਲ ਪੰਜਾਬ ਤੋਂ ਲੈ ਕੇ ਵਿਦੇਸ਼ੀ ਸਿਆਸਤ ਪ੍ਰਤੀ ਵਿਚਾਰ ਵਟਾਂਦਰਾ ਹੋਇਆ । ਸ਼ ਅਮਰੀਕ ਸਿੰਘ ਢਿੱਲੋਂ ਪੰਜਾਬ ਗਏ ਹੋਏ ਸਨ, ਜਿਸ ਕਰਕੇ ਉਹਨਾਂ ਨਾਲ ਬਚਨ ਬਿਲਾਸ ਨਹੀਂ ਹੋ ਸਕੇ। ਜੱਗੀ ਕੁੱਸਾ ਦੇ ਦੱਸਣ ਅਨੁਸਾਰ ਢਿੱਲੋਂ ਸਾਹਿਬ ਬਹੁਤ ਹੀ ਸੁਹਿਰਦ ਪਰਮ-ਮਿੱਤਰ ਹਨ ਅਤੇ ਹੱਸਮੁੱਖ ਇਨਸਾਨ ਹਨ। ਸ਼ ਰਘਵੀਰ ਸਿੰਘ ਸਿੱਧੂ, ਸੰਤਾ ਸਿੰਘ ਭੰਡਾਲ ਅਤੇ ਹੋਰ ਦੋਸਤਾਂ ਮਿੱਤਰਾਂ ਨੇ ਅਥਾਹ ਮਾਣ ਸਤਿਕਾਰ ਬਖਸ਼ਿਆ ਅਤੇ ਫੋਟੋਆਂ ਖਿਚਵਾਈਆਂ। ਇਹਨਾਂ ਮਿੱਤਰਾਂ ਵਲੋਂ ਸੌਂਪੀ ਪ੍ਰੇਮ ਦੀ ਪੰਡ ਨੇ ਮੈਨੂੰ ਅਥਾਹ ਆਤਮਿਕ ਬਲ ਪ੍ਰਦਾਨ ਕੀਤਾ ।
ਘਰੇ ਆ ਕੇ ਚਾਹ ਪਾਣੀ ਪੀ ਕੇ ਕੋਈ ਪੰਜ ਕੁ ਵਜੇ ਅਸੀਂ ਲੰਡਨ ਤੋਂ ਕੋਵੈਂਟਰੀ ਨੂੰ ਚਾਲੇ ਪਾ ਦਿਤੇ । ਛੋਟੇ ਭਾਈ ਨੇ ਪੈਟਰੋਲ ਪੰਪ ਤੋਂ ਤੇਲ਼ ਪੁਆ ਕੇ ਐਮ-25 'ਤੇ ਕੀਲ਼ੀ ਦੱਬ ਦਿੱਤੀ ਅਤੇ ਜਦੋਂ ਅਸੀਂ ਐਮ-1 'ਤੇ ਚੜ੍ਹੇ ਹੀ ਸੀ ਤਾਂ ਬਰਫ ਨੇ ਵੀ ਆਪਣੀ ਫ਼ੁੱਲ ਸਪੀਡ ਫੜ ਲਈ। ਛੋਟਾ ਬਾਈ ਕਹਿਣ ਲੱਗਾ ਭਾਜੀ ਇਹ ਕੋਈ 18 ਕੁ ਸਾਲ ਬਾਅਦ ਦੇਖੀ ਹੈ ਬਰਫ ਪੈਦੀਂ ਵਲੈਤ 'ਚ। ਮੈਂ ਕਿਹਾ ਸ਼ਾਇਦ ਮੇਰੇ ਨਾਲ ਹੀ ਆ ਗਈ ਹੈ। ਕੁਝ ਕੁ ਚਿਰ ਬਾਅਦ ਕਹਿੰਦਾ ਭਾਜੀ ਗੱਡੀ ਤਿਲਕ ਰਹੀ ਹੈ। ਮੈ ਕਿਹਾ ਕੋਈ ਗੱਲ ਨੀ ਤੂੰ ਹੌਲੀ ਚੱਲ, ਆਪਾਂ ਨੂੰ ਕਿਹੜੀ ਕੋਈ ਕਾਹਲੀ ਹੈ? ਜਰਮਨ ਵਾਂਗ ਉਥੇ ਕੋਈ 'ਵਿੰਟਰ' ਟਾਇਰਾਂ ਦਾ ਵੀ ਧਿਆਨ ਨਹੀ ਕਰਦਾ ਅਤੇ ਨਾਂ ਹੀ ਇੰਨੀ ਬਰਫ ਪੈਂਦੀ ਹੈ ਅਤੇ ਨਾਂ ਹੀ ਕੋਈ ਵਿੰਟਰ ਟਾਇਰ ਪਾਉਂਦਾ ਹੈ। ਭਿੰਦੇ ਦੇ ਸਾਲਾ ਸਾਹਿਬ ਸੋਖੇ ਦਾ ਫੋਨ ਆ ਗਿਆ, "ਭਾਜੀ ਕਿੱਥੇ ਹੋ? ਇੱਧਰ ਅਸੀਂ ਤਾਂ ਘਰੇ ਆ ਕੇ ਬੈਠੈ ਹੋਏ ਹਾਂ।" ਭਿੰਦੇ ਦਾ ਲੜਕਾ ਇਕੱਲਾ ਹੀ ਘਰ ਸੀ। ਉਹ ਯੂਨੀਵਰਿਸਟੀ ਜਾਂਦਾ ਹੈ ਅਤੇ ਵੀਕ-ਐਂਡ 'ਤੇ ਕੰਮ ਕਰਦਾ ਹੈ। ਇਸੇ ਕਰਕੇ ਉਹ ਲੰਡਨ ਨਹੀ ਸੀ ਆ ਸਕਿਆ । ਭਿੰਦਾ ਕਹਿਣ ਲੱਗਾ ਕਿ ਤੁਸੀਂ ਬੈਠੋ, ਸਾਨੂੰ ਅਜੇ ਘੰਟਾ ਕੁ ਲੱਗ ਜਾਣਾਂ ਹੈ। ਰਵੀ ਨੂੰ ਕਿਹਾ ਕਿ ਭਾਈ ਆਪਣੇ ਮਾਮਿਆਂ ਨੂੰ ਬੀਅਰ ਸ਼ੀਅਰ ਲੁਆ।
ਬਰਫ ਵਧਦੀ ਹੀ ਜਾ ਰਹੀ ਸੀ । ਅਚਾਨਕ ਭਿੰਦੇ ਨੇ ਗੱਡੀ ਇੱਕ ਦਮ ਰੋਕ ਦਿੱਤੀ। ਮੈ ਪੁੱਛਿਆ ਕੀ ਹੋਇਆ? ਕਹਿੰਦਾ ਗੱਡੀ ਤੇ ਬਹੁਤ ਗਰਮ ਹੋ ਗਈ। ਵਾਕਿਆ ਹੀ ਸੂਈ 'ਸਿਰੇ' ਲੱਗੀ ਪਈ ਸੀ । ਖੈਰ ਅਸੀਂ ਗੱਡੀ ਬੰਦ ਕਰਕੇ ਇੰਜਣ ਵਗੈਰਾ ਦੇਖਿਆ ਤਾਂ ਸਭ ਠੀਕ ਠਾਕ ਸੀ । ਮੈ ਕਿਹਾ ਹੁਣ ਸਟਾਰਟ ਕਰ! ਜਦ ਗੱਡੀ ਦੁਬਾਰਾ ਸਟਾਰਟ ਕੀਤੀ ਤਾਂ ਸਭ ਠੀਕ ਠਾਕ ਸੀ। ਮੈਂ ਕਿਹਾ ਇਹ ਸਾਲੇ ਬੀ.ਐਮ. ਡਬਲਿਊ ਵਾਲੇ ਇਲੈਕਟ੍ਰਿਕ ਬਹੁਤ ਲਾ ਦਿੰਦੇ ਨੇ, ਕੋਈ ਨਾਂ ਕੋਈ ਪੰਗਾ ਪਿਆ ਹੀ ਰਹਿੰਦਾ। ਖੈਰ ਅਸੀਂ ਫਿਰ ਚਲ ਪਏ। ਕੋਈ ਸੱਤ ਕੁ ਵਜੇ ਅਸੀਂ ਘਰੇ ਪਹੁੰਚ ਗਏ ਅਤੇ ਅੱਗੇ ਭਿੰਦੇ ਦੇ ਤਿੰਨੇ ਸਾਲੇ ਮੰਗਾ, ਜੋ ਕਿ ਤਿੰਨ ਠਾਣਿਆਂ ਦਾ ਇੰਚਾਰਜ਼ ਹੈ, ਟਿੱਲਫੋਰਡ ਵਿੱਚ ਪੁਲਸੀਆ ਹੋਣ ਦੇ ਬਾਵਜੂਦ ਵੀ ਉਸ ਵਿੱਚ ਕੋਈ ਪੁਲਸੀਆਂ ਵਾਲੀ ਗੱਲ਼ ਨਹੀਂ! ਬਹੁਤ ਹੀ ਹਸਮੁੱਖ ਤੇ ਮਿਲਣਸਾਰ ਬੰਦਾ ਹੈ। ਦੂਜਾ ਸੋਖਾ ਅਤੇ ਜ਼ਬਰਾ, ਤੇ ਭੂਆ ਦੇ ਲੜਕੇ ਬੈਠੇ ਸਨ।
"ਹੈਲੋ-ਸ਼ੈਲੋ" ਹੋਈ ਅਤੇ ਬੀਅਰ ਬਗੈਰਾ ਖੋਲ੍ਹ ਕੇ ਪੀਣ ਲੱਗ ਪਏ । ਦਸ ਕੁ ਮਿੰਟ ਬਾਅਦ ਭਿੰਦਾ ਕਹਿੰਦਾ ਚਲੋ ਬਈ ਚਲੋ ਅੱਗੇ ਹੀ ਬਹੁਤ ਲੇਟ ਹੋ ਗਏ ਹਾਂ। ਅਸੀ ਕਿਹਾ ਯਾਰ ਘਰੇ ਹੀ ਬੈਠੇ ਰਹਿਣ ਦੇ, ਕਹਿੰਦਾ ਨਹੀ! ਇਸ ਤੋਂ ਬਿਨਾਂ ਤੇ ਆਪਣਾ ਕਾਰਜ਼ ਸੰਪੂਰਨ ਨੀ ਹੋਣਾਂ ! ਚਲੋ ਜੀ ਪੱਬ 'ਚ ਜਾ ਵੜੇ । ਸਾਰਿਆਂ ਨੇ ਬੀਅਰ ਲੈ ਲਈ ਤੇ ਮੰਗਾ ਕਹਿੰਦਾ ਮੈ ਤੇ ਟਮਾਟਰ ਜੂਸ ਲੈਣਾ ਕਿਉਕਿ ਉਹ ਵੀ ਜੱਗੀ ਕੁੱਸਾ ਵਾਂਗ ਸ਼ਰਾਬ ਨਹੀਂ ਪੀਦਾ। ਮੈ ਕਿਹਾ ਦਇਓ ਭਾਈ ਇਹਨੂੰ ਕੁਝ ਖੂਨ ਵਰਗਾ, ਇਹ ਪੁਲਸੀਆਂ ਨੂੰ ਆਦਤ ਹੁੰਦੀ ਹੈ ਲੋਕਾਂ ਦਾ ਖੂਨ ਪੀਣ ਦੀ। ਇੱਥੇ ਹੁਣ ਇਹਨੂੰ ਕਿਸੇ ਦਾ ਖੂਨ ਮਿਲਣਾ ਨੀ, ਸੋ ਇਸ ਲਾਲ ਰੰਗ ਦੇ ਜੂਸ ਨਾਲ ਹੀ ਸਾਰੂਗਾ। ਸਾਰੇ ਹੱਸ ਪਏ। ਕਹਿੰਦੇ, ਇਹ ਭਾਜੀ ਤੇਰੇ ਤੋਂ ਠੀਕ ਰਹਿੰਦਾ, ਸਾਨੂੰ ਤੇ ਪੁਲਿਸ ਵਾਲੇ ਦਬਕੇ ਜਿਹੇ ਮਾਰਦਾ ਰਹਿੰਦਾ । ਇਸੇ ਤਰਾਂ ਅਸੀਂ ਕੋਈ ਦੋ ਕੁ ਘੰਟੇ ਉਥੇ ਸ਼ੁਗਲ ਮੇਲਾ ਕਰਦੇ ਰਹੇ। ਫਿਰ ਘਰੇ ਆ ਕੇ ਲੰਗਰ ਪਾਣੀ ਛਕਿਆ ਅਤੇ 12 ਕੁ ਵਜੇ ਪ੍ਰਹਾਉਣੇ ਕਹਿੰਦੇ ਸਾਨੂੰ ਤੇ ਹੁਣ ਇਜ਼ਾਜ਼ਤ ਦਿਓ। ਉਹਨਾਂ ਦੇ ਜਾਣ ਦੇ ਬਾਅਦ ਅਸੀਂ ਸਾਰੇ ਪਰਿਵਾਰ ਨੇ ਗੱਪ ਸ਼ੱਪ ਲਾਈ ਅਤੇ 1:00 ਕੁ ਵਜੇ ਭਿੰਦਾ ਕਹਿੰਦਾ ਮੈ ਤਾਂ ਸੌਣ ਚਲਿਆਂ। ਕਿਉਕਿ ਉਸ ਨੇ ਵੇਲੇ ਸਿਰ ਰਵੀ ਨੂੰ ਉਸਦੀ ਯੂਨੀਵਰਿਸਟੀ ਛੱਡ ਕੇ ਆਉਣਾ ਸੀ ਜੋ ਕਿ ਅੱਧੇ ਕੁ ਘੰਟੇ ਦਾ ਰਸਤਾ ਹੈ ।
ਦੂਸਰੇ ਦਿਨ ਉਠੇ ਤਾਂ ਬਰਫ ਪੂਰੇ ਜੋਰਾਂ ਤੇ ਸੀ ।
ਵਲੈਤ ਵਿੱਚ ਤਕਰੀਬਨ ਸਾਰਾ ਕੁਝ ਹੀ ਠੱਪ ਹੋ ਕੇ ਰਹਿ ਗਿਆ ਸੀ। ਟਰੇਨਾਂ-ਟਿਊਬਾਂ, ਸੜਕਾਂ, ਮੋਟਰਵੇਅ ਅਤੇ ਏਅਰਪੋਰਟ ਸਭ ਕੁਝ ਬੰਦ! ਅਸੀ ਤਿਆਰੀ ਕੀਤੀ ਹੋਈ ਸੀ ਵਾਲਸਾਲ ਜਾਣ ਦੀ। ਜਿੱਥੇ ਸਾਡੇ ਚਾਚੇ ਦਾ ਲੜਕਾ ਜਰਨੈਲ ਸਿੰਘ ਦੂਲੇ ਰਹਿੰਦਾ ਹੈ। ਜਦੋਂ ਅਸੀ ਹਾਈਵੇਅ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਹਾਈਵੇਅ ਤਾਂ ਪੂਰੀ ਤਰਾਂ ਠੱਪ ਹੋਈ ਪਈ ਸੀ ਅਤੇ ਬਰਫ ਵੀ ਪੂਰੇ ਜੋਰਾਂ ਤੇ ਪੈ ਰਹੀ ਸੀ । ਭਿੰਦਾ ਕਹਿੰਦਾ ਭਾਜੀ ਛੋਟੀ ਸੜਕ ਤੇ ਪਾ ਕੇ ਦੇਖਾਂ? ਮੈ ਕਿਹਾ ਉਹ ਕਿਹੜੀ ਕਿਸੇ ਨੇ ਸਾਫ ਕੀਤੀ ਹੋਣੀ ਆਂ? ਟਰੈਫਿਕ 'ਚ ਫਸਾਂਗੇ ਛੱਡੋ ਪਰੇ ਸਵੇਰੇ ਦੇਖਾਂਗੇ! ਕਹਿੰਦਾ ਫਿਰ ਹੁਣ? ਮੈ ਕਿਹਾ ਚੱਲੋ ਚਾਚਾ ਜੀ ਕੋਲ ਚੱਲਦੇ ਹਾਂ! ਇਹ ਸਾਡੇ ਚਾਚਾ ਜੀ ਬਲਿਹਾਰ ਸਿੰਘ ਦੂਲੇ ਵੀ ਕੋਵੈਂਟਰੀ ਰਹਿੰਦੇ ਨੇ। ਆਪਣੇ ਟਾਈਮ 'ਚ ਕਬੱਡੀ ਦੇ ਵਧੀਆ ਖਿਡਾਰੀ ਰਹੇ ਨੇ ਅਤੇ ਇਹਨਾਂ ਦੀ ਆਪਣੀ ਕੱਪੜੇ ਦੀ ਫੈਕਟਰੀ ਸੀ। ਅੱਜ ਕੱਲ੍ਹ ਵਿਹਲੇ ਨੇ। 