Monday, September 7, 2009

ਗੁਸਤਾਖੀ ਮੁਆਫ਼ -ਬਲਬੀਰ ਸਿੰਘ ਮੋਮੀ

ਗੁਸਤਾਖੀ ਮੁਆਫ਼   -ਬਲਬੀਰ ਸਿੰਘ ਮੋਮੀ



ਇਸ ਕਾਲਮ ਵਿਚ ਤੁੰਮੇ ਦੀ ਜਵੈਣ, ਨਿੰਮ ਦੀ ਦਾਤਨ, ਖੱਟੇ ਔਲੇ, ਕੌੜੀ ਕੁਨੀਨ, ਕਿੱਕਰਾਂ ਦੇ ਸੱਕ, ਕਰੀਰਾਂ ਦੇ ਪੇਂਝੂ, ਵਣਾਂ ਦੀਆਂ ਪੀਲਾਂ, ਬਰਾਨੀ ਚਿਭੜ, ਭਖੜੇ, ਦੱਭ ਜਵ੍ਹਾਂ ਅਤੇ ਪੋਲ੍ਹੀ ਦੇ ਕੰਡਿਆਂ ਦੀ ਚੋਭ ਵਰਗਾ ਹਲਕਾ ਫੁਲਕਾ ਵਿਅੰਗ ਹੈ। ਅਜਿਹੇ ਹਲਕੇ ਫੁਲਕੇ ਮਨੋਰੰਜਕ ਤਨਜ਼ ਹਰ ਦੇਸ਼ ਦੇ ਲੇਖਕਾਂ, ਪੱਤਰਕਾਰਾਂ, ਲੀਡਰਾਂ, ਬੁਧੀਜੀਵੀਆਂ, ਫਿਲਮੀ ਲੋਕਾਂ ਤੇ ਵਿਸ਼ੇਸ਼ ਵਿਅਕਤੀਆਂ ਬਾਰੇ ਲਿਖੇ ਮਿਲਦੇ ਹਨ ਤੇ ਪਾਠਕ ਇਸ ਵਰਗ ਦੇ ਲੋਕਾਂ ਦਾ ਇਕ ਨਵੇਕਲਾ ਰੂਪ ਪੜ੍ਹ ਕੇ ਬਹੁਤ ਮੰਤਰ ਮੁਗਦ ਹੁੰਦੇ ਹਨ। ਸੁਆਦਤ ਹਸਨ ਮੰਟੋ, ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਕਨ੍ਹੀਆ ਲਾਲ ਕਪੂਰ, ਬਲਵੰਤ ਗਾਰਗੀ, ਗੁਰਨਾਮ ਸਿੰਘ ਤੀਰ, ਕੇ. ਐਲ਼ ਗਰਗ, ਬਲਬੀਰ ਮੋਮੀ ਆਦਿ ਲੇਖਕਾਂ ਨੇ ਸਾਹਿਤ ਦੇ ਇਸ ਔਖੇ ਪੱਖ ਤੇ ਹਥ ਅਜ਼ਮਾਇਆ ਹੈ, ਇਹ ਵਿਅੰਗ ਲਿਖਣੇ ਸੱਪ ਦੀ ਸਿਰੀ ਨੂੰ ਹਥ ਪੌਣ ਵਾਲੀ ਗੱਲ ਹੈ। ਲੇਖਕਾਂ ਤੇ ਪਾਠਕਾਂ ਨੂੰ ਖੁਲ੍ਹਾ ਸੱਦਾ ਹੈ ਕਿ ਉਹ ਵੀ ਇਹੋ ਜਿਹੇ ਵਿਅੰਗ ਲਿਖ ਕੇ ਭੇਜਣ ਜਿਨ੍ਹਾਂ ਵਿਚ ਕਿਸੇ ਨੂੰ ਜਾਣ ਬੁਝ ਕੇ ਛੁਟਿਆਉਣ, ਨੀਵਾਂ ਵਿਖੌਣ ਜਾਂ ਬਦਨਾਮ ਕਰਨ ਦੀ ਭਾਵਨਾ ਨਾ ਹੋਵੇ। ਸਹਿੰਦਾ ਸਹਿੰਦਾ ਮਜ਼ਾਕ ਹੋਵੇ ਅਲਕ ਵਹਿੜਕੇ ਦੀ ਕੰਡ ਤੇ ਉਂਗਲ ਰਖਣ ਜਿਹਾ। ਜਿਨ੍ਹਾਂ ਵਿਅਕਤੀਆਂ ਦਾ ਜ਼ਿਕਰ ਇਹਨਾਂ ਕਾਲਮਾਂ ਵਿਚ ਔਂਦਾ ਹੈ, ਉਹ ਜੱਟ ਜਿਗਰੇ ਨਾਲ ਪੜ੍ਹਣ ਤੇ ਮੁਫਤ ਦੀ ਮਸ਼ਹੂਰੀ ਦਾ ਅਨੰਦ ਲੈਣ। ਜੇ ਫਿਰ ਵੀ ਕਿਸੇ ਦਾ ਦਿਲ ਦੁਖੇ ਤਾਂ ਅਸੀਂ ਖਿਮਾ ਦੇ ਜਾਚਕ ਹਾਂ।             -ਬਲਬੀਰ ਮੋਮੀ

ਪ੍ਰੋ: ਮੋਹਨ ਸਿੰਘ ਬੀਮਾਰ ਸਨ 
ਇਹ ਗੱਲ 1963 ਲਾਗੇ ਦੀ ਹੈ, ਪ੍ਰੋ: ਮੋਹਨ ਸਿੰਘ ਬੀਮਾਰ ਸਨ ਤੇ ਬਿਸਤਰੇ ਵਿਚ ਸਨ। ਮੈਂ ਕੁਲਵੰਤ ਸਿੰਘ ਵਿਰਕ ਕੋਲ ਜਲੰਧਰ ਠਹਿਰਿਆ ਹੋਇਆ ਸਾਂ ਤਾਂ ਵਿਰਕ ਸਾਹਿਬ ਕਹਿਣ ਲਗੇ ਕਿ ਜਾ ਕੇ ਮੋਹਨ ਸਿੰਘ ਦਾ ਹਾਲ ਚਾਲ ਪੁਛ ਆ। ਉਹਨੀਂ ਦਿਨੀਂ ਪ੍ਰੋ: ਮੋਹਨ ਸਿੰਘ ਹਿੰਦ ਸਮਾਚਾਰ ਬਿਲਡਿੰਗ ਦੇ ਲਾਗੇ ਆਪਣੇ ਨਵੇਂ ਬਣਾਏ ਘਰ ਵਿਚ ਰਹਿੰਦੇ ਸਨ ਤੇ ਬਾਜ਼ਾਰ ਮਾਈ ਹੀਰਾਂ ਗੇਟ ਵਾਲਾ ਕਿਰਾਏ ਦਾ ਘਰ ਛਡ ਆਏ ਸਨ। ਮਾਈ ਹੀਰਾਂ ਗੇਟ ਵਾਲੇ ਘਰ ਵਿਚ ਜਾਣ ਤੋਂ ਹਰ ਲੇਖਕ ਜਾਂ ਕੋਈ ਹੋਰ ਹਮੇਸ਼ਾ ਝਿਜਕਦਾ ਸੀ ਕਿਉਂਕਿ ਜਿਸ ਗਲੀ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ, ਓਸ ਵਿਚ ਇਕ ਗੋਹੇ ਨਾਲ ਲਿੱਬੜੀ ਮੱਝ ਬੱਝੀ ਹੁੰਦੀ ਸੀ। ਇਸ ਮੱਝ ਦਾ ਖਲੋਣ ਦਾ ਤਰੀਕਾ ਕੁਝ ਇਸ ਤਰ੍ਹਾਂ ਦਾ ਸੀ ਕਿ ਭੀੜੀ ਗਲੀ ਦੇ ਇਕ ਪਾਸੇ ਵਾਲੀ ਕੰਧ ਨਾਲ ਉਹਦਾ ਸਿਰ ਲਗਾ ਹੁੰਦਾ ਤੇ ਦੂਜੇ ਪਾਸੇ ਵਾਲੀ ਕੰਧ ਨਾਲ ਉਹਦੀ ਗੋਹੇ ਨਾਲ ਲਿਬੜੀ ਪੂਛ। ਉਹ ਅਕਸਰ ਪੂਛ ਹਿਲੌਂਦੀ ਰਹਿੰਦੀ ਤੇ ਓਥੋਂ ਬਚ ਕੇ ਲੰਘਣ ਵਿਚ ਬੜੀ ਔਖ ਹੁੰਦੀ ਸੀ। ਕਪੜੇ ਖਰਾਬ ਹੋਣ ਦਾ ਤੌਖਲਾ ਲਗਾ ਰਹਿੰਦਾ ਸੀ। ਗਲੀ ਲੰਘਣ ਲਈ ਮੱਝ ਨੂੰ ਦਬਕ ਕੇ ਰਾਹ ਦੇਣ ਲਈ ਬਥੇਰੇ ਬੋਲ ਤੇ ਲਲਕਾਰੇ ਮਾਰੀ ਦੇ ਸਨ ਪਰ ਮੱਝ ਕੀ ਜਿਸ ਦੇ ਕੰਨ ਤੇ ਜੂੰ ਵੀ ਸਿਰਕ ਜਾਵੇ ਜਾਂ ਭੈਂਸ ਕੇ ਆਗੇ ਬੀਣ ਵਜੌਣ ਵਾਲੀ ਗੱਲ ਸੀ। ਮੋਹਨ ਸਿੰਘ ਨੂੰ ਮਿਲਣ ਲਈ ਮੱਝ ਕੋਲੋਂ ਰਸਤਾ ਲੈਣਾ ਭਵਸਾਗਰ ਵਿਚੋਂ ਤਰਨ ਵਾਲੀ ਗੱਲ ਸੀ। ਇਸ ਮੱਝ ਦਾ ਜ਼ਿਕਰ ਬਲਵੰਤ ਗਾਰਗੀ ਨੇ ਮੋਹਨ ਸਿੰਘ ਬਾਰੇ ਲਿਖੇ ਆਪਣੇ ਰੇਖਾ ਚਿਤਰ ਵਿਚ ਵੀ ਕੀਤਾ ਹੈ-
ਮੈਂ ਮੋਹਨ ਸਿੰਘ ਨੂੰ ਮਿਲਣ ਗਿਆ ਤਾਂ ਬਿਸਤਰੇ ਤੇ ਲੇਟੇ ਹੋਏ ਸਨ। ਉਹਨਾਂ ਦੀ ਪਤਨੀ ਸੁਰਜੀਤ ਕੋਲ ਬੈਠੀ ਹੋਈ ਸੀ ਤੇ ਸਰ੍ਹਾਣੇ ਮੈਂਟਲ ਪੀਸ ਤੇ ਅਮ੍ਰਿਤਾ ਪ੍ਰੀਤਮ ਦੀ ਜਵਾਨੀ ਵੇਲੇ ਦੀ ਖੂਬਸੂਰਤ ਫਰੇਮ ਵਿਚ ਹਸੂੰ ਹਸੂੰ ਕਰ ਰਹੀ ਤਸਵੀਰ ਜੜਵਾ ਕੇ ਰਖੀ ਹੋਈ ਸੀ। ਓਦੋਂ ਤਕ ਪ੍ਰੋ: ਸਾਹਿਬ ਦੀ ਅਮ੍ਰਿਤਾ ਨਾਲ ਵਿਗੜੀ ਨਹੀਂ ਸੀ ਤੇ ਇਕ ਦੂਜੇ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਿਆ ਕਰਦੇ ਸਨ ਜਿਵੇਂ ਅਮ੍ਰਿਤਾ ਨੇ "ਕੁੰਜੀਆਂ" ਲਿਖੀ ਤਾਂ ਮੋਹਨ ਸਿੰਘ ਨੇ "ਜਿੰਦਰੇ" ਲਿਖ ਦਿਤੀ। ਅਮ੍ਰਿਤਾ ਇਕ ਵਿਆਹ ਤੇ ਮਿਲੀ ਤਾਂ ਮੋਹਨ ਸਿੰਘ ਨੇ ਗੀਤ ਲਿਖ ਦਿਤਾ:

ਨੀ ਅਜ ਕੋਈ ਆਇਆ ਅਸਾਡੇ ਵਿਹੜੇ - ਤੱਕਣ ਚੰਨ ਤੇ ਸੂਰਜ ਢੁਕ ਢੁਕ ਨੇੜੇ

ਚੁੰਮੋ ਨੀ ਇਹਦੇ ਹਥ ਚੰਬੇ ਦੀਆਂ ਕਲੀਆਂ - ਧੋਵੋ ਨੀ ਇਹਦੇ ਪੈਰ ਮਖਨਾਂ ਦੇ ਪੇੜੇ

ਰਖੋ ਨੀ ਇਹਨੂੰ ਚੁਕ ਚੁਕ ਪਲਕਾਂ ਉਤੇ - ਕਰੋ ਨੀ ਇਹਨੂੰ ਢੁਕ ਢੁਕ ਜਿੰਦ ਦੇ ਨੇੜੇ

ਲਿਸ਼ਕੇ ਨੀ ਇਹਦਾ ਮਥਾ ਤਾਰਿਆਂ ਵਾਂਗੂ - ਆਇਆ ਨੀ ਖਵਰੇ ਅੰਬਰ ਘੁੰਮ ਘੁੰਮ ਕਿਹੜੇ

ਲਾਗੇ ਮੇਜ਼ ਤੇ ਦਵਾਈਆਂ ਪਈਆਂ ਸਨ। ਮੋਹਨ ਸਿੰਘ ਦੀ ਪਤਨੀ ਕਹਿਣ ਲਗੀ ਕਿ ਡਾਕਟਰ ਨੇ ਮੁਕਮਲ ਆਰਾਮ ਕਰਨ ਦੀ ਸਲਾਹ ਦਿਤੀ ਹੈ ਤੇ ਇਹ ਆਖ ਉਹ ਚਾਹ ਬਨੌਣ ਕਿਚਨ ਵਿਚ ਚਲੀ ਗਈ। ਮੋਹਨ ਸਿੰਘ ਜੀ ਕਹਿਣ ਲਗੇ, ਹੁਣ ਮੇਥੋਂ ਪੰਜ ਦਰਿਆ ਦਾ ਬੋਝ ਨਹੀਂ ਸਹਾਰਿਆ ਜਾਂਦਾ। ਮੈਂ ਹਰ ਮਹੀਨੇ 500 ਰੁਪੈ ਕੋਲੋਂ ਪਾ ਕੇ ਇਹ ਪਰਚਾ ਕਢ ਰਿਹਾ ਹਾਂ। ਕਿਸੇ ਲੈਣਾ ਹੋਵੇ ਤਾਂ ਲੈ ਲਵੇ। ਜੇ ਤੂੰ ਕਢ ਸਕਦਾ ਹੈਂ ਤਾਂ ਕਢ ਲੈ। ਮੈਂ ਕਿਹਾ ਪ੍ਰੋਫੈਸਰ ਸਾਹਿਬ ਮੈਂ ਤਾਂ ਨਹੀਂ ਕਢ ਸਕਦਾ, ਪਰ ਕਿਸੇ ਨਾਲ ਸਲਾਹ ਕਰ ਲਵਾਂਗਾ। ਪਿਛੋਂ ਇਹ ਪਰਚਾ ਦੇਵਿੰਦਰ ਸਿੰਘ ਗਰਚਾ ਮੈਂਬਰ ਪਾਰਲੀਮੈਂਟ ਤੇ ਸਦਾ ਵਿਵਾਦ ਗ੍ਰਸਤ ਰਹੇ ਡਾ: ਜਸਬੀਰ ਸਿੰਘ ਆਹਲੂਵਾਲੀਏ ਨੇ ਕੁਝ ਸਮੇਂ ਲਈ ਲੈ ਲਿਆ ਸੀ ਤੇ ਪਰਚੇ ਵਿਚ ਆਪਣੇ ਪ੍ਰਯੋਗਵਾਦ ਦਾ ਏਨਾ ਰੋਣਾ ਰੋਇਆ ਕਿ ਪਰਚਾ ਬੰਦ ਹੋ ਗਿਆ।  

ਕੁਝ ਚਿਰ ਅਸੀਂ ਗੱਲਾਂ ਕਰਦੇ ਰਹੇ ਤੇ ਪ੍ਰੋ: ਸਾਹਿਬ ਫਿਰ ਕਹਿਣ ਲਗੇ ਕਿ ਮੈਂ ਪੰਜ ਦਰਿਆ ਵੀ ਬੰਦ ਕਰ ਦੇਣਾ ਏ ਤੇ ਹਿੰਦ ਪਬਲਿਸ਼ਰਜ਼ ਵੀ। ਹੁਣ ਨਹੀਂ ਮੇਥੋਂ ਇਹ ਸਭ ਕਾਰੋਬਾਰ ਹੁੰਦਾ। ਮੈਂ ਇਹ ਨਵਾਂ ਬਣਿਆ ਮਕਾਨ ਵੀ ਵੇਚ ਦੇਚ ਦੇਣਾ ਏ ਤੇ ਕਿਰਾਏ ਦੇ ਮਕਾਨ ਵਿਚ ਚਲੇ ਜਾਣਾ ਤੇ ਕੁਝ ਚਿਰ ਬਾਅਦ ਚਲੇ ਵੀ ਗਏ।

ਫਿਰ ਕਹਿਣ ਲਗੇ ਕਿ ਮੈਨੂੰ ਬਾਂਹ ਦਾ ਸਹਾਰਾ ਦੇ ਤੇ ਬਾਹਰ ਫਿਰਾ ਕੇ ਲਿਆ। ਅਸੀਂ ਹੌਲੀ ਹੌਲੀ ਤੁਰਦੇ ਤੁਰਦੇ ਵਡੇ ਡਾਕਖਾਨੇ ਤਕ ਆ ਗਏ। ਓਥੇ ਪ੍ਰੋਫੈਸਰ ਸਾਹਿਬ ਨੇ ਆਪ ਆਪਣੇ ਹਥੀਂ ਕੁਝ ਚਿਠੀਆਂ ਪੋਸਟ ਕੀਤੀਆਂ ਤੇ ਫਿਰ ਅਸੀਂ ਹੌਲੀ ਹੌਲੀ ਵਾਪਸ ਉਹਨਾਂ ਦੇ ਘਰ ਆ ਗਏ। ਮੈਂ ਪੁਛਿਆ ਪ੍ਰੋਫੈਸਰ ਸਾਹਿਬ ਇਹ ਚਿਠੀਆਂ ਤੁਸੀਂ ਆਪਣੇ ਨੌਕਰ ਜਾਂ ਮੈਨੂੰ ਦੇ ਦੇਣੀਆਂ ਸਨ, ਮੈਂ ਮੇਲ ਕਰ ਔਂਦਾ। ਮੈਨੂੰ ਬੜੇ ਠਰੰਮੇ ਨਾਲ ਕਹਿਣ ਲਗੇ ਕਿ ਮੇਰਾ ਇਕ ਅਸੂਲ ਹੈ ਕਿ ਮੈਂ ਚਿਠੀਆਂ ਹਮੇਸ਼ਾ ਆਪ ਮੇਲ ਕਰਦਾ ਹਾਂ। ਇਸ ਮੁਆਮਲੇ ਵਿਚ ਮੈਂ ਕਿਸੇ ਤੇ ਇਤਬਾਰ ਨਹੀਂ ਕਰਦਾ। ਮੈਂ ਮਰਨ ਕਿਨਾਰੇ ਵੀ ਪਿਆ ਹੋਵਾਂਗਾ ਤਾਂ ਵੀ ਆਪਣੀਆਂ ਚਿਠੀਆਂ ਆਪ ਮੇਲ ਕਰਨ ਦੀ ਕੋਸ਼ਿਸ਼ ਕਰਾਂਗਾ। ਪ੍ਰੋ: ਸਾਹਿਬ ਦੀ ਦਲੀਲ ਵਿਚ ਕੁਝ ਵਜ਼ਨ ਜ਼ਰੂਰ ਸੀ। ਫਿਰ ਹੋਰ ਕਹਿਣ ਲਗੇ ਕਿ ਨੌਕਰ ਕਈ ਵਾਰ ਟਿਕਟਾਂ ਲਾਹ ਕੇ ਚਿਠੀ ਪਾੜ ਦੇਂਦੇ ਹਨ ਜਾਂ ਚਿਠੀਆਂ ਆਪਣੇ ਸਰ੍ਹਾਣੇ ਹੇਠ ਰੱਖ ਭੁਲ ਜਾਂਦੇ ਹਨ। ਸਾਡਾ ਇਕ ਨੌਕਰ ਜਦੋਂ ਕੰਮ ਛਡ ਗਿਆ ਤਾਂ ਅਸੀਂ ਉਹਦੇ ਕਮਰੇ ਦੀ ਸਫਾਈ ਕਰਦਿਆਂ ਵੇਖਿਆ ਕਿ ਅਨੇਕਾਂ ਪੌਣ ਲਈ ਦਿਤੀਆਂ ਚਿਠੀਆਂ ਉਹਦੀ ਕੋਠੜੀ ਵਿਚ ਪਈਆਂ ਨਿਕਲੀਆਂ। ਅਸੀਂ ਕਈ ਮਹੀਨੇ ਉਹਨਾਂ ਚਿਠੀਆਂ ਦੇ ਜਵਾਬ ਉਡੀਕਦੇ ਰਹੇ।

