Sunday, September 6, 2009

ਨਦੀ 'ਚ ਰੁੜ੍ਹਦੇ ਤਾਰੇ -ਪ੍ਰੀਤਮ ਸਿੱਧੂ (ਸਾਊਥਾਲ)

ਨਦੀ 'ਚ ਰੁੜ੍ਹਦੇ ਤਾਰੇ   -ਪ੍ਰੀਤਮ ਸਿੱਧੂ (ਸਾਊਥਾਲ)


ਇੰਗਲੈਂਡ ਵਿੱਚ ਸੱਤ ਸਾਲ ਰਹਿਣ ਪਿੱਛੋਂ, ਮੈਂ ਪਹਿਲੀ ਵਾਰ ਪੰਜਾਬ ਆਇਆ ਸਾਂ। ਵਿਛੜੇ ਦੋਸਤਾਂ-ਮਿੱਤਰਾਂ ਅਤੇ ਸਾਕ ਸੰਬੰਧੀਆਂ ਨੂੰ ਮਿਲਣ ਲਈ, ਮੇਰੇ ਮਨ ਵਿਚ ਬੇਕਾਬੂ ਤਾਂਘ ਸੀ ਅਤੇ ਇੱਕ ਪਿੰਡ ਤੋਂ ਦੂਜੇ ਪਿੰਡ ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਮੈਂ ਪੰਛੀਆਂ ਵਾਂਗ ਉਡਾਰੀਆਂ ਮਾਰਦਾ ਫਿਰਦਾ ਸਾਂ। ਭੁੱਲੇ ਵਿਸਰੇ ਨਕਸ਼ਾਂ ਦੀ ਭਾਲ ਨੇ ਮੈਨੂੰ ਅੱਚਵੀਂ ਜਿਹੀ ਲਾ ਛੱਡੀ ਸੀ। ਮੁੱਲਾਂਪੁਰ ਮੈਂ ਆਪਣੇ ਇੱਕ ਬਹੁਤ ਪਿਆਰੇ ਮਿੱਤਰ ਨੂੰ ਮਿਲਣ ਜਾਣਾ ਸੀ ਅਤੇ ਇਸ ਮੰਤਵ ਲਈ ਰਾਏਕੋਟ ਦੇ ਬੱਸ-ਅੱਡੇ ਤੋਂ ਬੱਸ ਫੜਣੀ ਸੀ।
ਬੱਸ ਦੇ ਤੁਰਨ ਵਿੱਚ ਹਾਲੇ ਕਾਫੀ ਸਮਾਂ ਸੀ। ਸੋ ਮੈਂ ਵਕਤ ਨੂੰ ਧੱਕਾ ਦੇਣ ਲਈ ਅਖ਼ਬਾਰਾਂ ਵੇਚਣ ਵਾਲੇ ਇੱਕ ਮੁੰਡੇ ਤੋਂ ਅਖ਼ਬਾਰ ਖ਼ਰੀਦ ਲਿਆ। ਪੱਥਰ ਦੇ ਵੱਡੇ ਸਾਰੇ ਥੜੇ 'ਤੇ ਬੈਠੇ ਇੱਕ ਸਾਊ ਜਿਹੇ ਬਜ਼ੁਰਗ ਨੇ ਰਤਾ ਕੁ ਸਰਕ ਕੇ ਮੇਰੇ ਬੈਠਣ ਜੋਗੀ ਥਾਂ ਬਣਾ ਦਿੱਤੀ। ਦਾਹੜੀ-ਕੇਸ ਨਾ ਹੋਣ ਕਾਰਨ ਅਤੇ ਵਲੈਤੀ ਪੌਣ ਪਾਣੀ ਨੇ ਮੇਰਾ ਰੰਗ ਵਾਹਵਾ ਗੋਰਾ-ਚਿੱਟਾ ਕਰ ਦਿੱਤਾ ਸੀ। ਸ਼ਾਇਦ ਬਜ਼ੁਰਗ ਨੇ ਮੈਨੂੰ ਕੋਈ ਛੋਟਾ- ਮੋਟਾ ਸਰਕਾਰੀ ਅਫ਼ਸਰ ਹੀ ਸਮਝ ਲਿਆ ਹੋਵੇ। ਨਾਲੇ ਮੇਰੇ ਕੱਪੜੇ ਵੀ ਤਾਂ 'ਬਾਹਰੋਂ' ਆਏ ਬੰਦੇ ਦੀ ਚੁਗਲੀ ਕਰ ਰਹੇ ਸਨ।
ਮੁਸਾਫ਼ਰਖ਼ਾਨੇ ਵਿੱਚ ਪੱਖਾ ਚੱਲਣ ਦੇ ਬਾਵਜੂਦ ਵੀ ਗਰਮੀ ਹੀਲਾਂ ਕਰਾਈ ਜਾਂਦੀ ਸੀ। ਮਾਵਾਂ ਦੀਆਂ ਗੋਦੀਆਂ ਵਿੱਚ ਬੱਚੇ ਬੇਹੋਸ਼ਾਂ ਵਾਂਗ ਪਏ ਸਨ। ਅੱਧਖੜ ਉਮਰ ਦੇ ਦੋ ਬੰਦਿਆਂ ਨੇ ਤਾਂ ਆਪਣੀਆਂ ਕਮੀਜ਼ਾਂ ਲਾਹ ਕੇ ਕੋਲ ਰੱਖੀਆਂ ਹੋਈਆਂ ਸਨ। ਉਹਨਾਂ ਦੇ ਤਾਂਬੇ ਰੰਗੇ ਪਿੰਡਿਆਂ ਉੱਤੇ ਚੇਤਰ ਦੀ ਤਰੇਲ ਦੇ ਤੁਪਕਿਆਂ ਵਾਂਗ ਪਸੀਨੇ ਦੀਆਂ ਕਣੀਆਂ ਬਣੀਆਂ ਹੋਈਆਂ ਸਨ। ਤੇਲ ਨਾਲ ਚੋਪੜੇ ਪਟਿਆਂ ਵਾਲਾ ਇੱਕ ਬਾਬੂ, ਘੜੀ-ਮੁੜੀ ਆਪਣੀ ਬੁਸ਼ਰਟ ਦੇ ਕਾਲਰਾਂ ਹੇਠੋਂ ਰੁਮਾਲ ਨਾਲ ਪਸੀਨਾ ਪੂੰਝੀ ਜਾ ਰਿਹਾ ਸੀ। ਛੱਪੜ ਵਿੱਚ ਬੈਠੀ ਮੱਝ ਵਾਂਗ ਉਹ ਕਦੀ ਕਦੀ ਫੁੰਕਾਰਾ ਜਿਹਾ ਵੀ ਮਾਰਦਾ।
ਮੈਂ ਅਖ਼ਬਾਰ ਦੇ ਪਹਿਲੇ ਸਫ਼ੇ ਉੱਤੇ ਝਾਤੀ ਮਾਰ ਕੇ, ਉਸ ਦੀ ਪੱਖੀ ਜਿਹੀ ਬਣਾ ਲਈ ਅਤੇ ਪਸੀਨਾ ਸੁਕਾਉਣ ਲਈ ਆਪਣੇ ਸਰੀਰ ਨੂੰ ਝੱਲ ਮਾਰਨ ਲੱਗ ਪਿਆ।
ਦੂਰ ਖੜ੍ਹੀ ਮੋਟਰ ਦੇ ਹੇਠਾਂ ਲੰਮਾ ਪਿਆ ਹੋਇਆ ਇੱਕ ਮਕੈਨਿਕ ਸੀਟੀ ਰਾਹੀਂ ਕੋਈ ਫ਼ਿਲਮੀ ਗਾਣਾ ਗਾ ਰਿਹਾ ਸੀ।
ਨੰਗੇ ਪੈਰੀਂ, ਮੈਲੇ ਝੱਗੇ, ਕੋਈ ਦਸਾਂ-ਬਾਰਾਂ ਸਾਲਾਂ ਦਾ ਇੱਕ ਮੁੰਡਾ ਗਾ ਕੇ ਮੁਸਾਫ਼ਰਾਂ ਤੋਂ ਭੀਖ ਮੰਗ ਰਿਹਾ ਸੀ। ਬਹੁਤਿਆਂ ਤੋਂ ਝਿੜਕਾਂ ਖਾ ਕੇ ਵੀ ਉਹ ਗਾ ਕੇ ਮੰਗੀ ਜਾ ਰਿਹਾ ਸੀ। ਸੱਜਾ ਹੱਥ ਅੱਗੇ ਕਰ ਕੇ ਉਹ ਭਗਵਾਨ ਦਾ ਵਾਸਤਾ ਪਾਉਂਦਾ। ਦਫ਼ਤਰੋਂ ਨਿਕਲਦੇ ਇੱਕ ਕੰਡਕਟਰ ਨੇ ਕੁੱਝ ਭਾਨ ਉਹਦੇ ਹੱਥ ਉੱਤੇ ਰੱਖੀ ਅਤੇ ਸੀਟੀ ਵਜਾਉਂਦਾ ਬੱਸ ਵਿੱਚ ਜਾ ਬੈਠਾ।