8-10 ਘਰ ਨੇ ਇੱਥੇ ਇਹਨਾਂ ਦੇ ਆਪਣੇ। ਕਰਨਾਂ ਵੀ ਕੀ ਹੈ ਹੁਣ ਕੰਮ ਕਰਕੇ? ਉਧਰੋਂ ਬਥੇਰੇ ਪੌਂਡ ਆ ਜਾਦੇ ਹਨ। ਚਾਚੇ ਨੂੰ ਫੋਨ ਲਗਾਇਆ ਤੇ ਪੁੱਛਿਆ ਕਿੱਥੇ ਹੋ? ਤਾਂ ਕਹਿੰਦਾ ਆ ਜਾਓ ਮੈ ਘਰੇ ਹੀ ਹਾਂ! ਤੇ ਭਿੰਦੇ ਨੇ ਗੱਡੀ ਚਾਚੇ ਦੇ ਘਰ ਵੱਲ ਨੂੰ ਸਿੱਧੀ ਕਰ ਦਿੱਤੀ। ਟਰੈਫਿਕ ਇੰਨੀ ਹੋ ਗਈ ਸੀ ਕਿ ਸਾਨੂੰ ਲੋਕਲ ਜਾਣ ਲਈ ਵੀ ਘੰਟੇ ਤੋਂ ਉਪਰ ਸਮਾਂ ਲੱਗ ਗਿਆ ਸੀ। ਘਰੇ ਪਹੁੰਚੇ ਤਾਂ ਸਾਡੀ ਚਾਚੀ ਵੀ ਘਰੇ ਹੀ ਸੀ। ਚਾਹ ਪਾਣੀ ਪੀਦੇ ਰਹੇ ਅਤੇ ਚਾਚੇ ਦਾ ਇਕ ਲੜਕਾ ਸੰਨੀ ਤੇ ਇਕ ਤੇ ਇੱਕ ਲੜਕੀ ਦੀਪੇ, ਜੋ ਸਾਨੂੰ ਨਹੀ ਮਿਲ ਸਕੀ। ਕਿਉਕਿ ਉਹ ਵੀ ਯੂਨੀ ਗਈ ਹੋਈ ਸੀ। ਥੋੜੀ ਦੇਰ ਬਾਅਦ ਸੰਨੀ ਵੀ ਆ ਗਿਆ। ਜੋ ਕਿ ਫ਼ਾਇਨਾਂਸ ਦਾ ਕੰਮ ਕਰਦਾ ਹੈ। 12 ਜੁਲਾਈ ਦਾ ਉਸਦਾ ਵਿਆਹ ਹੈ ਅਤੇ ਅਸੀਂ ਲੱਗ ਪਏ ਸਲਾਹ ਕਰਨ ਉਸਦੇ ਵਿਆਹ ਦੇ ਅਰੇਂਜਮੈਂਟ ਬਾਰੇ। 11 ਕੁ ਵਜੇ ਰੋਟੀ ਪਾਣੀ ਖਾ ਕੇ ਅਸੀਂ ਘਰੇ ਆ ਗਏ ।
ਦੂਸਰੇ ਦਿਨ ਫਿਰ ਵਾਲਸਾਲ ਦਾ ਗੇੜਾ ਕੱਢਿਆ ਅਤੇ ਆਉਦਿਆਂ ਹੀ ਪਾਲ ਨੂੰ ਫੋਨ ਘੁਮਾ ਦਿੱਤਾ, ਜੋ ਕਿ ਮੇਰਾ ਦੋਸਤ ਹੈ। ਪਹਿਲਾਂ ਉਹ ਮਿਊਨਿਕ ਹੀ ਰਹਿੰਦਾ ਸੀ। ਤੰਦੂਰੀ ਰੈਸਟੋਰੈਂਟ ਸੀ ਉਸ ਦਾ। ਫਿਰ ਉਹ ਕੋਵੈਟਰੀ ਚਲਾ ਗਿਆ ਸੀ । ਉਸ ਨੂੰ ਫ਼ੋਨ 'ਤੇ ਕਿਹਾ ਕਿ ਘਰ ਨੂੰ ਆਜਾ। ਉਹ ਆ ਗਿਆ ਅਤੇ ਅਸੀ ਗੱਪ ਛੱਪ ਲਾ ਰਹੇ ਸੀ ਕਿ ਹਰੀਪੁਰੀਏ ਮੁਖਤਿਆਰ ਸਿੰਘ ਮੱਲ੍ਹੀ (ਮੁੱਖਾ) ਜੋ ਲੱਗਦਾ ਤਾਂ ਸਾਡਾ ਚਾਚਾ ਹੀ ਹੈ, ਪਰ ਅਸੀਂ ਜਦੋਂ ਇਕੱਠੇ ਬੈਠ ਜਾਈਏ ਤੇ ਪੀਣ ਲੱਗ ਜਾਈਏ, ਫਿਰ ਉਹ "ਭਾਅ ਜੀ" ਹੀ ਬਣ ਜਾਂਦਾ ਹੈ। ਬਹੁਤ ਮੋਟੀ ਸਾਮੀ ਤੇ ਸ਼ੁਗਲੀ ਬੰਦਾ ਹੈ। ਉਸ ਨੇ ਆ ਘੰਟੀ ਮਾਰੀ। ਸ਼ਾਇਦ ਭਿੰਦੇ ਨੇ ਫੋਨ ਕੀਤਾ ਸੀ। ਕਹਿੰਦਾ ਸਾਲਿਓ ਮੈਂ ਤੁਹਾਨੂੰ ਦੋ ਤਿੰਨ ਦਿਨਾਂ ਤੋਂ ਲੱਭੀ ਜਾਂਦਾਂ ਤੇ ਤੁਸੀਂ ਪਤਾ ਨਹੀਂ ਕਿਹੜੇ ਖੂਹ 'ਚ ਵੜੇ ਹੋਏ ਸੀ? ਮੈ ਕਿਹਾ ਆਜਾ ਬੈਠ ਬਾਹਲਾ ਤੱਤਾ ਨਾਂ ਹੋ। ਮੈ ਕਿਹਾ ਬੀਅਰ ਲਿਆਵਾਂ? ਕਹਿੰਦਾ ਨਹੀਂ ਮੈ ਪੱਬ 'ਚ ਗਲਾਸ ਭਰਾ ਕੇ ਆਇਆਂ। ਸੋ ਉਸ ਨੇ ਸਾਡੀ ਇੱਕ ਨੀ ਸੁਣੀ। 'ਚੱਲ ਹਿਟਲਰ ਚੱਲ' ਦੀ ਰੱਟ ਲਾਈ ਰੱਖੀ। ਮੈਨੂੰ ਉਹ ਹਮੇਸ਼ਾ 'ਹਿਟਲਰ' ਹੀ ਸੱਦਦਾ ਹੈ । ਹਾਰ ਕੇ ਅਸੀਂ ਜਾ ਪਹੁੰਚੇ ਪੱਬ 'ਚ, ਜਿੱਥੇ ਉਸ ਦਾ ਰਿਸਤੇਦਾਰ ḔਦਾਲੀḔ ਵੀ ਉਡੀਕ ਰਿਹਾ ਸੀ। ਉਥੇ ਦੋ ਕੁ ਘੰਟੇ ਬਹੁਤ ਖੱਪ ਪਾਈ ਅੱਧੀ ਕੁ ਰਾਤ ਨੂੰ ਮੁੜ ਕੇ ਘਰ ਵੜੇ ।
ਸਵੇਰੇ ਉਠ ਕੇ ਚਾਹ ਪਾਣੀ ਪੀ ਕੇ ਕੁਝ ਭਿੰਦੇ ਦੇ ਜਰੂਰੀ ਕੰਮ ਨਿਪਟਾ ਕੇ ਅਸੀ 11:30 ਕੁ ਵਜੇ ਵਾਪਸ ਲੰਡਨ ਨੂੰ ਚੱਲ ਪਏ। ਅੱਜ ਸੜਕ ਸਾਫ ਸੀ। ਟਰੈਫਿਕ ਵੀ ਖਾਸ ਨਹੀਂ ਸੀ। ਤੇ ਭਿੰਦਾ ਟਾਹਲੀਆਂ ਦੇ ਪੱਤ ਝਾੜਦਾ ਜਾ ਰਿਹਾ ਸੀ। ਰਸਤੇ ਵਿੱਚ ਜੱਗੀ ਕੁੱਸਾ ਦਾ ਫੋਨ ਆ ਗਿਆ। ਕਹਿੰਦਾ ਤੁਰੇ ਕਿ ਨਹੀਂ? ਅਸੀ ਕਿਹਾ ਤੁਰ ਪਏ ਹਾਂ ਬਾਈ ਜੀ, ਘੰਟੇ 'ਚ ਪਹੁੰਚ ਰਹੇ ਹਾਂ! ਕਹਿਣ ਲੱਗਿਆ, ਆ ਜਾਓ ਮਿਲਦੇ ਹਾਂ ਫਿਰ! ਫਿਰ ਕਹਿੰਦਾ ਰਾਤੀਂ ਯਾਰ ਬੱਕਰੀਆਂ 'ਚ ਮੇਰਾ ਹੀ ਤਵਾ ਧਰ ਛੱਡਿਆ? ਮੈਂ ਕਿਹਾ ਵੀਰ ਮੇਰਿਆ ਮੈ ਤੇਰੇ 'ਤੇ ਕੀ ਤਵਾ ਲਾਉਣਾਂ? ਮੈ ਤੇ ਸਿਰਫ ਕੁਤਕੁਤਾੜੀ ਜਿਹੀ ਕੱਢੀ ਸੀ । ਕਹਿੰਦਾ ਦੇਖ ਲੈ ਤੇਰੀ ਮਰਜ਼ੀ ਏ । ਭਿੰਦਾ ਗੱਡੀ ਚਲਾਊਦਾ ਰਿਹਾ ਤੇ ਮੈ ਉਸ ਵਲੋਂ ਦਿੱਤੇ ਗਿਫਟ ਲੈਪਟੌਪ ਦੀ 'ਡਾਕਟਰੀ' ਕਰਦਾ ਰਿਹਾ । ਡੇੜ ਕੁ ਵਜੇ ਅਸੀਂ ਲੰਡਨ ਘਰੇ ਆ ਪਹੁੰਚੇ। ਅੱਗੇ ਜਾਂਦਿਆਂ ਨੂੰ ਭਰਜਾਈ ਛੋਲੇ-ਭਟੂਰੇ ਬਣਾਈ ਬੈਠੀ ਸੀ। ਪਹਿਲਾਂ ਤਾਂ ਅਸੀਂ ਉਹ ਕੰਮ ਨਬੇੜਿਆ ਅਤੇ ਭਿੰਦਾ ਅਤੇ ਬਲਿਹਾਰ ਆਪਣੇ ਕੰਪਿਊਟਰ ਦੇ ਕਿਸੇ ਕੰਮ 'ਚ ਉਲਝ ਗਏ। ਜਦ ਨੂੰ ਜੱਗੀ ਦਾ ਫ਼ਿਰ ਫੋਨ ਆ ਗਿਆ। ਵੈਸੇ ਜਿੰਨੇ ਦਿਨ ਵੀ ਮੈ ਵਲੈਤ 'ਚ ਰਿਹਾਂ, ਇਸ ਪਿਓ ਦੇ ਪੁੱਤ ਨੇ ਫੋਨ ਖੜਕਾਈ ਹੀ ਰੱਖਿਆ। ਬਹੁਤ ਪਿਆਰ ਦਿੱਤਾ ਇਸ ਵੀਰ ਜੱਗੀ ਕੁੱਸਾ ਨੇ। ਖੈਰ ਭਿੰਦੇ ਨੇ ਲਈ ਇਜਾਜ਼ਤ ਤੇ ਹੋ ਗਿਆ ਰਵਾਨਾਂ ਕੋਵੈਂਟਰੀ ਨੂੰ ।