ਕਲਰਕ ਬਾਦਸ਼ਾਹ

ਦੋ ਵਾਰ ਸੁਖਜਿੰਦਰ ਸਿੰਘ ਪੰਜਾਬ ਦੇ ਵਿਦਿਆ ਮੰਤਰੀ ਬਣੇ ਪਰ ਬਾਦਲ ਸਾਹਿਬ ਨਾਲ ਅੰਦਰੋਂ ਅੰਦਰੀਂ ਕਿਸੇ ਗਲਤ ਫਹਿਮੀ ਕਾਰਨ ਕੁਰਸੀ ਤੇ ਨਾ ਰਹਿ ਸਕੇ। ਇਕ ਵਾਰ ਉਹਨਾਂ ਦੇ ਹਲਕੇ ਦਾ ਇਕ ਨਿਕਟਵਰਤੀ ਹੈਡਮਾਸਟਰ ਜਿਸ ਨੇ ਵਜ਼ੀਰ ਸਾਹਿਬ ਨੂੰ ਚੋਣਾਂ ਵਿਚ ਵੋਟਾਂ ਪਵਾ ਕੇ ਜਿੱਤਣ ਵਿਚ ਚੰਗੀ ਮਦਦ ਕੀਤੀ ਸੀ, ਆਪਣੇ ਮਨ ਪਸੰਦ ਸਟੇਸ਼ਨ ਤੇ ਬਦਲੀ ਕਰਵੌਣ ਲਈ ਪੰਜਾਬ ਸਿਵਲ ਸੈਕਟਰੀਏਟ ਦੀਆਂ ਪੌੜੀਆਂ ਚੜ੍ਹ ਕੇ ਵਜ਼ੀਰ ਸਾਹਿਬ ਨੂੰ ਮਿਲਣ ਵਿਚ ਕਾਮਯਾਬ ਹੋ ਗਿਆ। ਰਸਮੀ ਸਾਹਬ ਸਲਾਮ ਪਿਛੋਂ ਆਪਣੀ ਬਦਲੀ ਦੀ ਅਰਜ਼ੀ ਵਜ਼ੀਰ ਸਾਹਿਬ ਦੇ ਅਗੇ ਰਖ ਦਿਤੀ। ਵਜ਼ੀਰ ਸਾਹਿਬ ਨੇ ਅਰਜ਼ੀ ਤੇ ਹੈਡਮਾਸਟਰ ਸਾਹਿਬ ਦੀ ਮਨ ਪਸੰਦ ਥਾਂ ਤੇ ਬਦਲੀ ਦੇ ਹੁਕਮ ਜਾਰੀ ਕਰ ਕੇ ਅਰਜ਼ੀ ਐਜੂਕੇਸ਼ਨ ਸੈਕਰਟਰੀ ਨੂੰ ਭੇਜ ਦਿਤੀ। ਹੈਡਮਾਸਟਰ ਸਾਹਿਬ ਖੁਸ਼ੀਆਂ ਦੀ ਪੰਡ ਸਿਰ ਤੇ ਚੁਕੀਂ ਕਪੂਰਥਲੇ ਪਰਤ ਕੇ ਆਪਣੇ ਮਨ ਪਸੰਦ ਸਟੇਸ਼ਨ ਤੇ ਜਾਣ ਲਈ ਬਦਲੀ ਦੇ ਹੁਕਮਾਂ ਦੀ ਇੰਤਜ਼ਾਰ ਕਰਨ ਲਗੇ। ਜਦ ਮਹੀਨਾ ਭਰ ਵੀ ਕੋਈ ਜਵਾਬ ਨਾ ਆਇਆ ਤਾਂ ਉਹਨਾਂ ਨੂੰ ਦਾਲ ਵਿਚ ਕੁਝ ਕਾਲਾ ਕਾਲਾ ਜਾਪਣ ਲਗਾ ਤੇ ਉਹ ਫਿਰ ਸੈਕਟਰੀਏਟ ਗਏ। ਪਹਿਲਾਂ ਤਾਂ ਸਿਕਿਓਰਟੀ ਵਾਲੇ ਨਾ ਤਾਂ ਉਪਰ ਚੜ੍ਹਣ ਦੇਣ ਅਤੇ ਨਾ ਹੀ ਪਾਸ ਬਨੌਣ ਵਾਲੇ ਉਪਰ ਚੜ੍ਹਨ ਲਈ ਪਾਸ ਹੀ ਬਨੌਣ। ਬੜੀ ਮੁਸ਼ਕਲ ਨਾਲ ਹੈਡਮਾਸਟਰ ਸਾਹਿਬ ਉਪਰ ਚੜ੍ਹਨ ਵਿਚ ਕਾਮਯਾਬ ਹੋਏ ਅਤੇ ਪਤਾ ਲਗਾ ਕਿ ਵਜ਼ੀਰ ਸਾਹਿਬ ਤਾਂ ਦੌਰੇ ਤੇ ਗਏ ਹੋਏ ਹਨ।

ਸਬੰਧਤ ਸ਼ਾਖਾ ਵਿਚ ਜਾ ਕੇ ਪੁਛ ਗਿਛ ਕੀਤੀ ਤੇ ਵਜ਼ੀਰ ਨਾਲ ਆਪਣੀ ਨੇੜਤਾ ਦਾ ਰੋਣਾ ਰੋਇਆ ਤਾਂ ਕਲਰਕ ਨੇ ਫਾਈਲ ਕਢ ਕੇ ਵਿਖਾ ਦਿਤੀ ਕਿ ਤੇਰੀ ਬਦਲੀ ਨਹੀਂ ਹੋ ਸਕਦੀ ਕਿਉਂਕਿ ਬਦਲੀਆਂ ਤੇ ਕੈਬਨਿਟ ਦੇ ਫੈਸਲੇ ਅਨੁਸਾਰ ਰੋਕ ਲਗੀ ਹੋਈ ਹੈ। ਤੇਰੀ ਅਰਜ਼ੀ ਵਿਦਿਆ ਮੰਤਰੀ ਦੇ ਹੁਕਮਾਂ ਦੀ ਪਾਲਣਾ ਲਈ ਬਰਾਂਚ ਨੇ ਇਹ ਨੋਟ ਲਿਖ ਕੇ ਧੁਰ ਮੁਖ ਮੰਤਰੀ ਦੀ ਟੇਬਲ ਤੀਕ ਪੁਜਦੀ ਕਰ ਦਿਤੀ ਸੀ ਕਿ ਕੈਬਨਿਟ ਦੇ ਫੈਸਲੇ ਅਨੁਦਾਰ ਇਸ ਸਮੇਂ ਕਿਸੇ ਦੀ ਬਦਲੀ ਨਹੀਂ ਹੋ ਸਕਦੀ। ਇਸ ਫਾਈਲ ਤੇ ਐਜੂਕੇਸ਼ਨ ਸੈਕਰਟਰੀ ਤੋਂ ਛੁਟ ਆਹ ਵੇਖ ਲੈ ਤੇਰੇ ਵਿਦਿਆ ਮੰਤਰੀ ਤੇ ਮੁਖ ਮੰਤਰੀ ਦੀਆਂ ਘੁਗੀਆਂ ਵੀ ਵਜੀਆਂ ਹੋਈਆਂ ਹਨ ਤੇ ਫਾਈਲ ਦਫਤਰ ਦਾਖਲ ਹੋ ਚੁਕੀ ਹੈ।

ਕਲਰਕ ਬਾਦਸ਼ਾਹ ਦੀ ਗੱਲ ਸੁਣ ਕੇ ਹੈਡਮਾਸਟਰ ਦਾ ਮੂੰਹ ਇੰਜ ਹੋ ਗਿਆ ਜਿਵੇਂ ਬੱਕਰੀ ਚੋਅ ਕੇ ਛਡੀ ਹੋਵੇ ਤੇ ਵਜ਼ੀਰ ਨਾਲ ਨੇੜਤਾ ਤੇ ਚੋਣਾਂ ਵਿਚ ਵੋਟਾਂ ਲਈ ਕੀਤੀ ਭਜ ਨਠ ਸੇਹੇ ਦੇ ਕੰਡਿਆਂ ਵਾਂਗ ਚੁਭਣ ਲਗੀ। ਬੜੀ ਮਿੰਨਤ ਜਿਹੀ ਨਾਲ ਕਲਰਕ ਬਾਦਸ਼ਾਹ ਨੂੰ ਕਹਿਣ ਲਗਾ ਕਿ ਫਿਰ ਬਦਲੀ ਕਰੌਣ ਦਾ ਢੰਗ ਤੁਸੀਂ ਹੀ ਦਸੋ। ਮੁਛਾਂ ਵਿਚ ਹਸਦਾ ਕਲਰਕ ਕਹਿਣ ਲਗਾ ਕਿ ਸ਼ਾਮੀਂ 27 ਸੈਕਟਰ ਵਾਲੇ ਮੇਰੇ ਸਰਕਾਰੀ ਕੁਆਰਟਰ ਵਿਚ ਆ ਜੀਂ, ਢੰਗ ਦੱਸ ਦਿਆਂਗੇ। ਕਲਰਕ ਨੇ ਹੈਡਮਾਸਟਰ ਦੀ ਬਦਲੀ ਕਰਵਾਉਣ ਵਿਚ ਜੋ ਮਦਦ ਕੀਤੀ, ਉਹ ਵਿਦਿਆ ਮੰਤਰੀ ਵੀ ਨਹੀਂ ਕਰ ਸਕਿਆ।

ਕੈਨੇਡਾ ਵਿਚ ਪੰਜਾਬ ਚੋਂ ਆਏ ਵਜ਼ੀਰਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਦੌਰਿਆਂ ਵੇਲੇ ਏਅਰਪੋਰਟ ਤੇ ਜਾ ਕੇ ਗਲਾਂ ਵਿਚ ਹਾਰ ਪਾਉਣ, ਖੁਸ਼ਾਮਦ ਤੋਂ ਇਲਾਵਾ ਡਾਲਰਾਂ ਵਾਲੇ ਲਿਫਾਫੇ ਦੇਣ ਤੇ ਹਾਲ ਬੁੱਕ ਕਰਵਾ ਕੇ ਸਨਮਾਨ ਕਰਨ ਵਾਲੇ ਸੱਜਨਾਂ ਨੂੰ ਇਸ ਉਧਾਰਨ ਤੋਂ ਕੁਝ ਸਿੱਖਣਾ ਚਾਹੀਦਾ ਹੈ।

ਆਖਰੀ ਪਰਚਾ 
ਪ੍ਰੋ: ਡਾ: ਜੀਤ ਸਿੰਘ ਸੀਤਲ ਨੇ ਹੀਰ ਦੇ ਕਿਸੇ ਤੇ ਪੀ ਐਚ ਡੀ ਕੀਤੀ ਸੀ। ਭਾਸ਼ ਵਿਭਾਗ ਪੰਜਾਬ ਦੇ ਕਈ ਸਾਲ ਡਾਇਰੈਕਟਰ ਰਹੇ ਤੇ ਫਿਰ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਆਣ ਲਗੇ। ਉਹਨਾਂ ਦੇ ਫਕੀਰੀ ਸੁਭਾਅ ਅਤੇ ਵਿਦਵਤਾ ਦੀ ਦੂਰ ਦੂਰ ਤਕ ਚਰਚਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਉਹਨਾਂ ਦੇ ਬੜੇ ਕਦਰਦਾਨ ਸਨ। ਜਿਥੇ ਉਹ ਬਹੁਤ ਵਿਦਵਾਨ ਤੇ ਫਕੀਰ ਕਿਸਮ ਦੇ ਇਨਸਾਨ ਸਨ, ਓਥੇ ਸ਼ਾਮ ਨੂੰ ਦੋ ਬੋਤਲਾਂ ਦਾਰੂ ਦੀਆਂ ਪੀ ਕੇ ਵੀ ਚੰਗੇ ਭਲੇ ਰਹਿਣਾ ਅਤੇ ਸਵੇਰੇ ਭੰਗ ਘੋਟ ਕੇ ਪੀਣ ਦੇ ਬਾਅਦ ਵੀ ਆਪਣਾ ਨਿਤ ਵਿਹਾਰ ਦਾ ਕੰਮ ਕਾਰ ਕਰਦੇ ਰਹਿਣਾ ਉਹਨਾਂ ਦਾ ਆਮ ਤੇ ਸਾਧਾਰਨ ਜੀਵਨ ਸੀ।

ਇਕ ਵਾਰ ਇਕ ਵਿਦਿਆਰਥੀ ਉਹਨਾਂ ਕੋਲ ਐਮ. ਏ. ਦੇ ਦਿਤੇ ਪਰਚੇ ਦੇ ਨੰਬਰ ਵਧੌਣ ਗਿਆ ਤੇ ਨਾਲ ਕੁਝ ਰੱਮ ਤੇ ਬੀਅਰ ਦੀਆਂ ਬੋਤਲਾਂ ਵੀ ਲੈ ਗਿਆ। ਇਕ ਬੋਤਲ ਤਾਂ ਪ੍ਰੋ: ਸੀਤਲ ਸਾਹਿਬ ਤੇ ਵਿਦਿਆਰਥੀ ਕੁਝ ਮਿੰਟਾਂ ਵਿਚ ਹੀ ਪੀ ਗਏ। ਵਿਦਿਆਰਥੀ ਨੂੰ ਤਾਂ ਚੱਕਰ ਔਣ ਤੇ ਪੈਰ ਥਿੜਕਣ ਤੋਂ ਇਲਾਵਾ ਮੂੰਹ ਚੋਂ ਇਕ ਦੇ ਦੋ ਦੋ ਸ਼ਬਦ ਬਣ ਨਿਕਲਣ ਲਗੇ। ਪ੍ਰੋਫੈਸਰ ਸਾਹਿਬ ਅੰਦਰ ਗਏ ਤੇ ਇਕ ਪਰਚਾ ਲਿਆ ਕੇ ਉਹਦੇ ਹਥ ਵਿਚ ਦੇ ਕੇ ਪੁਛਣ ਲਗੇ ਕਿ ਇਹ ਤੇਰਾ ਈ ਪਰਚਾ ਹੈ। ਪਰਚਾ ਉਲਟ ਪੁਲਟ ਕੇ ਵੇਖਣ ਬਾਅਦ ਵਿਦਿਆਰਥੀ ਕਹਿਣ ਲੱਗਾ ਕਿ ਸਰ ਪਰਚਾ ਤਾਂ ਮੇਰਾ ਈ ਲਗਦਾ ਹੈ ਪਰ ਐਨੇ ਪਰਚਿਆਂ ਚੋਂ ਬਿਨਾਂ ਨਿਸ਼ਾਨੀ ਤੁਸਾਂ ਮੇਰਾ ਪਰਚਾ ਪਛਾਣ ਕਿਵੇਂ ਲਿਆ?

ਪਟਿਆਲੇ ਸ਼ਾਹੀ ਪੈਗ ਪੌਂਦੇ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇਹ ਆਖਰੀ ਪਰਚਾ ਰਹਿ ਗਿਆ ਸੀ ਜਿਸ ਦੀ ਅਜੇ ਤਕ ਕੋਈ ਸਿਫਾਰਸ਼ ਨਹੀਂ ਸੀ ਆਈ।

ਲਾੜ੍ਹਾ ਕੌਣ

ਸੁਰਗਵਾਸੀ ਪੰਜਾਬੀ ਲੇਖਕ ਹਰਪਾਲਜੀਤ ਪਾਲੀ ਨੇ ਯਤਨ ਤਾਂ ਬੜੇ ਕੀਤੇ, ਆਪਣੀ ਫੋਟੋ ਸਮੇਤ ਵਿਆਹ ਲਈ ਇਸ਼ਤਿਹਾਰ ਵੀ ਦਿਤੇ ਪਰ ਕੋਈ ਕੁੜੀ ਉਹਦੇ ਨਾਲ ਵਿਆਹ ਕਰੌਣ ਲਈ ਤਿਆਰ ਨਾ ਹੋਈ। ਆਖਰ ਜਿਥੇ ਉਹਦੀ ਗੱਲ ਬਣੀ, ਓਥੇ ਸ਼ਰਤ ਸੀ ਕਿ ਜੰਜ ਬੱਸ ਤੇ ਆਵੇ। ਪਾਲੀ ਕੋਲ ਏਨੇ ਪੈਸੇ ਨਹੀਂ ਸਨ ਪਰ ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀ। ਆਖਰ ਜੋ ਬੱਸ ਮਿਲੀ, ਉਸ ਦਾ ਡਰਾਈਵਰ ਰੱਜ ਕੇ ਅੜਭ ਤੇ ਸ਼ਰਾਬੀ ਸੀ। ਬੋਤਲ ਪੀਤੇ ਬਿਨਾ ਉਹ ਬੱਸ ਚਲੌਣ ਲਈ ਤਿਆਰ ਈ ਨਾ ਹੋਇਆ। ਰਾਹ ਵਿਚ ਜਦੋਂ ਦਾਰੂ ਚੜ੍ਹ ਗਈ ਤਾਂ ਬੱਸ ਖਲ੍ਹਾਰ ਕੇ ਇਕ ਰੁੱਖ ਥੱਲੇ ਲੰਮਾ ਪੈ ਗਿਆ ਕਿ ਨਸ਼ਾ ਉੱਤਰੂ, ਤਾਂ ਤੁਰੂੰ। ਸ਼ਰਾਬੀ ਹੋਇਆਂ ਹੋਰ ਕੋਈ ਜਾਹ ਜਾਂਦੀਏ ਹੋ ਜੇ- ਓਧਰ ਜੰਜ ਲੇਟ ਹੋਈ ਜਾਵੇ। ਬੜੀ ਮੁਸ਼ਕਲ ਨਾਲ ਉਠਾਲਿਆ ਤਾਂ ਇਕ ਅੰਗਰੇਜ਼ੀ ਸ਼ਰਾਬ ਦੇ ਠੇਕੇ ਮੂਹਰੇ ਫਿਰ ਬੱਸ ਰੋਕ ਕੇ ਕਹਿੰਦਾ, ਨਸ਼ਾ ਟੁੱਟ ਗਿਆ, ਲਿਆਓ ਬੋਤਲ, ਤਾਂ ਅਗੇ ਚੱਲੂੰ। ਜੰਜ ਤਾਂ ਲੇਟ ਹੋਣੀ ਈ ਸੀ। ਰਾਤੀਂ ਹੋਰ ਪੀ ਕੇ ਉਲਟੀਆਂ ਕਰਦਾ ਰਿਹਾ ਤੇ ਅਗਲੇ ਦਿਨ ਜੰਜ ਵਿਦਾ ਹੋਣ ਵੇਲੇ ਕਹਿੰਦਾ, ਮੈਂ ਤਾਂ ਸੌ ਦਾ ਨੋਟ ਦਵੋਗੇ ਤਾਂ ਉਠੂੰਗਾ, ਹਾਲੇ ਮੈਂ ਹੋਰ ਸੌਣਾ ਹੈ। ਪਾਲੀ ਕਹਿਣ ਲਗਾ, "ਯਾਰੋ ਜੰਜ ਦਾ ਲਾੜ੍ਹਾ ਮੈਂ ਕਾਹਦਾ ਹੋਇਆ, ਲਾੜ੍ਹਾ ਤਾਂ ਇਹ ਡਰਾਈਵਰ ਈ ਹੋਇਆ।"