ਖੱਟੇ ਰੰਗ ਦੀਆਂ, ਰਬੜ ਦੀਆਂ ਚੱਪਲਾਂ ਪਾਈ, ਆਪਣੇ ਖੱਬੇ ਹੱਥ ਉੱਤੇ ਫੁੱਲ-ਪਤਾਸਿਆਂ ਵਾਲਾ ਛਾਬਾ ਟਿਕਾਈ, ਇੱਕ ਮਾੜਚੂ ਜਿਹਾ ਮੁੰਡਾ ਮੁਸਾਫ਼ਰਾਂ ਦੇ ਵਿਚਕਾਰ ਆ ਬੈਠਾ। ਮੱਖੀਆਂ ਵੀ ਉਹਦੇ ਨਾਲ ਹੀ ਬੈਠ ਗਈਆਂ। ਉਹ ਆਪਣੇ ਸੱਜੇ ਹੱਥ ਵਿੱਚ ਫੜੇ ਗੰਦੇ ਜਿਹੇ ਕੱਪੜੇ ਨਾਲ ਬਥੇਰਾ ਮੱਖੀਆਂ ਨੂੰ ਉਡਾਉਣ ਦਾ ਯਤਨ ਕਰਦਾ, ਪਰ ਬੇਸ਼ਰਮਾਂ ਵਾਂਗ ਮੱਖੀਆਂ ਮੁੜ ਮਿੱਠੇ ਉੱਤੇ ਆ ਬੈਠਦੀਆਂ। ਕੁੱਝ ਮੱਖੀਆਂ ਉੱਡ ਕੇ ਦੁੱਧ ਸਿੰਮਦੇ ਮਾਵਾਂ ਦੇ ਥਣਾਂ ਅਤੇ ਬੱਚਿਆਂ ਦੇ ਮੂੰਹਾਂ ਉੱਤੇ ਬੈਠੀ ਜਾ ਰਹੀਆਂ ਸਨ। ਆਪਣੀਆਂ ਚੁੰਨੀਆਂ ਨਾਲ ਮਾਵਾਂ ਨੇ ਬੱਚਿਆਂ ਦੇ ਮੂੰਹ ਢੱਕ ਲਏ।
ਬੱਚਿਆਂ ਅਤੇ ਉਹਨਾਂ ਦੀਆਂ ਮਾਵਾਂ ਨੂੰ ਛਾਬੇ ਵੱਲ ਝਾਕਦਿਆਂ ਤਾੜ ਕੇ ਉਸ ਛਾਬੇ ਵਾਲੇ ਮੁੰਡੇ ਨੇ ਚੀਕਵੀਂ ਆਵਾਜ਼ ਵਿੱਚ ਹੋਕਾ ਦਿੱਤਾ, ''ਮਿੱਠੇ ਫੁੱਲ-ਪਤਾਸੇ, ਖਾਉ ਤਾਂ ਨਿਕਲਣ ਹਾਸੇ।'' ਅਤੇ ਫਿਰ ਉਹ ਮੁੰਡਾ ਆਸ ਭਰੀਆਂ ਨਜ਼ਰਾਂ ਨਾਲ ਮੁਸਾਫ਼ਰਾਂ ਦੇ ਮੂੰਹਾਂ ਵੱਲ ਦੇਖਣ ਲੱਗ ਪਿਆ।
ਕਈ ਬੱਚੇ ਲਲਚਾਈਆਂ ਨਜ਼ਰਾਂ ਨਾਲ ਛਾਬੇ ਵੱਲ ਵੇਖ ਕੇ ਆਪਣੀਆਂ ਮਾਵਾਂ ਦੀਆਂ ਵੱਖੀਆਂ ਵਿੱਚ ਮੂੰਹ ਦੇ ਕੇ, ਚੂੰ ਚੂੰ ਕਰਨ ਲੱਗ ਪਏ। ਕਈ ਬੱਚੇ ਗੱਲ ਨਾ ਬਣਦੀ ਵੇਖ ਕੇ, ਬਹੁਤ ਹੀ ਰਿਹਾੜ ਕਰਨ ਲੱਗ ਪਏ, ਪਰ ਫਿਰ ਜਦ ਗਰਮੀ ਦੀ ਸਤਾਈ ਹੋਈ ਮਾਂ ਨੇ ਛਾਬੇ ਵਾਲੇ ਮੁੰਡੇ ਨੂੰ ਖਿੱਝ ਕੇ ਕਿਹਾ, ''ਲੈ ਜਾ ਵੇ ਚੱਕ ਕੇ ਪਰ੍ਹੇ ਆ ਛਾਬਾ ਜਿਹਾ, ਐਵੇਂ ਜੁਆਕਾਂ ਦੀਆਂ ਡਾਡਾਂ ਕਢਵਾਈ ਜਾਨੈਂ।'' ਤਦ ਮੁੰਡਾ ਅਤੇ ਮੱਖੀਆਂ ਉੱਠ ਕੇ ਦੂਜੇ ਬੈਂਚ ਕੋਲ ਜਾ ਬੈਠੇ।
ਮੇਰੇ ਤੋਂ ਜ਼ਰਾ ਕੁ ਦੂਰ, ਇੱਕ ਚਾਲੀ ਕੁ ਸਾਲਾਂ ਦੀ ਇਸਤਰੀ ਬੈਠੀ ਸੀ, ਜਿਸ ਦੇ ਨੈਣ ਨਕਸ਼, ਬੜੇ ਤਿੱਖੇ, ਸਿਰ 'ਤੇ ਵਾਲ਼ ਭੂਰੇ ਅਤੇ ਸੰਘਣੇ ਸਨ। ਉਸ ਦਾ ਰੰਗ ਉਹਦੇ ਕੰਨਾਂ ਦੀਆਂ ਵਾਲੀਆਂ ਵਰਗਾ ਸੀ। ਕੱਪੜਿਆਂ ਅਤੇ ਦਿੱਖ ਤੋਂ ਉਹ ਥੋੜ੍ਹਾ-ਬਹੁਤਾ ਪੜ੍ਹੀ-ਲਿਖੀ ਵੀ ਜਾਪਦੀ ਸੀ। ਪੱਖੇ ਤੋਂ ਦੂਰ ਬੈਠੀ ਹੋਣ ਕਾਰਨ ਉਹ ਪਸੀਨੇ ਨਾਲ ਗੜੁੱਚ ਹੋਈ ਪਈ ਸੀ। ਪਸੀਨਾ ਉਸਦੇ ਕੰਨਾਂ ਪਿੱਛੋਂ ਦੀ ਵਗ ਕੇ ਉਹਦੇ ਗਲਵੇਂ ਥਾਣੀ ਪਿੱਠ ਉੱਪਰ ਉੱਤਰਦਾ ਆ ਰਿਹਾ ਸੀ। ਉਸਦੀ ਕੁੜਤੀ ਪਿੱਠ ਨਾਲ ਚਿੱਪਕੀ ਹੋਈ ਸੀ ਅਤੇ ਅੰਗੀ ਦੀਆਂ ਲਾਈਨਾਂ ਨਜ਼ਰ ਆਉਣ ਲੱਗ ਪਈਆਂ ਸਨ। ਉਹ ਆਪਣੇ ਸੱਜੇ ਹੱਥ ਨਾਲ ਘੜੀ ਮੁੜੀ ਆਪਣੀ ਭਾਰੀ ਗੁੱਤ ਨੂੰ ਕੁੜਤੀ ਨਾਲ ਚਿਪਕਣ ਤੋਂ ਰੋਕਣ ਲਈ ਇਧਰ-ਉਧਰ ਕਰ ਰਹੀ ਸੀ। ਭਾਰੀ ਗੁੱਤ ਕਾਰਨ ਹੀ ਸ਼ਾਇਦ ਉਹਦੀ ਧੌਣ ਨੂੰ ਹਵਾ ਨਹੀਂ ਸੀ ਲੱਗ ਰਹੀ।
ਉਸਦੀ ਗੋਦੀ ਵਿੱਚ ਪਿਆ ਬੱਚਾ ਗਰਮੀ ਨਾਲ ਬੁਰੀ ਤਰ੍ਹਾਂ ਕੁਮਲਾ ਗਿਆ ਸੀ ਅਤੇ ਦੂਜਾ ਕੋਈ ਦਸ ਕੁ ਸਾਲਾਂ ਦਾ ਮੁੰਡਾ, ਉਹਦੇ ਆਲੇ-ਦੁਆਲੇ ਘੁੰਮੀ ਜਾ ਰਿਹਾ ਸੀ। ਦੋਵੇਂ ਬੱਚੇ ਬੜੇ ਖ਼ੂਬਸੂਰਤ ਅਤੇ ਸਿਹਤਮੰਦ ਸਨ।
ਮੈਨੂੰ ਅਚਾਨਕ ਹੀ ਉਸ ਇਸਤਰੀ ਨੇ ਪੁੱਛਿਆ-
''ਭਾਈ ਮੁੱਲਾਂਪੁਰ ਨੂੰ ਕਿਹੜੀ ਬੱਸ ਜਾਊ?''