ਜੱਗੀ ਸਾਹਿਬ ਅਤੇ ਭਰਜਾਈ ਸਵਰਨਜੀਤ ਜੀ 1:00 ਕੁ ਵਜੇ ਆ ਪਧਾਰੇ। ਮੈਂ ਕਿਹਾ ਤੂੰ ਹੁਣ ਆਇਆਂ ਕੰਮ ਤੇ ਨੀ ਜਾਣਾ? ਕਹਿੰਦਾ ਘੰਟਾ ਕੁ ਲੇਟ ਚਲਾ ਜਾਵਾਂਗਾ। ਕਹਿੰਦਾ ਯਾਰ ਕਬੀਰ ਕਹਿੰਦਾ ਸੀ ਮੈ ਵੀ ਤਾਇਆ ਜੀ ਨੂੰ "ਸੀ-ਔਫ" ਕਰਨਾਂ ਸੀ। ਉਹ ਵੀ ਉਦੋਂ ਕਿਹਾ, ਜਦੋਂ ਮੈ ਉਸਨੂੰ ਸਕੂਲੇ ਛੱਡਣ ਜਾ ਰਿਹਾ ਸੀ। ਮੈ ਕਿਹਾ ਲੈ ਆਉਣਾਂ ਸੀ ਉਸ ਨੀ ਵੀ ਨਾਲ ਹੀ। ਜੱਗੀ ਕਹਿੰਦਾ ਜੁਆਕ ਵੀ ਸਾਲੇ ਬਹਾਨੇ ਭਾਲਦੇ ਨੇ ਸਕੂਲੋਂ ਛੁੱਟਣ ਦੇ । ਮੈ ਕਿਹਾ ਫਿਰ ਤੇ ਆਪਣੇ 'ਤੇ ਹੀ ਗਏ ਨੇ। ਅਸੀਂ ਚਾਹ ਪਾਣੀ ਪੀਤਾ ਅਤੇ ਘੰਟੇ ਕੁ ਬਾਅਦ ਜੱਗੀ ਤੇ ਭਰਜਾਈ ਨੇ ਮਿੱਠੀ ਤੇ ਨਿੱਘੀ ਜਿਹੀ 'ਅਲਵਿਦਾ' ਕੀਤੀ ਅਤੇ ਚਲੇ ਗਏ। ਤੇ ਫਿਰ ਅਸੀ ਆਪਣਾ ਅਟੈਚੀ ਸਿੱਧਾ ਜਿਹਾ ਕੀਤਾ ਅਤੇ 4:00 ਕੁ ਵਜੇ ਚੱਲ ਪਏ ਏਅਰਪੋਰਟ ਨੂੰ। ਇਸ ਵਾਰੀ ਵੀ ਭਤੀਜਾ ਪਿੰਦਰ ਤੇ ਭਤੀਜੀ ਸੰਦੀਪ ਤੇ ਪਿੰਦਰ ਦੀ ਮੰਗੇਤਰ ਸਲੀਨਾਂ ਮੈਨੂੰ ਏਅਰਪੋਟਰ 'ਤੇ ਛੱਡਣ ਆਏ । ਫਲਾਈਟ ਠੀਕ ਸਮੇਂ ਤੇ ਹੀ ਜਾ ਰਹੀ ਸੀ। ਫਿਰ ਬਲਿਹਾਰ ਦਾ ਫੋਨ ਆ ਗਿਆ, ਕਿੱਦਾਂ ਸਭ ਠੀਕ ਠਾਕ ਹੈ ਨਾਂ? ਪਿਛਲੀ ਵਾਰੀ ਵਾਂਗ ਫਿਰ ਤੇ ਜਹਾਜ਼ ਮਿਸ ਨਹੀਂ ਹੋ ਗਿਆ? ਮੈ ਕਿਹਾ ਸਭ ਠੀਕ ਠੀਕ ਹੈ, ਫਿਕਰ ਨਾਂ ਕਰੋ, ਸਤਿ ਸ੍ਰੀ ਅਕਾਲ..! ਸੋ ਮੈ ਜਹਾਜ਼ 'ਚ ਬੈਠਾ ਤੇ ਆ ਗਿਆ ਮੁੜਕੇ ਜਰਮਨੀ, ਮਿੱਠੀਆਂ ਯਾਦਾਂ ਦੀ ਬਹਾਰ ਲੈ ਕੇ। ਜੋ ਪਿਆਰ ਸਤਿਕਾਰ ਮੈਨੂੰ ਵਲੈਤ ਦੀ ਧਰਤੀ 'ਤੇ ਬਜ਼ੁਰਗਾਂ ਵੱਲੋਂ ਮਿਲਿਆ ਸਦਾ ਯਾਦ ਰਹੂਗਾ ।
.................

No comments:

Post a Comment