ਅੰਮ੍ਰਿਤਾ ਪ੍ਰੀਤਮ ਨਾਲ ਪਹਿਲੀ ਮੁਲਾਕਾਤ

ਬਹੁਤ ਪੁਰਾਣੀ 1956 ਦੀ ਗੱਲ ਹੈ ਮੈਂ ਓਦੋਂ ਦਿੱਲੀ ਸੈਨੇਟਰੀ ਇਨਸਪੈਕਟਰ ਦਾ ਕੋਰਸ ਕਰ ਰਿਹਾ ਸਾਂ ਤੇ ਓਸ ਵੇਲੇ ਤਕ ਕੁਝ ਕਹਾਣੀਆਂ ਲਿਖ, ਓਸ ਵੇਲੇ ਦੇ ਕੁਝ ਮਸ਼ਹੂਰ ਰਸਾਲਿਆਂ ਵਿਚ ਛਪਵਾ ਕੇ ਆਪਣੇ ਨਾਂ ਦੂਜਿਆਂ ਤੀਕ ਪੁਚੌਣ ਦਾ ਉਪਰਾਲਾ ਕਰ ਚੁਕਾ ਸਾਂ। ਕਦੀ ਕਦੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਜੋ ਸੁਰਗਵਾਸੀ ਲੇਖਕ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਹੀ ਰਹਿੰਦੇ ਪਿਆਰਾ ਸਿੰਘ ਐਮ. ਏ. ਦੇ ਘਰ ਲਗਦੀ ਹੁੰਦੀ ਸੀ, ਵਿਚ ਜਾਇਆ ਕਰਦਾ ਸਾਂ। ਲੇਖਕਾਂ ਨੂੰ ਮਿਲਣ ਦਾ ਮੇਰੇ ਅੰਦਰ ਸ਼ੁਦਾਅ ਦੀ ਹੱਦ ਤੀਕ ਸ਼ੌਕ ਸੀ ਜਿਵੇਂ ਇਹ ਕੋਈ ਬੰਦੇ ਨਾ ਹੋਣ, ਸਗੋਂ ਦੇਵਤੇ ਹੋਣ। ਏਥੇ ਹੀ ਮੈਨੂੰ ਓਸ ਵੇਲੇ ਦੇ ਬਹੁਤ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਬਲਵੰਤ ਗਾਰਗੀ, ਕਰਤਾਰ ਸਿੰਘ ਦੁਗਲ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖਸ਼ੀ, ਵੇਦ ਪਰਕਾਸ਼ ਸ਼ਰਮਾ, ਬਿਸ਼ਨ ਸਿੰਘ ਉਪਾਸ਼ਕ, ਮਹਿੰਦਰ ਸਿੰਘ ਸਰਨਾ ਆਦਿ। ਅਮ੍ਰਿਤਾ ਪ੍ਰੀਤਮ ਜੋ ਉਹਨੀਂ ਦਿੱਲੀ ਰੇਡੀਓ ਸਟਸ਼ਨ ਤੋਂ ਪੰਜਾਬੀ ਪਰੋਗਰਾਮ ਪੇਸ਼ ਕਰਦੀ ਸੀ, ਕਦੀ ਸਭਾ ਦੀ ਮੀਟਿੰਗ ਵਿਚ ਨਹੀਂ ਔਂਦੀ ਸੀ। ਬਾਕੀਆਂ ਦਾ ਵੀ ਬੜਾ ਨਾਂ ਸੀ ਤੇ ਇਹਨਾਂ ਵਿਚੋਂ ਬਹੁਤੇ ਸਰਕਾਰੀ ਨੌਕਰੀਆਂ ਵਿਚ ਸਨ ਤੇ ਇਹਨਾਂ ਨੂੰ ਰਹਿਣ ਲਈ ਸਰਕਾਰੀ ਘਰ ਮਿਲੇ ਹੋਏ ਸਨ। ਸਟੂਡੰਟ ਹੋਣ ਕਰ ਕੇ ਮੈਂ ਇਹਨਾਂ ਵਿਚ ਆਪਣੇ ਆਪ ਨੂੰ ਬਹੁਤ ਗਰੀਬ ਜਿਹਾ ਹੀ ਸਮਝਦਾ ਸਾਂ ਪਰ ਇਕ ਗੱਲੋਂ ਮੇਰੀ ਵੀ ਝੰਡੀ ਸੀ। ਰਾਸ਼ਟਰਪਤੀ ਭਵਨ ਅਤੇ ਤੀਨ ਮੂਰਤੀ ਜਿਥੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਐਨ ਵਿਚ੍ਹਕਾਰ ਸਾਊਥ ਐਵੇਨਿਊ ਵਿਚ ਇਕ ਮੈਂਬਰ ਪਾਰਲੀਮੈਂਟ ਤੋਂ ਮੈਂ ਇਕ ਬੈੱਡ ਰੂਮ ਤੇ ਕਿਚਨ ਵਾਲਾ ਕੁਆਰਟਰ 10 ਰੁਪੈ ਮਹੀਨੇ ਤੇ ਲਿਆ ਹੋਇਆ ਸੀ। ਪਰਸ਼ਾਸਨਕ ਮਹਤਤਾ ਪਖੋਂ ਸਾਰੇ ਹਿੰਦੋਸਤਾਨ ਵਿਚ ਇਹ ਬੜੀ ਅਹਿਮੀਅਤ ਵਾਲੀ ਸੁਰਖਿਅਤ ਥਾਂ ਸੀ ਜਿਥੇ ਭਾਰਤ ਦੇ ਮੈਂਬਰਜ਼ ਆਫ ਪਾਰਲੀਮੈਂਟ ਦੇ ਬੰਗਲੇ ਸਨ।