''ਬੀਬੀ, ਔਹ ਦਫ਼ਤਰੋਂ ਪਤਾ ਕਰੋ।'' ਮੈਂ, ਆਪਣੇ ਮੱਥੇ ਤੋਂ ਰੁਮਾਲ ਨਾਲ ਮੁੜ੍ਹਕਾ ਪੂੰਝਦਿਆਂ ਉਸ ਇਸਤਰੀ ਨੂੰ ਉੱਤਰ ਦਿੱਤਾ।
ਜਦੋਂ ਉਹ ਇਸਤਰੀ ਪੁੱਛ-ਗਿੱਛ ਵਾਲੀ ਬਾਰੀ ਵਲੋਂ ਮੁੜੀ ਤਾਂ ਮੈਨੂੰ ਜਾਪਿਆ ਜਿਵੇਂ ਉਸ ਦਾ ਚਿਹਰਾ ਮੇਰਾ ਜਾਣਿਆ-ਪਛਾਣਿਆ ਹੋਵੇ। ਕੋਈ ਕੁਦਰਤੀ ਖਿੱਚ ਮੈਨੂੰ ਉਹਦੇ ਵੱਲ ਧੂਈ ਲਈ ਜਾਂਦੀ ਸੀ। ਉਸ ਵਿੱਚ ਕੁੱਝ ਐਸਾ ਸੀ ਜੋ ਅਣਗੌਲਿਆ ਨਹੀਂ ਸੀ ਰਹਿ ਸਕਦਾ। ਉਹ ਕੀ ਸੀ? ਮੈਨੂੰ ਇਹ ਸਮਝ ਨਹੀਂ ਸੀ ਆ ਰਹੀ।
ਫਿਰ ਜਦੋਂ ਉਹਨੇ ਆਪਣੇ ਵੱਡੇ ਬੱਚੇ ਨੂੰ ਆਖਿਆ, ''ਪੱਪੂ ਆ ਜਾ ਪੁੱਤ, ਔਹ ਬੱਸ ਜਾਊਗੀ।'' ਤਦ ਇਹ ਆਵਾਜ਼ ਸੁਣ ਕੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। ਇਹ ਆਵਾਜ਼ ਜਿਵੇਂ ਮੇਰੇ ਕੰਨਾਂ ਨੇ ਵਰ੍ਹਿਆਂ ਤੋਂ ਸਾਂਭੀ ਹੋਈ ਸੀ। ਮੈਂ ਆਪਣੀ ਯਾਦ-ਸ਼ਕਤੀ ਉੱਤੇ ਜ਼ੋਰ ਪਾ ਕੇ ਇਸ ਆਵਾਜ਼ ਨਾਲ ਆਪਣੀ ਗਵਾਚੀ ਹੋਈ ਸਾਂਝ ਲੱਭਣ ਦਾ ਯਤਨ ਕੀਤਾ।
ਉਹ ਇਸਤਰੀ ਫਿਰ ਕਿਸੇ ਗੱਲ ਤੋਂ ਹੱਸੀ। ਤਦ ਮੈਨੂੰ ਜਾਪਿਆ ਕਿ ਜਿਵੇਂ ਇਹ ਹਾਸਾ ਧੁਰ ਮੇਰੇ ਅੰਦਰ ਕਿਸੇ ਗੀਤ ਵਾਂਗ ਸਾਂਭਿਆ ਪਿਆ ਹੋਵੇ।
ਮੈਂ ਬਹੁਤ ਸੋਚਿਆ, ਪਰ ਯਾਦ ਦੀ ਸਲੇਟ ਬਿਲਕੁਲ ਸਾਫ਼ ਸੀ। ਮੈਨੂੰ ਆਪਣੇ ਆਪ ਉੱਤੇ ਗੁੱਸਾ ਆਉਣ ਲੱਗ ਪਿਆ। ਇੰਝ ਜਾਪਿਆ ਜਿਵੇਂ ਕੋਈ ਬੜੀ ਕੀਮਤੀ ਚੀਜ਼ ਲੱਭ ਕੇ ਮੁੜ ਮੇਰੇ ਕੋਲੋਂ ਗੁਆਚ ਗਈ ਹੋਵੇ।
ਉਹ ਇਸਤਰੀ ਹੁਣ ਨਲਕੇ ਉੱਤੇ ਜਾ ਕੇ, ਲੱਪਾਂ ਨਾਲ ਆਪਣੇ ਛੋਟੇ ਬੱਚੇ ਨੂੰ ਪਾਣੀ ਪਿਆ ਰਹੀ ਸੀ। ਵੱਡਾ ਮੁੰਡਾ ਨਲਕਾ ਗੇੜ ਰਿਹਾ ਸੀ। ਪਿਆਸੀਆਂ ਮਖ਼ਿਆਲ ਦੀਆਂ ਮੱਖੀਆਂ ਉੱਥੇ ਭੀਂ ਭੀਂ ਕਰਦੀਅ ਫਿਰਦੀਆਂ ਸਨ। ਫਿਰ ਉਸ ਇਸਤਰੀ ਨੇ ਆਪ ਵੀ ਰੱਜ ਕੇ ਪਾਣੀ ਪੀਤਾ। ਜਿਵੇਂ ਕਿਤੇ ਮਾਰੂਥਲ ਪਾਰ ਕਰ ਕੇ ਆਈ ਹੋਵੇ। ਠੰਡੇ ਪਾਣੀ ਦੇ ਛਿੱਟਿਆਂ ਨਾਲ ਉਹਨੇ ਆਪਣੇ ਦੋਵੇਂ ਮੁੰਡਿਆਂ ਦੇ ਚਿਹਰੇ ਠੰਢੇ ਕੀਤੇ, ਆਪਣੇ ਮੂੰਹ ਅਤੇ ਧੌਣ ਨੂੰ ਗਿੱਲਿਆਂ ਕੀਤਾ ਅਤੇ ਮੁੜ ਕੇ ਉਹ ਫਿਰ ਬੈਂਚ ਉੱਤੇ ਆ ਬੈਠੀ। ਤਰੇਲ ਨਾਲ ਧੋਤੇ
ਫੁੱਲ ਵਾਂਗ ਹੁਣ ਉਹਦਾ ਚਿਹਰਾ ਟਹਿਕ ਪਿਆ ਸੀ।
ਪਤਾ ਨਹੀਂ ਇਹ ਮੇਰਾ ਭੁਲੇਖਾ ਹੀ ਸੀ ਕਿ ਸੱਚ, ਪਰ ਮੈਨੂੰ ਜਾਪਿਆ ਜਿਵੇਂ ਉਹ ਇਸਤਰੀ ਵੀ ਲੁਕਵੇਂ ਜਿਹੇ ਢੰਗ ਨਾਲ ਮੇਰੇ ਵੱਲ ਝਾਕ ਰਹੀ ਹੋਵੇ।
ਭਾਵੇਂ ਮੈਨੂੰ ਉਸ ਸੰਬੰਧੀ ਕੁੱਝ ਵੀ ਯਾਦ ਨਹੀਂ ਸੀ ਆਇਆ, ਪਰ ਮੈਂ ਫਿਰ ਵੀ ਉਸ ਨਾਲ ਗੱਲ ਕਰ ਕੇ ਆਪਣਾ ਭੁਲੇਖਾ ਦੂਰ ਕਰਨਾ ਚਾਹੁੰਦਾ ਸਾਂ। ਸੋ ਜਿਗਰਾ ਕਰਕੇ ਮੈਂ ਉਸ ਦੇ ਕੋਲ ਚਲਿਆ ਗਿਆ। ਮੈਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹਨੇ ਮੂੰਹ ਦੂਜੇ ਪਾਸੇ ਕਰ ਲਿਆ।
''ਤੁਹਾਨੂੰ ਮੁੱਲਾਂਪੁਰ ਵਾਲੀ ਬੱਸ ਦਾ ਪਤਾ ਲੱਗ ਗਿਆ?'' ਮੈਂ ਝਿਜਕਦਿਆਂ ਉਸ ਨੂੰ ਪੁੱਛਿਆ।
''ਹਾਂ, ਔਹ ਜਿਹੜੀ ਦੂਜੀ ਐ, ਉਹ ਜਾਊਗੀ।'' ਆਪਣੀ ਗੋਦੀ ਵਿੱਚ ਪਏ ਬੱਚੇ ਨੂੰ ਝੱਲ ਮਾਰਦੀ ਉਹ ਬੋਲੀ।
''ਊਂ ਤਾਂ ਮੈਂ ਵੀ ਮੁੱਲਾਂਪੁਰ ਜਾਣੈ, ਉੱਥੋਂ ਫਿਰ ਅੱਗੇ ਜਗਰਾਵਾਂ ਵਾਲੀ ਬੱਸ ਫੜ੍ਹ ਲੂੰ।'' ਮੈਂ ਢੀਠ ਜਿਹੇ ਹੋਏ ਨੇ ਬਿਨਾਂ ਪੁੱਛਿਆਂ ਹੀ ਸਾਰਾ ਪ੍ਰੋਗਰਾਮ ਦੱਸਦਿਆਂ ਆਖਿਆ।
''ਅੱਗੇ ਬਾਈ ਕਿੱਥੇ ਜਾਣੈ?'' ਉਸ ਇਸਤਰੀ ਨੇ ਪੁੱਛਿਆ।
''ਜਾਣਾ ਤਾਂ ਮੈਂ ਲੱਖੇ ਐ। ਜਗਰਾਵਾਂ ਤੋਂ ਸਿੱਧੀਆਂ ਬੱਸਾਂ ਜਾਂਦੀਆਂ ਨੇ।'' ਮੈਂ ਫਿਰ ਨੀਝ ਨਾਲ ਵੇਖਦਿਆਂ ਉੱਤਰ ਦਿੱਤਾ।
ਲੱਖੇ ਪਿੰਡ ਦਾ ਨਾਂ ਸੁਣਦਿਆਂ ਹੀ ਉਹ ਮੇਰੇ ਵੱਲ ਨੂੰ ਪਾਸਾ ਮੋੜ ਕੇ, ਸਿੱਧੀ ਹੋ ਕੇ ਬੈਠ ਗਈ। ਹੁਣ ਉਹ ਬਿਨ੍ਹਾਂ ਝਿਜਕ ਮੇਰੇ ਵੱਲ ਝਾਕ ਰਹੀ ਸੀ। ਬੱਚੇ ਨੂੰ ਝੱਲ ਮਾਰਦਾ ਉਸ ਦਾ ਹੱਥ ਵੀ ਰੁਕ ਗਿਆ। ਉਸ ਦੇ ਚਿਹਰੇ ਉੱਤੇ ਆਈ ਗੰਭੀਰਤਾ ਨਾਲ ਮੈਨੂੰ ਖੁਸ਼ੀ ਹੋਈ।
ਉਸ ਨੇ ਹੈਰਾਨੀ ਵਿੱਚ ਮੈਨੂੰ ਫਿਰ ਸਵਾਲ ਕੀਤਾ, ''ਲੱਖੇ ਕੀਹਦੇ ਵੱਲ ਜਾਣੈ?''
''ਮੇਰੇ ਉੱਥੇ ਨਾਨਕੇ ਨੇ। ਮੇਰੇ ਮਾਮੇ ਦਾ ਨਾਂ ਚੰਨਣ ਸਿਉਂ ਐ।'' ਮੈਂ ਖੁਸ਼ੀ ਜਿਹੀ ਵਿੱਚ ਉੱਤਰ ਦਿੱਤਾ।
''ਤੂੰ ਕਿਤੇ ਪ੍ਰੀਤਮ ਤਾਂ ਨ੍ਹੀਂ!'' ਉਹਨੇ ਬੜੀ ਹੀ ਹੈਰਾਨੀ ਵਿੱਚ ਪੁੱਛਿਆ।
ਮੈਂ ਮੁਸਕਰਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ ਤਾਂ ਉਸਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਚਿਹਰਾ ਫੁੱਲ ਵਾਂਗ ਖਿੜ੍ਹ ਗਿਆ। ਉਸ ਕੋਲੋਂ ਖੁਸ਼ੀ ਜਿਵੇਂ ਸਾਂਭੀ ਨਹੀਂ ਸੀ ਜਾ ਰਹੀ।
''ਤੂੰ ਪਛਾਣਿਆ ਨ੍ਹੀਂ? ਮੈਂ ਪ੍ਰੀਤੋ ਆਂ! ਗਿਆਨ ਸਿਉਂ ਦੀ ਧੀ। ਆਪਾਂ 'ਕੱਠੇ ਤਾਂ ਪੜ੍ਹਦੇ ਹੁੰਦੇ ਸੀ।'' ਉਹ ਖੁਸ਼ੀ ਵਿੱਚ ਕਮਲੀ ਜਿਹੀ ਹੋਈ ਬੋਲੀ ਜਾ ਰਹੀ ਸੀ। ਉਸ ਨੂੰ ਸਾਹ ਚੜ੍ਹਿਆ ਹੋਇਆ ਸੀ ਅਤੇ ਉਹ ਮੇਰੇ ਵੱਲ ਟਿਕ-ਟਿਕੀ ਬੰਨ੍ਹੀ ਝਾਕ ਰਹੀ ਸੀ। ਉਸ ਦਾ ਜਿਵੇਂ ਸਰੀਰ ਕੰਬ ਰਿਹਾ ਹੋਵੇ।
ਮੈਂ ਆਪ ਵੀ ਬਹੁਤ ਜਜ਼ਬਾਤੀ ਹੋਇਆ ਪਿਆ ਸਾਂ। ਮੈਂ ਉਹਦੇ ਕੋਲ ਬੈਠ ਗਿਆ ਅਤੇ ਉਹਦੇ ਵੱਡੇ ਮੁੰਡੇ ਨੂੰ ਆਪਣੀ ਗੋਦੀ ਵਿੱਚ ਲੈ ਲਿਆ।
''ਲੈ ਐਹਨੂੰ ਬੀ ਚੁੱਕ ਲੈ।'' ਪ੍ਰੀਤੋ ਨੇ ਗੋਦੀ ਵਾਲਾ ਮੁੰਡਾ ਮੇਰੇ ਵੱਲ ਕਰਦਿਆਂ ਹੱਸ ਕੇ ਆਖਿਆ। ਉਹ ਹੁਣ ਕਲਬੂਤੋਂ ਬਾਹਰ ਨੱਚ ਰਹੀ ਸੀ ਉਹਦੇ ਬਿਨ ਬੋਲਿਆਂ ਬੁੱਲ੍ਹ ਫਰਕ ਰਹੇ ਸਨ।
''ਤਾਏ ਤੋਂ ਪਤਾ ਲੱਗਿਆ ਸੀ ਬਈ ਤੂੰ ਪੜ੍ਹ ਕੇ ਵਲੈਤ ਚਲਿਆ ਗਿਆਂ।'' ਪ੍ਰੀਤੋ ਨੇ ਮੇਰੇ ਸਿਰ ਤੋਂ ਪੈਰਾਂ ਤੀਕ ਝਾਤੀ ਮਾਰਦਿਆਂ ਆਖਿਆ।
''ਹਾਂ ਥੋੜ੍ਹੇ ਈ ਦਿਨ ਹੋਏ ਨੇ ਮੈਨੂੰ ਇੰਗਲੈਂਡ ਤੋਂ ਆਏ ਨੂੰ।'' ਮੈਂ ਮਸਾਂ ਹੀ ਇਹ ਸ਼ਬਦ ਮੂੰਹੋਂ ਕੱਢ ਸਕਿਆ। ਮੇਰਾ ਗੱਚ ਭਰਿਆ ਹੋਇਆ ਸੀ, ਜਿਵੇਂ ਕੜ੍ਹ ਪਾਟਣ ਵਾਲਾ ਹੋਵੇ। ਮੇਰੀ ਛਾਤੀ ਉੱਤੇ ਮਣਾਂ-ਮੂੰਹੀਂ ਭਾਰ ਆ ਪਿਆ ਹੋਵੇ।
''ਤਾਈਉਂ ਤਾਂ ਬਾਬੂ ਜਿਹਾ ਬਣਿਆ ਹੋਇਐਂ। ਮੈਂ ਪਹਿਲਾਂ ਸੋਚਿਆ ਬਈ ਕੋਈ ਬਿਗੜਿਆ ਵਿਐ ਬਾਣੀਆ। 'ਕੱਲੀ ਤੀਮੀਂ ਮਾਨੀ ਵੇਖ ਕੇ ਬੋਦੀਆਂ ਜਿਹੀਆਂ ਲਿਸ਼ਕਾਉਂਦਾ ਫਿਰਦੈ।'' ਪ੍ਰੀਤੋ ਨੇ ਹੱਸਦਿਆਂ ਆਖਿਆ।
''ਮੈਂ ਵੀ ਸੋਚਦਾ ਸੀ ਬਈ ਉਹ ਜੱਟ ਰੱਬ ਕੋਲ ਬਹਿ ਕੇ ਭਾਗ ਲਿਖਵਾ ਕੇ ਲਿਆਇਆ ਹੋਊ, ਜਿਹਦੀ ਆਹ ਜਨਾਨੀ ਐ।'' ਮੈਂ ਮਖੌਲ ਕੀਤਾ।
ਉਹ ਇੰਨੇ ਜ਼ੋਰ ਨਾਲ ਹੱਸੀ ਕਿ ਬੱਸ ਵਿੱਚ ਬੈਠਾ ਕੰਡਕਟਰ ਵੀ ਸਾਡੇ ਵੱਲ ਮਕਰਾ ਜਿਹਾ ਵੇਖਣ ਲੱਗ ਪਿਆ।
''ਤੂੰ ਤਾਂ ਸਹੁੰ ਗੁਰੂ ਦੀ ਪ੍ਰੀਤਮਾਂ, ਉਹੋ ਜਿਹਾ ਈ ਐਂ। ਸਾਡਾ ਈ ਸਮਝੋ ਜਹਾਨ ਬਦਲ ਗਿਆ।'' ਪ੍ਰੀਤੋ ਨੇ ਗੰਭੀਰ ਜਿਹਾ ਮੂੰਹ ਬਣਾ ਕੇ ਆਖਿਆ।
ਤੇ ਫਿਰ ਇੱਕ ਪਲ ਉਹ ਬਿਲਕੁਲ ਚੁੱਪ ਹੋ ਗਈ।
ਮੈਂ ਉਸ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਚੁੰਨੀ ਦੇ ਪੱਲੇ ਨਾਲ ਉਸ ਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਪਰ ਫਿਰ ਵੀ ਛੱਲ ਤੇ ਛੱਲ ਤੁਰੀ ਆਉਂਦੀ ਸੀ। ਮੇਰੀਆਂ ਅੱਖਾਂ ਵਿੱਚ ਵੀ ਅਬਰਕੀ ਪਾਣੀ ਤੈਰ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਆਖ ਕੇ ਉਸ ਦੇ ਹੰਝੂਆਂ ਨੂੰ ਮੁਸਕਾਨ ਵਿੱਚ ਬਦਲਾਂ। ਮੈਂ ਬਸ ਉਸ ਵੱਲ ਨੀਝ ਲਾ ਕੇ ਝਾਕੀ ਜਾ ਰਿਹਾ ਸਾਂ।