ਇਹਨਾਂ ਵਿਚੋਂ ਕਈ ਲੇਖਕ ਘਰ ਵਾਲੀਆਂ ਤੋਂ ਡਰਦੇ ਮੇਰੇ ਇਸ ਛੋਟੇ ਜਿਹੇ ਕੁਆਰਟਰ ਨੂੰ ਸ਼ਰਾਬ ਪੀਣ ਦੇ ਅਡੇ ਵਜੋਂ ਵਰਤਦੇ ਸਨ ਤੇ ਛੋਟਾ ਹੋਣ ਕਾਰਨ ਮੈਨੂੰ ਨੌਕਰ ਹੀ ਸਮਝਦੇ ਸਨ। 100 ਬੇਅਰਡ ਰੋਡ ਦੇ ਠੇਕੇ ਤੋਂ ਬੋਤਲ ਲੈਣ ਲਈ ਮੈਨੂੰ ਸਾਈਕਲ ਤੇ ਭਜਾਈ ਰਖਦੇ। ਟੈਗੋਰ ਨੁਮਾ ਦਾੜ੍ਹੀ ਵਾਲਾ ਦੇਵਿੰਦਰ ਸਤਿਆਰਥੀ ਵੀ ਓਦੋਂ ਬੇਅਰਡ ਰੋਡ ਤੇ ਹੀ ਰਹਿੰਦਾ ਹੁੰਦਾ ਸੀ।

ਮੈਂ ਇਕ ਦਿਨ ਉਪਾਸ਼ਕ ਨੂੰ ਕਿਹਾ ਕਿ ਅਗੋਂ ਤੋਂ ਬੋਤਲ ਲੈਣ ਮੈਂ ਤਾਂ ਜਾਵਾਂਗਾ ਜੇ ਮੈਨੂੰ ਅਮ੍ਰਿਤਾ ਪ੍ਰੀਤਮ ਦੇ ਦਰਸ਼ਨ ਕਰਾਓਗੇ।

ਅਮ੍ਰਿਤਾ ਉਹਨੀਂ ਦਿਨੀਂ ਪਟੇਲ ਨਗਰ ਰਹਿੰਦੀ ਸੀ। ਜਦੋਂ ਮੈਂ ਤੇ ਉਪਾਸ਼ਕ ਮਿਲਣ ਗਏ ਤਾਂ ਉਸ ਦਾ ਘਰ ਵਾਲਾ ਪ੍ਰੀਤਮ ਸਿੰਘ ਕਹਿਣ ਲੱਗਾ, ਅਸਾਂ ਇਕ ਮਰਗ ਤੇ ਜਾਣਾ ਹੈ, ਅਮ੍ਰਿਤਾ ਜੀ ਤਿਆਰ ਹੋ ਰਹੇ ਹਨ, ਤੁਸੀ ਡਰਾਇੰਗ ਰੂਮ ਵਿਚ ਇੰਤਜ਼ਾਰ ਕਰੋ। ਅਸੀਂ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਤੇ ਏਸ ਸਾਰੇ ਸਮੇਂ ਅਮ੍ਰਿਤਾ ਜੀ ਦੇ ਇਕ ਨਿਕੇ ਜਹੇ ਚਿਟੇ ਰੰਗ ਦੇ ਕੁਤੇ ਨੇ ਦਰਜਨਾਂ ਵਾਰ ਸਾਡਾ ਮੂੰਹ ਚੁੰਮਿਆ ਤੇ ਜਿੰਨਾ ਅਸੀਂ ਹਟਾਈਏ, ਉਹ ਓਨਾ ਹੀ ਵਧੀ ਜਾਵੇ। ਆਖਿਰ ਅਮ੍ਰਿਤਾ ਜੀ ਜਲਵਾਗਰ ਹੋਏ। ਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੋਇਆ ਸੀ, ਓਸ ਤੋਂ ਦੋ ਗੱਲਾਂ ਦਾ ਪਤਾ ਲਗਦਾ ਸੀ ਕਿ ਇਕ ਤਾਂ ਅਮ੍ਰਿਤਾ ਜੀ ਕਿਸੇ ਵੀ ਫਿਲਮੀ ਐਕਟਰੈਸ ਜਿਵੇਂ ਮਧੂ ਬਾਲਾ, ਮੀਨਾ ਕੁਮਾਰੀ, ਸੁਰਈਆ, ਨਰਗਿਸ, ਗੀਤਾ ਬਾਲੀ, ਕਾਮਨੀ ਕੋਸ਼ਲ ਜਾਂ ਨੂਤਨ ਤੋਂ ਘੱਟ ਖੂਬਸੂਰਤ ਨਹੀਂ ਸਨ। ਉਹਨਾਂ ਦੇ ਮਸਤ ਨੈਣਾਂ ਦੇ ਤੀਰਾਂ ਦੀ ਮਾਰ ਝਲਣੀ ਬੜੀ ਔਖੀ ਸੀ। ਦੂਜਾ ਉਹ ਕਿਸੇ ਮਰਗ ਤੇ ਨਹੀਂ, ਸਗੋਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਹੋਣ।

"ਮੈਨੂੰ ਮਿਲਣ ਔਣ ਤੋਂ ਪਹਿਲਾਂ ਫੋਨ ਕਰਨਾ ਸੀ ਉਪਾਸਕ ਜੀ," ਅਮ੍ਰਿਤਾ ਦੇ ਮੂੰਹੋਂ ਇਹ ਬਚਨ ਸੁਣ ਅਸੀਂ ਬਾਹਰ ਆ ਗਏ ਪਰ ਮੈਨੂੰ ਅਮ੍ਰਿਤਾ ਦੇ ਉਹਨਾਂ ਦਿਨਾਂ ਦੇ ਹੁਸਨ ਦੀ ਝਲਕ ਕਈ ਸਾਲ ਤਕ ਭੁਲ ਨਾ ਸਕੀ। ਉਹ ਆਪਣੀ ਲਿਖਤ ਤੇ ਖੂਬਸੂਰਤ ਹੋਣ ਦਾ ਸੁਮੇਲ ਸੀ।
...................

No comments:

Post a Comment