ਪ੍ਰੀਤੋ ਮੇਰੇ ਨਾਲ ਮਿਡਲ ਸਕੂਲ ਵਿੱਚ ਪੜ੍ਹਦੀ ਹੁੰਦੀ ਸੀ। ਸੁਹਣੀ ਤਾਂ ਉਹ ਹੈ ਹੀ ਸੀ, ਨਹੀਂ ਤਾਂ ਪ੍ਰੀਤੋ ਉਹਦਾ ਨਾਂ ਉਹਦੇ ਘਰ ਦੇ ਕਾਹਨੂੰ ਰੱਖਦੇ? ਪਰ ਉਸ ਦੀ ਲਿਖਾਈ ਵੀ ਬਹੁਤ ਸੁੰਦਰ ਹੁੰਦੀ ਸੀ। ਆਪਣੇ ਪੈਰਾਂ ਵਿੱਚ ਦਵਾਤ ਫਸਾ ਕੇ, ਅੱਖਾਂ ਮੀਚ ਕੇ, ਉਹ ਆਪਣੀ ਸਿਆਹੀ ਨੂੰ ਇੰਜ ਘੋਟਦੀ ਜਿਵੇਂ ਉਸ ਵਿੱਚੋਂ ਮੱਖਣ ਕੱਢਣਾ ਹੋਵੇ। ਜੇ ਬਿਨ੍ਹਾਂ ਆਗਿਆ ਦੇ ਕੋਈ ਉਸ ਦੀ ਦਵਾਤ ਵਿੱਚੋਂ ਡੋਬਾ ਲਾ ਲੈਂਦਾ ਤਾਂ ਉਹ ਇੱਲ੍ਹ ਮਗਰ ਪਈ ਕੁੱਕੜੀ ਵਾਂਗ ਉਹਦੇ ਪਿੱਛੇ ਪੈ ਜਾਂਦੀ, ਪਰ ਮੇਰੇ ਅੱਗੇ ਉਹ ਦਵਾਤ ਆਪੇ ਹੀ ਕਰ ਦਿੰਦੀ ਸੀ।
ਮੈਂ ਅਤੇ ਪ੍ਰੀਤੋ ਟਾਟ ਉੱਤੇ ਇੱਕ ਦੂਜੇ ਦੇ ਨਾਲ ਲੱਗ ਕੇ ਬੈਠਿਆ ਕਰਦੇ ਸਾਂ। ਉਹ ਠੰਡ ਦੇ ਬਹਾਨੇ ਮੇਰੇ ਨਾਲ ਲੱਗ ਜਾਇਆ ਕਰਦੀ ਸੀ। ਦੂਜੇ ਮੁੰਡੇ ਮੇਰੇ ਨਾਲ ਖਾਰ ਖਾਂਦੇ ਸਨ। 'ਪ੍ਰੀਤੋ ਪ੍ਰੀਤੂ ਦੋ ਜਣੇ, ਅਸੀਂ ਸਾਰੇ 'ਕੱਲੇ' ਆਖ ਕੇ ਉਹ ਸਾਨੂੰ ਛੇੜਿਆ ਕਰਦੇ ਸਨ। ਪ੍ਰੀਤੋ ਕਮਲਿਆਂ ਵਾਂਗ ਉਹਨਾਂ ਦੇ ਮਗਰ ਭੱਜਦੀ।
ਇੱਕ ਵਾਰ ਮਾਸਟਰ ਕੋਲ ਪ੍ਰੀਤੋ ਨੇ ਸ਼ਿਕਾਇਤ ਲਾ ਦਿੱਤੀ। ਮਾਸਟਰ ਖ਼ਚਰਾ ਜਿਹਾ ਹੱਸਿਆ। ਪ੍ਰੀਤੋ ਸ਼ਰਮਾ ਗਈ। ਮਾਸਟਰ ਨੇ ਮੁੰਡਿਆਂ ਦੇ ਕੰਨ ਫੜ੍ਹਾ ਕੇ ਚੰਗੀ ਤੌਣੀ ਲਾਈ। ਮੁੰਡੇ ਸਾਨੂੰ ਛੇੜਨੋ ਤਾਂ ਹੱਟ ਗਏ ਪਰ ਫਿਰ ਪ੍ਰੀਤੋ ਉਦਾਸ ਹੋ ਗਈ। ਉਹਨੇ ਮੁੰਡਿਆਂ ਨੂੰ ਯਕੀਨ ਦਿਵਾਇਆ ਕਿ ਉਹ ਮੁੜ ਸ਼ਿਕਾਇਤ ਨਹੀਂ ਲਾਵੇਗੀ। ਉਹ ਬੇਸ਼ਕ 'ਪ੍ਰੀਤੋ-ਪ੍ਰੀਤੂ' ਵਾਲੀ ਗੱਲ ਆਖ ਲਿਆ ਕਰਨ। ਮਖ਼ੌਲ ਫਿਰ ਸ਼ੁਰੂ ਹੋ ਗਿਆ। ਪ੍ਰੀਤੋ ਦਾ ਭਾਵੇਂ ਮੂੰਹ ਲਾਲ ਸੂਹਾ ਹੋ ਜਾਂਦਾ, ਪਰ ਉਹ ਸ਼ਿਕਾਇਤ ਨਾ ਲਾਉਂਦੀ।
ਟਮਾਟਰ ਵਰਗਾ ਲਾਲ ਮੂੰਹ ਲੈ ਕੇ ਉਹ ਜਦੋਂ ਮੇਰੇ ਕੋਲ ਆਉਂਦੀ, ਤਾਂ ਝੂਠੀ ਮੂਠੀ ਦਾ ਗੁੱਸਾ ਮੈਨੂੰ ਜ਼ਾਹਰ ਕਰਦੀ। ਮੈਂ ਵੀ ਉਹਦੇ ਨਾਲ ਐਵੇਂ ਮੁੱਚੀ ਦਾ ਗੁੱਸੇ ਹੋ ਕੇ, ਪਰ੍ਹੇ ਖੇਡਦੇ ਮੁੰਡਿਆਂ ਕੋਲ ਚਲਿਆ ਜਾਂਦਾ। ਉਹਦੀਆਂ ਗੱਲ੍ਹਾਂ ਅੰਗਿਆਰ ਵਾਂਗ ਦੱਗਣ ਲੱਗ ਪੈਂਦੀਆਂ। ਪੈਰ ਜਿਹੇ ਮਲ਼ਦੀ ਉਹ ਵੀ ਉੱਥੇ ਹੀ ਆ ਜਾਂਦੀ। ਪ੍ਰੀਤੋ ਨੂੰ ਕੋਲ ਖੜ੍ਹੀ ਵੇਖ ਕੇ ਮੁੰਡੇ ਮੈਨੂੰ ਅੱਖਾਂ ਨਾਲ ਇਸ਼ਾਰੇ ਕਰਦੇ ਅਤੇ ਮੈਂ ਜਾਣਬੁੱਝ ਕੇ ਪ੍ਰੀਤੋ ਵੱਲ ਪਿੱਠ ਕਰ ਲੈਂਦਾ। ਜੇ ਕਦੀ ਮੇਰਾ ਸਵਾਲ ਗਲਤ ਹੋਣ ਉੱਤੇ ਮਾਸਟਰ ਬਚਨ ਚੰਦ ਮੈਨੂੰ ਝਿੜਕਦਾ ਤਾਂ ਪ੍ਰੀਤੋ ਦਾ ਮੂੰਹ ਫੁੱਲ ਵਾਂਗ ਮੁਰਝਾ ਜਾਂਦਾ। ਸ਼ਬਦ-ਜੋੜ ਸਮੇਂ ਤਾਂ ਉਹ ਆਪਣੀ ਫੱਟੀ ਬਿਲਕੁਲ ਹੀ ਮੇਰੇ ਵੱਲ ਸਰਕਾ ਦਿੰਦੀ ਸੀ। ਜੇ ਫਿਰ ਮੁੰਡੇ ਮੇਰੇ ਨਾਲ ਖ਼ਾਰ ਖਾਂਦੇ ਸਨ ਤਾਂ ਉਹ ਸੱਚੇ ਹੀ ਸਨ।
ਪਾਕਿਸਤਾਨ ਵਿੱਚੋਂ ਸਾਡਾ ਟੱਬਰ ਆ ਚੁੱਕਿਆ ਸੀ ਅਤੇ ਸਾਨੂੰ ਹਠੂਰ ਜ਼ਮੀਨ ਅਲਾਟ ਹੋ ਗਈ ਸੀ। ਮੈਂ ਵੀ ਮਿਡਲ ਪਾਸ ਕਰ ਕੇ ਤਖ਼ਤੂਪੁਰੇ ਦੇ ਹਾਈ ਸਕੂਲ ਵਿੱਚ ਜਾ ਦਾਖ਼ਲ ਹੋਇਆ ਸੀ। ਇਸ ਲਈ ਹੁਣ ਮੇਰਾ ਨਾਨਕੇ ਆਉਣਾ ਜਾਣਾ ਘਟ ਗਿਆ ਸੀ।
ਪ੍ਰੀਤੋ ਵੀ ਹੁਣ ਸਕੂਲੋਂ ਹਟ ਕੇ, ਘਰ ਦੀਆਂ ਦਰੀਆਂ ਬੁਣਨ ਅਤੇ ਸਿਰਹਾਣਿਆਂ ਉੱਤੇ ਤੋਤਾ-ਮੈਨਾ ਦੇ ਚਿੱਤਰ ਕੱਢਣ ਲੱਗ ਪਈ ਸੀ। ਮੈਂ ਜਦੋਂ ਕਦੀ ਵੀ ਨਾਨਕੇ ਜਾਂਦਾ ਤਾਂ ਮਾਮੇ ਦੇ ਦਰਾਂ ਅੱਗੇ ਮੰਜਾ ਡਾਹ ਕੇ ਪ੍ਰੀਤੋ ਲਈ ਬੈਠਾ ਰਹਿੰਦਾ, ਪਰ ਪ੍ਰੀਤੋ ਮੈਨੂੰ ਮਿਲਣ ਕਦੇ ਨਹੀਂ ਸੀ ਆਈ।
ਫਿਰ ਜਿਉਂ ਜਿਉਂ ਦੋਵੇਂ ਧਿਰਾਂ ਜਵਾਨ ਹੁੰਦੀਆਂ ਗਈਆਂ, ਰਸਤੇ ਸੌੜੇ ਹੁੰਦੇ ਗਏ। ਸੋ ਉਸ ਮਗਰੋਂ ਅੱਜ ਪਹਿਲੀ ਵਾਰ ਮੈਂ ਪ੍ਰੀਤੋ ਨੂੰ ਵੇਖਿਆ ਸੀ। ਪੀਲੀ ਭੂਕ ਅਤੇ ਦੋ ਬੱਚਿਆਂ ਦੀ ਮਾਂ ਪ੍ਰੀਤੋ ਨੂੰ।
''ਇਹਦਾ ਪਿਉ ਵੀ ਇੰਗਲੈਂਡ ਗਿਆ ਵਿਐ, ਖੱਟੀ ਖੱਟਣ। ਕਿਤੇ ਮਿਲਿਆ ਨ੍ਹੀਂ?'' ਪ੍ਰੀਤੋ ਨੇ ਵੱਡੇ ਮੁੰਡੇ ਵੱਲ ਇਸ਼ਾਰਾ ਕਰਦਿਆਂ ਮੈਨੂੰ ਆਖਿਆ।
''ਪ੍ਰੀਤੋ ਤੂੰ ਕੀ ਭੋਲੀ ਗੱਲ ਕਰਦੀ ਐਂ, ਇੰਗਲੈਂਡ ਪਿੰਡ ਥੋੜੀ ਆ, ਉਹ ਤਾਂ ਇੱਕ ਵੱਡਾ ਮੁਲਕ ਆ, ਸਾਰੇ ਪੰਜਾਬ ਜਿੱਡਾ।'' ਮੈਂ ਉਸਦੇ ਸਵਾਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਸ ਨੂੰ ਦੱਸਿਆ।
''ਐਹੋ ਜਹੇ ਸਰਦਾਰਾਂ ਨੂੰ ਸਾਰੀ ਦੁਨੀਆਂ ਜਾਣਦੀ ਹੁੰਦੀ ਆ।'' ਪ੍ਰੀਤੋ ਨੇ ਮਕਰਾ ਜਿਹਾ ਹੱਸਦਿਆਂ ਕਿਹਾ।
ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਧਰਤੀ ਖਿਸਕਣ ਲੱਗੀ। ਮੈਂ ਬੜਾ ਅਚੰਭੇ ਵਿੱਚ ਪੁੱਛਿਆ, ''ਕੀ ਨਾਂ ਐ ਉਸ ਭਾਗਾਂ ਵਾਲੇ ਦਾ?''
''ਨਾ ਤਾਂ ਬਥੇਰਾ ਸੁਹਣੈ, ਸਰਦਾਰ ਗੁਰਪ੍ਰਤਾਪ ਸਿੰਘ ਮਾਣਕਪੁਰੀਆ।'' ਪ੍ਰੀਤੋ ਨੇ 'ਸਰਦਾਰ' ਸ਼ਬਦ ਬੜਾ 'ਰਗੜ' ਕੇ ਆਖਿਆ।
ਪ੍ਰੀਤੋ ਵੱਲੋਂ ਪਿੰਡ ਮਾਣਕਪੁਰ ਦਾ ਨਾਂ ਲੈਂਦਿਆਂ ਹੀ ਮੈਨੂੰ ਸਮਝ ਆ ਗਈ ਕਿ ਉਹ ਕੌਣ ਬੰਦਾ ਸੀ। ਇੰਗਲੈਂਡ ਵਿੱਚ ਉਹ ਸਾਡੇ ਕੋਲੋਂ ਕੋਈ ਸੌ ਕੁ ਮੀਲ ਉੱਤੇ ਰਹਿੰਦਾ ਸੀ। ਮੈਂ ਇੱਕ ਵਾਰ ਕਿਸੇ ਵਿਆਹ ਉੱਤੇ ਉਸ ਨੂੰ ਮਿਲਿਆ ਵੀ ਸਾਂ, ਪਰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਪ੍ਰੀਤੋ ਦਾ ਪਤੀ ਹੈ, ਪਰ ਮੈਨੂੰ ਇਹ ਜ਼ਰੂਰ ਦੱਸਿਆ ਗਿਆ ਸੀ ਕਿ ਉਹ ਮੇਰੇ ਨਾਨਕੇ ਪਿੰਡ ਵਿਆਹਿਆ ਹੋਇਆ ਹੈ। ਉਸ ਬੰਦੇ ਦੇ ਨਾਲ ਦੇ ਦੱਸਦੇ ਸੀ ਕਿ ਉਸ ਨੇ ਕਿਸੇ ਫਿਰਤੂ ਜਿਹੀ ਗੋਰੀ ਨੂੰ ਘਰ ਰੱਖਿਆ ਹੋਇਆ ਸੀ। ਸ਼ਾਇਦ ਇੱਕ ਦੋ ਬੱਚੇ ਵੀ ਹੋ ਗਏ ਸਨ।
ਗੁਰਪ੍ਰਤਾਪ ਸਿੰਘ ਆਪ ਮੈਨੂੰ ਮਿਲਣ ਤੋਂ ਝਿਜਕਦਾ ਸੀ। ਮੇਰੀ ਵੀ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ।
''ਅੱਛਾ ਮੈਨੂੰ ਸੱਚ ਦੱਸੀਂ। ਇੱਥੇ ਲੋਕ ਕਹਿੰਦੇ ਨੇ ਬਈ ਮੇਮਾਂ ਪੰਜਾਬੀਆਂ ਦੇ ਮਗਰ ਮਗਰ ਭੱਜੀਆਂ ਫਿਰਦੀਆਂ ਨੇ।'' ਪ੍ਰੀਤੋ ਨੇ ਮੁਸਕਰਾਉਂਦਿਆਂ ਮੈਨੂੰ ਪੁੱਛਿਆ।
''ਆਹੋ ਭੱਜੀਆਂ ਫਿਰਦੀਆਂ ਨੇ, ਪਰ ਜੁੱਤੀਆਂ ਮਾਰਨ ਲਈ।'' ਮੈਂ ਹੱਸਦਿਆਂ ਉੱਤਰ ਦਿੱਤਾ।
ਮੇਰੀ ਗੱਲ ਸੁਣ ਕੇ ਪ੍ਰੀਤੋ ਬਹੁਤ ਜ਼ੋਰ ਦੀ ਹੱਸੀ। ਸਾਨੂੰ ਹੱਸਦਿਆਂ ਸੁਣਕੇ ਕੰਡਕਟਰ ਡਰਾਈਵਰ ਵੀ ਇੱਕ ਦੂਜੇ ਨਾਲ ਅੱਖਾਂ ਰਾਹੀਂ ਗੱਲਾਂ ਕਰਨ ਲੱਗ ਪਏ।
''ਔਹ ਭਾਈ ਤਾਂ ਸਮਝਦਾ ਹੋਊ ਬਈ ਬਾਣੀਆਂ ਜਿਹਾ ਲੈ ਗਿਆ ਪੱਟ ਕੇ ਕਿਸੇ ਦੀ ਤੀਮੀਂ।'' ਸਾਡੇ ਵੱਲ ਝਾਕਦੇ ਬੰਦੇ ਵੱਲ ਅੱਖ ਦਾ ਇਸ਼ਾਰਾ ਕਰਦਿਆਂ ਪ੍ਰੀਤੋ ਨੇ ਮੈਨੂੰ ਆਖਿਆ।
ਕੰਡਕਟਰ ਮੇਰੇ ਵੱਲ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਬੱਸ ਦੇ ਤੁਰਨ ਦਾ ਸਮਾਂ ਹੋ ਗਿਆ ਸੀ ਅਤੇ ਸਵਾਰੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਅੰਦਰ ਵੜ ਰਹੀਆਂ ਸਨ। ਬੱਸ ਪਹਿਲਾਂ ਹੀ ਨੱਕੋ ਨੱਕ ਭਰੀ ਹੋਈ ਸੀ।
ਪ੍ਰੀਤੋ ਨੂੰ ਇੱਕ ਬੁੱਢੀ ਜਿਹੀ ਇਸਤਰੀ ਦੇ ਨਾਲ ਸੀਟ ਮਿਲ ਗਈ ਸੀ ਅਤੇ ਪੱਪੂ ਨੂੰ ਮੈਂ ਆਪਣੇ ਪੱਟਾਂ ਵਿੱਚ ਬਿਠਾ ਲਿਆ। ਬੱਸ ਵਿੱਚ ਤਾਂ ਕੋਈ ਬਹੁਤੀ ਗੱਲਬਾਤ ਹੋ ਨਹੀਂ ਸੀ ਸਕਦੀ। ਸੋ ਅਸੀਂ ਦੋਵੇਂ ਭਰੇ-ਪੀਤੇ ਮੁੱਲਾਂਪੁਰ ਦੇ ਅੱਡੇ ਉੱਤੇ ਆ ਉੱਤਰੇ।
ਪ੍ਰੀਤੋ ਨੂੰ ਅੱਗੇ ਇੱਕ ਨੌਜਵਾਨ ਲੈਣ ਆਇਆ ਹੋਇਆ ਸੀ। ਮੈਨੂੰ ਉਸ ਨੌਜਵਾਨ ਬਾਰੇ ਦੱਸਦਿਆਂ ਪ੍ਰੀਤੋ ਨੇ ਕਿਹਾ, ''ਇਹ ਮੇਰਾ ਦਿਉਰ ਐ।''
ਤੇ ਫਿਰ ਉਸ ਨੌਜਵਾਨ ਨਾਲ ਮੇਰੀ ਜਾਣ-ਪਛਾਣ ਕਰਵਾਉਂਦਿਆਂ ਪ੍ਰੀਤੋ ਨੇ ਕਿਹਾ, 'ਦੇਵ, ਇਹ ਬਾਈ ਮੇਰੇ ਪੇਕਿਆਂ ਤੋਂ ਐ। ਵਲੈਤੋਂ ਆਇਆ। ਸਰਦਾਰ ਗੁਰਪਰਤਾਪ ਸਿਉਂ ਕੋਲੋਂ।'' ਜਦੋਂ ਪ੍ਰੀਤੋ ਨੇ ਆਪਣੇ ਪਤੀ ਦਾ ਨਾਂ ਫਿਰ ਰਗੜ ਕੇ ਲਿਆ ਤਾਂ ਉਹ ਦੋਵੇਂ ਜਣੇ ਹੱਸ ਪਏ।
ਨੌਜਵਾਨ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਸੀਂ ਚਾਹ- ਪਾਣੀ ਲਈ ਇੱਕ ਢਾਬੇ ਜਿਹੇ 'ਚ ਵੜ ਗਏ। ਦੇਵ ਨੇ ਛੋਟਾ ਮੁੰਡਾ ਪ੍ਰੀਤੋ ਕੋਲੋਂ ਫੜ੍ਹ ਕੇ ਆਪਣੀ ਗੋਦੀ ਲਾ ਲਿਆ।
ਚਾਹ ਪੀਂਦਿਆਂ ਪ੍ਰੀਤੋ ਨੇ ਗੱਲ ਤੋਰੀ, ''ਤੂੰ ਗੱਲ ਕਰਨੋ ਡਰਦੈਂ, ਪਰ ਮੈਨੂੰ ਸਭ ਪਤੈ। ਉਹਨੇ ਉੱਥੇ ਮੇਮ ਕੀਤੀ ਹੋਈ ਐ। ਮਾਣੂਕਿਆਂ ਵਾਲਾ ਗੁਰਦੇਵ ਮੈਨੂੰ ਸਾਰੀ ਗੱਲ ਦੱਸ ਗਿਆ ਸੀ। ਤੁਸੀਂ ਲਕੋ ਰੱਖੋ। ਨੌਂ ਸਾਲ ਹੋ ਗੇ ਜਦੋਂ ਆਹ ਪੱਪੂ ਹੋਣ ਵਾਲਾ ਸੀ, ਉਦੋਂ ਦਾ ਗਿਆ ਵਿਐ। ਮਗਰੋਂ ਮਾਂ ਪਿਉਂ ਦੋਵੇਂ ਉੱਠਗੇ। ਉਹਨੇੇ ਇੱਕ ਬਾਰ ਨ੍ਹੀਂ ਗੇੜਾ ਮਾਰਿਆ। ਪਹਿਲਾਂ-ਪਹਿਲਾਂ ਚਿੱਠੀ ਪੱਤਰ ਪਾਉਂਦਾ ਸੀ। ਪੈਸੇ ਵੀ ਭੇਜੇ। ਫੇਰ ਬੱਸ! ਮੈਂ ਬੜੇ ਤਰਲੇ ਕੀਤੇ ਬਈ ਬੰਦਿਆ ਇੱਕ ਬਾਰ ਗੇੜਾ ਮਾਰ ਜਾ। ਮੁੰਡੇ ਦਾ ਮੂੰਹ ਤਾਂ ਵੇਖ ਜਾ। ਫਿਰ ਭਾਵੇਂ ਬਹਿੰਦਾ ਈ ਉੱਠਜੀਂ, ਪਰ ਉਸ ਰੱਬ ਦੇ ਬੰਦੇ ਨੇ ਇੱਕ ਨ੍ਹਈਂ ਸੁਣੀ।
ਹੁਣ ਪ੍ਰੀਤੋ ਦਾ ਗੱਚ ਭਰ ਆਇਆ ਸੀ-''ਮੈਂ ਤਾਂ ਮੇਮ ਵਾਲੀ ਗੱਲ ਬੀ ਭੁਲਾਤੀ ਸੀ। ਪਰ ਹੁਣ ਡੱਕੇ ਤੋੜ ਤੇ। ਮੇਰੇ ਵੱਲੋਂ ਉਹ ਮਰਿਆ ਵਿਐ। ਉਹਦੇ ਵਲੋਂ ਮੈਂ ਉੱਠਗੀ।'' ਪ੍ਰੀਤੋ ਨੇ ਮੂੰਹ ਅੱਗੇ ਚੁੰਨੀ ਰੱਖ ਕੇ ਭੁੱਬ ਮਾਰਦਿਆਂ ਆਖਿਆ।
''ਤੂੰ ਹੁਣ ਮੇਰਾ ਉਹਦੇ ਲਈ ਸੁਨੇਹਾ ਲੈ ਜਾ। ਆਖੀਂ ਬਈ ਪਿੱਛੇ ਦੀ ਹੁਣ ਚਿੰਤਾ ਨਾ ਕਰੇ। ਛੋਟਾ ਕਾਕਾ ਹੁਣ ਚਾਚੇ ਨੂੰ ਬਾਪੂ ਕਹਿਣਾ ਸਿੱਖ ਗਿਆ।'' ਪ੍ਰੀਤੋ ਦੇ ਪਰਲ-ਪਰਲ ਹੰਝੂ ਵਗੀ ਜਾ ਰਹੇ ਸਨ।ਮਾਰਨ ਲਈ।'' ਮੈਂ ਹੱਸਦਿਆਂ ਉੱਤਰ ਦਿੱਤਾ।
ਮੇਰੀ ਗੱਲ ਸੁਣ ਕੇ ਪ੍ਰੀਤੋ ਬਹੁਤ ਜ਼ੋਰ ਦੀ ਹੱਸੀ। ਸਾਨੂੰ ਹੱਸਦਿਆਂ ਸੁਣਕੇ ਕੰਡਕਟਰ ਡਰਾਈਵਰ ਵੀ ਇੱਕ ਦੂਜੇ ਨਾਲ ਅੱਖਾਂ ਰਾਹੀਂ ਗੱਲਾਂ ਕਰਨ ਲੱਗ ਪਏ।
''ਔਹ ਭਾਈ ਤਾਂ ਸਮਝਦਾ ਹੋਊ ਬਈ ਬਾਣੀਆਂ ਜਿਹਾ ਲੈ ਗਿਆ ਪੱਟ ਕੇ ਕਿਸੇ ਦੀ ਤੀਮੀਂ।'' ਸਾਡੇ ਵੱਲ ਝਾਕਦੇ ਬੰਦੇ ਵੱਲ ਅੱਖ ਦਾ ਇਸ਼ਾਰਾ ਕਰਦਿਆਂ ਪ੍ਰੀਤੋ ਨੇ ਮੈਨੂੰ ਆਖਿਆ।
ਕੰਡਕਟਰ ਮੇਰੇ ਵੱਲ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਬੱਸ ਦੇ ਤੁਰਨ ਦਾ ਸਮਾਂ ਹੋ ਗਿਆ ਸੀ ਅਤੇ ਸਵਾਰੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਅੰਦਰ ਵੜ ਰਹੀਆਂ ਸਨ। ਬੱਸ ਪਹਿਲਾਂ ਹੀ ਨੱਕੋ ਨੱਕ ਭਰੀ ਹੋਈ ਸੀ।
ਪ੍ਰੀਤੋ ਨੂੰ ਇੱਕ ਬੁੱਢੀ ਜਿਹੀ ਇਸਤਰੀ ਦੇ ਨਾਲ ਸੀਟ ਮਿਲ ਗਈ ਸੀ ਅਤੇ ਪੱਪੂ ਨੂੰ ਮੈਂ ਆਪਣੇ ਪੱਟਾਂ ਵਿੱਚ ਬਿਠਾ ਲਿਆ। ਬੱਸ ਵਿੱਚ ਤਾਂ ਕੋਈ ਬਹੁਤੀ ਗੱਲਬਾਤ ਹੋ ਨਹੀਂ ਸੀ ਸਕਦੀ। ਸੋ ਅਸੀਂ ਦੋਵੇਂ ਭਰੇ-ਪੀਤੇ ਮੁੱਲਾਂਪੁਰ ਦੇ ਅੱਡੇ ਉੱਤੇ ਆ ਉੱਤਰੇ।
ਪ੍ਰੀਤੋ ਨੂੰ ਅੱਗੇ ਇੱਕ ਨੌਜਵਾਨ ਲੈਣ ਆਇਆ ਹੋਇਆ ਸੀ। ਮੈਨੂੰ ਉਸ ਨੌਜਵਾਨ ਬਾਰੇ ਦੱਸਦਿਆਂ ਪ੍ਰੀਤੋ ਨੇ ਕਿਹਾ, ''ਇਹ ਮੇਰਾ ਦਿਉਰ ਐ।''
ਤੇ ਫਿਰ ਉਸ ਨੌਜਵਾਨ ਨਾਲ ਮੇਰੀ ਜਾਣ-ਪਛਾਣ ਕਰਵਾਉਂਦਿਆਂ ਪ੍ਰੀਤੋ ਨੇ ਕਿਹਾ, 'ਦੇਵ, ਇਹ ਬਾਈ ਮੇਰੇ ਪੇਕਿਆਂ ਤੋਂ ਐ। ਵਲੈਤੋਂ ਆਇਆ। ਸਰਦਾਰ ਗੁਰਪਰਤਾਪ ਸਿਉਂ ਕੋਲੋਂ।'' ਜਦੋਂ ਪ੍ਰੀਤੋ ਨੇ ਆਪਣੇ ਪਤੀ ਦਾ ਨਾਂ ਫਿਰ ਰਗੜ ਕੇ ਲਿਆ ਤਾਂ ਉਹ ਦੋਵੇਂ ਜਣੇ ਹੱਸ ਪਏ।
ਨੌਜਵਾਨ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਸੀਂ ਚਾਹ- ਪਾਣੀ ਲਈ ਇੱਕ ਢਾਬੇ ਜਿਹੇ 'ਚ ਵੜ ਗਏ। ਦੇਵ ਨੇ ਛੋਟਾ ਮੁੰਡਾ ਪ੍ਰੀਤੋ ਕੋਲੋਂ ਫੜ੍ਹ ਕੇ ਆਪਣੀ ਗੋਦੀ ਲਾ ਲਿਆ।
ਚਾਹ ਪੀਂਦਿਆਂ ਪ੍ਰੀਤੋ ਨੇ ਗੱਲ ਤੋਰੀ, ''ਤੂੰ ਗੱਲ ਕਰਨੋ ਡਰਦੈਂ, ਪਰ ਮੈਨੂੰ ਸਭ ਪਤੈ। ਉਹਨੇ ਉੱਥੇ ਮੇਮ ਕੀਤੀ ਹੋਈ ਐ। ਮਾਣੂਕਿਆਂ ਵਾਲਾ ਗੁਰਦੇਵ ਮੈਨੂੰ ਸਾਰੀ ਗੱਲ ਦੱਸ ਗਿਆ ਸੀ। ਤੁਸੀਂ ਲਕੋ ਰੱਖੋ। ਨੌਂ ਸਾਲ ਹੋ ਗੇ ਜਦੋਂ ਆਹ ਪੱਪੂ ਹੋਣ ਵਾਲਾ ਸੀ, ਉਦੋਂ ਦਾ ਗਿਆ ਵਿਐ। ਮਗਰੋਂ ਮਾਂ ਪਿਉਂ ਦੋਵੇਂ ਉੱਠਗੇ। ਉਹਨੇ ਇੱਕ ਬਾਰ ਨ੍ਹੀਂ ਗੇੜਾ ਮਾਰਿਆ। ਪਹਿਲਾਂ-ਪਹਿਲਾਂ ਚਿੱਠੀ ਪੱਤਰ ਪਾਉਂਦਾ ਸੀ। ਪੈਸੇ ਵੀ ਭੇਜੇ। ਫੇਰ ਬੱਸ! ਮੈਂ ਬੜੇ ਤਰਲੇ ਕੀਤੇ ਬਈ ਬੰਦਿਆ ਇੱਕ ਬਾਰ ਗੇੜਾ ਮਾਰ ਜਾ। ਮੁੰਡੇ ਦਾ ਮੂੰਹ ਤਾਂ ਵੇਖ ਜਾ। ਫਿਰ ਭਾਵੇਂ ਬਹਿੰਦਾ ਈ ਉੱਠਜੀਂ, ਪਰ ਉਸ ਰੱਬ ਦੇ ਬੰਦੇ ਨੇ ਇੱਕ ਨ੍ਹਈਂ ਸੁਣੀ।
ਹੁਣ ਪ੍ਰੀਤੋ ਦਾ ਗੱਚ ਭਰ ਆਇਆ ਸੀ-''ਮੈਂ ਤਾਂ ਮੇਮ ਵਾਲੀ ਗੱਲ ਬੀ ਭੁਲਾਤੀ ਸੀ। ਪਰ ਹੁਣ ਡੱਕੇ ਤੋੜ ਤੇ। ਮੇਰੇ ਵੱਲੋਂ ਉਹ ਮਰਿਆ ਵਿਐ। ਉਹਦੇ ਵਲੋਂ ਮੈਂ ਉੱਠਗੀ।'' ਪ੍ਰੀਤੋ ਨੇ ਮੂੰਹ ਅੱਗੇ ਚੁੰਨੀ ਰੱਖ ਕੇ ਭੁੱਬ ਮਾਰਦਿਆਂ ਆਖਿਆ।
''ਤੂੰ ਹੁਣ ਮੇਰਾ ਉਹਦੇ ਲਈ ਸੁਨੇਹਾ ਲੈ ਜਾ। ਆਖੀਂ ਬਈ ਪਿੱਛੇ ਦੀ ਹੁਣ ਚਿੰਤਾ ਨਾ ਕਰੇ। ਛੋਟਾ ਕਾਕਾ ਹੁਣ ਚਾਚੇ ਨੂੰ ਬਾਪੂ ਕਹਿਣਾ ਸਿੱਖ ਗਿਆ।'' ਪ੍ਰੀਤੋ ਦੇ ਪਰਲ-ਪਰਲ ਹੰਝੂ ਵਗੀ ਜਾ ਰਹੇ ਸਨ।



............

No comments:

Post a Comment